ਬੁਢਲਾਡਾ, 21 ਸਤੰਬਰ (ਨਾਨਕ ਸਿੰਘ ਖੁਰਮੀ)– ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਮਾਤਾ ਬੇਨਤੀ ਦੇਵੀ ਜੀ ਦੀ ਯਾਦ ਵਿੱਚ ਦੂਜੀ ਬਰਸੀ ਮੌਕੇ ਨੇਕੀ ਆਸ਼ਰਮ ਵਿਖੇ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸ਼ੰਕਰਾ ਹਸਪਤਾਲ ਲੁਧਿਆਣਾ ਦੀ ਮਾਹਿਰ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
ਕੈਂਪ ਵਿੱਚ ਮੁਫ਼ਤ OPD, ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ, ਚਸ਼ਮੇ, ਮੁਫ਼ਤ ਆਪਰੇਸ਼ਨ, ਦਵਾਈਆਂ ਅਤੇ ਲੋੜ ਅਨੁਸਾਰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ। ਲੱਗਭੱਗ 200 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ 25 ਦੇ ਕਰੀਬ ਮਰੀਜਾਂ ਨੂੰ ਚਿੱਟੇ ਮੋਤੀਏ ਦੇ ਮੁਫ਼ਤ ਅਪਰੇਸ਼ਨ ਲਈ ਲੁਧਿਆਣਾ ਹਸਪਤਾਲ ਭੇਜਿਆ ਗਿਆ।
ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਮੋਤੀਆਬਿੰਦ, ਕਾਲਾ ਮੋਤੀਆ, ਅੱਖਾਂ ਦੀ ਰੋਸ਼ਨੀ ਘੱਟ ਹੋਣ ਅਤੇ ਹੋਰ ਗੰਭੀਰ ਬਿਮਾਰੀਆਂ ਦੀ ਜਾਂਚ ਕੀਤੀ ਗਈ।
ਹਰਬਿਲਾਸ ਸ਼ਰਮਾ ਰਿਟ: ਜੇ. ਈ. ਵੱਲੋਂ ਆਪਣੀ ਸਵਰਗਵਾਸੀ ਪਤਨੀ ਦੀ ਯਾਦ ਵਿੱਚ ਮਰੀਜਾਂ ਦੀ ਸਹੂਲਤ ਲਈ ਇੱਕ ਆਕਸੀਜਨ ਕੌਂਸਨਟ੍ਰੇਟਰ ਮਸ਼ੀਨ ਸੰਸਥਾ ਨੂੰ ਭੇਂਟ ਕੀਤੀ ਗਈ ਅਤੇ ਸਾਰੇ ਮਰੀਜਾਂ ਲਈ ਚਾਹ ਅਤੇ ਲੰਗਰ ਦੀ ਸੇਵਾ ਚਲਾਈ ਗਈ।
ਇਸ ਮੌਕੇ ਨੇਕੀ ਫਾਊਂਡਸ਼ਨ ਵੱਲੋਂ ਪਿੰਡ ਬੋੜ੍ਹਾਵਾਲ ਦੇ ਸਵ: ਗੁਰਪਿਆਰ ਸਿੰਘ ਦੇ ਪਰਿਵਾਰ ਨੂੰ ਮੌਤ ਉਪਰੰਤ ਅੱਖਾਂ ਦਾਨ ਕਰਨ ਬਦਲੇ ਸਨਮਾਨਿਤ ਕੀਤਾ ਗਿਆ।