ਮੰਨਦੇ ਹਾਂ ਕਿ ਜ਼ਿੰਦਗੀ ਵਿੱਚ ਪੈਸੇ ਦਾ ਰੋਲ਼ ਹੈ ਪਰ ਪੈਸਾ ਐਨਾ ਵੀ ਪੀਰ ਨਹੀਂ ਜਿੰਨਾਂ ਮੰਨੀ ਬੈਠੇ ਹਾਂ, ਜੇਕਰ ਪੈਸਾ ਹੀ ਸਭ ਕੁੱਝ ਹੁੰਦਾ ਤਾਂ ਬਾਦਸ਼ਾਹ ਤੋਂ ਫ਼ਕੀਰ ਤੱਕ ਦਾ ਸਫ਼ਰ ਤੈਅ ਨਾ ਹੁੰਦਾ, ਪੈਰੀਂ ਘੁੰਗਰੂ ਬੰਨ੍ਹ ਕੇ ਕੌਣ ਯਾਰ ਮਣਾਉਦਾ ? ਕਿਉਂਕਿ ਪੈਸੇ ਨਾਲ ਤਾਂ ਸਾਰਾ ਕੁੱਝ ਹੀ ਖ਼ਰੀਦਿਆ ਜਾ ਸਕਦਾ ਸੀ, ਪਰ ਨਹੀਂ ਪਿਆਰਿਓ, ਸੱਜਣਾਂ ਦੇ ਸਾਹਾਂ ਦੀ ਗਠੜੀ, ਮਸਤਾਨੀਆਂ ਅੱਖਾਂ ਦੀ ਰੂਹਾਨੀ ਖਿੱਚ ਉਹ ਰਿਸ਼ਤਿਆਂ ਦੀ ਮਿੱਠੀ- ਮਿੱਠੀ ਖੁਸ਼ਬੂ ਪੈਸੇ ਦੀ ਮੋਹਤਾਜ਼ ਨਹੀਂ ਹੁੰਦੀ ਉਹ ਤਾਂ ਨਾਚ ਨਚਾਉਂਦੀ ਆ ਨਾਚ ਮਨਸੂਰ ਬਣਕੇ, ਉਹ ਤਾਂ ਸੱਜਣਾਂ ਵਾਸਤੇ ਸ਼ਰੇਆਮ ਵਿਕ ਜਾਣ ਦਾ ਰਾਹ ਦਸਦੀ ਆ ਤੇ ਇਹ ਖਰੀਦਣ ਵਾਸਤੇ ਨੱਚਣਾ ਹੀ ਪੈਂਦਾ।
ਇੱਕ ਮਰਦ ਆਪਣੇ ਸੁਪਨਿਆਂ ਦੀ ਔਰਤ ਨੂੰ ਰੂਹ ਤੋਂ ਸ਼ਿੰਗਾਰਦਾ ਹੈ ਤੇ ਔਰਤ ਦਾ ਰੂਹ ਨਾਲ ਸਜਣਾ ਹੀ ਬੰਦਗੀ ਦੀ ਸਿਖ਼ਰ ਹੈ । ਪਰ ਕਈ ਵਾਰ ਉਹਦੇ ਖਿਆਲਾਂ ਵਾਲੀ ਔਰਤ ਉਹਨੂੰ ਮਿਲਦੀ ਨਹੀ ਜਿਹੜੀ ਉਹਨੇ ਆਪ ਸਿਰਜੀ ਹੁੰਦੀ । ਇਸੇ ਕਰਕੇ ਮੈਂ ਸੋਚਦਾ ਕਿ ਔਰਤ ਨੂੰ ਮਰਦ ਵੱਲੋ ਸਿਰਜਿਆ ਜਾ ਸਕਦਾ ਹੈ। ਗੁਣਵਾਨ ਔਰਤਾਂ ਸਹੀ ਇਨਸਾਨ ਦੇ ਹਿੱਸੇ ਨਹੀ ਆਉਂਦੀਆਂ ਤੇ ਸਹੀ ਇਨਸਾਨ ਗੁਣਵਾਨ ਔਰਤਾਂ ਦੇ ਵਿਹੜੇ ਦਾ ਸ਼ਿੰਗਾਰ ਬਣਨ ਤੋਂ ਅਕਸਰ ਰਹਿ ਜਾਂਦੇ ਹਨ।
ਇਸ ਤਰ੍ਹਾਂ ਦੇ ਅਭਾਗੇ ਇੱਕ ਦੂਜੇ ਦੇ ਪੱਲੇ ਬੱਝ ਜਾਂਦੇ ਹਨ ਜਿਨ੍ਹਾਂ ਨੂੰ ਅਦੁੱਤੀ ਸਾਂਝ ਦੀ ਕੋਈ ਸਾਰ ਹੀ ਨਹੀਂ ਹੁੰਦੀ। ਔਰਤ ਨੂੰ ਉਹ ਮਰਦ ਨਹੀਂ ਮਿਲਦਾ ਤੇ ਮਰਦ ਉਸ ਔਰਤ ਤੋਂ ਵਾਂਝਾ ਰਹਿ ਜਾਂਦਾ।
ਨਸ਼ੀਲੇ ਨੈਣਾਂ, ਮਨਮੋਹਕ ਅਦਾਵਾਂ ਵਾਲੀ ਔਰਤ ਦੀ ਸਿਰਜਣਾ ਰੂਹਾਨੀਅਤ ਤੇ ਮੁਹੱਬਤ ਨਾਲ ਭਰੇ ਮਰਦ ਹੀ ਕਰ ਸਕਦੇ ਹਨ ਜਿਸ ਲਈ ਪੈਸਾ ਤਾਂ ਬੇਚਾਰਾ ਜਿਹਾ ਤੇ ਤਰਸ ਦਾ ਪਾਤਰ ਹੋ ਨਿੱਬੜਦਾ ਹੈ।
ਇਸ ਸਾਰੇ ਤਾਣੇ-ਬਾਣੇ ਵਾਸਤੇ ਇੱਕ ਦੂਜੇ ਲਈ ਸਿਰਜਿਆ ਗਿਆ ਸੰਸਾਰ ਹੀ ਕੰਮ ਕਰਦਾ ਹੈ। ਸਾਡੇ ਸਮਾਜ ਵਿੱਚ ਅਨੇਕਾਂ ਮਰਦ ਔਰਤਾਂ ਹਨ ਜਿਨ੍ਹਾਂ ਨੂੰ ਬੇ-ਮੇਚ ਰਿਸ਼ਤੇ ਨਾਤੇ ਮਰਨ ਤੱਕ ਸਤਾਉਂਦੇ ਹਨ ਜੇਕਰ ਇਹ ਸਾਰਾ ਕੁੱਝ ਪੈਸੇ ਨਾਲ ਖ਼ਰੀਦਿਆ ਜਾ ਸਕਦਾ ਹੁੰਦਾ ਤਾਂ ਸਾਰਾ ਸੰਸਾਰ ਸਦਾ ਖੁਸ਼ ਹੋਣਾ ਸੀ। ਪਰ ਪਿਆਰਿਓ ਸਾਹਾਂ ਤੋਂ ਮਿੱਠੇ ਸੱਜਣ ਬਜ਼ਾਰੋਂ ਮੁੱਲ ਨਹੀਂ ਮਿਲਦੇ। ਜੇਕਰ ਮੁੱਲ ਵਿਕਦੇ ਸੱਜਣ ਮਿਲਦੇ,ਤਾਂ ਜਿੰਦ ਵੇਚ ਕੇ ਖ਼ਰੀਦੇ ਵੀ ਬੜੇ ਸਸਤੇ ਭਾਅ ਲਗਦੇ। ਸਾਰੀ ਖੇਡ ਤਾਂ ਨਸੀਬਾਂ ਦੀ ਆ, ਪੂਰਾ ਤਾਂ ਕਿਸੇ ਨੂੰ ਵੀ ਨਹੀਂ ਮਿਲਿਆ ਪੂਰਾ ਤਾਂ ਕੋਈ ਵੀ ਨਹੀਂ,ਇੱਥੇ ਹਰ ਇੱਕ ਅਧੂਰਾ ਹੈ।
ਮਿੰਟੂ ਖੁਰਮੀ ਹਿੰਮਤਪੁਰਾ
9888515785
ਮੁੱਲ ਵਿਕਦੇ ਸੱਜਣ ਮਿਲ ਜਾਂਦੇ ਖ਼ਰੀਦ ਲੈਂਦਾ ਜਿੰਦ ਵੇਚਕੇ/-ਮਿੰਟੂ ਖੁਰਮੀ ਹਿੰਮਤਪੁਰਾ

Leave a comment