ਬਠਿੰਡਾ 1 ਦਸੰਬਰ (ਗਗਨਦੀਪ ਸਿੰਘ): ਬੀਤੇ ਦਿਨੀਂ 1 ਦਸੰਬਰ ਨੂੰ ਮੇਲਾ ਜਾਗਦੇ ਜੁਗਨੂੰਆਂ ਦਾ ਵੈਲਫੇਅਰ ਸੁਸਾਇਟੀ ਰਜਿ: ਬਠਿੰਡਾ ਵੱਲੋਂ ਪ੍ਰਧਾਨ ਜਗਤਾਰ ਸਿੰਘ ਅਣਜਾਣ ਦੀ ਅਗਵਾਈ ਹੇਠ ਚਾਰ ਰੋਜ਼ਾ ਮੇਲਾ ਜਾਗਦੇ ਜੁਗਨੂੰਆਂ ਦਾ ਕਰਵਾਇਆ ਜਾ ਰਿਹਾ ਹੈ। ਮੇਲਾ ਜਾਗਦੇ ਜੁਗਨੂੰਆਂ ਦੇ ਪਹਿਲੇ ਦਿਨ ਦਾ ਉਦਘਾਟਨ ਮਾਣਯੋਗ ਡਿਪਟੀ ਕਮਿਸ਼ਨਰ ਬਠਿੰਡਾ ਸੋਕਤ ਅਹਿਮਦ ਪਰੇ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਤਾਰ ਅਣਜਾਣ ,ਸੁਖਵਿੰਦਰ ਸਿੰਘ ਚੱਠਾ ਸਲਾਹਕਾਰ, ਹਰਵਿੰਦਰ ਬਰਾੜ ਜਨਰਲ ਸਕੱਤਰ,ਪ੍ਰੀਤ ਕੈਂਥ ਮੀਤ ਪ੍ਰਧਾਨ, ਉਜਾਗਰ ਸਿੰਘ ਢਿੱਲੋਂ ਖਜਾਨਚੀ, ਐਡਵੋਕੇਟ ਰਣਬੀਰ ਬਰਾੜ, ਐਡਵੋਕੇਟ ਪਾਰਸ ਸ਼ਰਮਾ, ਗੁਰਵਿੰਦਰ ਸ਼ਰਮਾ, ਗਗਨਪ੍ਰੀਤ ਬੰਗੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਗੁਲਦਸਤਾ ਦੇ ਕੇ ਜੀ ਆਇਆ ਨੂੰ ਆਖਿਆ ਗਿਆ। ਮੰਚ ਦਾ ਆਗਾਜ਼ ਧਵਲੇਸਵੀਰ ਸਿੰਘ ਬਰਾੜ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ।ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਬਠਿੰਡਾ ਦੀ ਧਰਤੀ ਤੇ ਦੂਜੀ ਵਾਰ ਮੇਲਾ ਜਾਗਦੇ ਜੁਗਨੂੰਆਂ ਦਾ ਲਾਉਣ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ। ਲੋਕਾਂ ਨੂੰ ਇਹਨਾਂ ਨੌਜਵਾਨਾਂ ਪਾਸੋਂ ਸੇਧ ਲੈਣੀ ਚਾਹੀਦੀ ਹੈ । ਇਸ ਮੇਲੇ ਵਿੱਚ ਧਰਤੀ, ਪਾਣੀ, ਪੌਣ ਬਚਾਉਣ, ਪੁਰਾਤਨ ਭੋਜਨ, ਪੁਸਤਕਾਂ ਨਾਲ ਜੋੜਨ ਅਤੇ ਤੰਦਰੁਸਤ ਸਮਾਜ ਸਿਰਜਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਬਠਿੰਡਾ, ਰਾਊਂਡ ਗਲਾਸ ਫਾਉਂਡੇਸ਼ਨ ਮੋਹਾਲੀ ਦੇ ਸਹਿਯੋਗ ਨਾਲ ਲੱਗ ਰਹੇ ਇਸ ਮੇਲੇ ਦੌਰਾਨ ਨੌਜਵਾਨ ਮੁਸਾਇਰਾ ਦੌਰਾਨ ਪ੍ਰਸਿੱਧ ਕਵੀਆਂ ਨੇ ਆਪਣੀਆਂ ਨਜ਼ਮਾਂ ਨਾਲ ਰੰਗ ਬੰਨ੍ਹਿਆ। ਇਸ ਤੋਂ ਬਾਅਦ ਜ਼ਹਿਰ ਮੁਕਤ ਖੇਤੀ ਮਾਹਰ ਕਰਮ ਸਿੰਘ ਕੁੱਤੀਵਾਲ ਨਾਲ ਹਰਜਿੰਦਰ ਸਿੰਘ ਸਿੱਧੂ ਨੇ ਸੰਵਾਦ ਰਚਾਇਆ। ਕਰਮ ਸਿੰਘ ਕੁੱਤੀਵਾਲ ਨੇ ਕੁਦਰਤੀ ਜਹਿਰਾਂ ਰਹਿਤ ਖੇਤੀ ਕਰਨ ਦੇ ਦਰਸ਼ਕਾਂ ਨਾਲ ਤਜਰਬੇ ਸਾਂਝੇ ਕੀਤੇ ਅਤੇ ਦਰਸ਼ਕਾਂ ਵੱਲੋਂ ਉਹਨਾਂ ਪਾਸੋਂ ਸਵਾਲ ਵੀ ਪੁੱਛੇ ਗਏ। ਪੁਰਾਤਨ ਖਾਣਿਆਂ ਚੋ ਮੱਕੀ ਦੀ ਰੋਟੀ, ਸਰੋ ਦਾ ਸਾਗ, ਕਾੜਨੀ ਵਾਲਾ ਦੁੱਧ, ਮਾਲ ਪੂੜੇ,ਖੀਰ, ਮੱਠੀਆਂ, ਗੁਲਗਲੇ, ਗੁੜ ਦੀਆਂ ਸੇਵੀਆਂ, ਦੁੱਧ ਵਾਲੀਆਂ ਸੇਵੀਆਂ, ਕਾੜ੍ਹਨੀ ਦਾ ਦੁੱਧ,ਖਿਚੜੀ, ਭੱਠੀ ਦੀਆਂ ਖਿੱਲਾਂ, ਭੂਤ ਪਿੰਨੇ, ਗੁੜ ਸ਼ੱਕਰ, ਸਹਿਦ ਅਤੇ ਸਹਿਦ ਤੋਂ ਬਣੀਆਂ ਹੋਈਆਂ ਵਸਤਾਂ, ਖੱਟੀ ਲੱਸੀ, ਮਿੱਠੀ ਲੱਸੀ ,ਅੰਮ੍ਰਿਤਸਰੀ ਪਾਪੜ, ਵੜੀਆਂ ਅਤੇ ਮਸਾਲੇ ਅਤੇ ਪੁਸਤਕਾਂ ਦੀਆਂ ਸਟਾਲਾਂ ਤੇ ਵੱਡੀਆਂ ਭੀੜਾਂ ਰਹੀਆਂ ਹਰੀ ਸਿੰਘ ਨਲੂਆ ਗੱਤਕਾ ਕਲੱਬ ਭੁੱਚੋ ਖੁਰਦ ਦੇ ਗੱਤਕਾ ਕੋਚ ਭਾਈ ਜਸਕਰਨ ਸਿੰਘ ਦੇ ਸ਼ਾਗਿਰਦ ਗੋਲਡ ਮੈਡਲਿਸਟ ਬੱਚਿਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ।ਰਾਜਿੰਦਰਾ ਕਾਲਜ ਬਠਿੰਡਾ ਦੀ ਟੀਮ ਵੱਲੋਂ ਕਿੰਨਰ ਕਮਿਊਨਿਟੀ ਤੇ ਆਧਾਰਿਤ ਵਿਰਾਟ ਮਹਿਲ ਦੀ ਨਿਰਦੇਸ਼ਨਾ ਹੇਠ ਨਾਟਕ ਕੀਤਾ। ਮੰਚ ਦਾ ਸੰਚਾਲਨ ਹਰਜਿੰਦਰ ਸਿੱਧੂ ਵੱਲੋਂ ਬਾਖੂਬੀ ਕੀਤਾ ਗਿਆ। ਚੰਮ ਫਿਲਮ ਦੀ ਸਕਰੀਨਿੰਗ ਕੀਤੀ ਗਈ ।ਇਸ ਮੌਕੇ ਹਰਜਿੰਦਰ ਸਿੰਘ ਜੱਸਲ ਐਸਡੀਐਮ ਤਲਵੰਡੀ ਸਾਬੋ,ਨੀਲ ਗਰਗ ਚੇਅਰਮੈਨ ਲਘੂ ਉਦਯੋਗ, ਨਾਵਲਕਾਰ ਪ੍ਰਗਟ ਸਤੌਜ ਆਦਿ ਹਾਜ਼ਰ ਰਹੇ।