ਮਾਨ ਹਕੂਮਤ ਤਾਨਾਸ਼ਾਹੀ ਦੀਆਂ ਹੱਦਾਂ ਪਾਰ ਕਰਨ ਲੱਗੀ, ਭੁਗਤਣਾ ਪਵੇਗਾ ਖਮਿਆਜਾ: ਪੰਥਕ ਸ਼ਖਸੀਅਤਾਂ
ਬਠਿੰਡਾ 16 ਮਾਰਚ (ਸੁਰਿੰਦਰ ਪਾਲ ਸਿੰਘ): ਪੰਥਕ ਆਗੂ ਤੇ ਸਿੱਖ ਚਿੰਤਕ ਭਾਈ ਦਲਜੀਤ ਸਿੰਘ ਨੂੰ ਉਹਨਾਂ ਦੇ ਜੱਦੀ ਘਰ ਲੁਧਿਆਣਾ ਵਿਖੇ ਪੰਜਾਬ ਸਰਕਾਰ ਵੱਲੋਂ ਨਜ਼ਰਬੰਦ ਕੀਤਾ ਗਿਆ ਹੈ, ਇਸ ਸਬੰਧੀ ਪੰਥਕ ਸ਼ਖਸੀਅਤਾਂ ਨੇ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਮਾਨ ਹਕੂਮਤ ਪਿਛਲੀਆਂ ਸਰਕਾਰਾਂ ਨਾਲੋਂ ਵੀ ਵੱਧ ਤਾਨਾਸ਼ਾਹੀ ਕਰ ਰਹੀ ਹੈ, ਜਿਸ ਦਾ ਖਮਿਆਜਾ ਦੂਜੀਆਂ ਰਵਾਇਤੀ ਪਾਰਟੀਆਂ ਵਾਂਗ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਖਾਲਸਾ ਪੰਥ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸਬੰਧੀ ਪ੍ਰਬੰਧਾਂ ਵਿੱਚ ਸੁਧਾਰਾਂ ਲਈ ਬੁਲਾਈ ਗਈ ਬੈਠਕ ਤੋਂ ਹੀ ਅਖੌਤੀ ਬਦਲਾਵ ਵਾਲੀ ਸਰਕਾਰ ਕਿਉਂ ਬਖਲਾਟ ਵਿੱਚ ਆ ਗਈ ਹੈ ? ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਭਾਈ ਹਰਦੀਪ ਸਿੰਘ ਮਹਿਰਾਜ,ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਨਰਾਇਣ ਸਿੰਘ ਚੌੜਾ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਅਮਰੀਕ ਸਿੰਘ ਈਸੜੂ,ਭਾਈ ਸਤਨਾਮ ਸਿੰਘ ਖੰਡਾ, ਭਾਈ ਸੁਖਦੇਵ ਸਿੰਘ ਡੋਡ, ਭਾਈ ਸਤਨਾਮ ਸਿੰਘ ਝੰਜੀਆਂ ਤੇ ਮਨਜੀਤ ਸਿੰਘ ਫਗਵਾੜਾ ਨੇ ਦੱਸਿਆ ਕਿ ਅਜੋਕੇ ਸਮੇਂ ਸਿੱਖਾਂ ਦੇ ਇਤਿਹਾਸਿਕ ਸਮਾਗਮਾਂ,ਮੇਲਿਆਂ ਹੋਲਾ ਮਹੱਲਾ ਆਦਿ ਮੌਕੇ ਮਨਮੱਤੀਆਂ ਤੇ ਗੁਰਮਤ ਤੋਂ ਉਲਟ ਬਹੁਤ ਕੁਝ ਹੋ ਰਿਹਾ ਹੈ ਜਿਵੇਂ ਬਹੁਤ ਉੱਚੀ ਆਵਾਜ਼ਾਂ ਵਿੱਚ ਸਪੀਕਰਾਂ, ਗੁਰਮਤ ਮਰਿਆਦਾ ਤੋਂ ਉਲਟ ਗੁਰੂ ਘਰਾਂ ਦੀਆਂ ਹੱਦਾਂ ਅੰਦਰ ਦੁਕਾਨਾਂ, ਟਰੈਕਟਰਾਂ ਅਤੇ ਸ਼ੋਰ ਸ਼ਰਾਬੇ ਜਿਸ ਨੂੰ ਲੈ ਕੇ ਪੰਥਕ ਆਗੂ ਭਾਈ ਦਲਜੀਤ ਸਿੰਘ ਦੀ ਰਹਿਨੁਮਾਈ ਵਿੱਚ 16 ਤੇ 17 ਮਾਰਚ ਨੂੰ 2 ਦਿਨਾਂ ਚ 6 ਬੈਠਕਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਨੀਆਂ ਸਨ।ਪੰਥਕ ਸ਼ਖਸੀਅਤਾਂ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਸਿੱਖ ਪੰਥ ਨੂੰ ਉਹਨਾਂ ਦੀਆਂ ਧਾਰਮਿਕ ਸਮਾਗਮਾਂ ਆਦਿ ਸਿੱਖ ਰਹਿਤ ਮਰਿਆਦਾ ਅਨੁਸਾਰ ਕਰਨ ਦੇ ਵੀ ਹੱਕ ਨਹੀਂ। ਉਹਨਾਂ ਕਿਹਾ ਭਗਵੰਤ ਮਾਨ ਹਕੂਮਤ ਨਸ਼ੇ ਵਿੱਚ ਚਕਨਾਚੂਰ ਹੋ ਕੇ ਲਗਾਤਾਰ ਸਿੱਖ ਮਸਲਿਆਂ ਤੇ ਸਿੱਧੀ ਦਖਲਅੰਦਾਜ਼ੀ ਕਰ ਰਹੀ ਹੈ,ਉਸ ਨੂੰ ਸਿੱਖ ਇਤਿਹਾਸ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ।