-ਪਹਿਲੀ ਅੰਗਰੇਜ਼ਾਂ ਅਤੇ ਸਿੱਖਾਂ ਦੀ ਜੰਗ ਵਿੱਚ ਸਿੱਖ ਕਮਾਂਡਰਾਂ ਦੀ ਗਦਾਰੀ, ਲਾਹੌਰ ਦਰਬਾਰ ਦੀ ਸਾਜ਼ਿਸ਼, ਲਾਲ ਸਿੰਘ,ਤੇਜਾ ਸਿੰਘ ਤੇ ਗੁਲਾਬ ਸਿੰਘ ਹੋਰਾਂ ਦੀ ਸਿੱਖ ਫੌਜ ਨੂੰ ਕਮਜ਼ੋਰ ਕਰਨ ਦੀ ਨੀਤੀ ਅਤੇ ਕਸ਼ਮੀਰ ਦਾ ਰਾਜ ਹਥਿਆਉਣ ਦੀ ਲਾਲਸਾ ਨੇ ਲਾਹੌਰ ਦਰਬਾਰ ਦੇ ਟੁਕੜੇ ਟੁਕੜੇ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੀ ਉਹ ਸਲਤਨਤ ਜਿਸ ਨੂੰ ਉਸਨੇ ਬੜੀ ਮਿਹਨਤ ਤੇ ਫੌਜ ਦੀਆਂ ਕੁਰਬਾਨੀਆਂ ਨਾਲ਼ ਕਾਇਮ ਕੀਤਾ ਸੀ ਹੌਲੀ ਹੌਲੀ ਗਵਾਚ ਰਹੀ ਸੀ। ਜਲੰਧਰ, ਫਿਲੌਰ, ਫਗਵਾੜਾ ਤੇ ਸੁਲਤਾਨਪੁਰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਚੁੱਕੇ ਸਨ। ਗੁਲਾਬ ਸਿੰਘ ਨੂੰ ਅੰਗਰੇਜ਼ਾਂ ਨੇ 75 ਲੱਖ ਵਿੱਚ ਕਸ਼ਮੀਰ ਵੇਚ ਦਿੱਤਾ। ਆਮ ਸਿੱਖਾਂ ਦੀ ਨਜ਼ਰਾਂ ਵਿੱਚ ਜੋ ਗ਼ਦਾਰ ਸਨ – ਗੁਲਾਬ ਸਿੰਘ, ਤੇਜਾ ਸਿੰਘ, ਲਾਲ ਸਿੰਘ ਤੇ ਰਣਜੋਧ ਸਿੰਘ ਮਜੀਠੀਆ ਹੁਣ ਕੌਂਸਲ ਆਪ ਰੀਜੰਸੀ ਦੇ ਨਾਮ ਤੇ ਰਾਜ ਕਰਨ ਲੱਗੇ। ਲਾਹੌਰ ਦਰਬਾਰ ਹੁਣ ਇੱਕ ਨਾਮ ਦਾ ਹੀ ਦਰਬਾਰ ਰਹਿ ਗਿਆ ਸੀ ਜੋ ਇੱਕ ਵਿਦੇਸ਼ੀ ਤਾਕਤ ਤੇ ਨਿਰਭਰ ਸੀ। ਹੈਨਰੀ ਹਾਰਡਿੰਗ ਨੇ ਉਹ ਸਾਰੇ ਟੈਕਸ ਜੋ ਬਾਕੀ ਹਿੰਦੁਸਤਾਨ ਤੇ ਲੱਗ ਰਹੇ ਸੀ ਪੰਜਾਬ ਵਿੱਚ ਵੀ ਲਾ ਦਿੱਤੇ। ਸਤੀ ਦੀ ਰਸਮ ਤੇ ਹੱਥ ਪੈਰ ਕੱਟਣ ਦੀ ਸਜ਼ਾ ਹਟਾ ਦਿੱਤੀ। ਭਾਵੇਂ ਕਿ ਇਹ ਸੁਧਾਰ ਲੋਕਾਂ ਦੀ ਬਿਹਤਰੀ ਵਾਸਤੇ ਸੀ ਪਰ ਲੋਕਾਂ ਨੇ ਇਸਨੂੰ ਦਖਲ ਅੰਦਾਜ਼ੀ ਸਮਝਿਆ। ਲਾਹੌਰ ਦਰਬਾਰ ਦੇ ਵਫਾਦਾਰਾਂ ਵਿੱਚ ਬਗਾਵਤ ਦੇ ਸੁਰ ਅੰਦਰੋਂ ਅੰਦਰੀ ਸੁਲਗ ਰਹੇ ਸਨ। ਉਧਰ ਕਸ਼ਮੀਰ ਦੇ ਗਵਰਨਰ ਸ਼ੇਖ ਇਮਾਮੁਦੀਨ ਨੇ ਗੁਲਾਬ ਸਿੰਘ ਨੂੰ ਕਸ਼ਮੀਰ ਦਾ ਕਬਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਅੰਗਰੇਜ਼ਾਂ ਤੇ ਲਾਹੌਰ ਦੀ ਮਿਲੀ ਫੌਜ ਨੇ ਹੈਨਰੀ ਲਾਰਸ ਦੀ ਕਮਾਨ ਹੇਠ ਗਵਰਨਰ ਜਰਨਲ ਦੇ ਹੁਕਮ ਨੂੰ ਲਾਗੂ ਕਰਨ ਲਈ ਹਮਲਾ ਕੀਤਾ। ਤਾਂ ਗਵਰਨਰ ਸ਼ੇਖ ਇਮਾਮੁਦੀਨ ਨੇ ਗੋਡੇ ਟੇਕ ਦਿੱਤੇ ਤੇ ਕਿਹਾ ਕਿ ਇਹ ਸਾਰਾ ਕੰਮ ਉਸਨੇ ਲਾਲ ਸਿੰਘ ਦੇ ਹੁਕਮ ਤੇ ਕੀਤਾ। ਉਸ ਨੇ ਲਾਰੈਂਸ ਨੂੰ ਲਾਲ ਸਿੰਘ ਦਾ ਜਦ ਲਿਖਤੀ ਹੁਕਮ ਦਿਖਾਇਆ ਤਾਂ ਲਾਰੰਸ ਨੇ ਲਾਲ ਸਿੰਘ ਨੂੰ ਵਜ਼ੀਰ ਦੇ ਅਹੁਦੇ ਤੋਂ ਹਟਾ ਕੇ ਪੰਜਾਬ ਤੋਂ ਬਾਹਰ ਕੱਢ ਦਿੱਤਾ। ਗਵਰਨਰ ਦੀ ਇਸ ਬਗ਼ਾਵਤ ਨੇ ਹਾਰਡਿੰਗ ਦੇ ਕੰਨ ਖੜੇ ਕਰ ਦਿੱਤੇ। ਉਸ ਨੂੰ ਲੱਗਿਆ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹਨਾਂ ਨੇ ਪਹਿਲੇ ਸਿੱਖ ਯੁੱਧ ਵਿੱਚ ਜੋ ਕੁਝ ਹਾਸਿਲ ਕੀਤਾ ਉਹ ਗੁਆ ਬੈਠਣਗੇ। ਉਸ ਨੇ ਭੈਰੋਵਾਲ ਵਿੱਚ 52 ਸਿੱਖ ਸਰਦਾਰਾਂ ਦੀ ਇੱਕ ਬੈਠਕ ਬੁਲਾਈ ਤੇ ਕਿਹਾ ਕਿ ਅੰਗਰੇਜ਼ ਪੰਜਾਬ ਨੂੰ ਛੱਡਣਾ ਚਾਹੁੰਦੇ ਹਨ ਤੁਸੀਂ ਆਪਣਾ ਰਾਜ ਆਪ ਸੰਭਾਲੋ। ਜਾਂ ਫਿਰ ਸਾਨੂੰ ਇੱਕ ਬ੍ਰਿਟਿਸ਼ ਪ੍ਰੋਟੈਕਟੋਰੇਟ ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ ਜਾਵੇ ਜੋ ਉਦੋਂ ਤੱਕ ਕੰਮ ਕਰੇਗਾ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਬਾਲਗ ਨਹੀਂ ਹੋ ਜਾਂਦਾ। ਰੀਜੰਸੀ ਵਿੱਚ ਸ਼ਾਮਿਲ ਸਿੱਖ ਸਰਦਾਰ ਜਾਣਦੇ ਸੀ ਕਿ ਖ਼ਾਲਸਾ ਫੌਜ ਨੇ ਉਹਨਾਂ ਨੂੰ ਬਖਸ਼ਣਾ ਨਹੀਂ ਇਸ ਲਈ ਉਹਨਾਂ ਨੇ ਬ੍ਰਿਟਿਸ਼ ਪ੍ਰੋਟਰੈਕਟਰ ਨੂੰ ਸਥਾਪਿਤ ਕਰਨਾ ਮੰਨ ਲਿਆ। ਇਸ ਤਰ੍ਹਾਂ 18 ਸਤੰਬਰ 1846 ਨੂੰ ਭੈਰੋਵਾਲ ਦੀ ਸੰਧੀ ਹੋਈ ਜਿਸ ਵਿੱਚ ਇੱਕ ਕੌਂਸਲਰ ਏਜੰਸੀ ਦੇ ਅੱਠ ਮੈਂਬਰ ਜਿਨਾਂ ਵਿੱਚ ਤੇਜਾ ਸਿੰਘ, ਰਣਜੋਧ ਸਿੰਘ ਮਜੀਠੀਆ, ਸ਼ੇਰ ਸਿੰਘ ਅਟਾਰੀ, ਦੀਵਾਨ ਦੀਨਾ ਨਾਥ, ਫ਼ਕੀਰ ਨੀਰੂੱਦੀਨ , ਅਤਰ ਸਿੰਘ, ਸ਼ਮਸ਼ੇਰ ਸਿੰਘ ਅਤੇ ਭਾਈ ਨਿਧਾਨ ਸਿੰਘ ਸ਼ਾਮਿਲ ਹੋਏ। ਅੰਗਰੇਜ਼ ਫੌਜ ਦੁਆਰਾ ਸਿੱਖ ਕਿਲ੍ਹਿਆਂ ਦੀ ਰਾਖੀ ਕੀਤੀ ਜਾਵੇਗੀ ਤੇ ਇਸ ਬਦਲੇ ਉਹਨਾਂ ਨੂੰ 20 ਲੱਖ ਰੁਪਏ ਸਲਾਨਾ ਰਕਮ ਦਿੱਤੀ ਜਾਇਆ ਕਰੇਗੀ। ਇਸ ਤਰ੍ਹਾਂ ਬ੍ਰਿਟਿਸ਼ ਰੈਜੀਡੈਂਟ ਦਾ ਲਾਹੌਰ ਤੇ ਇੱਕ ਤਰ੍ਹਾਂ ਨਾਲ਼ ਰਾਜ ਕਾਇਮ ਹੋ ਗਿਆ। ਲਾਰੰਸ ਦੇ ਭਰਾ ਜੌਹਨ ਤੇ ਜਾਰਜ ਤੇ ਜੌਹਨ ਨਿਕਲਸਨ, ਮੇਜਰ ਐਬੱਟ, ਹੈਰੀ ਲੰਸਡਨ, ਜੌਹਨ ਬੀਚਰ, ਰੇਨਲ ਟੇਲਰ ਤੇ ਹਰਬਰਟ ਐਡਵਰਡਸ਼ ਦੀ ਇੱਕ ਟੀਮ ਜਿਸ ਨੂੰ ਪੂਰੀ ਆਜ਼ਾਦੀ ਦਿੱਤੀ ਗਈ ਨੇ ਲਾਹੌਰ ਦਰਬਾਰ ਦਾ ਕਾਰਜ ਭਾਗ ਸੰਭਾਲ਼ ਲਿਆ। ਅੰਗਰੇਜ਼ਾਂ ਨੇ ਜਲੰਧਰ ਦੇ ਫ਼ਿਰੋਜ਼ਪੁਰ ਵਿੱਚ ਵੀ ਆਪਣੀ ਫੌਜ ਖੜੀ ਕਰ ਦਿੱਤੀ। ਉਸ ਨੇ ਪੰਜਾਬ ਵਿੱਚ ਇਹ ਸੋਚ ਕੇ ਕਿ ਅਮਨ ਸ਼ਾਂਤੀ ਰਹੇਗੀ ਆਪਣੀ ਫੌਜ ਦੀ ਗਿਣਤੀ ਘਟਾ ਕੇ 50000 ਕਰ ਦਿੱਤੀ। ਭਾਰਤੀ ਫੌਜ ਵਿੱਚ ਸਿੱਖ ਰੈਜੀਮੈਂਟਾਂ ਬਣਾਉਣ ਦਾ ਫੈਸਲਾ ਕੀਤਾ। ਲੁਧਿਆਣੇ ਤੇ ਫ਼ਿਰੋਜ਼ਪੁਰ ਵਿੱਚ ਦੋ ਸਿੱਖ ਰਜਮੈਂਟਾਂ ਬਣਾਈਆਂ। ਪੰਜਾਬ ਵਿੱਚ ਡੇਢ ਸਾਲ ਰਹਿਣ ਤੋਂ ਬਾਅਦ ਜਨਰਲ ਲਾਰੰਸ 1847 ਦੇ ਅੰਤ ਤੇ ਗਵਰਨਰ ਜਨਰਲ ਹੈਨਰੀ ਹਾਰਡਿੰਗ ਨਾਲ਼ ਵਲੈਤ ਵਾਪਸ ਚਲਾ ਗਿਆ ਤੇ ਉਸ ਦੀ ਥਾਂ ਤੇ ਫ੍ਰੈਡਰਿਕ ਕਰੀ ਆ ਗਿਆ।
ਮੁਲਤਾਨ ਖ਼ਾਲਸਾ ਰਾਜ ਦਾ ਇੱਕ ਮਹੱਤਵਪੂਰਨ ਵਪਾਰ ਦਾ ਕੇਂਦਰ ਸੀ। ਇਹ ਇੱਕ ਅਫ਼ਗ਼ਾਨ ਸਲਤਨਤ ਦੀ ਚੌਂਕੀ ਸੀ ਜਿੱਥੋਂ ਵਪਾਰੀ ਲੰਘਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1819 ਵਿੱਚ ਇਸ ਨੂੰ ਜਿੱਤਿਆ ਸੀ। ਹਿੰਦੂ ਵਪਾਰੀਆਂ ਦੇ ਇਸ ਸ਼ਹਿਰ ਦਾ ਗਵਰਨਰ ਮੂਲਰਾਜ ਸੀ ਜੋ ਕਿ ਲਾਹੌਰ ਦਰਬਾਰ ਦਾ ਵਫਾਦਾਰ ਸੀ। 1847 ਦੇ ਅੰਤ ਤੇ ਲਾਰੰਸ ਨੇ ਉਸ ਤੋਂ ਖਜ਼ਾਨੇ ਦਾ ਹਿਸਾਬ ਮੰਗਿਆ ਤਾਂ ਉਸ ਨੇ ਅਸਤੀਫਾ ਦੇ ਦਿੱਤਾ। ਪਰ ਉਸ ਨੂੰ ਮਾਰਚ 1848 ਤੱਕ ਕੰਮ ਕਰਨ ਲਈ ਕਿਹਾ ਗਿਆ। ਲਾਰੰਸ ਨੇ ਇੱਕ ਸਿੱਖ ਸਰਦਾਰ ਕਾਹਨ ਸਿੰਘ ਨੂੰ ਗਵਰਨਰ ਬਣਾ ਕੇ ਉਸ ਨਾਲ ਦੋ ਅੰਗਰੇਜ਼ ਅਫਸਰ ਵੈਨ ਅਗਨਿਯੂ ਤੇ ਲੈਫਟੀਨੈਂਟ ਐਂਡਰਸਨ ਨੂੰ ਭੇਜ ਦਿੱਤਾ। ਜਦ ਉਹ 19 ਅਪ੍ਰੈਲ ਨੂੰ ਉਥੇ ਪਹੁੰਚਿਆ ਤਾਂ ਮੂਲਰਾਜ ਨੇ ਕਿਲੇ ਦੀਆਂ ਚਾਬੀਆਂ ਉਸ ਨੂੰ ਸੌਂਪ ਦਿੱਤੀਆਂ। ਐਂਡਰਸਨ ਨੇ ਕਿਲ੍ਹੇ ਵਿੱਚੋਂ ਮੂਲਰਾਜ ਦੇ ਸਿਪਾਹੀ ਹਟਾ ਕੇ ਆਪਣੇ ਗੋਰਖੇ ਫੌਜੀ ਲਗਾ ਦਿੱਤੇ। ਮੂਲਰਾਜ ਦੇ ਸਿਪਾਹੀਆਂ ਨੇ ਵੈਨ ਐਗਨਿਯੂ ਉੱਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਲਾਹੌਰ ਵਿੱਚ ਜਦ ਫ੍ਰੈਡਰਿਕ ਕਰੀ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਮੂਲਰਾਜ ਨੂੰ ਉਸ ਨੂੰ ਮਿਲਣ ਅਤੇ ਦੋਸ਼ੀ ਸੈਨਿਕਾਂ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਮੂਲਰਾਜ ਨੇ ਆਪਣੇ ਸਾਥੀਆਂ ਦੀ ਯੁੱਧ ਕੌਂਸਲ ਬੁਲਾ ਲਈ ਜਿਨ੍ਹਾਂ ਨੇ ਮੂਲਰਾਜ ਨਾਲ਼ ਵਫ਼ਾਦਾਰੀ ਦੀ ਸਹੁੰ ਚੁੱਕੀ। ਗਵਰਨਰ ਕਾਹਨ ਸਿੰਘ ਨੂੰ ਇਹ ਗੱਲ ਸਮਝ ਆ ਗਈ ਕਿ ਇੱਥੇ ਬਗ਼ਾਵਤ ਹੋ ਚੁੱਕੀ ਹੈ ਅਤੇ ਉਹ ਇਕੱਲੇ ਹਨ। ਕਾਹਨ ਸਿੰਘ ਦੀ ਸਿੱਖ ਕੈਵਲਰੀ ਦਾ ਕਮਾਂਡਰ ਵੀ ਮੂਲਰਾਜ ਨਾਲ਼ ਮਿਲ਼ ਗਿਆ। ਸ਼ਾਮ ਤੱਕ ਇੱਕ ਆਰਟਿਲਟਰੀ ਨੂੰ ਛੱਡ ਕੇ ਸਭ ਮੂਲਰਾਜ ਨਾਲ਼ ਰਲ਼ ਗਏ। ਵੈਨ ਅਗਨਿਯੂ ਇੱਕ ਵਾਰ ਫਿਰ ਮੂਲਰਾਜ ਨੂੰ ਸੁਲਹਾ ਦਾ ਸੰਦੇਸ਼ ਭੇਜਿਆ ਪਰ ਉਸ ਵੇਲ਼ੇ ਤੱਕ ਇੱਕ ਭਾਰੀ ਗਿਣਤੀ ਵਿੱਚ ਜਨੂੰਨੀ ਭੀੜ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਵੈਨ ਐਗਨਿਯੂ ਤੇ ਐਂਡਰਸਨ ਮਾਰੇ ਗਏ। ਕਾਹਨ ਸਿੰਘ ਤੇ ਉਸਦਾ ਪੁੱਤਰ ਕੈਦੀ ਬਣਾ ਲਏ ਗਏ ਜੋ ਬਾਅਦ ਵਿੱਚ ਕੈਦ ਵਿੱਚ ਹੀ ਭੁੱਖੇ ਤਿਹਾਏ ਮਰ ਗਏ। ਕਾਹਨ ਸਿੰਘ ਦੇ 3000 ਫੌਜੀ ਮੂਲਰਾਜ ਨਾਲ਼ ਮਿਲ ਗਏ ਜਿਹਨਾਂ ਵਿੱਚ ਗੋਰਖੇ ਵੀ ਸ਼ਾਮਿਲ ਸੀ। ਮੂਲ ਚੰਦ ਨੇ ਮੁਲਤਾਨ ਦੇ ਪਿੰਡਾਂ ਵਿੱਚ ਅੰਗਰੇਜ਼ਾਂ ਦੇ ਖ਼ਿਲਾਫ਼ ਬਗਾਵਤ ਲਈ ਲੋਕਾਂ ਨੂੰ ਉਕਸਾਇਆ ਕਿ ਅੰਗਰੇਜ਼ਾਂ ਨੇ ਮਹਾਰਾਜੇ ਨੂੰ ਕੈਦ ਕੀਤਾ ਹੋਇਆ ਹੈ ਉਸ ਨੂੰ ਛਡਾਉਣ ਦੇ ਲਈ ਅੰਗਰੇਜ਼ਾਂ ਨੂੰ ਭਜਾਉਣਾ ਬੜਾ ਜ਼ਰੂਰੀ ਹੈ।
ਫਰੈਡਰਿਕ ਕਰੀ ਨੇ ਜਨਰਲ ਵਿਸ਼ ਨੂੰ ਫੌਜ ਸਮੇਤ ਮੁਲਤਾਨ ਜਾਣ ਲਈ ਕਿਹਾ। ਜਨਰਲ ਵੈਨ ਕੋਰਟ ਲੈਂਡ ਵੀ ਡੇਰਾ ਇਸਮਾਈਲ ਖ਼ਾਨ ਤੋਂ ਆਪਣੀਆਂ ਦੋ ਮੁਸਲਮਾਨ ਪਲਟਣਾ ਕੈਵਲਰੀ ਰਜਮੈਂਟ ਤੇ ਹੋਰ ਆਰਟਿਲਰੀ ਲੈ ਕੇ ਮੁਲਤਾਨ ਵੱਲ ਚੱਲ ਪਿਆ।
ਲੈਫਟੀਨੈਂਟ ਹਰਬਰਟ ਐਡਵਰਡ ਨੇ ਦੋ ਤੋਪਾਂ 50 ਜੰਬੂਰਕਾਂ 350 ਘੋੜ ਸਵਾਰਾਂ ਤੇ ਪੈਦਲ ਫੌਜ ਦੀਆਂ 12 ਕੰਪਨੀਆਂ ਅਤੇ ਲੈਫਟੀਨੈਂਟ ਰੇਨਲ ਟੇਲਰ ਦੀ ਫੌਜ ਲੈ ਕੇ ਦਰਿਆ ਪਾਰ ਕਰਨਾ ਸ਼ੁਰੂ ਕਰ ਦਿੱਤਾ। ਜਿਉਂ ਹੀ ਫੌਜ ਦਰਿਆ ਪਾਰ ਕੀਤੀ ਤਾਂ ਮੂਲਰਾਜ ਦੀ 3000 ਦੀ ਫੌਜ ਮੈਦਾਨ ਛੱਡ ਕੇ ਭੱਜ ਗਈ। 29 ਅਪ੍ਰੈਲ ਨੂੰ ਮੂਲਰਾਜ ਦਾ ਭਰਾ ਰੰਗ ਰਾਮ 4000 ਫੌਜੀ ਲੈ ਕੇ ਐਡਵਰਡ ਦਾ ਟਾਕਰਾ ਕਰਨ ਲਈ ਤੁਰ ਪਿਆ। 30 ਅਪ੍ਰੈਲ ਤੱਕ ਐਡਵਰਡ ਕੋਲ ਸੁਰਭਾਨ ਖਾਨ ਦੀ 1200 ਮੁਸਲਮਾਨਾਂ ਦੀ ਫੌਜ ਛੇ ਹੋਰਸ ਆਰਟਿਲਰੀ ਤੇ 6 ਪਾਉਂਡਰ ਤੋਪਾਂ ਵੀ ਆ ਗਈਆਂ। ਮੂਲਰਾਜ ਅੰਗਰੇਜ਼ਾਂ ਦੀ ਜੰਗੀ ਤਿਆਰੀ ਦੇਖ ਕੇ ਘਬਰਾ ਗਿਆ। ਮੂਲਰਾਜ ਦਾ ਗਵਰਨਰ ਵੀ ਭੱਜ ਗਿਆ। ਅੰਗਰੇਜ਼ਾਂ ਅਧੀਨ ਲਾਹੌਰ ਦਰਬਾਰ ਦੀਆਂ ਸਿੱਖ ਸਫਾਂ ਵੀ ਸ਼ੇਰ ਸਿੰਘ ਅਟਾਰੀ, ਅਤਰ ਸਿੰਘ, ਸ਼ਮਸ਼ੇਰ ਸਿੰਘ ਜਵਾਹਰ ਮਲ, ਸ਼ੇਖ ਇਮਾਮੁਦੀਨ ਅਤੇ ਨਵਾਬ ਭਾਵਲ ਖ਼ਾਨ ਦੀ ਕਮਾਂਡ ਹੇਠ ਮੁਲਤਾਨ ਵੱਲ ਚੱਲ ਪਈਆਂ। ਰਸਤੇ ਵਿੱਚ ਸਿੰਘੂਰ ਤੇ ਮੰਗਰੋਟਾ ਕਿਲ੍ਹੇ ਤੇ ਮੂਲਰਾਜ ਦਾ ਜ਼ੋਰ ਸੀ। ਪਰ ਐਡਵਾਰਡ ਨੇ ਉਸ ਤੇ ਆਸਾਨੀ ਨਾਲ਼ ਕਬਜ਼ਾ ਕਰ ਲਿਆ। ਜੂਨ ਦੇ ਪਹਿਲੇ ਹਫ਼ਤੇ ਫੌਜਾਂ ਨੇ ਸਤਲੁਜ ਪਾਰ ਕਰ ਲਿਆ ਅਤੇ ਚਨਾਬ ਤੋਂ 40 ਮੀਲ ਦੂਰ ਕਿਨੇਰੀ ਪਹੁੰਚ ਗਈਆਂ। ਉਸ ਸਮੇਂ ਮੂਲਰਾਜ ਕਿਨੇਰੀ ਜੋ ਕਿ ਮੁਲਤਾਨ ਤੋਂ 50 ਮੀਲ ਤੇ ਹੈ ਵਿਖੇ ਮੌਜੂਦ ਸੀ। ਰੰਗ ਰਾਮ ਵੀ ਪਿੰਡ ਬੁਕਰੀ ਵਿੱਚ 8000 ਫੌਜੀ ਤੇ 10 ਤੋਪਾਂ ਲੈ ਕੇ ਮੋਰਚੇ ਤੇ ਡੱਟ ਗਿਆ। ਐਡਵਰਡ ਦੀ ਫੌਜ ਵਿਚਲੇ ਪਠਾਣਾ ਨੇ ਰੰਗ-ਰਾਮ ਉੱਤੇ ਚੜਾਈ ਕਰ ਦਿੱਤੀ। ਹੋਰਸ ਆਰਟਿਲਰੀ ਅੱਗੇ ਵੱਧਦੀ ਗਈ ਮੁਲਤਾਨੀ ਬੁਰੀ ਤਰ੍ਹਾਂ ਹਾਰ ਗਏ ਅਤੇ ਰੰਗਰਾਮ ਭੱਜ ਗਿਆ। ਕਿਨੇਰੀ ਦੀ ਲੜਾਈ 18 ਜੂਨ, 1848 ਸ਼ਾਮ ਦੇ 4:30 ਵਜੇ ਖ਼ਤਮ ਹੋ ਗਈ। ਮੁਲਤਾਨੀਆਂ ਦੀਆਂ 10 ਤੋਪਾਂ ਤੇ ਕਬਜ਼ਾ ਕੀਤਾ ਗਿਆ ਅਤੇ 500 ਤੋਂ ਜ਼ਿਆਦਾ ਬੰਦੇ ਮਾਰੇ ਗਏ। ਐਡਵਰੜ ਦੇ 58 ਬੰਦੇ ਮਰੇ ਤੇ 89 ਜ਼ਖਮੀ ਹੋ ਗਏ। ਐਡਵਰਡ ਨੇ ਕੁਝ ਦਿਨ ਆਰਾਮ ਕੀਤਾ। 26 ਜੂਨ ਨੂੰ ਐਡਵਰਡ ਮੁਲਤਾਨ ਵੱਲ ਚੱਲ ਪਿਆ। ਉਸ ਨੇ ਸੁਜਾਅਬਾਦ ਤੋਂ 10 ਮੀਲ ਪਰੇ ਸਿਕੰਦਾਬਾਦ ਦਾ ਕਿਲ੍ਹਾ ਫਤਿਹ ਕੀਤਾ ਅਤੇ ਮੁਲਤਾਨ ਵੱਲ ਨਿਕਲ ਗਿਆ। 30 ਜੂਨ ਨੂੰ ਕਸ਼ਮੀਰ ਦਾ ਸਾਬਕਾ ਗਵਰਨਰ ਸ਼ੇਖ ਇਮਾਮੁਦੀਨ ਆਪਣੇ ਸਿੱਖ ਸਫ਼ੇ ਨਾਲ਼ ਮੂਲਰਾਜ ਨੂੰ ਆ ਮਿਲਿਆ। ਐਡਵਰਡ ਦਾ ਹੁਕਮ ਮਿਲਣ ਤੇ ਲੈਫਟੀਨੈਂਟ ਲੇਕ, ਜਨਰਲ ਵੈਨ ਕੋਰਟਲੈਂਡ ਤੇ ਐਡਵਰਡ ਨੇ ਇੱਕ ਸਾਰ ਧਾਵਾ ਬੋਲਿਆ। ਇਸ ਲੜਾਈ ਵਿੱਚ ਮੂਲਰਾਜ ਜ਼ਖ਼ਮੀ ਹੋ ਕੇ ਹਾਥੀ ਤੋਂ ਡਿੱਗ ਪਿਆ ਤੇ ਘੋੜੇ ਤੇ ਚੜ੍ਹ ਕੇ ਕਿਲ੍ਹੇ ਵਿੱਚ ਜਾ ਛੁਪਿਆ। ਇਸ ਝੜਪ ਵਿੱਚ ਐਡਵਰਡ ਦੇ 281 ਬੰਦੇ ਮਰੇ ਤੇ ਜ਼ਖ਼ਮੀ ਹੋਏ। ਮੂਲਰਾਜ ਨੂੰ ਕਿਲੇ ਵਿੱਚ ਬੰਦ ਕਰ ਲਿਆ ਗਿਆ।
ਪਹਿਲਾ ਘੇਰਾ – ਜਦ ਲਾਹੌਰ ਵਿੱਚ ਕਰੀ ਨੂੰ 10 ਜੁਲਾਈ ਨੂੰ ਕਿਨੇਰੀ ਤੇ ਜਿੱਤ ਦੀ ਖ਼ਬਰ ਪਹੁੰਚੀ ਤਾਂ ਉਸ ਨੇ ਮੁਲਤਾਨ ਤੇ ਹਮਲਾ ਕਰਨ ਦਾ ਮਨ ਬਣਾ ਲਿਆ। ਜਨਰਲ ਵਿਸ਼ ਨੇ ਅੰਗਰੇਜ਼ਾਂ ਦੀ ਇੱਕ ਡਿਵੀਜ਼ਨ ਜਿੰਨੀ ਫੌਜ ਇਕੱਠੀ ਕੀਤੀ ਜਿਸ ਵਿੱਚ ਬਰਗੇਡੀਅਰ ਹਰਵੇ ਹੇਠ ਪਹਿਲੀ ਇਨਫੈਂਟਰੀ ਬ੍ਰਿਗੇਡ, ਜਿਸ ਵਿੱਚ ਸ਼ਾਹੀ 10ਵੀਂ, 8ਵੀਂ ਤੇ 52ਵੀਂ ਨੇਟਿਵ ਇਨਫੈਂਟਰੀ ਬਟਾਲੀਅਨ ਬ੍ਰਿਗੇਡੀਅਰ ਮਾਰਖਮ ਹੇਠ ਦੂਜੀ ਇਨਫੈਂਟਰੀ ਬ੍ਰਿਗੇਡ ਜਿਸ ਵਿੱਚ ਸ਼ਾਹੀ 32ਵੀ, 49ਵੀਂ, 52ਵੀਂ ਤੇ 72ਵੀਂ ਨੇਟਿਵ ਇਨਫੈਂਟਰੀ ਬਟਾਲੀਅਨਾਂ, ਪਹਿਲੀ ਕੈਵਲਰੀ ਬ੍ਰਿਗੇਡ 7ਵੀਂ ਤੇ 11ਵੀਂ ਇਰੇਗੁਲਰ ਕੈਵਲਰੀ ਰੈਜੀਮੈਂਟ ਫੁਟ ਅਲਟਿਲਰੀ ਦੀਆਂ ਚਾਰ ਕੰਪਨੀਆਂ, ਬੰਗਾਲ ਸੈਪ੍ਰਸ ਤੇ ਤਿੰਨ ਪਾਇਨੀਅਰ ਕੰਪਨੀਆਂ ਮੁਲਤਾਨ ਵੱਲ ਜੁਲਾਈ ਦੇ ਅੰਤ ਵਿੱਚ ਰਵਾਨਾ ਹੋ ਗਈਆਂ। 24 ×18 ਪਾਉਂਡਰ, 10×8 ਪਾਉਂਡਰ ਤੋਪਾਂ,10 ਮਾਰਟਰ ਵੀ 4 ਸਤੰਬਰ ਤੱਕ ਫ਼ਿਰੋਜ਼ਪੁਰ ਤੋਂ ਪਹੁੰਚ ਗਏ। 7 ਸਤੰਬਰ ਨੂੰ ਕਿਲ੍ਹੇ ਦੇ ਦੁਆਲੇ ਖਾਈ ਦੀ ਖ਼ੁਦਾਈ ਸ਼ੁਰੂ ਕਰ ਦਿੱਤੀ ਗਈ । ਇਹ ਕਿਲ੍ਹਾ ਉੱਚੀ ਥਾਂ ਤੇ ਉੱਚੀਆਂ ਦੀਵਾਰਾਂ ਨਾਲ਼ ਘਿਰਿਆ ਹੋਇਆ ਸੀ ਜੋ ਕਿ ਇੱਕ ਛੋਟੀ ਪਹਾੜੀ ਤੇ ਛੇ ਭੁਜਾ ਸ਼ਕਲ ਦਾ ਬਣਿਆ ਹੋਇਆ ਸੀ। ਇਸ ਦੀਆਂ ਦੀਵਾਰਾਂ 70 ਫੁੱਟ ਉੱਚੀਆਂ ਤੇ 45 ਫੁੱਟ ਚੌੜੀਆਂ ਅਤੇ 25 ਫੁੱਟ ਡੂੰਘੀਆਂ ਖਾਈਆਂ ਵਾਲ਼ੀਆਂ ਸਨ। ਕਿਲੇ ਦੀਵਾਰਾਂ ਤੋਂ 30 ਮਜ਼ਬੂਤ ਮੁਨਾਰੇ ਉੱਠਦੇ ਸਨ ਜਿਨਾਂ ਵਿੱਚੋਂ 80 ਤੋਪਾਂ ਝਾਕਦੀਆਂ ਸਨ। 12 ਸਤੰਬਰ ਨੂੰ ਇਸ ਤੇ ਇੱਕ ਹਮਲਾ ਕੀਤਾ ਗਿਆ। ਸਾਰਾ ਦਿਨ ਲੜਾਈ ਚੱਲੀ। ਕਿਲੇ ਦੀਆਂ ਦੀਵਾਰਾਂ ਤੋੜੀਆਂ ਗਈਆਂ। ਵਿਸ਼ ਦੇ 5 ਅੰਗਰੇਜ਼ ਤੇ 5 ਹਿੰਦੁਸਤਾਨੀ ਅਫ਼ਸਰ ਤੇ 32 ਜਵਾਨ ਮਰੇ। 12 ਅੰਗਰੇਜ਼ ਇੱਕ ਹਿੰਦੁਸਤਾਨੀ ਅਫ਼ਸਰ ਤੇ 203 ਜਵਾਨ ਜ਼ਖ਼ਮੀ ਹੋਏ ਪਰ ਉਸੇ ਵੇਲੇ ਹੀ ਇਹ ਖ਼ਬਰ ਮਿਲੀ ਕਿ ਰਾਜਾ ਸ਼ੇਰ ਸਿੰਘ ਮੂਲਰਾਜ ਨਾਲ਼ ਮਿਲ਼ ਗਿਆ ਹੈ। ਮੁਲਤਾਨ ਦੀ ਇਹ ਪਹਿਲੀ ਕਿਲੇ ਉੱਤੇ ਘੇਰਾ ਪਾਉਣ ਦੀ ਕੋਸ਼ਸ਼ ਬਿਨਾਂ ਹਾਰ ਜਿੱਤ ਦੇ ਫੈਸਲੇ ਤੋਂ ਖਤਮ ਹੋ ਗਈ।
[ ] ਦੂਜਾ ਘੇਰਾ – ਬੰਬਈ ਤੋਂ ਅੰਗਰੇਜ਼ਾਂ ਦੀ ਮਦਦ ਲਈ ਹੋਰ ਫੌਜ ਜਿਸ ਵਿੱਚ ਤਿੰਨ ਦੇਸੀ ਰਸਾਲੇ, ਦੋ ਬ੍ਰਿਟਿਸ਼ ਇਨਫੈਂਟਰੀ ਰੈਜਮੈਂਟਾਂ, ਚਾਰ ਦੇਸੀ ਇਨਫੈਂਟਰੀ ਰੈਜੀਮੈਂਟਾਂ 670ਘੇਰਾ ਤੋਪਾਂ ਦੇ 30 ਫੀਲਡ ਗੰਨਾ ਸਨ ਵੀ ਆ ਪੁੱਜੀਆਂ। ਜਨਰਲ ਵਿੱਸ਼ ਨੇ ਮੁਲਤਾਨ ਦੇ ਕਿਲ੍ਹੇ ਤੇ ਆਖਰੀ ਹਮਲਾ ਕਰਨ ਦੀ ਯੋਜਨਾ ਬਣਾਈ। ਉਸ ਨੇ ਆਪਣੀ ਫੌਜ ਨੂੰ ਦਿੱਲੀ ਗੇਟ ਦੇ ਸਾਹਮਣੇ ਖੜਾ ਕੀਤਾ। ਬੁੰਬਈ ਵਾਲ਼ੀ ਫੌਜ ਨੂੰ ਸੈਂਟਰ ਵਿੱਚ ਵਲੀ ਮੁਹੰਮਦ ਨਹਿਰ ਤੱਕ। ਐਡਵਰਡ ਤੇ ਦਾਊਦ ਪੁੱਤਰ ਖੱਬੇ ਪਾਸੇ ਲਾਏ। ਉਸ ਨੇ 1000-1000 ਸੈਨਿਕਾਂ ਦੇ ਚਾਰ ਸਫ਼ੇ ਲਗਾ ਕੇ ਹਮਲਾ ਕੀਤਾ। ਤਕਰੀਬਨ ਪੰਜ ਘੰਟਿਆਂ ਦੀ ਪਰਚੰਡ ਲੜਾਈ ਜਿਸ ਵਿੱਚ 200 ਬੰਦੇ ਮਾਰੇ ਗਏ ਤੇ ਜ਼ਖ਼ਮੀ ਹੋਏ ਉਹ ਕਿਲੇ ਦੇ 500 ਗਾਏ ਦੂਰੀ ਤੇ ਆ ਗਿਆ । ਸਵੇਰ ਹੁੰਦਿਆਂ ਹੀ ਉਸ ਨੇ ਵੇਟਜ਼ਰ ਤੇ ਮਾਰਟਰਾਂ ਦੀ ਗੋਲਾਬਾਰੀ ਸ਼ੁਰੂ ਕੀਤੀ। ਤੋਪਾਂ ਵੀ ਕਿਲ੍ਹੇ ਦੇ ਹੋਰ ਨੇੜੇ ਆ ਗਈਆਂ ਦੀਵਾਰਾਂ ਵਿੱਚ ਮੋਰੀਆਂ ਨਜ਼ਰ ਆਉਣ ਲੱਗ ਪਈਆਂ। ਬੰਗਾਲ ਆਰਟੀਲਰੀ ਦੇ ਲੈਫਟੀਨੈਂਟ ਨੇਵਲ ਦਾ ਇੱਕ ਮਾਰਟਰ ਬੰਬ ਮੂਲਰਾਜ ਦੇ ਮੇਨ ਮੈਗਜ਼ੀਨ ਵਿੱਚ ਵੱਜਿਆ, ਜਿੱਥੇ 800000 ਪੌਂਡ ਬਰੂਦ ਪਿਆ ਸੀ ਜਿਸ ਵਿੱਚ ਵਿਸਫੋਟ ਹੋਣ ਨਾਲ਼ 800 ਬੰਦੇ ਮਰ ਗਏ ਤੇ ਹਜ਼ਾਰਾਂ ਜ਼ਖ਼ਮੀ ਹੋ ਗਏ। 31 ਦਸੰਬਰ ਤੱਕ ਅੰਗਰੇਜ਼ ਫੌਜਾਂ ਨੇ ਪੂਰੇ ਜ਼ੋਰ ਸ਼ੋਰ ਨਾਲ਼ ਮੁਲਤਾਨ ਤੇ ਹਮਲਾ ਜਾਰੀ ਰੱਖਿਆ। ਕਿਲੇ ਦੀਆਂ ਕੰਧਾਂ ਵਿੱਚ ਛੋਟੀਆਂ ਮੋਟੀਆਂ ਤਰੇੜਾਂ ਆ ਚੁੱਕੀਆਂ ਸਨ। ਵਿਸ਼ ਦੇ ਤਿੰਨ ਅਫਸਰ ਤੇ 27 ਜਵਾਨ ਮਾਰੇ ਜਾ ਚੁੱਕੇ ਸਨ। ਅੰਗਰੇਜ਼ ਫੌਜਾਂ ਨੇ ਫਿਰ ਖ਼ੂਨੀ ਜ਼ੋਰਦਾਰ ਹਮਲਾ ਸ਼ੁਰੂ ਕੀਤਾ ਇਹ ਹਮਲੇ ਵਿੱਚ ਕੈਪਟਨ ਲੀਥ ਦੇ ਮੋਢੇ ਵਿੱਚ ਗੋਲੀ ਲੱਗੀ ਅਤੇ ਉਸਦਾ ਇੱਕ ਹੱਥ ਵੀ ਤਲਵਾਰ ਨਾਲ ਕੱਟਿਆ ਗਿਆ। ਕੈਪਟਨ ਸਮਿਥ ਦੀ ਪਲਟਨ ਸ਼ਹਿਰ ਅੰਦਰ ਚਾਰੋਂ ਤਰਫ਼ ਫੈਲ ਗਈ। ਸ਼ਾਮ ਤੱਕ ਸਾਰਾ ਸ਼ਹਿਰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਿਆ। 3 ਜਨਵਰੀ ਤੱਕ ਅੰਗਰੇਜ਼ ਇਸ ਸ਼ਹਿਰ ਦੇ ਖ਼ਜ਼ਾਨੇ ਨੂੰ ਲੁੱਟਦੇ ਰਹੇ। ਉਹਨਾਂ ਨੇ ਜੰਗਲੀ ਜਾਨਵਰਾਂ ਦੀ ਤਰ੍ਹਾਂ ਇਸ ਸ਼ਹਿਰ ਨੂੰ ਲੁੱਟਿਆ ਤੇ ਜਲਾ ਦਿੱਤਾ। ਜਨਰਲ ਵਿਸ਼ ਨੇ 24 ਘੰਟਿਆਂ ਤੱਕ ਆਪਣੇ ਬੰਦਿਆਂ ਉੱਤੇ ਕੰਟਰੋਲ ਨਾ ਕੀਤਾ। ਇਸ ਜੰਗ ਵਿੱਚ ਅੰਗਰੇਜ਼ਾਂ ਦੇ 400 ਬੰਦੇ ਮਰੇ ਜਾਂ ਜ਼ਖ਼ਮੀ ਹੋਏ। ਹਜ਼ਾਰਾਂ ਮੁਲਤਾਨੀ ਸ਼ਹਿਰ ਛੱਡ ਕੇ ਭੱਜ ਗਏ। ਸ਼ਾਇਦ ਹੀ ਕੋਈ ਘਰ ਜਾਂ ਦੀਵਾਰ ਨਾ ਹੋਵੇ ਜਿੱਥੇ ਅੰਗਰੇਜ਼ਾਂ ਦੀਆਂ ਗੋਲੀਆਂ ਨਾ ਲੱਗੀਆਂ ਹੋਣ। ਚਾਰ ਜਨਵਰੀ ਨੂੰ ਕਿਲੇ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ। ਮੂਲਰਾਜ ਦੇ ਗੰਨਰ ਅੱਗੋਂ ਗੋਲਾਬਾਰੀ ਕਰਦੇ ਰਹੇ। ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ। 9 ਜਨਵਰੀ ਨੂੰ ਸ਼ਾਹੀ 32ਵੀਂ ਪਲਟਨ ਨੇ ਕਿਲੇ ਤੋਂ 20 ਗਜ਼ ਦੂਰੀ ਦੀਆਂ ਖਾਈਆਂ ਉਤੇ ਕਬਜ਼ਾ ਕਰ ਲਿਆ। ਮੂਲ ਰਾਜ ਨੇ ਮੇਜਰ ਐਡਵਰਡ ਨੂੰ ਸਮਝੌਤੇ ਲਈ ਚਿੱਠੀ ਭੇਜੀ ਤਾਂ ਉਸ ਨੇ ਮੂਲ ਰਾਜ ਨੂੰ ਜਨਰਲ ਵਿਸ਼ ਦੇ ਸਾਹਮਣੇ ਗੋਡੇ ਟੇਕਣ ਲਈ ਕਿਹਾ। ਜਨਰਲ ਵਿਸ਼ ਨੇ ਮੂਲਰਾਜ ਨੂੰ ਬਿਨਾਂ ਕਿਸੇ ਸ਼ਰਤ ਦੇ ਆਤਮ ਸਮਰਪਣ ਲਈ ਕਿਹਾ। 19 ਜਨਵਰੀ ਨੂੰ ਮੂਲਰਾਜ ਨੂੰ ਆਤਮ ਸਮਰਪਣ ਲਈ ਫਿਰ ਕਿਹਾ ਗਿਆ। ਮੂਲਰਾਜ ਵੱਲੋਂ ਕੋਈ ਜਵਾਬ ਨਾ ਆਉਣ ਤੇ 22 ਜਨਵਰੀ ਨੂੰ ਸਵੇਰੇ 6 ਵਜੇ ਫਿਰ ਹਮਲਾ ਕਰਨ ਦਾ ਹੁਕਮ ਦਿੱਤਾ ਗਿਆ। ਉਸ ਵੇਲੇ 10000 ਸੈਨਿਕ ਹਮਲਾ ਕਰਨ ਲਈ ਤਿਆਰ ਸਨ ਤਾਂ ਇੱਕਦਮ ਦੌਲਤ ਗੇਟ ਖੁੱਲ੍ਹਿਆ। ਸਿੱਖ ਤੇ ਮੁਸਲਮਾਨ ਫੌਜੀ ਬਾਹਰ ਨਿਕਲੇ ਤਾਂ ਉਹਨਾਂ ਨੂੰ ਘੇਰੇ ਵਿੱਚ ਲੈ ਲਿਆ ਗਿਆ। ਮੂਲਰਾਜ ਖ਼ੁਦ ਇੱਕ ਚਿੱਟੇ ਘੋੜੇ ਤੇ ਆਇਆ ਤੇ ਸ਼ਾਹੀ 32ਵੀਂ ਗ੍ਰੇਨੇਡੀਅਰ ਕੰਪਨੀ ਉਸ ਨੂੰ ਜਨਰਲ ਦੇ ਤੰਬੂ ਵਿੱਚ ਲੈ ਗਈ। ਇਸ ਤਰ੍ਹਾਂ 27 ਦਿਨ ਲੰਬੇ ਘੇਰੇ ਦਾ ਅੰਤ ਹੋ ਗਿਆ। ਅੰਗਰੇਜ਼ਾਂ ਦੇ ਕੁੱਲ 210 ਬੰਦੇ ਮਰੇ ਤੇ 982 ਜ਼ਖ਼ਮੀ ਹੋਏ। ਤੋਪਾਂ ਨੇ 15,000 ਵੱਡੇ ਤੇ 20000 ਮਿਲ਼ੇ ਜੁਲੇ ਗੋਲੇ ਚਲਾਏ। ਅੰਗਰੇਜ਼ਾਂ ਨੂੰ ਮੂਲਰਾਜ ਨੇ 54 ਤੋਪਾਂ ਤੇ 4 ਮਾਰਟਰ ਦਿੱਤੇ। ਮੂਲਰਾਜ ਨੂੰ ਮੁਲਤਾਨ ਤੋਂ ਲਿਜਾਇਆ ਗਿਆ। ਅੰਗਰੇਜ਼ੀ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦਾ ਹੁਕਮ ਦਿੱਤਾ ਪਰ ਰਹਿਮ ਦੀ ਅਪੀਲ ਕਰਨ ਤੇ ਲਾਰਡ ਡਲਹੋਜੀ ਨੇ ਉਸ ਨੂੰ ਦੇਸ਼ ਨਿਕਾਲਾ ਦੇ ਕੇ ਸਮੁੰਦਰੋਂ ਪਾਰ ਪੇਨੰਗ ਭੇਜ ਦਿੱਤਾ। ਮੁਲਤਾਨ ਦੀ ਇਸ ਬਗਾਵਤ ਨੇ ਸਿੱਖ ਫੌਜੀਆਂ ਤੇ ਸਿੱਖ ਜਨਤਾ ਦੀਆਂ ਆਸਾਂ ਮਹਾਰਾਣੀ ਨਾਲ਼ ਜੋੜ ਦਿੱਤੀਆਂ। ਇੱਕ ਵਾਰ ਫਿਰ ਖਾਲਸਾ ਰਾਜ ਦੀ ਪਰਜਾ ਮਹਾਰਾਣੀ ਜਿੰਦਾਂ ਤੋਂ ਅਗਵਾਈ ਦੀ ਉਮੀਦ ਕਰਨ ਲੱਗੀ।— ਜਗਤਾਰ ਸਿੰਘ ਸੋਖੀ