ਮਾਨਸਾ, 19 ਜੁਲਾਈ –(ਨਾਨਕ ਸਿੰਘ ਖੁਰਮੀ) ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ ਫੂਡ ਐਂਡ ਡਰੱਗਜ਼, ਪੰਜਾਬ ਸ੍ਰੀ ਦਿਲਰਾਜ ਸਿੰਘ (ਆਈ.ਏ.ਐੱਸ.) ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਖੁਰਾਕ ਸੁਰੱਖਿਆ ਵਿੰਗ ਦੀ ਟੀਮ ਨੇ ਅੱਜ ਜ਼ਿਲ੍ਹੇ ਭਰ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸਫਾਈ ਦੀ ਜਾਂਚ ਕੀਤੀ।
ਟੀਮ ਨੇ ਪਿੰਡ ਫਤਾ ਮਾਲਕੋ ਵਿਖੇ ਆਂਗਣਵਾੜੀ ਸੈਂਟਰਾਂ ਅਤੇ ਸਕੂਲਾਂ ਵਿੱਚ ਮਿਡ-ਡੇ ਮੀਲ ਦੀ ਜਾਂਚ ਕੀਤੀ। ਇਸ ਤੋਂ ਇਲਾਵਾ, ਗੋਲਡਨ ਸਿਨੇਮਾ ਸਰਦੂਲੇਵਾਲਾ, ਸਕਾਈ ਸਿਨੇਮਾ ਬੁੱਢਲਾਡਾ, ਅਤੇ ਡ੍ਰੀਮ ਰਿਐਲਟੀ ਸਿਨੇਮਾ ਮਾਨਸਾ ਦੇ ਨਾਲ-ਨਾਲ ਡੇਅਰੀਆਂ ਅਤੇ ਵਿਦਿਅਕ ਸੰਸਥਾਵਾਂ ਦੀਆਂ ਕੰਟੀਨਾਂ ਦਾ ਵੀ ਨਿਰੀਖਣ ਕੀਤਾ ਗਿਆ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਗਰਿਕਾਂ ਦੀ ਚੰਗੀ ਸਿਹਤ ਯਕੀਨੀ ਬਣਾਉਣ ਲਈ ਇਹ ਜਾਂਚ ਲਗਾਤਾਰ ਜਾਰੀ ਰਹਿੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਗਰਿਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਦੁਕਾਨਦਾਰ, ਡੇਅਰੀ ਮਾਲਕ, ਜਾਂ ਕੰਟੀਨ ਸੰਚਾਲਕ ਘਟੀਆ ਗੁਣਵੱਤਾ ਵਾਲਾ ਸਮਾਨ ਵੇਚਦਾ ਪਾਇਆ ਗਿਆ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਖੁਰਾਕ ਸੁਰੱਖਿਆ ਵਿੰਗ ਨੇ ਮਾਨਸਾ ਸ਼ਹਿਰ ਅਤੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੱਖ-ਵੱਖ ਥਾਵਾਂ ਤੋਂ 03 ਸੈਂਪਲ ਲਏ ਹਨ, ਜਿਨ੍ਹਾਂ ਨੂੰ ਅਗਲੇਰੀ ਜਾਂਚ ਲਈ ਖਰੜ ਲੈਬਾਰਟਰੀ ਭੇਜਿਆ ਗਿਆ ਹੈ। ਇਨ੍ਹਾਂ ਵਿੱਚ ਆਂਗਣਵਾੜੀ ਕੇਂਦਰਾਂ ਵਿੱਚ ਵਰਤੇ ਜਾਣ ਵਾਲੇ ਸਮਾਨ ਦੇ ਸੈਂਪਲ ਵੀ ਸ਼ਾਮਲ ਹਨ।
ਫੂਡ ਸੇਫਟੀ ਅਫ਼ਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇੱਕ ਡੇਅਰੀ ਮਾਲਕ ਨੂੰ ਸੁਧਾਰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਸਫਾਈ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਮੌਜੂਦਾ ਮੌਸਮ ਦੇ ਮੱਦੇਨਜ਼ਰ, ਡੇਅਰੀ ਮਾਲਕਾਂ ਅਤੇ ਕੰਟੀਨ ਠੇਕੇਦਾਰਾਂ ਨੂੰ ਖਾਸ ਤੌਰ ‘ਤੇ ਸਫਾਈ ਦਾ ਧਿਆਨ ਰੱਖਣ ਅਤੇ ਕਿਸੇ ਵੀ ਜਗ੍ਹਾ ‘ਤੇ ਪਾਣੀ ਇਕੱਠਾ ਨਾ ਹੋਣ ਦੇਣ ਲਈ ਕਿਹਾ ਗਿਆ ਹੈ, ਤਾਂ ਜੋ ਮੱਖੀ ਅਤੇ ਮੱਛਰਾਂ ਦੇ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ‘ਤੇ ਲਕਸ਼ਵੀਰ ਕਲਰਕ, ਵੇਦ ਪ੍ਰਕਾਸ਼ ਦਰਜਾ ਚਾਰ, ਆਂਗਣਵਾੜੀ ਟੀਚਰ, ਸਕੂਲ ਟੀਚਰ ਅਤੇ ਸਿਨੇਮਾ ਘਰਾਂ ਦੇ ਮਾਲਕ ਵੀ ਮੌਜੂਦ ਸਨ।