ਵਾਇਸ ਆਫ਼ ਮਾਨਸਾ ਵੱਲ੍ਹੋਂ ਮਾਨਸਾ ਦੇ ਹੋਣਹਾਰ ਕਲਾਕਾਰਾਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ
3 ਅਪ੍ਰੈਲ (ਨਾਨਕ ਸਿੰਘ ਖੁਰਮੀ) ਮਾਨਸਾ: ਡਾ ਸੰਦੀਪ ਘੰਡ ਵਾਇਸ ਆਫ਼ ਮਾਨਸਾ ਵੱਲ੍ਹੋਂ ਜ਼ਿਲ੍ਹੇ ਦੀ 32 ਵੀਂ ਵਰ੍ਹੇਗੰਢ ਮੌਕੇ 13 ਅਪ੍ਰੈਲ ਨੂੰ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਵਿਸਾਖੀ ਮੇਲਾ ਕਰਵਾਉਣ ਦਾ ਅਹਿਮ ਫੈਸਲਾ ਲਿਆ ਹੈ,ਜਿਸ ਦੌਰਾਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਆਪਣੀ ਗਾਇਕੀ ਦਾ ਮੁਜ਼ਾਹਰਾ ਕਰਨਗੇ ਅਤੇ ਸਿੱਖਿਆ, ਸਭਿਆਚਾਰ ਸੰਸਥਾਵਾਂ ਵੱਲ੍ਹੋਂ ਗਿੱਧੇ, ਭੰਗੜੇ ਦੀ ਪੇਸ਼ਕਾਰੀ ਵੀ ਹੋਵੇਗੀ।ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਨਾਲ ਸਬੰਧਿਤ ਉਨ੍ਹਾਂ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ, ਜਿੰਨਾਂ ਨੇ ਮਾਨਸਾ ਦਾ ਨਾਮ ਦੇਸ਼- ਵਿਦੇਸ਼ ਪੱਧਰ ‘ਤੇ ਰੋਸ਼ਨ ਕੀਤਾ ਹੈ।
ਸੰਸਥਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਵਿਸਾਖੀ ਮੇਲੇ ਸਬੰਧੀ ਵਿਚਾਰ ਵਿਟਾਂਦਰਾ ਕਰਦਿਆਂ ਇਸ ਗੱਲ ‘ਤੇ ਮਾਣ ਮਹਿਸੂਸ ਕੀਤਾ ਕਿ ਮਾਨਸਾ ਜ਼ਿਲ੍ਹੇ ਨੇ ਜਿਥੇ ਸਿੱਖਿਆ,ਖੇਡਾਂ ਅਤੇ ਹੋਰਨਾਂ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ, ਉਥੇ ਸਾਹਿਤਕ,ਸਭਿਆਚਾਰਕ ਖੇਤਰ ਵਿੱਚ ਵੀ ਵੱਡਾ ਨਾਮਣਾ ਖੱਟਿਆ ਹੈ। ਜਿਸ ਕਰਕੇ ਉਨ੍ਹਾਂ ਕਲਾਕਾਰ ਹਸਤੀਆਂ ਦਾ ਵਿਸਾਖੀ ਮੇਲੇ ਦੌਰਾਨ ਵਿਸ਼ੇਸ਼ ਸਨਮਾਨ ਕਰਨ ਦਾ ਨਿਰਣਾ ਲਿਆ ਗਿਆ।
ਸਭਿਆਚਾਰ ਕਮੇਟੀ ਦੇ ਆਗੂਆਂ ਡਾ.ਸੰਦੀਪ ਘੰਡ, ਹਰਿੰਦਰ ਮਾਨਸ਼ਾਹੀਆ, ਬਲਰਾਜ ਮਾਨ,ਰਾਜ ਜੋਸ਼ੀ, ਬਲਜਿੰਦਰ ਸੰਗੀਲਾ, ਹਰਦੀਪ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਦੂਰ ਦੁਰੇਡੇ ਰਹਿ ਰਹੇ ਸਮੂਹ ਕਲਾਕਾਰਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ, ਤਾਂ ਕਿ ਉਨ੍ਹਾਂ ਦੀ ਅਗਵਾਈ ‘ਚ ਮਾਨਸਾ ਵਿਖੇ ਵਿਸਾਖੀ ਮੌਕੇ ਖੂਬ ਰੌਣਕਾਂ ਲੱਗ ਸਕਣ।
ਸੰਸਥਾ ਦੇ ਪ੍ਰੋਜੈਕਟ ਕੋਆਰਡੀਨੇਟਰ ਡਾ.ਲਖਵਿੰਦਰ ਮੂਸਾ, ਜਰਨਲ ਸਕੱਤਰ ਵਿਸ਼ਵਦੀਪ ਬਰਾੜ, ਬਲਵਿੰਦਰ ਸਿੰਘ ਕਾਕਾ,ਬਿਕਰ ਮਘਾਣੀਆਂ, ਨਰਿੰਦਰ ਸ਼ਰਮਾ, ਜਗਸੀਰ ਸਿੰਘ ਢਿੱਲੋਂ ਨੇ ਕਿਹਾ ਕਿ ਵਿਸਾਖੀ ਮੇਲੇ ਦੌਰਾਨ ਵੱਖ-ਵੱਖ ਸਿੱਖਿਆ, ਸਭਿਆਚਾਰ ਅਤੇ ਹੋਰਨਾਂ ਸੰਸਥਾਵਾਂ ਵੱਲ੍ਹੋਂ ਲਾਈਆਂ ਜਾ ਰਹੀਆਂ ਵੱਖ-ਵੱਖ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਹੋਣਗੀਆਂ।