
ਮਾਨਸਾ ਪਿੰਡ ਦੇ ਮੋਹੜੀ ਗੱਡ ਮਾਨਾਂ ਦੇ ਵੰਸ਼ਜ ਬਲਰਾਜ ਮਾਨ ਨੂੰ ਮਾਨਸਾ ਸਕੂਲ ਆਫ ਡਰਾਮਾ ਦਾ ਮੁਢਲਾ ਤੇ ਮਾਣ ਮੱਤਾ ਕਲਾਕਾਰ ਹੋਣ ਦਾ ਮਾਣ ਹਾਸਲ ਹੈ। ਬਲਰਾਜ 22 ਜੂਨ ਨੂੰ ਆਪਣੇ ਹਿੱਸੇ ਦੀ ਅਦਾਕਾਰੀ, ਨਿਰਦੇਸ਼ਨ ਅਤੇ ਲੇਖਣ ਸੰਪੂਰਨ ਕਰਕੇ ਇਸ ਦੁਨਿਆਵੀ ਮੰਚ ਤੋਂ ਰੁਖਸਤ ਹੋ ਗਿਆ।
ਆਧੁਨਿਕ ਰੰਗਮੰਚ ਦੇ ਮੁਢਲੇ ਕਲਾਕਾਰਾਂ ਤੇ ਰੰਗਕਰਮੀਆਂ ਵਿੱਚ ਬਲਰਾਜ ਮਾਨ ਦਾ ਨਾਂ ਸ਼ੁਮਾਰ ਹੁੰਦਾ ਸੀ। ਬਹਾਦਰ ਸਿੰਘ, ਦਰਸ਼ਨ ਮਿਤਵਾ, ਮੋਹਨ ਮਿੱਢਾ ਸ਼ਮੀਮ, ਸੁਭਾਸ਼ ਮਾਨਸਾ, ਵਿਜੇ ਬੇਦੀ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਅਤੇ ਉਸੇ ਕਾਫਲੇ ਵਿੱਚੋਂ ਹੁਣ ਬਲਰਾਜ ਵੀ ਮਨਫੀ ਹੋ ਗਿਆ।
ਬਲਰਾਜ ਮਾਨ ਮਾਨਸਾ ਦੇ ਉਸ ਪਰਿਵਾਰ ਵਿੱਚ ਪੈਦਾ ਹੋਇਆ ਜੋ ਰੱਜਦੀ ਪੁੱਜਦੀ ਕਿਸਾਨੀ ਦਾ ਰੁਤਬਾ ਰੱਖਦੇ ਹੋਏ ਵੀ ਮੁਜਾਰਿਆਂ, ਕਿਰਤੀਆਂ ਤੇ ਮਜ਼ਦੂਰਾਂ ਦੀ ਲਹਿਰ ਨਾਲ ਜੁੜਿਆ ਹੋਇਆ ਸੀ। ਉਸ ਨੂੰ ਕਿਰਤ ਦੀ ਕਦਰ ਅਤੇ ਮੰਚ ਦੀ ਸ਼ੋਹਬਤ ਵਿਰਸੇ ਵਿੱਚੋਂ ਮਿਲੀ। ਬਲਰਾਜ ਦੇ ਪਿਤਾ ਹਰਦੇਵ ਸਿੰਘ ਮਾਲਵੇ ਦੇ ਉੱਘੇ ਕਿੱਸਾਕਾਰ ਅਤੇ ਕਵੀਸ਼ਰ ਪੰਡਿਤ ਪੂਰਨ ਚੰਦ ਦੇ ਆਖਰੀ ਸ਼ਾਗਿਰਦਾਂ ਵਿੱਚੋਂ ਸਨ ਅਤੇ ਦੀਵਾਨਾਂ ਵਿੱਚ ਕਵੀਸ਼ਰੀ ਕਰਦੇ ਸਨ।
ਬਲਰਾਜ ਨੇ ਆਪਣੇ ਰੰਗਮੰਚ ਦੀ ਸ਼ੁਰੂਆਤ ਕਾਲਜ ਦੇ ਯੁਵਕ ਮੇਲਿਆਂ ਤੋਂ ਹੀ ਕੀਤੀ ਜਿਵੇਂ ਬਹੁਤ ਸਾਰੇ ਪੇਸ਼ਾਵਰ ਕਲਾਕਾਰ ਕਰਦੇ ਹਨ। ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਪਲੇਠੇ ਨਾਟਕ, ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ, ਜੋ ਮਗਰੋਂ ਅਰਬਦ ਨਰਬਦ ਧੁੰਧੂਕਾਰਾ ਦੇ ਨਾ ਹੇਠ ਮਕਬੂਲ ਹੋਇਆ, ਵਿੱਚ ਬਲਰਾਜ ਨੇ ਰਾਂਝੇ ਦੀ ਭੂਮਿਕਾ ਨਿਭਾਈ। ਬਸ ਇਸ ਤੋਂ ਮਗਰੋਂ ਉਹ ਸੰਜੀਦਾ ਕਿਰਦਾਰਾਂ ਲਈ ਹੀ ਰਾਖਵਾਂ ਅਦਾਕਾਰ ਬਣ ਗਿਆ। ਇਸ ਤੋਂ ਮਗਰੋਂ ਬੇਗਾਨੇ ਬੋਰੜ ਦੀ ਛਾਂ ਦਾ ਗੱਜਣ। ਇੱਕ ਕਾਲਜੀਏਟ ਮੁੰਡਾ ‘ਗੱਜਣ’ ਬਣ ਗਿਆ। ਤੰਗੀਆਂ ਤੁਰਸ਼ੀਆਂ, ਸਮਾਜਿਕ ਦਾਬੇ ਅਤੇ ਪਰਿਵਾਰਿਕ ਕਲੇਸ਼ ਦਾ ਭੰਨਿਆ ਤੋੜਿਆ ਅਧਖੜ ਉਮਰ ਦਾ ਕਿਰਦਾਰ। ਸੱਚਮੁੱਚ ਮੰਚ ਤੋਂ ਬਾਹਰ ਵੀ ਉਸ ਦੀ ਦਿੱਖ ਉਸੇ ਸੰਜੀਦਾ ਕਲਾਕਾਰ ਜਿਹੀ ਬਣ ਗਈ। ਫਿਰ ਵਾਰੀ ਆਈ ‘ਸਿੱਧਾ ਰਾਹ ਵਿੰਗਾ ਬੰਦਾ’ ਇਕਾਂਗੀ ਦੀ, ਜਿਸ ਵਿੱਚ ਬਲਰਾਜ ਨੇ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿੰਦੇ ਭਾਰਤ ਦੇ ਪ੍ਰਤੀਕ ਭਰਤੂ ਦੀ ਭੂਮਿਕਾ ਨਿਭਾਈ। ਇਹ ਸ਼ਾਇਦ ਬਲਰਾਜ ਦੀ ਕਲਾ ਦਾ ਹੀ ਕਮਾਲ ਸੀ ਕਿ ਇਹ ਨਾਟਕ ਅੰਤਰ ਯੂਨੀਵਰਸਟੀ ਯੁਵਕ ਮੇਲਿਆਂ ਤੱਕ ਗਏ ਅਤੇ ਬੇਗਾਨੇ ਬੋਹੜ ਦੀ ਛਾਂ ਨੂੰ ਤਾਂ ਅੰਤਰ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਹੋਇਆ। ਇਸ ਤੋਂ ਇਲਾਵਾ ਬਲਰਾਜ ਮੋਨੋ ਐਕਟਿੰਗ ਦਾ ਮਾਹਿਰ ਸੀ ਤੇ ਉਹ ਜਦ ਵੀ ਕੋਈ ਹਿਸਟੋਨਿਕਸ ਕਰਨ ਲਈ ਮੰਚ ਤੇ ਖੜ੍ਹਾ ਹੁੰਦਾ ਤਾਂ ਸਟੇਜ ਬੰਨ੍ਹ ਕੇ ਰੱਖ ਲੈਂਦਾ।
ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਤੋਂ ਬੀਏ, ਫਿਰ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਤੋਂ ਐਮਏ ਇਤਿਹਾਸ ਦੀਆਂ ਡਿਗਰੀਆਂ ਪ੍ਰਾਪਤ ਕਰਨ ਮਗਰੋਂ ਬਲਰਾਜ ਪੰਜਾਬ ਮੰਡੀ ਬੋਰਡ ਵਿੱਚ ਭਰਤੀ ਹੋਇਆ। ਮੰਡੀ ਬੋਰਡ ਵਿੱਚ ਚੋਟੀ ਦੇ ਅਹੁਦੇ, ਬਤੌਰ ਸਕੱਤਰ ਮਾਰਕੀਟ ਕਮੇਟੀ ਰਿਟਾਇਰ ਹੋਇਆ।
ਬਲਰਾਜ ਆਪਣੇ ਰੰਗਮੰਚ ਅਤੇ ਕਲਾ ਦੇ ਵੱਡੇ ਕਬੀਲੇ ਵਿੱਚ ਵਿਚਰਿਆ ਜਿਸ ਵਿੱਚ ਪੁਰਾਣੇ ਲੋਕ ਤੁਰਦੇ ਗਏ ਅਤੇ ਨਵੇਂ ਆਉਂਦੇ ਰਹੇ। ਉਸਨੂੰ ਕਹਾਣੀ ਸੁਣਾਉਣ ਦੀ ਜਾਂਚ ਬਹੁਤ ਕਮਾਲ ਦੀ ਸੀ ਕਵੀਸ਼ਰ ਦਾ ਪੁੱਤਰ ਸੀ ਤੇ ਆਪਣੀ ਪ੍ਰਤਿਭਾ ਵੀ ਉਸਲਵੱਟੇ ਲੈਂਦੀ ਸੀ। ਉਸ ਨੂੰ ਸਾਰਾ ਮਹਾਭਾਰਤ ਮੂੰਹ ਜ਼ੁਬਾਨੀ ਯਾਦ ਸੀ। ਹੋਰ ਬਹੁਤ ਸਾਰੇ ਲੋਕ ਕਿੱਸਿਆਂ ਦਾ ਗਿਆਨ ਸੀ। ਸਾਹਿਤ ਦਾ ਰਸੀਆ ਸੀ ਤੇ ਫਿਲਮਾਂ ਦਾ ਸ਼ੌਕੀਨ। ਖੁਦ ਕਲਾਕਾਰ ਹੋਣ ਦੇ ਨਾਤੇ ਉਸਨੂੰ ਫਿਲਮਾਂ ਦੀ ਪਰਖ ਵੀ ਸੀ। ਉਸ ਨੂੰ ਇਹ ਵੀ ਪਤਾ ਹੁੰਦਾ ਸੀ ਕਿ ਕਿਹੜੀ ਕਲਾ ਫਿਲਮ ਕਿਹੜੇ ਸ਼ਹਿਰ ਦੇ ਕਿਹੜੇ ਸਿਨੇਮਾ ਘਰ ਵਿੱਚ ਲੱਗੀ ਹੈ। ਮੈਨੂੰ ਖੁਦ ਉਸ ਨਾਲ ਕਿੰਨੀਆਂ ਹੀ ਕਲਾਤਮਕ ਫਿਲਮਾਂ, ਮੰਡੀ, ਬਾਜ਼ਾਰ,ਤਰਿਸ਼ਗਨੀ, ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ ਵਗੈਰਾ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ।
ਬਲਰਾਜ ਨੇ ਨਾਟਕ ਲਿਖਣ ਲਈ ਕਲਮ ਬਹੁਤ ਦੇਰੀ ਨਾਲ ਚੁੱਕੀ। ਪੰਜਾਬ ਦੀ ਛੋਟੀ ਕਿਸਾਨੀ ਤੇ ਕਿਰਤੀਆਂ ਬਾਰੇ ਉਸਦੇ ਦੋ ਨਾਟਕ ਧਿਗ ਤਿੰਨਾ ਕਾ ਜੀਵਿਆ ਅਤੇ ਡੰਡੀਆਂ ਬਹੁਤ ਪ੍ਰਸਿੱਧ ਹੋਏ। ਪਿੰਡਾਂ ਦੀਆਂ ਸਟੇਜਾਂ ਤੇ ਵੀ ਇਹਨਾਂ ਦੀ ਪੇਸ਼ਕਾਰੀ ਬਹੁਤ ਜੰਮੀ। ਯੇ ਹੈ ਆਈਨਾ ਮੇਰੇ ਦੇਸ਼ ਕਾ, ਉਨ੍ਹੀ ਦਿਨੀਂ ਦੂਰਦਰਸ਼ਨ ਉੱਪਰ ਚਲਦੇ ਇੱਕ ਰੂਪਕ ਨੂੰ ਲੈ ਕੇ ਦੇਸ਼ ਦੀ ਰਾਜਨੀਤੀ ਉੱਪਰ ਤਿੱਖਾ ਵਿਅੰਗ ਸੀ ਜਿਸ ਨੂੰ ਹਰ ਮੰਚ ਤੇ ਬਹੁਤ ਸਲਾਹਿਆ ਗਿਆ।
ਬਲਰਾਜ ਮਾਨ ਨੇ ਇੱਕ ਵਿਦਿਆਰਥੀ ਕਲਾਕਾਰ ਤੋਂ ਇਲਾਵਾ ਲੋਕ ਕਲਾ ਮੰਚ ਮਾਨਸਾ ਦੇ ਨਾਟਕਾਂ ਵਿੱਚ ਪੇਸ਼ੇਵਾਰਾਨਾ ਕਲਾਕਾਰ ਵਜੋਂ ਪ੍ਰੋਫੈਸਰ ਅਜਮੇਰ ਸਿੰਘ ਔਲਖ ਅਤੇ ਦੀ ਅਗਵਾਈ ਵਿੱਚ ਕੰਮ ਕੀਤਾ। ਉਸ ਨੇ ਪ੍ਰੋਫੈਸਰ ਦਿਲਬਾਗ ਵੀ ਨਿਰਦੇਸ਼ਨਾ ਹੇਠ ਮਾਲਵਾ ਕਲਾ ਕੇਂਦਰ ਅਤੇ ਨਿਰੰਜਨ ਸਿੰਘ ਪ੍ਰੇਮੀ ਜੀ ਦੇ ਫੱਕਰ ਕਲਾ ਕੇਂਦਰ ਨਾਲ ਵੀ ਕੰਮ ਕੀਤਾ। ਹਰਜਿੰਦਰ ਕੌਰ ਢਿੱਲੋਂ ਵੱਲੋਂ ਨਿਰਦੇਸ਼ਤ ਨਾਟਕ, ਪਤਝੜੇ ਪੁਰਾਣੇ, ਵਿੱਚ ਬਲਰਾਜ ਨੇ ਵਿਦਿਆਰਥੀ ਹੁੰਦਿਆਂ ਭੂਮਿਕਾ ਨਿਭਾਈ।
ਉੰਜ ਤਾਂ ਮਾਨਸਾ ਦੇ ਜੱਦੀ ਪੁਸ਼ਤੀ ਮਾਨ ਆਪਣਾ ਪਿਛੋਕੜ ਸ਼ਾਹੀ ਘਰਾਣਿਆਂ ਨਾਲ ਜੋੜ ਕੇ ਮਾਨਸਾਹਈਏ ਅਖਵਾਉਣ ਚ ਮਾਣ ਮਹਿਸੂਸ ਕਰਦੇ ਹਨ ਪਰ ਬਲਰਾਜ ਪਾਲੇ ਦੇ ਦੂਜੇ ਪਾਸੇ ਖੜ੍ਹਾ ਸੀ। ਨਿਮਾਣਿਆ ਅਤੇ ਨਿਤਾਣਿਆਂ ਨਾਲ ਉਹ ਪੱਕਾ ਕਾਮਰੇਡ ਭਾਵੇਂ ਨਹੀਂ ਸੀ ਪਰ ਪਿਤਾ ਹਰਦੇਵ ਸਿੰਘ ਅਤੇ ਚਾਚਾ ਕਾਮਰੇਡ ਬੂਟਾ ਸਿੰਘ ਦੀ ਸ਼ੋਹਬਤ ਦਾ ਅਸਰ ਜਰੂਰ ਸੀ ਤੇ ਅਖੀਰ ਤੱਕ ਖੱਬੇ ਪੱਖੀ ਸੋਚ ਦਾ ਧਾਰਨੀ ਰਿਹਾ। ਉਹ ਦੁਨਿਆਵੀ ਸਟੇਜ ਤੋਂ ਭਾਵੇਂ ਐਗਜਿਟ ਕਰ ਗਿਆ ਪਰ ਸਾਡੇ ਮਨਾਂ ਅੰਦਰ ਹਮੇਸ਼ਾ ਸੈਂਟਰ ਸਟੇਜ ਤੇ ਡਟਿਆ ਰਹੇਗਾ।