ਦੋਸਤੋ ਅੱਜ ਗੱਲ ਕਰਦੇਆਂ ਘਸੁੰਨ ਮੁੱਕੀ ਦੇ ਜਾਂਬਾਜ ਖਿਡਾਰੀ ਪਲਵਿੰਦਰ ਸਿੰਘ ਭਗਵਾਨ ਪੁਰ ਹੀਂਗਣੇ ਵਾਲੇ ਦੀ।
ਜਿਸ ਦਿਨ ਮੈਂ ਹਾਈ ਜੰਪ ਵਾਲੇ ਪਰਮਜੀਤ ਸਿੰਘ ਸੰਧੂ ਭਗਵਾਨ ਪੁਰ ਹੀਂਗਣੇ ਵਾਲੇ ਇਨਸਪੈਕਟਰ ਨੂੰ ਮਿਲਿਆ ਅਤੇ ਉਸ ਦੇ ਖੇਡ ਕੈਰੀਅਰ ਦੀ ਸ਼ੁਰੂਆਤ ਬਾਰੇ ਜਾਣਿਆਂ ਤਾਂ ਉਸ ਦਾ ਪਹਿਲਾ ਪ੍ਰਤਿਕਰਮ ਇਹ ਸੀ।
“ਮੇਰਾ ਖੇਡ ਕੈਰੀਅਰ ਬਣਾਉਣ ਵਾਲਾ ਮੇਰੇ ਪਿੰਡ ਦਾ ਨਾਮੀ ਗਰਾਮੀ ਬੌਕਸਰ ਪਲਵਿੰਦਰ ਸਿੰਘ ਹੈ”।
ਮੈਂ ਕੁਝ ਹੋਰ ਖਿਡਾਰੀਆਂ ਬਾਰੇ ਲਿਖਣ ਸਮੱਗਰੀ ਤਿਆਰ ਕਰ ਰੱਖੀ ਸੀ। ਜਦੋਂ ਪਰਮਜੀਤ ਦੇ ਮੂੰਹੋਂ ਪਲਵਿੰਦਰ ਦੀਆ ਮਾਰੀਆਂ ਮੱਲਾਂ ਦਾ ਵੇਰਵਾ ਸੁਣਿਆ,ਤਾਂ ਸਭ ਤੋਂ ਪਹਿਲਾਂ ਪਲਵਿੰਦਰ ਦੇ ਦਰਸ਼ਨ ਦੀਦਾਰੇ ਕਰਨ ਲਈ ਮਨ ਲੋਚਿਆ ।ਆਪਣੇ ਮਿੱਤਰ ਸੁਖਚੈਨ ਭਲਵਾਨ ਫ਼ੱਕਰ ਝੰਡੇ ਵਾਲੇ ਨਾਲ ਤਾਲਮੇਲ ਕਰਕੇ ਜਾ ਪਹੁੰਚੇ ਭਗਵਾਨ ਪੁਰ ਹੀਂਗਣੇ ਪਲਵਿੰਦਰ ਨੂੰ ਮਿਲਣ।ਤਕੜੇ ਜੁੱਸੇ ਵਾਲਾ ਬੌਕਸਰ ਬੜੀ ਸ਼ਿਦੱਤ ਨਾਲ ਮਿਲਿਆ ।
ਅੱਠਵੀ ਤੱਕ ਪਿੰਡ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਕੇ ਨੋਵੀ ਦਸਵੀਂ ਸਰਦੂਲ ਗੜ੍ਹ ਦੇ ਹਾਈ ਸਕੂਲ ਵਿੱਚੋਂ ਪਾਸ ਕੀਤੀ। ਸਕੂਲ ਵਿੱਚ ਸੁਖਚੈਨ ਭਲਵਾਨ ਨਾਲ ਯਾਰਾਨਾਂ ਹੋ ਗਿਆ,ਦੋਵੇਂ ਸਕੂਲ ਪੱਧਰ ਤੇ ਹਾਕੀ ਅਤੇ ਫ਼ੁਟਬਾਲ ਖੇਡੇ।ਇਹ ਦੋਸਤੀ ਅੱਜ ਵੀ “ਫੱਟੇ ਤੇ ਗੱਡੇ ਕਿੱਲ ਵਰਗੀ ਐ”।
ਪਲਵਿੰਦਰ ਖੱਬਚੂ ਹੋਣ ਕਰਕੇ ਬਚਪਨ ਵਿੱਚ ਖੱਬੇ ਹੱਥ ਨਾਲ ਲਿਖਣ ਲੱਗਾ ਤਾਂ ਮਾਸਟਰ ਜੀ ਨੇ ਵਰਜ ਕੇ ਕਲਮ ਸੱਜੇ ਹੱਥ ਫੜਾ ਦਿੱਤੀ ।ਫੇਰ ਛੁੱਟੀਆਂ ਵਿੱਚ ਬਾਪੂ ਨਾਲ ਮਿਲ ਕੇ ਵਾਢੀ ਕਰਵਾਉਣੀ ਉਹ ਵੀ ਸੱਜੇ ਹੱਥ ਨਾਲ, ਕਿਉਂਕਿ ਖੱਬੇ ਹੱਥ ਵਾਲੀ ਦਾਤੀ ਨਹੀਂ ਸੀ ਹੁੰਦੀ ।ਬੱਸ ਇਵੇਂ ਕਰਦਿਆਂ ਦੋਵੇਂ ਹੱਥ ਇੱਕੋ ਜਿੰਨੇ ਤਾਕਤਵਰ ਹੋ ਗਏ।
ਪਿੰਡ ਦੀ ਹਮਉਮਰ ਮਢ੍ਹੀਰ ਨਾਲ ਲੀਰਾਂ ਦੀ ਖਿੱਦੋ ਨਾਲ ਮਾਰ ਕੁਟਾਈ ਖੇਡਣਾ । ਜਿਹੜਾ ਵਿਰੋਧੀ ਖੱਬਚੂ ਦੀ ਮਾਰ ‘ਚ ਆ ਜਾਂਦਾ ਉਸ ਦੀਆਂ ਲੇਰਾਂ ਪਵਾ ਦਿੰਦਾ । ਖੱਬੂ ਦੀ ਜੱਜਮੈਟ ਕਰਨੀ ਬੜੀ ਔਖੀ ਹੁੰਦੀ ਐ।
ਇਕ ਖੱਬੂ ਦੀ ਮਾਰ ਮੈਂ ਵੀ ਝੱਲੀ ਐ। ਮੇਰੇ ਪਿੰਡ ਦਾ ਇਕ ਮਜ਼੍ਹਬੀ ਸਿੰਘਾਂ ਦਾ ਮੁੰਡਾ ਲੀਲਾ ਖੱਬਚੂ ਸੀ।ਉਸ ਦੀਆ ਅੱਖਾਂ ਵੀ ਟੀਰੀਆਂ ਸੀ।ਇਕ ਉਤਰ ਵੱਲ ਦੂਸਰੀ ਦੱਖਣ ਵੱਲ ਰੇਂਜ ਫੜਦੀਆਂ ਸਨ।ਕੋਈ ਜੱਜਮੈਟ ਨਹੀਂ ਸੀ ਹੁੰਦੀ ਵੀ ਕਿਹੜੇ ਬੰਨੇ ਝਾਕਦੈ।ਇਕ ਖੱਬੂ ਦੂਸਰੀਆਂ ਹੇਰਾ ਫੇਰੀ ਵਾਲ਼ੀਆਂ ਅੱਖਾਂ ।ਇਸੇ ਕਰਕੇ ਸਾਥੀ ਉਸ ਨੂੰ ਲੀਲਾ ਝਾਂਈ ਕਹਿੰਦੇ ਸਨ।
ਸਕੂਲੋਂ ਛੁੱਟੀ ਵਾਲੇ ਦਿਨ ਮੈਂ ਮਾਰ ਕੁਟਾਈ ਵਾਲੀ ਖੇਡ ਦਾ ਪੰਗਾ ਲੈ ਲਿਆ ।ਲੀਲੇ ਝਾਂਈਂ ਨੇ ਮੇਰੇ ਐਸੀ ਗੇਂਦ ਮਾਰੀ ਕਿ ਪੇਡੂ ਲਾਲ ਸੁਰਖ਼ ਹੋ ਗਿਆ । ਮੁੜ ਕੇ ਮੈਂ ਮਾਰ ਕੁਟਾਈ ਵਾਲੀ ਖੇਡ ਨੀ ਖੇਡੀ।
1974 ਵਿੱਚ ਪਰਮਿੰਦਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪਰੈਪ ‘ਚ ਦਾਖਲ ਹੋ ਗਿਆ ।ਟੀਵੀ ਸਟੇਸ਼ਨ ਦੇ ਪਿਛਲੇ ਪਾਸੇ ਅਵਤਾਰ ਨਗਰ ਵਿੱਚ ਮਾਮੇ ਅਵਤਾਰ ਸਿੰਘ ਦਾ ਮਕਾਨ ਸੀ। ਉਸ ਕੋਲ ਰਹਿਣਾ ਸ਼ੁਰੂ ਕਰ ਦਿੱਤਾ।ਮਾਮੇ ਦੀ ਡੇਅਰੀ ਹੋਣ ਕਰਕੇ ਦੁੱਧ ਘਿਉ ਘਰਦਾ ਸੀ। ਪਰੈਪ ਅਤੇ ਬੀ.ਏ. ਪਹਿਲਾ ਸਾਲ ਖੇਡ ਦੀ ਚੋਣ ਕਰਨ ਵਿੱਚ ਹੀ ਲੰਘਾ ਦਿੱਤਾ ਪਰ ਮਿਹਨਤ ਜਾਰੀ ਰੱਖੀ।ਦੱਬ ਕੇ ਮਿਹਨਤ ਕਰਨੀ,ਖਾਣ ਪੀਣ ਨੂੰ ਖੁੱਲਾ ਡੁੱਲਾ, ਹੋ ਗਈ ਸੋਨੇ ਤੇ ਸੁਹਾਗੇ ਵਾਲੀ ਗੱਲ।
ਬੀ.ਏ. ਦੂਸਰੇ ਸਾਲ ਵਿੱਚ ਜਾ ਕੇ ਬੌਕਸਿੰਗ ਦੀ ਚੋਣ ਕਰ ਲਈ। ਪਹਿਲੇ ਸਾਲ (1976-77 ) ਵਿੱਚ ਹੀ ਯੂਨੀਵਰਸਿਟੀ ਵਿੱਚੋਂ ਪਹਿਲੇ ਥਾਂ ਤੇ ਰਹਿ ਕੇ ਸੋਨੇ ਦਾ ਮੈਡਲ ਜਿੱਤ ਲਿਆ ।ਇੰਟਰਵਰਸਿਟੀ ਮੀਟ ਸਮੇਂ ਹੁਣ ਵਾਲੇ ਕੌਮੀ ਕੋਚ ਗੁਰਬਖਸ਼ ਸਿੰਘ ਸੰਧੂ ਨਾਲ ਮੇਲ ਹੋ ਗਿਆ ।ਉਸ ਨੇ ਵੇਖਣ ਸਾਰ ਪਲਵਿੰਦਰ ਨੂੰ ਕਿਹਾ “ਕਾਕਾ ਤੂੰ ਖੱਬੂ ਏਂ” ।ਪਲਵਿੰਦਰ ਦੇ ਹਾਂਜੀ ਕਹਿਣ ਤੇ ਕੋਚ ਸੰਧੂ ਕਹਿੰਦਾ ਕਾਕਾ ਫਾਈਟ ਤੂੰ ਸੱਜੇ ਨਾਲ ਲੜੀ ਜਾਨੈ।
ਹੁਣ ਸੰਧੂ ਕੋਚ ਦੀ ਕੋਚਿੰਗ ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਬੀ.ਏ. ਫਾਇਨਲ ਵਿੱਚ ਪਹੁੰਚ ਕੇ ਲਾਈਟ ਹੈਵੀ ਵੇਟ (75-81) ਵਰਗ ਵਿੱਚੋਂ ਪੰਜਾਬ ਚੈਂਪੀਅਨ ਬਣ ਗਿਆ ।ਲੱਗਦੇ ਹੱਥ ਯੂਨੀਵਰਸਿਟੀ ਚੈਂਪੀਅਨ ਵੀ ਬਣ ਗਿਆ ।
ਹੁਣ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਪੂਣੇ ਦੀਆ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ । ਪੂਰੇ ਭਾਰਤ ਵਿੱਚੋਂ ਮਾਂਵਾਂ ਦੇ ਗੱਭਰੂ ਪੁੱਤ ਪਹੁੰਚੇ ਹੋਏ ਸਨ । ਕਾਲਜੀਏਟ ਗੱਭਰੂਆਂ ਦੇ ਜੋਸ਼ ਲਾਟਾਂ ਮਾਰ ਰਹੇ ਸਨ । ਪਲਵਿੰਦਰ ਲਈ ਇਹ ਮੁਕਾਬਲੇ ਬੜੇ ਅਹਿਮ ਸਨ । ਦਿਨ ਰਾਤ ਕੀਤੀ ਸਖ਼ਤ ਮਿਹਨਤ ਇੱਥੇ ਵੀ ਸੋਨੇ ਦਾ ਰੰਗ ਵਿਖਾ ਗਈ । ਪਹਿਲੀ ਵਾਰੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚੋਂ ਸੋਨੇ ਦਾ ਮੈਡਲ ਜਿੱਤ ਕੇ ਘਰ ਆਇਆ ਤਾਂ ਪਿਤਾ ਸ.ਜਸਮੇਲ ਸਿੰਘ ਅਤੇ ਮਾਤਾ ਸ੍ਰੀਮਤੀ ਮੁਖ਼ਤਿਆਰ ਕੌਰ ਨੇ ਆਪਣੇ ਲਾਡਲੇ ਪੁੱਤਰ ਨੂੰ ਮਣਾਂ ਮੂਹੀ ਪਿਆਰ ਦਿੱਤਾ ।
1977-78 ਵਿੱਚ ਨੌਰਦਨ ਇੰਡੀਆ ਮੀਟ ਬਠਿੰਡੇ ਹੋਈ ਜਿੱਥੋਂ ਪਲਵਿੰਦਰ ਨੇ ਸੋਨੇ ਦਾ ਮੈਡਲ ਜਿੱਤਿਆ ।
ਇਸੇ ਸਾਲ ਪੰਜਾਬ ਚੈਂਪੀਅਨਸ਼ਿਪ ਸੁਨਾਮ ਹੋਈ । ਪਲਵਿੰਦਰ ਨੇ ਆਪਣੇ ਵੇਟ ਵਰਗ ਵਿੱਚੋਂ ਪਹਿਲਾ ਸਥਾਨ ਮੱਲਿਆ । ਬਾਕੀ ਸਾਰੀਆਂ ਪੁਜ਼ੀਸ਼ਨਾਂ ਸੰਗਰੂਰ ਦੇ ਬਾਕਸਰਾਂ ਦੇ ਹਿੱਸੇ ਆਈਆਂ।
ਪਲਵਿੰਦਰ ਦਾ ਕਹਿਣਾ ਐ “ਫਾਈਟ ਬੰਦਾ ਨੀ ਲੜਦਾ ਉਸ ਦੀ ਮਿਹਨਤ ਲੜਦੀ ਐ”।
“ਕਾਮਯਾਬੀ ਤੱਕ ਪਹੁੰਚਣ ਲਈ ਕੋਈ ਜਰਨੈਲੀ ਸੜਕ ਨੀ ਜਾਂਦੀ ਸਭ ਰਸਤੇ ਓਭੜ ਖੋਬੜ ਹੁੰਦੇ ਨੇ”।
ਮੇਰੀਆਂ ਨਜ਼ਰਾਂ ਵਿੱਚ ਇਹ ਰਸਤੇ ਬਲਾਡੇ ਦੀਆ ਸੜਕਾਂ ਵਰਗੇ ਲੱਗਦੇ ਨੇ ।
ਖਿਡਾਰੀ ਦੀ ਕੀਤੀ ਕਠਨ ਤਪੱਸਿਆ ਹੀ ਇਸ ਮੰਜ਼ਲ ਤੇ ਪਹੁੰਚਾਉਂਦੀ ਐ ।ਸਾਰੀਆਂ ਸੁੱਖ ਸਹੂਲਤਾਂ ਦਾ ਤਿਆਗ ਕਰਕੇ ਖੇਡ ਮੈਦਾਨ ਵਿੱਚ ਲਹੂ ਪਸੀਨਾ ਇਕ ਕਰਨਾ ਪੈਦਾ ਐ ।
ਜਿਹੜਾ ਖਿਡਾਰੀ ਇਹ ਮਿਹਨਤ ਕਰਨ ਤੋਂ ਕੰਨੀ ਕੁਤਰਾਅ ਗਿਆ ਉਹ ਕਦੀ ਮੰਜ਼ਲ ਤੇ ਨੀ ਪਹੁੰਚਿਆ ।
ਸਖ਼ਤ ਮਿਹਨਤ ਨਾਲ ਫਿੱਟਨੈਸ ਆਉਂਦੀ ਐ ਅਤੇ ਫਿੱਟਨੈਸ ਨਾਲ ਹੀ ਜਿੱਤ ਨਸੀਬ ਹੁੰਦੀ ਐ ।
1978-79 ਸੰਗਰੂਰ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਦੇ ਖੜਕਵੇ ਮੁਬਾਲਿਆ ਦਾ ਹਾਲ ਜਾਨਣ ਲਈ ਕਰੋ ਕੱਲ ਤੱਕ ਦਾ ਇੰਤਜਾਰ।——
ਅੱਜ ਗੱਲ ਕਰਦੇਆਂ ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਵਿੱਚ ਹੋਈ ਮੁੱਕੇਬਾਜ਼ੀ ਦੀ ਨੈਸ਼ਨਲ ਚੈਂਪੀਅਨਸ਼ਿਪ ਦੀ ।
ਪੰਜਾਬ ਵਿੱਚ ਅਕਾਲੀ ਸਰਕਾਰ ਸੀ ।ਬਾਦਲ ਸਾਹਿਬ ਮੁੱਖ ਮੰਤਰੀ ਅਤੇ ਸੁਖਦੇਵ ਸਿੰਘ ਢੀਂਡਸਾ ਟਰਾਂਸਪੋਰਟ ਅਤੇ ਖੇਡ ਮੰਤਰੀ ਸਨ ।1979 ਵਿੱਚ ਇਹ ਮੁਕਾਬਲੇ ਪਹਿਲੀ ਵਾਰ ਪੰਜਾਬ ਵਿੱਚ ਹੋਏ ਸੀ ।
ਪੰਜਾਬ ਦੀ ਟੀਮ ਵਿੱਚ ਸਾਰੇ ਬੌਕਸਰ ਸੰਗਰੂਰ ਦੇ ਤੇ ਕੱਲਾ ਪਰਵਿੰਦਰ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵੱਲੋਂ ਸੀ । ਸੰਗਰੂਰ ਦੇ ਬੌਕਸਰਾਂ ਦਾ ਪੂਰੇ ਪੰਜਾਬ ਵਿੱਚ ਦਬਦਬਾ ਸੀ ।
ਓਧਰ ਸਰਵਿਸ ਦੇ ਬੌਕਸਰਾਂ ਦੀ ਪੂਰੇ ਦੇਸ਼ ਵਿੱਚ ਧਾਂਕ ਜੰਮੀ ਹੋਈ ਸੀ । ਸਾਰੇ ਦੇਸ਼ ਦੇ ਨਾਮੀ ਗਰਾਮੀ ਬੌਕਸਰ ਫ਼ੌਜੀ ਸਨ।
ਫੌਜੀਆਂ ਦੀ ਫਿਟਨੈਸ ਦੀ ਰੀਸ ਸਿਵਲੀਅਨ ਕਰ ਹੀ ਨਹੀਂ ਸਕਦੇ ।ਫ਼ੌਜੀ ਅਸੂਲ ਦੇ ਪੱਕੇ ਤੇ ਸਿਵਲੀਅਨ ਅਸੂਲ ਤੋੜਨ ਦੇ ਪੱਕੇ ।
ਸੰਗਰੂਰ ਦੇ ਮੁਕਾਬਲੇ ਛੇ ਦਿਨ ਚਲਣੇ ਸੀ । ਪਹਿਲੇ ਦਿਨ ਭਾਰ ਤੋਲੇ ਗਏ ਅਤੇ ਡਰਾਅ ਕੱਢੇ ਗਏ । ਪੰਜਾਬ ਦੇ ਖੇਡ ਅਧਿਕਾਰੀ ਅਤੇ ਕੋਚ ਜਿਨ੍ਹਾਂ ਵਿੱਚ ਈਸ਼ਰ ਸਿੰਘ,ਜੱਗਾ ਸਿੰਘ,ਊਧਮ ਸਿੰਘ, ਬਲਵੀਰ ਸਿੰਘ ਅਤੇ ਪ੍ਰੇਮ ਪਾਲ ਡਰਾਅਜ ਵੇਖ ਕੇ ਅੰਦਾਜ਼ਾ ਲਾ ਰਹੇ ਸਨ ਕਿ ਫੌਜੀਆਂ ਦਾ ਮੋਰਚਾ ਕਿਸ ਮੋੜ ਤੇ ਮਿਲੂ ।
ਕਿਸੇ ਨੂੰ ਫ਼ੌਜੀ ਕੁਆਟਰ ਫ਼ਾਈਨਲ , ਕਿਸੇ ਨੂੰ ਸੈਮੀ ਫਾਈਨਲ ਅਤੇ ਕਿਸੇ ਨੂੰ ਫ਼ਾਈਨਲ ਵਿੱਚ ਮੋਰਚਾ ਲਾਕੇ ਘੇਰ ਰਹੇ ਸਨ ।
ਜਦੋਂ ਪਲਵਿੰਦਰ ਦੀ ਵਾਰੀ ਆਈ ਤਾਂ ਕੋਚ ਕਹਿਣ !
“ਭਲਵਾਨਾਂ ਤੇਰਾ ਪੇਚਾ ਤਾਂ ਪਹਿਲੀ ਵਾਰੀ ਫ਼ੌਜੀ ਨਾਲ ਪੈ ਗਿਆ”
“ਉਹ ਵੀ ਏਸ਼ੀਆ ਦੇ ਮੈਡਲ ਜੇਤੂ ਫ਼ੌਜੀ ਨਾਲ”
ਪਰਵਿੰਦਰ ਨੂੰ ਮੁਕਾਬਲਾ ਬੜਾ ਸਖ਼ਤ ਮਿਲਿਆ ਸੀ । ਰਾਤ ਨੂੰ ਨੀਂਦ ਵੀ ਨਹੀਂ ਆਈ ਅਤੇ ਸਵੇਰੇ ਪ੍ਰੈਕਟਿਸ ਕਰਨ ਵੀ ਨਹੀਂ ਗਿਆ । ਸਾਰਾ ਦਿਨ ਢੇਰੀ ਢਾਅ ਕੇ ਬੈਠਾ ਰਿਹਾ ।
ਓਧਰ ਸੰਗਰੂਰ ਦੇ ਬੌਕਸਰ ਵੀ ਚਿਟਕਾਰੇ ਲਾ ਕੇ ਕਹਿਣ
“ਅੜ ਗਿਆ ਪੇਚਾ ਸੱਜਣ ਜੀ ਸੋਡਾ ਫ਼ੌਜੀ ਦੇ ਨਾਲ”।
ਪਲਵਿੰਦਰ ਦੀ ਫਾਈਟ ਚੌਥੇ ਦਿਨ ਬਣਦੀ ਸੀ । ਬਾਜ਼ੀ ਵੀ ਹੱਥੋਂ ਜਾਂਦੀ ਦਿਸ ਰਹੀ ਸੀ । ਅਜਿਹੇ ਮੌਕੇ ਇਨਸਾਨ ਗੁਰੂ ਨੂੰ ਯਾਦ ਕਰਦੈ ।ਪਲਵਿੰਦਰ ਨੇ ਵੀ ਗੁਰੂ ਮਹਾਰਾਜ ਅੱਗੇ ਜੋਦੜੀਆਂ ਕੀਤੀਆਂ । ਵਾਹਿਗੁਰੂ ਨੇ ਹੌਸਲਾ ਦਿੱਤਾ ਅਤੇ ਤੀਸਰੇ ਦਿਨ ਰੁਟੀਨ ਦੀ ਪ੍ਰੈਕਟਿਸ ਕਰਨ ਲਈ ਮੈਦਾਨ ਵਿੱਚ ਉਤਰ ਪਿਆ । ਹੁਣ ਪਲਵਿੰਦਰ ਮਾਨਸਿਕ ਤੌਰ ਤੇ ਮਜ਼ਬੂਤ ਹੋ ਗਿਆ ਸੀ ।
ਇਉਂ ਲੱਗਾ ਜਿਵੇਂ
“ਤਕੜਾ ਹੋ ਮਾਨ ਮਰਾੜਾਂ ਵਾਲਾ ਮੇਰੇ ਕੰਨ ਵਿੱਚ ਕਹਿ ਗਿਆ “ ।
ਚੌਥੇ ਦਿਨ ਦੀ ਆਖਰੀ ਫਾਈਟ ਰਾਤ ਦੇ ਦਸ ਵਜੇ ਪਰਮਿੰਦਰ ਦੀ ਫੌਜ ਦੇ ਏਸ਼ੀਆਈ ਮੈਡਲ ਜੇਤੂ ਬਦਰੀ ਸਿੰਘ ਨਾਲ ਸੀ ।
ਬਦਰੀ ਦਾ ਕੱਦ ਛੇ ਫੁੱਟ ਤਿੰਨ ਇੰਚ ਸੀ ।ਪਲਵਿੰਦਰ ਨਾਲ਼ੋਂ ਉਹ ਅੱਧਾ ਫੁੱਟ ਉੱਚਾ ਸੀ।
ਪੂਰਾ ਸਟੇਡੀਅਮ ਦਰਸ਼ਕਾਂ ਨਾਲ ਖਚਾ-ਖਚ ਭਰਿਆ ਹੋਇਆ ਸੀ । ਢੀਡਸਾ ਸਾਹਿਬ ਵੀ ਆਪਣੇ ਸਾਥੀਆਂ ਨਾਲ ਤਕੜਾ ਮੁਕਾਬਲਾ ਵੇਖਣ ਆਏ ਹੋਏ ਸੀ ।
ਮੁਕਾਬਲਾ ਸ਼ੁਰੂ ਹੁੰਦਿਆਂ ਦੋਵੇਂ ਪਾਸਿਓਂ ਤਾਬੜਤੋੜ ਹਮਲੇ ਹੋ ਰਹੇ ਸਨ ।ਵਰ੍ਹਦੇ ਘਸੁੰਨਾਂ ਦਾ ਖੜਾਕ ਬਾਡਰ ਤੇ ਹੁੰਦੀ ਫ਼ਾਇਰਿੰਗ ਦਾ ਭੁਲੇਖਾ ਪਾਉਂਦਾ ਸੀ ।
ਦਰਸ਼ਕਾਂ ਨੂੰ ਵੀ ਬਰਾਬਰ ਦੀ ਟੱਕਰ ਦਾ ਈ ਸੁਆਦ ਆਉਦੈ । ਮੈਚ ਦਾ ਅੱਧਾ ਮਿੰਟ ਹੋਣ ਵਾਲਾ ਸੀ ਕਿ ਪਰਵਿੰਦਰ ਨੇ ਖੱਬੇ ਹੱਥ ਨਾਲ ਜ਼ਬਰਦਸਤ ਵਾਰ ਕਰਨੇ ਸ਼ੁਰੂ ਕਰ ਦਿੱਤੇ,ਬਦਰੀ ਚਾਰੇ ਖ਼ਾਨੇ ਚਿੱਤ ਹੋ ਗਿਆ । ਰੈਫ਼ਰੀ ਨੇ ਗਿਣਤੀ ਸ਼ੁਰੂ ਕਰ ਦਿੱਤੀ । ਬਦਰੀ ਥੋੜਾ ਹੋਸ਼ ਵਿੱਚ ਆਇਆ ਅਤੇ ਦੁਬਾਰਾ ਫਈਟ ਸ਼ੁਰੂ ਹੋ ਗਈ । ਆਉਂਦਿਆਂ ਈ ਪਰਮਿੰਦਰ ਨੇ ਫੇਰ ਖਦੇੜ ਦਿੱਤਾ । ਹੁਣ ਦੂਸਰੀ ਵਾਰ ਗਿਣਤੀ ਸ਼ੁਰੂ ਹੋ ਗਈ । ਬਦਰੀ ਬੇਇੱਜ਼ਤ ਹੋਇਆ ਮਹਿਸੂਸ ਕਰ ਰਿਹਾ ਸੀ । ਉਸ ਦੀ ਇਜ਼ਤ ਦਾਅ ਤੇ ਲੱਗੀ ਹੋਈ ਸੀ । ਏਸ਼ੀਆ ਦੇ ਜੇਤੂ ਦਾ ਇਕ ਅਲੂਏਂ ਜੇ ਛੋਕਰੇ ਨੇ ਬੁਥਾੜ ਭੰਨ ਦਿੱਤਾ ਸੀ ।
ਹੁਣ ਬਦਰੀ ਤੀਜੀ ਵਾਰ ਮੈਦਾਨੇ ਜੰਗ ਵਿੱਚ ਆ ਗਿਆ । ਇਸ ਮੁਕਾਬਲੇ ਦੇ ਪਹਿਲੇ ਰਾਊਡ ਦੇ ਪਣਤਾਲੀਵੇਂ ਸਕਿੰਟ ਵਿੱਚ ਏਸ਼ੀਆ ਦਾ ਮੈਡਲ ਜੇਤੂ ਬਦਰੀ ,ਪਲਵਿੰਦਰ ਦੇ ਸਾਹਮਣੇ ਰਿੰਗ ਵਿੱਚ ਢਹਿ ਢੇਰੀ ਹੋਇਆ ਪਿਆ ਸੀ ।
ਪਰਮਿੰਦਰ ਨੂੰ ਜੇਤੂ ਐਲਾਨ ਦਿੱਤਾ ਗਿਆ । ਦਰਸ਼ਕਾਂ ਨੇ ਅੱਧਾ ਘੰਟ ਪਰਮਿੰਦਰ ਦੇ ਪੈਰ ਧਰਤੀ ਨੀ ਲੱਗਣ ਦਿੱਤੇ ।
ਕਿਸੇ ਮਨਚਲੇ ਦਰਸ਼ਕ ਦੀ ਟੇਪ ਰਿਕਾਰਡ ਤੇ ਉੱਚੀ ਗਾਣਾ ਵੱਜ ਰਿਹਾ ਸੀ ।
“ਮੇਰੇ ਜੇਠ ਦੀ ਗਿੱਚੀ ਤੇ ਲੋਕੋ ਵੇ ਛਿੱਤਰਾਂ ਦਾ ਮੀਂਹ ਵਰ੍ਹਦਾ” ।
ਫੌਜ ਦਾ ਕਿਲਾ ਸਰ ਕਰਨ ਤੋਂ ਬਾਅਦ ਅਗਲੀਆਂ ਦੋਵੇਂ ਜਿੱਤਾਂ ਅਸਾਨੀ ਨਾਲ ਜਿੱਤ ਕੇ ਪਲਵਿੰਦਰ ਨੈਸ਼ਨਲ ਚੈਂਪੀਅਨ ਬਣ ਗਿਆ । ਦੇਸ਼ ਦੇ ਇਸ ਨਵੇਂ ਹੀਰੋ ਨੂੰ ਪੰਜਾਬ ਦੇ ਖੇਡ ਮੰਤਰੀ ਢੀਂਡਸਾ ਸਾਹਿਬ ਨੇ ਸੋਨੇ ਦੇ ਮੈਡਲ ਨਾਲ ਨਿਵਾਜਿਆ ।
ਲੱਗ ਭੱਗ ਦਸ ਬਾਰਾਂ ਹਜ਼ਾਰ ਦਰਸ਼ਕਾਂ ਦੇ ਸਾਹਮਣੇ ਜਿੱਤਾਂ ਜਿੱਤਣ ਦਾ ਨਜ਼ਾਰਾ ਈ ਵੱਖਰਾ ਹੁੰਦੈ । ਬਾਬੇ ਧਿਆਏ ਵੀ ਕਿਤੇ ਨਾਂ ਕਿਤੇ ਕੰਮ ਦੇ ਈ ਜਾਂਦੇ ਨੇ ।
ਪੰਜਾਬ ਦੀ ਟੀਮ ਦਾ ਕੈਂਪ ਲੱਗਾ ਹੋਇਆ ਸੀ । ਪਰਮਿੰਦਰ ਦੀ ਟੀਮ ਵਿੱਚ ਚੋਣ ਹੋਣ ਵੇਲੇ 1980 ਦੇ ਚੈਂਪੀਅਨ ਗੁਰਨਾਮ ਸਿੰਘ ਨਾਲ ਤਕੜਾ ਮੁਕਾਬਲਾ ਹੋਇਆ । ਜਿੱਤ ਪਲਵਿੰਦਰ ਦੀ ਹੋਈ ।
1981 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਜਮਸ਼ੇਦ ਪੁਰ ਦੇ ਟਾਟਾ ਨਗਰ ਵਿੱਚ ਹੋਈ ।
ਇਕ ਵਾਰ ਫੇਰ ਸਾਹਮਣੇ ਸਵਾ ਛੇ ਫੁੱਟਾ ਫੌਜੀ ਜਵਾਨ ਬਦਰੀ ਸਿੰਘ ਸੀ । ਬਦਰੀ ਨੇ ਪਿਛਲੀ ਹਾਰ ਦਾ ਬਦਲਾ ਲੈਣ ਲਈ ਬੜੀ ਸਖ਼ਤ ਮਿਹਨਤ ਕੀਤੀ ਸੀ । ਹੁਣ ਇਹ ਮੁਕਾਬਲਾ ਫ਼ਾਈਨਲ ਵਿੱਚ ਸੀ । ਪਹਿਲੇ ਦੋ ਰਾਊਡ ਬੜਾ ਘਮਸਾਣ ਦਾ ਯੁੱਧ ਹੋਇਆ । ਅੱਜ ਦੋ ਮਹਾਂਰਥੀ ਝੋਟਿਆਂ ਵਾਂਗ ਭਿੜਦੇ ਵੇਖੇ ਗਏ । ਮੁੱਕਿਆ ਦੀ ਬੁਛਾੜ ਸੁਪਰ ਫਾਸਟ ਰੇਲ ਗੱਡੀ ਦੀ ਸਪੀਡ ਵਾਂਗ ਸੀ । ਮੁਕਾਬਲਾ ਬੜਾ ਫਸਵਾਂ ਸੀ । ਫੈਸਲਾ ਤੀਜੇ ਰਾਊਡ ਵਿੱਚ ਹੋਣਾ ਸੀ ।
ਹੁਣ ਪਰਮਿੰਦਰ ਜਖਮੀ ਸ਼ੇਰ ਵਾਂਗ ਦਹਾੜ ਰਿਹਾ ਸੀ । ਰਾਊਡ ਸ਼ੁਰੂ ਹੁੰਦਿਆਂ ਪਰਮਿੰਦਰ ਦੇ ਘਸੁੰਨਾਂ ਨੇ ਬਦਰੀ ਨੂੰ ਰਿੰਗ ਦੁਆਲ਼ੇ ਬੰਨ੍ਹੀਆਂ ਰੱਸੀਆਂ ਵਿੱਚ ਵੜਨ ਲਾ ਦਿੱਤਾ । ਹੁਣ ਬਦਰੀ ਜਾਨ ਲੁਕਾਉਂਦਾ ਲਗਦਾ ਸੀ ਅਤੇ ਪਰਮਿੰਦਰ ਨੂੰ ਉਸ ਨੂੰ ਘੇਰ ਘੇਰ ਕੁੱਟ ਰਿਹਾ ਸੀ ।ਤੀਜਾ ਰਾਊਡ ਇਕ ਤਰਫ਼ਾਂ ਸੀ । ਸੋਨੇ ਦਾ ਮੈਡਲ ਪਰਮਿੰਦਰ ਜਿੱਤ ਗਿਆ ਪਰ ਬਦਰੀ ਤਿੰਨੇ ਰਾਊਡ ਖੇਡ ਗਿਆ ।
ਇਹ ਮੁਕਾਬਲਾ ਰੇਲਵੇ ਦਾ ਸਪੋਰਟਸ ਸੈਕਟਰੀ AK ਸ੍ਰੀ ਵਾਸਤਵਾ (ADGM) ਜੋ ਕਿ ਕਲਾਸ ਵੰਨ ਆਫੀਸਰ ਸੀ,ਵੇਖ ਰਿਹਾ । ਉਸ ਨੇ ਪਰਮਿੰਦਰ ਨੂੰ ਰੇਲਵੇ ਵਿੱਚ ਸ਼ਪੈਸ਼ਲ ਟਿਕਟ ਅਗਜਾਮੀਨਰ ਦੀ ਨੌਕਰੀ ਦੇ ਦਿੱਤੀ ।
ਹੁਣ ਲੜਾਈਆਂ ਰੇਲਵੇ ਵੱਲੋਂ ਲੜਨੀਆਂ ਸ਼ੁਰੂ ਹੋ ਗਈਆਂ ।
ਰੇਲਵੇ ਦੀਆਂ ਜਿੱਤਾਂ ਦਾ ਵੇਰਵਾ ਜਾਨਣ ਲਈ ਤੁਸੀਂ ਬਣੇ ਰਹੋ ਮੇਰੇ ਨਾਲ । ਮਿਲਦੇ ਆਂ ਬਰੇਕ ਤੋਂ ਬਾਅਦ।
ਸਰਵਿਸ ਦਾ ਬੌਕਸਿੰਗ ਦੀ ਖੇਡ ਉਪਰ ਪੂਰੀ ਤਰਾਂ ਦਬਦਬਾ ਕਾਇਮ ਸੀ। ਸਰਵਿਸ ਕੋਲ ਦੇਸ਼ ਦੇ ਚੋਟੀ ਦੇ ਬੌਕਸਰ ਸਨ । ਹਰ ਵੇਟ ਵਰਗ ਵਿੱਚ ਫੌਜੀਆਂ ਨੇ ਜਿੱਤ ਦੇ ਝੰਡੇ ਗੱਡੇ ਹੋਏ ਸਨ । ਦੇਸ਼ ਦੀ ਬੌਕਸਿੰਗ ਫੈਡਰੇਸ਼ਨ ਵਿੱਚ ਵੀ ਫੌਜੀ ਅਧਿਕਾਰੀਆਂ ਦਾ ਪੂਰਾ ਦਬਦਬਾ ਬਣਿਆ ਹੋਇਆ ਸੀ । ਜੱਜਮੈਂਟ ਵਿੱਚ ਬੈਠੇ ਅਧਿਕਾਰੀ ਅਤੇ ਰੈਫ਼ਰੀ ਫੌਜੀਆਂ ਦਾ ਹੀ ਪੱਖ ਪੂਰਦੇ ਸਨ। ਜੇ ਨਾਕ ਆਊਟ ਫੈਸਲਾ ਨਾਂ ਹੁੰਦਾ ਅਤੇ ਫੈਸਲਾ ਅੰਕਾਂ ਦੇ ਅਧਾਰ ਤੇ ਹੁੰਦਾ ਤਾਂ ਫ਼ੌਜੀ ਹੀ ਜੇਤੂ ਕਰਾਰ ਦਿੱਤੇ ਜਾਂਦੇ ।
ਹੁਣ ਲਾਈਟ ਹੈਵੀ ਵੇਟ ਵਿੱਚ ਪਲਵਿੰਦਰ ਨੇ ਫ਼ੌਜੀ ਮੂਹਰੇ ਲਾ ਲਏ ਸਨ । ਫੌਜ ਦਾ ਗੜ੍ਹ ਤੋੜਨ ਵਾਲਾ ਪਹਿਲਾ ਕਾਲਜੀਏਟ ਮੁੰਡਾ ਪਲਵਿੰਦਰ ਹੀ ਸੀ । ਫ਼ੌਜੀਆਂ ਕੋਲ ਕਿਹੜਾ ਬੌਕਸਰਾਂ ਦੀ ਕਮੀ ਸੀ । ਓਹ ਹਰ ਵਾਰ ਬੰਦਾ ਬਦਲੇ ਕੇ ਲੈ ਆਉਂਦੇ ।
1982 ਦੀ ਨੈਸ਼ਨਲ ਚੈਂਪੀਅਨਸ਼ਿਪ ਦਿੱਲੀ ਵਿੱਚ ਹੋਈ ਇੱਥੇ ਫ਼ਾਈਨਲ ਵਿੱਚ ਪਲਵਿੰਦਰ ਦਾ ਮੁਕਾਬਲਾ ਫੌਜ ਦੇ ਗਿਰਵਰ ਸਿੰਘ ਨਾਲ ਸੀ । ਇਹ ਮੁਕਾਬਲਾ ਤਿੰਨੇ ਰਾਊਂਡ ਚੱਲਿਆ । ਸਾਰੇ ਮੈਚ ਵਿੱਚ ਕਿਤੇ ਵੀ ਇਹ ਨੀ ਲਗਦਾ ਸੀ ਪਲਵਿੰਦਰ ਗਿਰਵਰ ਤੋਂ ਪਿੱਛੇ ਹੋਵੇਗਾ । ਪਰ ਜੱਜਾਂ ਦਾ ਫੈਸਲਾ ਗਿਰਵਰ ਦੇ ਹੱਕ ਵਿੱਚ ਆ ਗਿਆ । ਜਿੱਤੀ ਹੋਈ ਬਾਜ਼ੀ ਨੂੰ ਹਾਰਨ ਦਾ ਗ਼ਮ ਤਾਂ ਹੋਣਾ ਈ ਸੀ । ਬੱਸ “ਅਗਲੀ ਵਾਰੀ ਵੇਖਾਂਗਾ ਕਿਵੇਂ ਜਿੱਤਿਆ ਜਾਂਦੈ” ਕਹਿ ਕੇ ਸਬਰ ਕਰ ਲਿਆ ।
“ਜਿੱਤਣ ਜਿੱਤਣ ਹਰ ਕੋਈ ਖੇਡੇ,ਤੂੰ ਹਾਰਨ ਖੇਡ ਫਕੀਰਾ ।
ਜਿੱਤਣ ਦਾ ਮੁੱਲ ਕੌਡੀ ਪੈਦੈ,ਤੇ ਹਾਰਨ ਦਾ ਮੁੱਲ ਹੀਰਾ”।
ਹੁਣ ਪਰਮਿੰਦਰ ਲਈ ਆਪਣਾ ਖਿਤਾਬ ਵਾਪਸ ਲੈਣਾ ਇੱਜਤ ਦਾ ਸਵਾਲ ਬਣਿਆਂ ਹੋਇਆ ਸੀ
1983 ਦੀ ਨੈਸ਼ਨਲ ਚੈਂਪੀਅਨਸ਼ਿਪ ਵਾਨਖੇੜਾ ਸਟੇਡੀਅਮ ਬੰਬੇ ਵਿੱਚ ਹੋਈ । ਬੰਬੇ ਵਾਲੇ ਖਿਡਾਰੀਆਂ ਦੀ ਸੇਵਾ ਕਰਨ ਵਾਲੇ ਤਾਂ ਵੱਟ ਕੱਢ ਦਿੰਦੇ ਨੇ । ਪਰਮਿੰਦਰ ਨੇ ਤਿੰਨੇ ਟਾਈਮ ਰੱਜ ਕੇ ਮੱਛੀ ਖਾਣੀ ਅਤੇ ਰੱਜ ਕੇ ਕਿੱਟ ਕੁੱਟਣੀ । ਪਿੱਛੜਲੀ ਹਾਰ ਦਾ ਹਿਸਾਬ ਜੂ ਚੁਕਤਾ ਕਰਨਾਂ ਸੀ । ਅੱਜ ਫ਼ਾਈਨਲ ਮੁਕਾਬਲਾ ਫੇਰ ਗਿਰਵਰ ਨਾਲ ਸੀ ।
ਪੂਰੇ ਨੱਕੋ ਨੱਕ ਭਰੇ ਸਟੇਡੀਅਮ ਵਿੱਚ ਵਿੱਚ ਖੇਡਣ ਦਾ ਨਜ਼ਾਰਾ ਈ ਵੱਖਰਾ ਹੁੰਦੈ । ਅੱਜ ਗਿਰਵਰ ਪੂਰੀ ਤਰਾਂ ਹਵਾ ਕਰ ਰਿਹਾ ਸੀ । ਮੁਕਾਬਲਾ ਸ਼ੁਰੂ ਹੁੰਦਿਆਂ ਗਿਰਵਰ ਨੇ ਖੰਘੂਰੇ ਮਾਰਨੇ ਸ਼ੁਰੂ ਕਰਤੇ ।
“ਸਾਡੀ ਗਲੀ ‘ਚ’ ਨਾਂ ਖੰਘ ਮੁੰਡਿਆ “ਵਾਲੀ ਗੱਲ ਹੋਈ ਪਈ ਸੀ।
ਪਲਵਿੰਦਰ ਨੇ ਬਰਾਬਰ ਦਾ ਖੰਘੂਰਾ ਮਾਰ ਕੇ ਕੁਝ ਇਹੋ ਜਿਹਾ ਅਹਿਸਾਸ ਕਰਵਾਇਆ ….
“ਐਵੇਂ ਜੱਟਾਂ ਦਿਆਂ ਪੁੱਤਰਾਂ ਨੂੰ ਦਬਕੇ ਨਾਂ ਮਾਰ,
ਡਾਂਗਾਂ ਸੋਟਿਆਂ ਦੇ ਨਾਲ ਸਾਡਾ ਨਿੱਤ ਦਾ ਵਿਹਾਰ”।
ਰੈਫ਼ਰੀ ਨੇ ਦੋਵਾ ਨੂੰ ਵਾਰਨਿੰਗ ਦਿੱਤੀ ਅਤੇ ਫਾਈਟ ਸ਼ੁਰੂ ਹੋ ਗਈ ।ਪੂਰੇ ਤਿੰਨ ਮਿੰਟ ਵਜਦੇ ਘਸੁੰਨਾਂ ਦੀ ਠਾਹ ਠਾਹ ਦੀਆਂ ਅਵਾਜ਼ਾਂ ਸਾਰੇ ਸਟੇਡੀਅਮ ਵਿੱਚ ਗੂੰਜ ਰਹੀਆਂ ਸਨ । ਘਮਾਸਾਂਣ ਦਾ ਯੁੱਧ ਸੀ । ਦੋਵੇਂ ਬੌਕਸਰ ਇਕ ਦੂਜੇ ਨੂੰ ਬੁਰੇ ਦੀ ਹੱਦ ਤੱਕ ਜਾ ਕੇ ਮਾਰਨ ਨੂੰ ਤਿਆਰ ਸੀ । ਪਰਮਿੰਦਰ ਦੀ ਜ਼ਿੰਦਗੀ ਦੀ ਇਹ ਸੱਭ ਤੋਂ ਤਕੜੀ ਫਾਈਟ ਸੀ । ਇਕ ਮਿੰਟ ਵਿੱਚ 100 ਤੋਂ ਵੱਧ ਘਸੁੰਨ ਵੱਜ ਰਹੇ ਸੀ । ਰਾਊਡ ਪੂਰਾ ਹੋਣ ਦੀ ਵਿਸਲ ਵੱਜ ਗਈ । ਦੋ ਹੋਰ ਰਾਉਂਡ ਬਾਕੀ ਸਨ ।
ਦੂਸਰਾ ਰਾਊਂਡ ਸ਼ੁਰੂ ਹੋਣ ਤੇ ਗਿਰਵਰ ਨੇ ਫੇਰ ਸਿੰਗੜੀ ਛੇੜ ਦਿੱਤੀ । ਹੁਣ ਪਲਵਿੰਦਰ ਇਹ ਦਬਕਾ ਸਹਾਰ ਨਾਂ ਸਕਿਆ । ਇਹੋ ਜਿਹੇ ਮੌਕੇ ਬੰਦੇ ਦੇ ਗੱਲ ਵੱਸੋਂ ਬਾਹਰ ਹੋ ਜਾਂਦੀ ਐ ।
ਮੈਨੂੰ ਵੀ ਇਕ ਨੂੰਹ ਦੀ ਗੱਲ਼ ਯਾਦ ਆ ਗਈ ਜਿਸਨੇ ਆਪਣੀ ਸੱਸ ਦਾ ਮੱਕੂ ਠੱਪ ਕੇ ਆਪਣੇ ਘਰ ਵਾਲੇ ਨੂੰ ਇਉਂ ਕਿਹਾ!
“ਪਹਿਲੀ ਗਾਲ ਕੱਢੀ ਤੇ ਮੈਂ ਚੁੱਪ ਕਰ ਗਈ,
ਦੂਜੀ ਗਾਲ ਕੱਢੀ ਤੇ ਮੈਂ ਉਹ ਵੀ ਜਰ ਗਈ ।
ਤੀਜੀ ਵਾਰੀ ਗੱਲ ਨਾਂ ਰਹੀ ਵੇ ਵੱਸ ਦੀ,
ਪੱਟ ਦਿੱਤੀ ਗੁੱਤ ਮੈਂ ਚੁੜੇਲ ਸੱਸ ਦੀ”।
ਹੁਣ ਪਲਵਿੰਦਰ ਨੇ ਗਿਰਵਰ ਦੀ ਐਸੀ ਪਿਟਾਈ ਕੀਤੀ ਜਿਹੜੀ ਉਸ ਨੂੰ ਸਾਰੀ ਉਮਰ ਯਾਦ ਰਹੇਗੀ । ਦੂਸਰੇ ਰਾਊਡ ਦੇ ਪਹਿਲੇ ਮਿੰਟ ਵਿੱਚ ਇਕ ਘਸੁੰਨ ਖੱਬੇ ਦਾ ਏਨਾ ਜ਼ੋਰ ਦਾ ਵੱਜਿਆ ਕਿ ਗਿਰਵਰ ਤਸ਼ਰੀਫ਼ ਪਰਨੇ ਜਾ ਡਿੱਗਾ । ਰੈਫ਼ਰੀ ਨੇ ਗਿਣਤੀ ਸ਼ੁਰੂ ਕੀਤੀ ਤਾਂ ਫਾਈਟ ਵੇਖ ਰਹੇ ਹੁਣ ਵਾਲੇ ਕੌਮੀ ਕੋਚ ਗੁਰਬਖਸ਼ ਸਿੰਘ ਸੰਧੂ ਨੇ ਡਿੱਗੇ ਪਏ ਗਿਰਵਰ ਦੇ ਪੈਰ ਦਾ ਅੰਗੂਠਾ ਕੰਬਦਾ ਵੇਖ ਰੈਫ਼ਰੀ ਨੂੰ ਆਖਿਆ “ਗਿਣਤੀ ਬੰਦ ਕਰਕੇ ਗਿਰਵਰ ਨੂੰ ਸਾਂਭੋ ਇਸ ਦੀ ਜਾਨ ਨੂੰ ਖਤਰੈ”। ਉਸ ਦੇ ਪੈਰ ਦਾ ਅੰਗੂਠਾ ਇਉਂ ਕੰਬ ਰਿਹਾ ਸੀ ਜਿਵੇਂ ਕਿਰਲੀ(ਛਿਪਕਲੀ)ਦੀ ਟੁੱਟੀ ਹੋਈ ਪੂਛ ਤੜਫਦੀ ਹੁੰਦੀ ਐ ।
ਗਿਰਵਰ ਡੈਡ ਨਾਕ ਆਊਟ ਹੋ ਗਿਆ । ਉਸ ਨੂੰ ਤੁਰੰਤ ਹੱਸਪਤਾਲ ਲੈ ਕੇ ਗਏ । ਜੇ ਰੈਫ਼ਰੀ ਗਿਣਤੀ ਕਰਦਾ ਰਹਿੰਦਾ ਅਤੇ ਸੰਧੂ ਮੌਕਾ ਨਾਂ ਸਾਂਭਦਾ ਤਾਂ ਗਿਰਵਰ ਦੀ ਮੌਤ ਵੀ ਹੋ ਸਕਦੀ ਸੀ । ਅਗਲੇ ਦੋ ਦਿਨ ਗਿਰਵਰ ਨੂੰ ਦੋ ਬੰਦੇ ਬਾਹੋ ਫੜਕੇ ਤੁਰਦੇ ਸੀ । ਉਸ ਦੀ ਹਾਲਤ ਸ਼ਰਾਬੀ ਵਰਗੀ ਸੀ । ਇਸ ਤੋਂ ਬਾਅਦ ਉਹ ਬੌਕਸਿੰਗ ਕਰਨੀ ਛੱਡ ਗਿਆ ।
ਪਲਵਿੰਦਰ ਨੇ ਇਕ ਹੋਰ ਫ਼ੌਜੀ ਨੂੰ ਬੁਰੀ ਤਰਾਂ ਕੁੱਟ ਕੇ ਹਿੰਦੁਸਤਾਨ ਦਾ ਹਾਰਡ ਹਿੱਟਰ ਅਖਵਾਇਆ । ਇਕ ਹੋਰ ਸੋਨੇ ਦਾ ਮੈਡਲ ਮੈਡਲ ਜਿੱਤ ਲਿਆ,ਉਹ ਵੀ ਆਪਣੀ ਪਿਛਲੀ ਹਾਰ ਦਾ ਬਦਲਾ ਲੈਕੇ ।
ਪਹਿਲਾਂ ਸਿਵਲੀਅਨ ਫ਼ੌਜੀਆਂ ਤੋਂ ਡਰਦੇ ਹੁੰਦੇ ਸੀ । ਹੁਣ ਫੌਜੀ ਪਲਵਿੰਦਰ ਤੋਂ ਡਰਨ ਲੱਗ ਪਏ ।
1984 ਦੀ ਨੈਸ਼ਨਲ ਚੈਪੀਅਨਸ਼ਿਪ ਕਲਕੱਤੇ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਸਟੇਡੀਅਮ ਵਿੱਚ ਹੋਈ । ਹੁਣ ਫ਼ੌਜੀ ਇਕ ਛੇ ਫੁੱਟਾ ਜਵਾਨ ਹੋਰ ਲੈ ਆਏ । ਇਹ ਅਸਾਮ ਦਾ ਸੀ. ਪੀ. ਗਰੁੰਗ ਸੀ । ਪਲਵਿੰਦਰ ਨੇ ਇਸ ਦੀ ਤਿੰਨੇ ਰਾਊਡ ਰੱਜ ਕੇ ਪਿਟਾਈ ਕੀਤੀ । ਨਾਕ ਆਊਟ ਤਾਂ ਨਹੀਂ ਹੋਇਆ ਪਰ ਵਜਦੇ ਹੋਏ ਘਸੁੰਨਾਂ ਦੇ ਖੜਾਕ ਅੱਜ ਵੀ ਤਾਜਾ ਨੇ । 1985 ਵਿੱਚ ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ ਵਿੱਚ ਚਿਗੱਪਾ ਨਾਂ ਦਾ ਇਕ ਹੋਰ ਫ਼ੌਜੀ ਆਗਿਆ । ਪਲਵਿੰਦਰ ਨੇ ਖੱਬੇ ਹੱਥ ਨਾਲ ਜ਼ੋਰਦਾਰ ਘਸੁੰਨ ਮਾਰਿਆ ਤੇ ਫ਼ੌਜੀ ਚਾਰੇ ਖ਼ਾਨੇ ਚਿੱਤ ਹੋ ਗਿਆ ।
1986 ਵਿੱਚ ਸਿਕੰਦਰਾਂ ਬਾਦ ਇਕ ਹੋਰ ਫ਼ੌਜੀ ਵਿਜੇ ਸਿੰਘ ਆ ਗਿਆ । ਪਹਿਲਾ ਰਾਊਂਡ ਤਾਂ ਕੱਟ ਗਿਆ । ਦੂਸਰੇ ਰਾਊਂਡ ਵਿੱਚ ਜਬਰਦਸਤ ਘਸੁੰਨ ਮਾਰ ਕੇ ਵਿਜੇ ਸਿੰਘ ਦੇ ਖੇਡਣੇ ਜੇ ਖਿੰਡਾਤੇ । ਇਕ ਹੋਰ ਫ਼ੌਜੀ ਡੈਡ ਨਾਕ ਆਊਟ ਕਰ ਦਿੱਤਾ ।
ਪਲਵਿੰਦਰ ਨੇ ਦੇਸ਼ ਵਿਦੇਸ਼ ਵਿੱਚ ਸੌ ਕੁ ਦੇ ਕਰੀਬ ਮੁਕਾਬਲੇ ਲੜੇ । ਨੱਬੇ ਮੁਕਾਬਲੇ ਨਾਕ ਆਊਟ ਕਰਕੇ ਜਿੱਤੇ,ਪੰਜ ਕੁ ਹਾਰੇ ਅਤੇ ਪੰਜ ਕੁ ਅੰਕਾਂ ਦੇ ਅਧਾਰ ਤੇ ਜਿੱਤੇ ।
ਹੁਣ ਏਨੀ ਦਹਿਸ਼ਤ ਬਣ ਗਈ ਕਿ ਵਿਰੋਧੀ ਆਖਣ ਲੱਗੇ
“ਪਤੰਦਰ ਪਤਾ ਨੀ ਹੱਥ ਵਿੱਚ ਕੀ ਪਾਉਂਦਾ ਏ,ਹਥੌੜੇ ਜਿੰਨੀ ਸੱਟ ਮਾਰਦੈ” ।
ਪਲਵਿੰਦਰ ਜਿਸ ਬੌਕਸਰ ਤੋਂ ਹਾਰਿਆ ਉਸ ਨੂੰ ਅਗਲੀ ਵਾਰੀ ਨਾਕ ਆਊਟ ਕਰਕੇ ਹੀ ਜਿੱਤਿਆ । ਸੱਤ ਬੌਕਸਰਾਂ ਦੀ ਬੌਕਸਿੰਗ ਛੁਡਵਾ ਦਿੱਤੀ ।
ਵਿਦੇਸ਼ ਵਿੱਚ ਲੜੀਆਂ ਫਾਈਟਾਂ ਦਾ ਹਾਲ ਕੱਲ ਵਾਲੇ ਐਪੀਸੋਡ ਵਿੱਚ ਹੋਵੇਗਾ ਕਰੋ ਉਡੀਕ ਕੱਲ ਤੱਕ ਦੀ———
ਪਲਵਿੰਦਰ ਦੀਆਂ ਜਿੱਤਾਂ ਦੀ ਸੂਚੀ ਬੜੀ ਲੰਬੀ ਹੈ । ਚਾਰ ਸਾਲ ਲਗਾਤਾਰ ਸਟੇਟ ਚੈਂਪੀਅਨ । ਚਾਰ ਵਾਰੀ ਯੂਨੀਵਰਸਿਟੀ ,ਚਾਰ ਵਾਰੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨ । ਸੱਤ ਵਾਰ ਨੈਸ਼ਨਲ ਚੈਂਪੀਅਨ ਬਣ ਕੇ ਸੋਨੇ ਦੇ ਮੈਡਲ ਜਿੱਤਦਾ ਰਿਹਾ ।
ਪਲਵਿੰਦਰ ਨੂੰ ਆਪਣੇ ਮਾਰੇ ਹੋਏ ਖੱਬੇ ਘਸੁੰਨ ਤੇ ਏਨਾ ਮਾਣ ਸੀ ਕਿ ਜਦੋਂ ਟਿਕਾਅ ਕੇ ਵਿਰੋਧੀ ਦੇ ਵੱਜਦਾ ਤਾਂ ਉਸ ਦੇ ਉਠਣ ਦੀ ਕੋਈ ਉਮੀਦ ਨਹੀਂ ਸੀ ਹੁੰਦੀ । ਗਰਾਊਂਡ ਵਿੱਚ ਨਿਢਾਲ ਪਏ ਵਿਰੋਧੀ ਵੱਲ ਇਸ਼ਾਰਾ ਕਰਕੇ ਰੈਫ਼ਰੀ ਨੂੰ ਆਖਣਾਂ ।
“ਹੁਣ ਨੀ ਇਹ ਉਠਦਾ,ਸਟਰੈਚਰ ਮੰਗਵਾ ਲਓ”
ਸੱਚਮੁਚ ਦੋ ਵਿਰੋਧੀ ਜਿਨਾਂ ਤੋਂ ਪਹਿਲਾਂ ਹਾਰਿਆ ਸੀ ਉਨਾਂ ਨੂੰ ਸਟਰੈਚਰ ਤੇ ਪਾ ਕੇ ਹਸਪਤਾਲ ਭੇਜਿਆ । ਹੁਣ ਸਾਥੀ ਖਿਡਾਰੀ ਇਹ ਕਹਿੰਦੇ ਵੀ ਸੁਣੇ ਗਏ ।
“ਤੂੰ ਨੀ ਬੋਲਦਾ ਜੁਆਨਾਂ ਤੂੰ ਨੀ ਬੋਲਦਾ,
ਤੇਰੇ ‘ਚ’ ਤੇਰਾ ਜ਼ੋਰ ਬੋਲਦੈ”।
ਜਦੋਂ ਪਲਵਿੰਦਰ ਨੇ ਬੌਕਸਿੰਗ ਸ਼ੁਰੂ ਕੀਤੀ ਉਸ ਵੇਲੇ ਭਾਰਤੀ ਟੀਮ ਕੋਲ ਜੂਟ ਵਾਲੇ ਗਲਾਊਜ ਹੁੰਦੇ ਸਨ । ਜਿਨ੍ਹਾਂ ਦਾ ਭਾਰ ਦਸ ਔਸ ਹੁੰਦਾ ਸੀ ।1981 ਵਿੱਚ ਭਾਰਤੀ ਟੀਮ ਦਾ ਕੌਮੀ ਕੋਚ ਬਣਕੇ ਕਨੇਡੀਅਨ ਕੋਚ ਜੌਰਜ ਜੇਲਰ ਆ ਗਿਆ । ਉਸ ਨੇ ਸਾਰੀ ਟੀਮ ਨੂੰ ਟੌਪ ਟੈਨ ਵਾਲੇ ਗਲਾਊਜ ਮੰਗਵਾ ਕੇ ਸਮੇਂ ਦੇ ਹਾਣੀ ਬਣਾਇਆ । ਕੋਚ ਜੋਰਜ ਜੇਲਰ ਦਾ ਕਥਨ ਸੀ ।
“ਸਰਵਿਸ ਦੇ ਬੌਕਸਰਾਂ ਦੀ ਫਿਟਨੈਸ ਦਾ ਕੋਈ ਜਵਾਬ ਨੀ,ਪਰ ਪਲਵਿੰਦਰ ਵਰਗਾ ਟੈਕਨੀਕਲ ਕੋਈ ਨੀ”।
ਕੋਚ ਦਾ ਕਹਿਣਾ ਸੀ ਜਿਹੜਾ ਬੌਕਸਰ 108 ਡੰਡ ਸਟੇਟ ਨਹੀਂ ਕੱਢਦਾ ਮੈਂ ਉਸ ਨੂੰ ਫਿੱਟ ਨਹੀਂ ਮੰਨਦਾ । ਤੇ ਫਿਰ ਕੋਚ ਦੀ ਕਸੌਟੀ ਤੇ ਪਲਵਿੰਦਰ ਹੀ ਖਰਾ ਉਤਰਦਾ ਸੀ ।
ਪਲਵਿੰਦਰ ਆਪਣੀਆਂ ਜਿੱਤਾਂ ਵਿੱਚ ਅਹਿਮ ਰੋਲ ਆਪਣੇ ਸੁਨਾਮ ਵਾਲੇ ਬੌਕਸਰ ਦੋਸਤ ਅਤੇ ਤਕੜੇ ਮੁੱਕੇਬਾਜ਼ ਅਜਾਇਬ ਸਿੰਘ ਦਾ ਮਨਦੈ । ਸੰਗਰੂਰ ਕੈਂਪ ਦੌਰਾਨ ਅਜਾਇਬ ਸਿੰਘ ਹੀ ਸੀ ਜੋ ਪਲਵਿੰਦਰ ਦੀ ਪ੍ਰੈਕਟਿਸ ਕਰਵਾਉਂਦਾ ਅਤੇ ਹਮੇਸ਼ਾ ਹੱਲਾ ਸ਼ੇਰੀ ਦਿੰਦਾ ।1983 ਵਿੱਚ ਨੈਸ਼ਨਲ ਗੇਮਾਂ ਵੇਲੇ ਦੋਵਾ ਦੌਰਾਨ ਗਹਿ ਗੱਡਵਾਂ ਸੈਮੀ ਫਾਇਨਲ ਮੁਕਾਬਲਾ ਹੋਇਆ । ਇਸ ਖਿਤਾਬ ਪਿੱਛੇ ਦੋਵੇਂ ਦੋਸਤ ਝੋਟਿਆਂ ਵਾਂਗ ਭਿੜਦੇ ਨਜ਼ਰ ਆਏ ।
ਪਹਿਲੀ ਵਾਰ ਸੇਰ ਨੂੰ ਸਵਾ ਸੇਰ ਟੱਕਰਿਆ ਸੀ । ਵਜਦੇ ਘਸੁੰਨ ਵੇਖ ਕੇ ਦਰਸ਼ਕਾਂ ਦੇ ਦਿਲਾਂ ਦੀਆਂ ਧੜਕਣਾ ਤੇਜ਼ ਹੋ ਰਹੀਆਂ ਸਨ । ਇਹ ਵੀ ਪਹਿਲੀ ਵਾਰ ਹੋਇਆ ਕਿ ਪਲਵਿੰਦਰ ਦੇ ਨਾਲ ਕੋਈ ਮੁੱਕੇਬਾਜ਼ ਤਿੰਨੇ ਰਾਊਡ ਘਮਾਸਾਨ ਦਾ ਯੁੱਧ ਲੜਿਆ ਹੋਵੇ । ਅੰਕਾਂ ਦੇ ਅਧਾਰ ਤੇ ਜਿੱਤ ਪਲਵਿੰਦਰ ਦੀ ਹੋਈ ।
ਵਿਦੇਸ਼ਾਂ ਵਿੱਚ ਜਿੱਤੀਆਂ ਜਿੱਤਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੁਠੱਡੇ ਦੇ ਪੇਂਡੂ ਟੂਰਨਾਮੈਂਟ ਤੇ ਇਕ ਸ਼ੂਕਰੇ ਹੋਏ NRI ਨਾਲ ਹੋਏ ਭੇੜ ਦਾ ਹਵਾਲਾ ਦੇਣਾ ਵੀ ਬਣਦੈ । ਟੂਰਨਾਮੈਂਟ ਦੇ ਇਸ਼ਤਿਹਾਰ ਵਿੱਚ NRI ਵੱਲੋਂ ਇਕ ਚੈਲੰਜ ਵੀ ਛਪਿਆ ਸੀ ।
“ਪੰਜਾਬ ਦਾ ਕੋਈ ਵੀ ਬੌਕਸਰ ਮੇਰੇ ਨਾਲ ਫਾਈਟ ਲੜ ਸਕਦੈ”
ਇਹ ਇਸ਼ਤਿਹਾਰ 1979 ਵਿੱਚ ਪਲਵਿੰਦਰ ਦੇ ਕਾਲਜ ਵਿੱਚ ਕੋਈ ਸੱਜਣ ਆ ਕੇ ਦੇ ਗਿਆ । ਮਿਥੇ ਸਮੇਂ ਤੇ ਪਲਵਿੰਦਰ ਵੀ ਆਪਣੇ ਸਾਥੀਆਂ ਸਮੇਤ ਪਹੁੰਚ ਗਿਆ । ਮੁਠੱਡੇ ਦੇ ਤਮਾਸ਼ਬੀਨ ਕਹਿਣ ਇਹ ਤਾਂ ਝੋਟੇ ਨੂੰ ਕੁੱਟ ਕੁੱਟ ਮਾਰ ਦਿੰਦੈ । ਤੁਸੀਂ ਕੀਹਦੇ ਵਿਚਾਰੇ ਓ ।
ਗਰਾਊਂਡ ਵਿੱਚ ਨਾਂ ਤਾਂ ਬੌਕਸਿੰਗ ਦੀ ਕੋਰਟ ਨਾਂ ਉਸ ਕੋਲ ਗਲਾਊਜ । ਪ੍ਰਬੰਧਕ ਕਹਿਣ ਖੁੱਲ੍ਹੇ ਛੱਡ ਦਿਓ ਜਿਹੜਾ ਤਕੜਾ ਹੋਇਆ ਉਸ ਨੇ ਜਿੱਤ ਜਾਣੈ ।
ਕਬੱਡੀ ਦੇ ਗਰਾਊਂਡ ਵਿੱਚ ਕਲੀ ਪਾ ਕੇ ਗਰਾਊਂਡ ਬਣਾਇਆ ਗਿਆ । NRI ਨੂੰ ਗਲ਼ਾਊਜ ਆਪਣੇ ਸਾਂਥੀ ਤੋਂ ਦਿਲਵਾਏ । ਰੈਫ਼ਰੀ ਕਿਸੇ ਨਾਲ ਵਾਲੇ ਸਾਥੀ ਨੂੰ ਬਣਾਇਆ ।
ਫਾਈਟ ਸ਼ੁਰੂ ਹੋਣ ਤੇ ਪਰਮਿੰਦਰ ਨੇ nri ਨੂੰ ਇਕ ਜ਼ੋਰਦਾਰ ਘਸੁੰਨ ਫੈਂਟਿਆ । ਉਹ ਧੜੰਮ ਦੇਣੇ ਜਾ ਡਿੱਗਾ । ਰੈਫ਼ਰੀ ਨੇ ਗਿਣਤੀ ਸ਼ੁਰੂ ਕੀਤੀ । ਉਹ ਖੜਾ ਹੋਇਆ ਤਾਂ ਮੈਚ ਦੁਬਾਰਾ ਸ਼ੁਰੂ ਹੋ ਗਿਆ । ਪਲਵਿੰਦਰ ਨੇ ਇਕ ਹੋਰ ਘਸੁੰਨ ਜੜ ਦਿੱਤਾ । ਹੁਣ ਝੋਟੇ ਨੂੰ ਕੁੱਟਣ ਵਾਲ਼ਾ NRI ਚੱਡਿਆਂ ਚ’ ਪੂਛ ਲਕੋਂਦਾ ਨਜ਼ਰ ਆਇਆ । ਪਰਮਿੰਦਰ ਨੂੰ ਜੇਤੂ ਕਰਾਰ ਦੇਣ ਬਾਅਦ ਉਸNRI ਦੀਆਂ ਦੋਵੇਂ ਗੱਲਾਂ ਜ਼ਿਆਦਾ ਰੜ੍ਹੇ ਜੇ ਗੁਲਗੁਲੇ ਵਰਗੀਆਂ ਹੋ ਗਈਆਂ । ਪਿੰਡ ਵਾਲੇ ਕਹਿਣ ਤੁਸੀਂ ਸਾਡੇ ਮੁੰਡੇ ਦੀ ਸ਼ਕਲ ਈ ਵਿਗਾੜ ਦਿੱਤੀ । ਕੋਈ ਆਖੇ ਹੁਣ ਇਸ ਨੂੰ ਘਰ ਵਾਲੀ ਨੇ ਵੀ ਨਹੀਂ ਪਛਾਣਨਾ ।
1981 ਦਾ ਪ੍ਰੀ ਕਾਮਨਵੈਲਥ ਟੂਰਨਾਮੈਂਟ ਆਸੇਰੇਲੀਆ ਦੇ ਸ਼ਹਿਰ ਬਰਿਸਬੇਨ ਵਿੱਚ ਹੋਇਆ । ਟ੍ਰਾਇਲਾਂ ਦੌਰਾਨ ਸਰਵਿਸ ਦੇ ਤਕੜੇ ਬੌਕਸਰ ਗੁਰਨਾਮ ਸਿੰਘ ਨੂੰ ਹਰਾਇਆ । ਬਰਿਸਬੇਨ ਜ਼ਬਰਦਸਤ ਮੁਕਾਬਲੇ ਹੋਏ ਪਲਵਿੰਦਰ ਦੀਆਂ ਸਾਰੀਆਂ ਫਾਈਟਾਂ ਨਾਕ ਆਊਟ ਰਹੀਆਂ । ਫ਼ਾਈਨਲ ਵਿੱਚ ਅੰਕਾਂ ਦੇ ਅਧਾਰ ਤੇ ਹਾਰ ਗਿਆ ਅਤੇ ਚਾਂਦੀ ਦਾ ਮੈਡਲ ਜਿੱਤਿਆ ।
1982 ਵਿੱਚ ਸ੍ਰੀਲੰਕਾ ਵਿਖੇ ਲੇਅਟਨ ਕੱਪ ਹੋਇਆਂ । ਮਾਤਰਾ ਅਤੇ ਕੋਲੰਬੋ ਦੋਵੇਂ ਟੂਰਨਾਮੈਂਟ ਦੀਆਂ ਸਾਰੀਆਂ ਫਾਈਟਾਂ ਨਾਕ ਆਊਟ ਜਿੱਤੀਆਂ ਅਤੇ ਦੋ ਸੋਨੇ ਦੇ ਮੈਡਲ ਜਿੱਤ ਕੇ ਘਰ ਮੁੜਿਆ ।
1982 ਬੈਂਕੌਕ ਵਿੱਚ ਕਿੰਗਜ ਕੱਪ ਖੇਡ ਕੇ ਚੌਥੀ ਪੁਜ਼ੀਸ਼ਨ ਤੇ ਰਿਹਾ ।
1983 ਵਿੱਚ ਗਿਰਵਰ ਨੂੰ ਨਾਕ ਅਊਟ ਮਾਰਨ ਤੋਂ ਬਾਅਦ ਜਪਾਨ ਵਿੱਚ ਏਸ਼ੀਆਈ ਚੈਂਪੀਅਨਸ਼ਿਪ ਲ਼ੜਨ ਲਈ ਗਿਆ ਅਤੇ ਬਰਾਊਨ ਮੈਡਲ ਜਿੱਤ ਕੇ ਮੁੜਿਆ ।
1984 ਵਿੱਚ ਰੂਸ ਵਿੱਚ ਪ੍ਰੈਕਟਿਸ ਮੈਚ ਖੇਡਣ ਗਿਆ ।
1985 ਵਿੱਚ ਬੰਗਲਾ ਦੇਸ਼ ਵਿੱਚ ਸੈਫ਼ ਗੇਮਾਂ ਵਿੱਚੋਂ ਚਾਂਦੀ ਦਾ ਮੈਡਲ ਲੈ ਕੇ ਆਇਆ ।
ਕਾਮਨ ਵੈਲਥ ਗੇਮਾਂ ਵਿੱਚ ਖੇਡ ਅਧਿਕਾਰੀਆਂ ਨੇ ਟ੍ਰਾਇਲ ਲੈਣ ਤੋ ਪਹਿਲਾਂ ਹੀ ਟੀਮ ਦੇ ਨਾਮ ਭੇਜ ਦਿੱਤੇ । ਪਲਵਿੰਦਰ ਦੀ ਜਗਾ ਤੇ ਗੁਰਨਾਮ ਸਿੰਘ ਸਰਵਿਸ ਵਾਲੇ ਦਾ ਨਾਮ ਭੇਜ ਦਿੱਤਾ । ਜਦੋਂ ਟ੍ਰਾਇਲ ਹੋਏ ਤਾਂ ਪਲਵਿੰਦਰ ਨੇ ਗੁਰਨਾਮ ਨੂੰ ਹਰਾ ਦਿੱਤਾ ।
ਪਲਵਿੰਦਰ ਕੋਲ ਪਾਸਪੋਰਟ ਵੀ ਨਹੀਂ ਸੀ । ਦੋ ਦਿਨਾਂ ਵਿੱਚ ਪਾਸਪੋਰਟ ਬਣ ਗਿਆ ਅਤੇ ਪਲਵਿੰਦਰ ਜਹਾਜ਼ੇ ਚੜ੍ਹ ਗਿਆ । ਅੱਗੇ ਪਹਿਚਾਣ ਪੱਤਰ ਗੁਰਨਾਮ ਸਿੰਘ ਵਾਲਾ ਗਲ ਪਾਉਣਾ ਪੈ ਗਿਆ ।
1986 ਤੋਂ 1993 ਤੀਕ ਆਲ ਇੰਡੀਆ ਰੇਲਵੇ ਚੈਂਪੀਅਨ ਰਿਹਾ । 1982 ਵਿੱਚ ਸਾਊਥ ਵੈਸਟਨ ਰੇਲਵੇ ਦਾ ਬੈਸਟ ਅਥਲੀਟ ਰਿਹਾ ।
1983 ਵਿੱਚ ਰੇਲਵੇ ਦਾ ਸਰਵ ਉਤੱਮ ਖਿਤਾਬ
“ਰੇਲਵੇ ਵਸ਼ਿਸ਼ਟ ਸੇਵਾ ਮੈਡਲ” ਮਿਲਿਆ ।
ਇਹ ਖਿਤਾਬ ਉਸ ਵੇਲੇ ਦੇ ਰੇਲਵੇ ਮੰਤਰੀ ਚੌਧਰੀ ਬੰਸੀ ਲਾਲ ਅਤੇ ਰਾਜ ਮੰਤਰੀ ਮਾਧਵ ਰਾਓ ਸਿੰਧੀਆ ਵੱਲੋਂ ਪ੍ਰਦਾਨ ਕੀਤਾ ਗਿਆ ।
ਰੇਲਵੇ ਦੀ ਨੌਕਰੀ ਦੌਰਾਨ ਬਾਰਾਂ ਸਾਲ ਕਲਕੱਤੇ ਅਤੇ ਸੋਲਾਂ ਸਾਲ ਲੁਧਿਆਣੇ ਰਿਹਾ ।
ਸਾਡਾ ਪੰਜਾਬੀਆਂ ਦਾ ਇਹ ਦੁਖਾਂਤ ਐ ਕਿ ਅਸੀਂ ਕਬੱਡੀ ਤੋਂ ਬਗੈਰ ਹੋਰ ਕਿਸੇ ਖੇਡ ਨੂੰ ਖੇਡ ਹੀ ਨਹੀਂ ਸਮਝਦੇ । 55 ਕਿੱਲੋ ਵਰਗ ਵਿੱਚ ਕਬੱਡੀ ਖੇਡਣ ਵਾਲੇ ਖਿਡਾਰੀ ਨੂੰ ਸਾਰਾ ਇਲਾਕਾ ਸਿਰ ਉਪਰ ਚੁੱਕ ਲੈਦੈ । ਦੂਸਰੀਆਂ ਗੇਮਾਂ ਦੇ ਅੰਤਰ ਰਾਸ਼ਟਰੀ ਖਿਡਾਰੀ ਵੀ ਅਣਗੌਲੇ ਰਹਿ ਜਾਂਦੇ ਨੇ ।
ਕਲੱਬਾਂ ਦੇ ਕਰਤਾ ਧਰਤਾ ਮੋਹਤਬਰਾਂ ਨੂੰ ਦੂਸਰੀਆਂ ਗੇਮਾਂ ਵੱਲ ਬਣਦਾ ਸਰਦਾ ਯੋਗਦਾਨ ਪਾਉਣਾ ਚਾਹੀਦੈ ।
ਅੱਜ ਹਰਿਆਣੇ ਦਾ ਪੂਰੇ ਦੇਸ਼ ਵਿੱਚ ਬੋਲ ਬਾਲਾ ਐ । ਕੁਸ਼ਤੀ ਬੌਕਸਿੰਗ ਅਤੇ ਨੈਸ਼ਨਲ ਸਟਾਈਲ ਕਬੱਡੀ ਵਿੱਚ ਕੋਈ ਸੂਬਾ ਨੇੜੇ ਨੀ ਢੁੱਕਦਾ । ਸਾਡਾ ਪੰਜਾਬ ਕਿਤੇ ਲ਼ੱਭਿਆਂ ਵੀ ਨਹੀਂ ਲੱਭਦਾ ।
ਭਾਰਤ ਦੇਸ਼ ਦੇ ਮਹਾਨ ਮੁੱਕੇਬਾਜ਼ ਦੀਆਂ ਜਿੱਤਾਂ ਦਾ ਸਿਹਰਾ ਤਾਂ ਫਿਰ ਲਾਡ ਲਡਾਉਣ ਵਾਲੇ ਪਿਤਾ ਸ ਜਸਮੇਲ ਸਿੰਘ ਚਹਿਲ ਅਤੇ ਜਵਾਨੀ ਨੂੰ ਦੁੱਧ ਮੱਖਣਾਂ ਨਾਲ ਪਾਲਣ ਵਾਲੀ ਮਾਤਾ ਸਰਦਾਰਨੀ ਮੁਖ਼ਤਿਆਰ ਕੌਰ ਦੇ ਹਿੱਸੇ ਆਉਦੈ ।
1986 ਵਿੱਚ ਮੋਰਾਂ ਵਾਲਾ (ਸਿਰਸਾ) ਦੀ ਸ਼੍ਰੀਮਤੀ ਦਲਜੀਤ ਕੌਰ ਨਾਲ ਵਿਆਹ ਬੰਧਨ ਵਿੱਚ ਬੱਝ ਗਏ ।
ਦੋ ਬੇਟੀਆਂ ਅਤੇ ਇਕ ਬੇਟੇ ਦਾ ਪਿਤਾ ਬਣਿਆ । ਵੱਡੀ ਬੇਟੀ ਗੁਰਪ੍ਰੀਤ ਸਿਰਸੇ ਵਿਆਹੀ ਹੈ ਅਤੇ ਛੋਟੀ ਬੇਟੀ ਰਮਨਦੀਪ ਕਨੇਡਾ ਵਸਦੀ ਐ । ਬੇਟਾ ਗੁਰਬਖਸ਼ ਸਿੰਘ ਪ੍ਰਿੰਸ ਵੀ ਆਪਣੀ ਵਿਵਾਹਿਕ ਜ਼ਿੰਦਗੀ ਦਾ ਆਨੰਦ ਮਾਣ ਰਿਹੈ ।
2017 ਦਾ ਸਾਲ ਤਾਂ ਪ੍ਰੀਵਾਰ ਵਿਛੋੜੇ ਵਾਲਾ ਸਾਬਤ ਹੋਇਆ ।
ਵਸਦੇ ਰਸਦੇ ਘਰ ਵਿੱਚੋਂ ਪਹਿਲਾਂ ਪਿਤਾ ਜੀ ਰੁਕਸਤ ਹੋ ਗਏ । ਪਿੱਛੇ ਪਿੱਛੇ ਮਾਤਾ ਜੀ ਤੁਰਦੇ ਬਣੇ । ਕੁਝ ਸਮੇਂ ਬਾਅਦ ਉਮਰਾਂ ਦੇ ਸੰਗ ਨਿਭਾਉਣ ਦਾ ਵਾਅਦਾ ਕਰਨ ਵਾਲੀ ਅਰਧਾਂਗਣੀ ਸਰਦਾਰਨੀ ਦਲਜੀਤ ਕੌਰ ਅੱਧ ਵਾਟੇ ਛੱਡ ਕੇ ਅਲਵਿਦਾ ਕਹਿ ਗਈ । ਉਮਰ ਦੇ ਇਸ ਪੜਾਅ ਤੇ ਜੀਵਨ ਸਾਥੀ ਦਾ ਵਿਛੋੜਾ ਬੜਾ ਅਸਹਿ ਹੁੰਦੈ । ਪਰ ਸਾਡੇ ਇਸ ਵੀਰ ਨੇ ਯਾਦਾਂ ਦੇ ਸਹਾਰੇ ਦਿਨਕੱਟੀਆਂ ਕਰਕੇ ਵਿਛੋੜਾ ਸਹਿ ਲਿਆ ।
ਅੱਜ ਲੋੜ ਹੈ ਇਹੋ ਜਿਹੇ ਮਹਾਰਥੀਆਂ ਦੇ ਖੇਡ ਜੀਵਨ ਤੋਂ ਸੇਧ ਲੈਣ ਦੀ । ਕਲੱਬਾਂ ਵਾਲੇ ਵੀਰਾਂ ਅਤੇ ਖੇਡ ਜਗਤ ਨਾਲ ਜੁੜੇ ਹਰ ਇਨਸਾਨ ਦਾ ਫਰਜ ਬਣਦੈ ਕਿ ਇਹੋ ਜਿਹੇ ਮਾਣਮੱਤੇ ਅਤੇ ਭੁੱਲੇ ਵਿਸਰੇ ਮਹਾਨ ਖਿਡਾਰੀਆਂ ਨੂੰ ਨਵੀਂ ਪੀੜ੍ਹੀ ਦੇ ਰੂਬਰੂ ਕਰਵਾਉਣ ਦਾ ਜਿਮਾਂ ਲੈਣ । ਤਾਂ ਹੀ ਨਵੇਂ ਪਲਵਿੰਦਰ ਪੈਦਾ ਹੋਣਗੇ ।
ਵਾਹਿਗੁਰੂ ਅੱਗੇ ਇਹੋ ਅਰਜੋਈ ,ਇਸ ਮਹਾਨ ਖਿਡਾਰੀ ਨੂੰ ਲੰਬੀਆਂ ਉਮਰਾਂ ਦੇਵੇ ਤਾਂ ਜੋ ਨਵੀਂ ਪੀੜ੍ਹੀ ਇਸ ਦੇ ਜੀਵਨ ਤੋਂ ਸੇਧ ਲੈਂਦੀ ਰਹੇ । ਰੱਬ ਰਾਖਾ । ਸਮਾਪਤ ।