ਵਾਹ ਨੀ ਕੁਦਰਤੇ, ਬਲਿਹਾਰੇ ਜਾਈਏ ਤੇਰੇ ਰੰਗ ਤਮਾਸ਼ਿਆਂ ਤੋਂ, ਜਿਹੜਾ ਚਾਹੀਦਾ ਹੀ ਨਹੀਂ ਹੁੰਦਾ ਉਹ ਸਿਰ ਦਾ ਤਾਜ਼ ਬਣਾ ਦਿੰਦੀ ਏਂ, ਤੇ ਜਿਹਨੂੰ ਚਹੁੰਦੇ ਹਾਂ ਉਹ ਅੱਜ ਵੀ ਉਡੀਕਾਂ ਵਿੱਚ ਸ਼ਾਮਲ ਹੈ। ਤੇਰੇ ਵੀ ਕਿਆ ਕਹਿਣੇ ਨੇਂ, ਜਿਹਨੂੰ ਸਿਰ ਦਾ ਤਾਜ਼ ਬਣਾਇਆ ਸੀ ਉਹਨੂੰ ਜਜ਼ਬਾਤਾਂ ਦੀ ਕਦਰ ਨਹੀਂ ਤੇ ਜਿਹੜੇ ਕਦਰਦਾਨ ਨੇ ਉਹਨਾਂ ਵਾਸਤੇ ਇਹ ਰਾਤਾਂ ਪਹਾੜ ਜਿੱਡੀਆਂ ਨੇ।
ਜਾਹ ਨੀ ਕੁਦਰਤੇ ਤੂੰ ਵੀ ਉਸ ਮਹਿਬੂਬ ਵਰਗੀ ਨਿੱਕਲੀ ਜਿਹੜਾ ਆਉਣ ਦਾ ਲਾਰਾ ਲਾ ਵਾਹਦਿਆਂ ਦੀ ਪੰਡ ਭਰਕੇ ਦੇ ਗਿਆ ਤੇ ਮੁੜਕੇ ਬਹੁੜਿਆ ਹੀ ਨਹੀਂ।
ਨਾਲੇ ਕਹਿੰਦੇ ਹੁੰਦੇ ਆ ਕੇ ਕੁਦਰਤ ਬੜੀ ਬਲਵਾਨ ਹੁੰਦੀ ਏ,, ਕਿਸੇ ਨੂੰ ਭੁਲੇਖਾ ਲੱਗ ਗਿਆ ਹੋਣਾ ਆਹ ਸ਼ਬਦ ਲਿਖਣ ਵੇਲੇ।
ਮੈਨੂੰ ਤਾਂ ਲਗਦਾ ਵੀ ਕੁਦਰਤ ਕੁੱਝ ਵੀ ਨਹੀਂ।
ਪਰ ਦੂਜੇ ਪਲ਼ ਲਗਦਾ ਵੀ ਯਰ ਕੁਦਰਤ ਹੈ, ਜੇਕਰ ਇੱਕ ਇਨਸਾਨ ਨੂੰ ਸਭ ਕੁੱਝ ਮਿਲ਼ ਗਿਆ ਹੁੰਦਾ ਤਾਂ ਜ਼ਿੰਦਗੀ ਵਿੱਚ ਸਵਰਗ ਨਰਕ, ਦੋਸਤੀ ਦੁਸ਼ਮਣੀ, ਆਪਣਾ ਪਰਾਇਆ, ਤੜਫ਼, ਮਿਲਣਾ ਵਿਛੜਨਾ ਜਿਹੇ ਪਲ਼ ਹੀ ਨਹੀਂ ਹੋਣੇ ਸਨ।
ਜੇਕਰ ਕੁਦਰਤ ਨਾ ਹੁੰਦੀ ਤਾਂ ਆਪਣੇ ਪਿਆਰੇ ਰਾਤਾਂ ਜਿੱਡੇ ਖ਼ਤ ਕਿੱਥੋਂ ਲਿਖਦੇ, ਜਿਹਨੂੰ ਜਾਣਦੇ ਵੀ ਨਹੀਂ ਉਹ ਯਾਦ ਕਿੱਥੋਂ ਕਰਦੇ, ਉਹ ਸਾਡੇ ਲਈ ਝੋਲ਼ੀ ਅੱਡ ਕੇ ਫ਼ਰਿਆਦ ਕਿੱਥੋਂ ਕਰਦੇ।
ਕੁਦਰਤੇ ਤੂੰ ਹੈਗੀ ਏਂ, ਇਹ ਦਿਨ ਰਾਤ ਇਹ ਮਿਲਣਾ ਵਿਛੜਨਾ, ਇਹ ਹਾਸੇ ਇਹ ਰੋਣੇ ਤੇਰੇ ਹੀ ਰੰਗ ਨੇ।
ਤੂੰ ਨਾ ਹੁੰਦੀ ਤਾਂ ਰਾਤਾਂ ਨੂੰ ਸਿਜਦਾ ਕੌਣ ਕਰਦਾ, ਯਾਦਾਂ ਦੀ ਪਟਾਰੀ ਵਿੱਚ ਹੰਝੂਆਂ ਦੇ ਫ਼ੁੱਲ ਚੁਗ ਚੁਗ ਕੌਣ ਧਰਦਾ।
ਤੂੰ ਨਾ ਹੁੰਦੀ ਤਾਂ, ਯਾਦਾਂ ਦਾ ਇਹ ਵਿਛਾਉਣਾ ਨਹੀਂ ਹੋਣਾ ਸੀ, ਨਾ ਰੁਸਣਾ ਹੋਣਾ ਤੇ ਨਾ ਮਨਾਉਣਾ ਹੋਣਾ ਸੀ।
ਨਾ ਸੁਪਨੇ ਵਿੱਚ ਮਿਲਣੇ ਸਨ ਚੰਨ ਤਾਰੇ, ਨਾ ਯਾਦਾਂ ਦਾ ਕੋਈ ਪ੍ਰਾਹੁਣਾ ਹੋਣਾ ਸੀ। ਵਾਹ ਨੀ ਕੁਦਰਤੇ ਬਲਿਹਾਰੇ ਜਾਈਏ ਤੇਰੇ ਰੰਗਾਂ ਤੋਂ।ਚੱਲ ਵੀ ਸੋਹਣਿਆ ਦਿਲਾ,
ਜਿੱਥੇ ਹੈਗਾ ਏਂ ਉਹ ਭੋਗ, ਕੁਦਰਤ ਤੋਂ ਵੱਖ ਹੋ ਗਿਆ ਤਾਂ ਰੁਲ਼ ਖ਼ੁਲ ਜਾਵੇਂਗਾ। ਇਹ ਬੜੀਆਂ ਉੱਚੀਆਂ ਸੁੱਚੀਆਂ ਬਾਤਾਂ ਨੇ ਬਾਈ ਯਰ, ਤੇਰੇ ਪਿਆਰੇ ਅੱਜ ਵੀ ਯਾਦ ਕਰਦੇ ਨੇ ਕੱਲ੍ਹ ਵੀ ਯਾਦ ਕਰਨਗੇ, ਹੌਂਕੇ ਤੇ ਹਾਵੇ, ਵਿਛੋੜੇ ਤੇ ਮਿਲਣੀ ਚਲਦੇ ਹੀ ਆਏ ਤੇ ਚਲਦੇ ਹੀ ਰਹਿਣੇ।
ਭੋਲਿਆ ਦਿਲਾ,
ਇਹ ਮਿੱਟੀ ਦੇ ਮਹਿਰਮ ਨਖ਼ਰੇ ਤਾਂ ਕਰਨਗੇ ਯਰ, ਕਿਉਂਕਿ ਇਹ ਤੂੰ ਨਹੀਂ ਘੜੇ, ਕੁਦਰਤ ਦੇ ਰੰਗ ਤਮਾਸ਼ੇ ਨੇ ਤੇ ਚੱਲ ਫ਼ਿਰ ਕੁਦਰਤ ਦੇ ਸੋਹਣੇ ਰੰਗ ਮਾਣੀਏਂ ਤੇ ਨਖ਼ਰੇ ਅਦਾਵਾਂ ਝੱਲੀਏ।
ਮਿੰਟੂ ਖੁਰਮੀ ਹਿੰਮਤਪੁਰਾ
9888515785
ਮਿੱਟੀ ਦਾ ਇੱਕ ਮਹਿਰਮ ਘੜਿਆ, ਤੇ ਉਹਦੇ ਸੌ ਸੌ ਨਖ਼ਰੇ ਝੱਲਾਂ/-ਮਿੰਟੂ ਖੁਰਮੀ ਹਿੰਮਤਪੁਰਾ

Leave a comment