ਮਾਨਸਾ, 19 ਜੁਲਾਈ– ਪੰਜਾਬ ਨੂੰ ‘ਰੰਗਲਾ ਅਤੇ ਸਿਹਤਮੰਦ ਪੰਜਾਬ’ ਬਣਾਉਣ ਦੇ ਉਦੇਸ਼ ਨਾਲ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸੇ ਲੜੀ ਤਹਿਤ, ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਹਤਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਅੱਜ ਸਿਹਤ ਵਿਭਾਗ ਮਾਨਸਾ ਵੱਲੋਂ ਜੱਚਾ-ਬੱਚਾ ਹਸਪਤਾਲ ਮਾਨਸਾ ਵਿਖੇ ਇੱਕ ਕੈਂਸਰ ਸਕ੍ਰੀਨਿੰਗ ਕੈਂਪ ਲਗਾਇਆ ਗਿਆ।
ਇਸ ਕੈਂਪ ਦੀ ਪ੍ਰਧਾਨਗੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਕੰਵਲਪ੍ਰੀਤ ਕੌਰ ਬਰਾੜ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਗਜੀਤ ਸਿੰਘ ਨੇ ਕੀਤੀ। ਇਸ ਮੌਕੇ ‘ਤੇ ਸੰਬੋਧਨ ਕਰਦਿਆਂ, ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਲੋਕਾਂ ਵਿੱਚ ਕੈਂਸਰ ਪ੍ਰਤੀ ਗਲਤ ਧਾਰਨਾਵਾਂ ਹਨ, ਜਿਸ ਕਾਰਨ ਲੋਕ ਇਸ ਬਿਮਾਰੀ ਦਾ ਨਾਂ ਲੈਣ ਤੋਂ ਵੀ ਕਤਰਾਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਸਾਨੂੰ ਕੈਂਸਰ ਤੋਂ ਡਰਨਾ ਨਹੀਂ ਚਾਹੀਦਾ, ਸਗੋਂ ਇਸ ਪ੍ਰਤੀ ਜਾਗਰੂਕ ਹੋ ਕੇ ਵੱਡੀ ਪੱਧਰ ‘ਤੇ ਜੰਗ ਲੜਨੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਜਲਦੀ ਪਛਾਣ ਅਤੇ ਤੁਰੰਤ ਇਲਾਜ ਸ਼ੁਰੂ ਕਰਵਾ ਕੇ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਡਾ. ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ ਪੰਜਾਬ ਦੇ ਵਸਨੀਕ ਕੈਂਸਰ ਦੇ ਮਰੀਜ਼ਾਂ ਦਾ 1.5 ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਹ ਸਕੀਮ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਛਾਤੀ ਵਿੱਚ ਗਿਲਟੀ, ਮਾਹਵਾਰੀ ਦੌਰਾਨ ਬਦਲਾਅ, ਵਾਰ-ਵਾਰ ਖੂਨ ਆਉਣਾ, ਬੱਚੇਦਾਨੀ ਵਿੱਚ ਰਸੌਲੀ ਜਾਂ ਕੋਈ ਹੋਰ ਤਕਲੀਫ਼ ਹੁੰਦੀ ਹੈ, ਤਾਂ ਉਹ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਆਪਣੇ ਟੈਸਟ ਕਰਵਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਟੈਸਟ ਦੌਰਾਨ ਕਿਸੇ ਮਰੀਜ਼ ਵਿੱਚ ਕੈਂਸਰ ਦੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਦਾ ਇਲਾਜ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਇਨਪੈਨਲਡ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ, ਅਤੇ ਇਹ ਵਿੱਤੀ ਸਹਾਇਤਾ ਸਿੱਧੇ ਸਬੰਧਤ ਹਸਪਤਾਲ ਨੂੰ ਦਿੱਤੀ ਜਾਂਦੀ ਹੈ ਨਾ ਕਿ ਮਰੀਜ਼ ਨੂੰ।
ਕੈਂਸਰ ਤੋਂ ਬਚਾਅ ਲਈ ਸੁਝਾਅ
ਸੀਨੀਅਰ ਮੈਡੀਕਲ ਅਫਸਰ ਡਾ. ਜਗਜੀਤ ਸਿੰਘ ਨੇ ਕੈਂਸਰ ਤੋਂ ਬਚਾਅ ਲਈ ਮਹੱਤਵਪੂਰਨ ਸੁਝਾਅ ਦਿੱਤੇ:
* ਫਸਲਾਂ ‘ਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਤੋਂ ਬਚੋ।
* ਸ਼ਰਾਬ, ਤੰਬਾਕੂ, ਬੀੜੀ ਅਤੇ ਸਿਗਰਟ ਦੀ ਵਰਤੋਂ ਨਾ ਕਰੋ।
* ਕੈਂਸਰ ਦੇ ਮੁਢਲੇ ਚਿੰਨ੍ਹਾਂ ਦੀ ਜਲਦੀ ਪਛਾਣ ਕਰੋ ਅਤੇ ਸ਼ੱਕ ਪੈਣ ‘ਤੇ ਸਮੇਂ ਸਿਰ ਜਾਂਚ ਕਰਵਾਓ।
* ਜ਼ਿਆਦਾ ਚਰਬੀ ਵਾਲੇ ਭੋਜਨ ਤੋਂ ਪਰਹੇਜ਼ ਕਰੋ ਅਤੇ ਸਿਹਤਮੰਦ ਖੁਰਾਕ ਅਪਣਾਓ।
* ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਣਚਾਹੀ ਰਸੌਲੀ ਜਾਂ ਗਿਲਟੀ ਹੋਣ ‘ਤੇ ਤੁਰੰਤ ਡਾਕਟਰ ਦੀ ਸਲਾਹ ਲਓ।
* ਔਰਤਾਂ ਵਿੱਚ ਮਾਹਵਾਰੀ ਦੇ ਲੱਛਣਾਂ ਵਿੱਚ ਬਦਲਾਵ ਆਉਣ ‘ਤੇ ਡਾਕਟਰ ਦੀ ਸਲਾਹ ਲਓ।
* ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੋ।
ਇਸ ਮੌਕੇ ਸੁਸ਼ਮਾ ਰਾਣੀ, ਐਲ.ਐਚ.ਵੀ. ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਸਮੇਤ ਕੁੱਲ 46 ਵਿਅਕਤੀਆਂ ਦੇ ਟੈਸਟ ਕੀਤੇ ਗਏ। ਸਿਹਤ ਵਿਭਾਗ ਵੱਲੋਂ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਪੱਧਰ ‘ਤੇ ਵੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।