– ਕਿਹਾ, ਡਰਾਉਣ-ਧਮਕਾਉਣ ਅਤੇ ਉਕਸਾਉਣ ਦੀਆਂ ਕਾਰਵਾਈਆਂ ‘ਤੇ ਨੇੜਿਓਂ ਨਜ਼ਰ ਰੱਖਦਿਆਂ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਜਾਣ
– ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਜਨਰਲ, ਪੁਲਿਸ ਅਤੇ ਖਰਚਾ ਆਬਜ਼ਰਵਰਾਂ ਦੀ ਮੀਟਿੰਗ
ਚੰਡੀਗੜ੍ਹ, 11 ਮਾਰਚ, ਦੇਸ ਪੰਜਾਬ ਬਿਊਰੋ: ਲੋਕ ਸਭਾ ਅਤੇ ਕੁਝ ਵਿਧਾਨ ਸਭਾਵਾਂ ਦੀਆਂ ਆਗਾਮੀ ਆਮ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਆਬਜ਼ਰਵਰਾਂ ਨੂੰ ਚੋਣਾਂ ਸਬੰਧੀ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਮੀਟਿੰਗ ਕੀਤੀ ਗਈ।
ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹਾਈਬ੍ਰਿਡ ਮੋਡ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਸੀਨੀਅਰ ਆਈ.ਏ.ਐਸ ਅਤੇ ਆਈ.ਪੀ.ਐਸ. ਅਧਿਕਾਰੀਆਂ ਦੇ ਨਾਲ-ਨਾਲ ਇੰਡੀਅਨ ਰੈਵਿਨਿਊ ਸਰਵਿਸ ਅਤੇ ਹੋਰ ਕੇਂਦਰੀ ਸੇਵਾਵਾਂ ਦੇ 2150 ਤੋਂ ਵੱਧ ਅਧਿਕਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ ਕੁਝ ਅਧਿਕਾਰੀ ਆਪੋ-ਆਪਣੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਫ਼ਤਰਾਂ ਤੋਂ ਇਸ ਮੀਟਿੰਗ ਵਿੱਚ ਆਨਲਾਈਨ ਸ਼ਾਮਲ ਹੋਏ। ਦੱਸਣਯੋਗ ਹੈ ਕਿ ਆਗਾਮੀ ਚੋਣਾਂ ਲਈ ਲਗਭਗ 900 ਜਨਰਲ ਆਬਜ਼ਰਵਰ, 450 ਪੁਲਿਸ ਆਬਜ਼ਰਵਰ ਅਤੇ 800 ਖਰਚਾ ਆਬਜ਼ਰਵਰ ਤਾਇਨਾਤ ਕੀਤੇ ਜਾ ਰਹੇ ਹਨ।
ਚੋਣਾਂ ਵਿੱਚ ਆਬਜ਼ਰਵਰਾਂ ਦੀ ਅਹਿਮ ਭੂਮਿਕਾ ਬਾਰੇ ਗੱਲ ਕਰਦਿਆਂ ਮੁੱਖ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਨੇ ਆਬਜ਼ਰਵਰਾਂ ਨੂੰ ਚੋਣਾਂ ਦੌਰਾਨ ਡਰਾਉਣ-ਧਮਕਾਉਣ ਅਤੇ ਉਕਸਾਉਣ ਦੀਆਂ ਕਾਰਵਾਈਆਂ ‘ਤੇ ਨੇੜਿਓਂ ਨਜ਼ਰ ਰੱਖਣ ਲਈ ਆਖਦਿਆਂ ਸਾਰਿਆਂ ਲਈ ਇੱਕ ਸਮਾਨ ਅਤੇ ਅਨੁਕੂਲ ਮਾਹੌਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਚੋਣ ਅਮਲ ਨੂੰ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਮੁੱਖ ਚੋਣ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਕਮਿਸ਼ਨ ਦੇ ਨੁਮਾਇੰਦਿਆਂ ਵਜੋਂ ਆਬਜ਼ਰਵਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪੇਸ਼ੇਵਰਾਨਾ ਢੰਗ ਨਾਲ ਪੇਸ਼ ਆਉਂਦਿਆਂ ਉਮੀਦਵਾਰਾਂ ਅਤੇ ਭਾਈਵਾਲਾਂ ਤੱਕ ਪਹੁੰਚ ਬਣਾ ਕੇ ਰੱਖਣ।
ਮੀਟਿੰਗ ਵਿੱਚ ਆਬਜ਼ਰਵਾਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਡਿਊਟੀ ਦੌਰਾਨ ਆਪਣੇ ਵਿਵਹਾਰ ਵਿੱਚ ਸਖਤੀ ਅਤੇ ਨਿਮਰਤਾ ਦਾ ਸੁਮੇਲ ਬਣਾ ਕੇ ਰੱਖਣ। ਉਨ੍ਹਾਂ ਚੋਣ ਆਬਜ਼ਰਵਰਾਂ ਨੂੰ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਜ਼ਮੀਨੀ ਹਾਲਾਤਾਂ ਤੋਂ ਜਾਣੂ ਹੋਣ ਦੇ ਨਾਲ-ਨਾਲ ਸੰਵੇਦਨਸ਼ੀਲ ਖੇਤਰਾਂ ਦਾ ਜਾਇਜ਼ਾ ਲੈਣ ਲਈ ਵੀ ਕਿਹਾ।
ਸ਼੍ਰੀ ਕੁਮਾਰ ਨੇ ਇਹ ਵੀ ਦੱਸਿਆ ਕਿ ਕਮਿਸ਼ਨ ਨੇ ਸਾਰੇ ਸਰਕੁਲਰਸ ਦਾ ਖਰੜਾ ਨਵੇਂ ਸਿਰਿਓਂ ਤਿਆਰ ਕਰਨ ਦੇ ਨਾਲ-ਨਾਲ ਮੈਨੂਅਲ ਅਤੇ ਹੈਂਡਬੁੱਕਸ ਨੂੰ ਅਪਡੇਟ ਕੀਤਾ ਹੈ, ਜੋ ਈ.ਸੀ.ਆਈ. ਦੀ ਵੈੱਬਸਾਈਟ ‘ਤੇ ਪੜ੍ਹਨ ਲਈ ਆਸਾਨ ਫਾਰਮੈਟ ਵਿੱਚ ਉਪਲਬਧ ਹਨ। ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਕਰਮਚਾਰੀਆਂ ਦੀਆਂ ਭੂਮਿਕਾਵਾਂ ਅਤੇ ਕਾਰਜਾਂ ਦੇ ਆਧਾਰ ‘ਤੇ ਹੈਂਡਬੁੱਕ ਅਤੇ ਮੈਨੂਅਲ ਤਿਆਰ ਕਰਨ ਤੋਂ ਇਲਾਵਾ ਹਦਾਇਤਾਂ (ਕੀ ਕਰਨਾ ਅਤੇ ਕੀ ਨਹੀਂ ਕਰਨਾ) ਦੀ ਸੂਚੀ ਵੀ ਤਿਆਰ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕਮਿਸ਼ਨ ਦੀਆਂ ਵੱਖ-ਵੱਖ ਨਵੀਆਂ ਪਹਿਲਕਦਮੀਆਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦੇਣ ਲਈ ਸਾਰੇ ਆਬਜ਼ਰਵਰਾਂ ਨੂੰ ਮਹੱਤਵਪੂਰਨ ਤੱਥਾਂ ਬਾਰੇ ਜਾਣੂ ਕਰਵਾਇਆ ਗਿਆ।