*ਪੇਂਡੂ ਭੱਤੇ ਦੀ ਬਹਾਲੀ ਬਾਰੇ ਵੀ ਧਾਰੀ ਚੁੱਪ*
*ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਦੱਬੇ – ਡੀ ਟੀ ਐਫ਼ ਬਠਿੰਡਾ*
ਬਠਿੰਡਾ, 28 ਜੁਲਾਈ ( ਨਾਨਕ ਸਿੰਘ ਖੁਰਮੀ) ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਜਿਉਂ ਦੀਆਂ ਤਿਉ ਖੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਅੱਖਾਂ ਬੰਦ ਕੀਤੀਆਂ ਹੋਈਆਂ ਹਨ|ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਬਠਿੰਡਾ ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਮੁਲਾਜ਼ਮਾਂ ਨੂੰ ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਮਿਲਦੇ ਮਹਿੰਗਾਈ ਭੱਤੇ (ਡੀ ਏ ) ਦੀਆਂ ਪੰਜ ਕਿਸ਼ਤਾਂ ਪੈਂਡਿੰਗ ਹੋ ਗਈਆਂ ਹਨ ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ|ਜਿਥੇ ਸੈਂਟਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ 55% ਮਹਿੰਗਾਈ ਭੱਤਾ ਦੇ ਰਹੀ ਹੈ ਓਥੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸਿਰਫ 42% ਮਹਿੰਗਾਈ ਭੱਤਾ ਹੀ ਮਿਲ ਰਿਹਾ ਹੈ। *ਸਿਤਮ ਜ਼ਰੀਫੀ ਇਹ ਹੈ ਕਿ ਪੰਜਾਬ ਸਰਕਾਰ ਦੇ ਆਈ ਏ ਐੱਸ ਅਤੇ ਪੀ ਸੀ ਐੱਸ ਮੁਲਾਜ਼ਮਾਂ ਨੂੰ ਸੈਂਟਰ ਸਰਕਾਰ ਦੇ ਅਧਾਰ ਤੇ 53% ਮਹਿੰਗਾਈ ਭੱਤਾ ਮਿਲ ਰਿਹਾ ਹੈ ਜੋ ਕਿ ਇੱਕ ਤੌੜੀ ਵਿੱਚ ਦੋ ਢਿੱਡ ਵਾਲੀ ਗੱਲ ਹੈ* ਡੀ ਟੀ ਐਫ਼ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਮੀਤ ਪ੍ਰਧਾਨ ਵਿਕਾਸ ਗਰਗ, ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ, ਵਿੱਤ ਸਕੱਤਰ ਅਨਿਲ ਭੱਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੜੀ ਸੋਚੀ ਸਮਝੀ ਸਕੀਮ ਤਹਿਤ ਡੀਏ ਦਾ ਬਕਾਇਆ ,ਪੇ ਕਮਿਸ਼ਨ ਦਾ ਬਕਾਇਆ , ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਰੋਕ ਕੇ, ਏਸੀਪੀ ਸਕੀਮ ਬੰਦ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਉੱਪਰ ਮੋਟਾ ਕੱਟ ਲਗਾਇਆ ਹੋਇਆ ਹੈ। ਜਿਨਾਂ ਦੇ ਕਰੋੜਾਂ ਰੁਪਏ ਸਰਕਾਰ ਵੱਲੋਂ ਦੱਬੇ ਜਾ ਰਹੇ ਹਨ । ਜੋ ਮੋਟੇ ਰੂਪ ਵਿੱਚ 15 ਤੋਂ 20% ਤੱਕ ਦੀ ਕਟੌਤੀ ਬਣਦੀ ਹੈ।ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲ ਕਰਨੀ, ਕੰਪਿਊਟਰ ਅਧਿਆਪਕ, ਕੱਚੇ ਅਧਿਆਪਕ, ਐੱਨ ਐੱਸ ਕਿਉ ਐਫ਼ ਅਧਿਆਪਕ ਪੱਕੇ ਕਰਨੇ, 2020 ਤੋਂ ਬਾਅਦ ਦੇ ਮੁਲਾਜ਼ਮਾਂ ਤੇ ਪੰਜਾਬ ਪੇ ਸਕੇਲ ਲਾਗੂ ਕਰਨਾ ਬਾਰੇ ਅੱਜ ਤੱਕ ਸਰਕਾਰ ਕੋਈ ਵੀ ਗੱਲ ਨਹੀਂ ਕਰ ਸਕੀ|ਜਥੇਬੰਦੀ ਦੇ ਬਲਾਕ ਪ੍ਰਧਾਨ ਭੋਲਾ ਸਿੰਘ ਤਲਵੰਡੀ ਬਲਕਰਨ ਸਿੰਘ ਕੋਟਸਮੀਰ ,ਭੁਪਿੰਦਰ ਸਿੰਘ ਮਾਈਸਰਖਾਨਾ, ਰਾਜਵਿੰਦਰ ਸਿੰਘ ਜਲਾਲ, ਅਸ਼ਵਨੀ ਡੱਬਵਾਲੀ ਅਤੇ ਜਿਲਾ ਆਗੂ ਰਣਦੀਪ ਕੌਰ ਖਾਲਸਾ, ਬਲਜਿੰਦਰ ਕੌਰ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਮੁੱਖ ਮੰਤਰੀ ਨੇ ਅਤੇ ਗੁਜਰਾਤ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਸੀ ਜੋ ਕਿ ਅਜੇ ਤੱਕ ਐਲਾਨ ਹੀ ਹੈ|ਉਹਨਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਪੂਰੀਆਂ ਕਰਨ ਤੋਂ ਲਗਾਤਾਰ ਆਨਾ ਕਾਨੀ ਕਰ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਕਦੇ ਕੋਈ ਮੀਟਿੰਗ ਕਰਨੀ ਮੁਨਾਸਿਬ ਨਹੀਂ ਸਮਝੀ । ਪਹਿਲੀਆਂ ਸਰਕਾਰਾਂ ਤੋਂ ਵੀ ਅੱਗੇ ਵੱਧਦੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਰਪੋਰੇਟਾਂ ਅਤੇ ਸਰਮਾਏਦਾਰਾਂ ਦਾ ਹੱਥ ਠੋਕਾ ਬਣਨ ਵਿੱਚ ਪੂਰੀ ਰਫਤਾਰ ਫੜੀ ਹੋਈ ਹੈ। ਸਰਕਾਰ ਦੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਧਾਰੀ ਚੁੱਪ ਖਿਲਾਫ ਸਮੁੱਚੇ ਮੁਲਾਜ਼ਮਾਂ ਅੰਦਰ ਤਿੱਖਾ ਰੋਹ ਪੈਦਾ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਪੁਰੀਆ ਨਾ ਕੀਤੀਆਂ ਤਾਂ ਸੂਬਾ ਸਰਕਾਰ ਇੱਕ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਜਾਰੀ ਕਰਤਾ: ਗੁਰਪ੍ਰੀਤ ਸਿੰਘ ਖੇਮੂਆਣਾ
ਜ਼ਿਲ੍ਹਾ ਪ੍ਰੈੱਸ ਸਕੱਤਰ
ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ