ਸੀਨੀਅਰ ਸਿਟੀਜਨਾਂ ਦੀਆਂ ਸੁਣੀਆਂ ਸਮੱਸਿਆਵਾਂ, ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਦਿਵਾਇਆ ਭਰੋਸਾ
14 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਡੀਸੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮਾਤਾ-ਪਿਤਾ ਤੇ ਬਜ਼ੁਰਗ ਨਾਗਰਿਕਾਂ ਦੀ ਦੇਖ-ਭਾਲ ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਜਿਥੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ ਉਥੇ ਹੀ ਸੀਨੀਅਰ ਸਿਟੀਜਨਾਂ ਦੀ ਸਮੱਸਿਆਵਾਂ ਸੁਣੀਆਂ ਜਿਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਿਯੁਕਤ ਕੀਤੇ ਡੀ.ਐਸ.ਪੀਜ ਕਮ-ਨੋਡਲ ਅਫਸਰ ਇਹ ਯਕੀਨੀ ਬਣਾਉਣਗੇ ਕਿ ਥਾਣਾ ਪੱਧਰ ‘ਤੇ ਗਠਿਤ ਕੀਤੀਆਂ ਕਮੇਟੀਆਂ ਸ਼ਿਕਾਇਤਾਂ/ਝਗੜਿਆਂ ਦਾ ਨਿਪਟਾਰਾ ਥਾਣਾ ਪੱਧਰ ‘ਤੇ ਹੀ ਕਰਨ ਨੂੰ ਤਰਜੀਹ ਦੇਣ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕਾਰਵਾਈ ਦੀ ਰਿਪੋਰਟ ਹਰ ਮਹੀਨੇ ਦੀ 10 ਤਾਰੀਕ ਤੱਕ ਜਮ੍ਹਾਂ ਕਰਵਾਉਣੀ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਹੈਲਪ ਲਾਈਨ ਫਲੈਕਸ ਥਾਣਿਆ ਦੇ ਬਾਹਰ ਲਗਵਾਉਣੇ ਲਾਜ਼ਮੀ ਬਣਾਏ ਜਾਣ ਤਾਂ ਜੋ ਕਿਸੇ ਨੂੰ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਥਾਣਾ ਪੱਧਰ ‘ਤੇ ਗਠਿਤ ਕੀਤੀਆ ਗਈਆਂ ਕਮੇਟੀਆਂ ਦਾ ਵੇਰਵਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫ਼ਤਰ ਭੇਜਣ ਲਈ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਗਈ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਅਧੀਨ ਬੇਸਹਾਰਾ/ਬੇਔਲਾਦ/ਇਕੱਲੇ ਰਹਿ ਰਹੇ ਬਜੁਰਗਾਂ ਦੀਆਂ ਲਿਸਟਾਂ ਤਿਆਰ ਕਰਨਾ ਲਾਜ਼ਮੀ ਬਣਾਉਣ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ, ਹੈਲਥ ਚੈੱਕਅਪ ਦੀ ਰਿਪੋਰਟ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਠਿੰਡਾ ਨੂੰ ਭੇਜਣਾ ਲਾਜ਼ਮੀ ਬਣਾਉਣ।
ਉਨ੍ਹਾਂ ਸਿਵਲ ਸਰਜਨ ਨੂੰ ਜ਼ਿਲ੍ਹੇ ਅਧੀਨ ਆਉਂਦੇ ਬਿਰਧ ਆਸ਼ਰਮਾਂ ਵਿੱਚ ਡਾਕਟਰੀ ਟੀਮਾਂ, ਕਾਊਂਸਲਰ ਦੀ ਡਿਊਟੀ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹਰ ਮਹੀਨੇ ਦੀ 10 ਤਰੀਕ ਤੱਕ ਲੋੜਵੰਦ ਬਜੁਰਗਾਂ ਦੇ ਕੀਤੇ ਇਲਾਜ ਦੀ ਰਿਪੋਰਟ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਬਠਿੰਡਾ ਦੇ ਦਫਤਰ ਭੇਜਣਾ ਲਾਜ਼ਮੀ ਬਣਾਉਣ।
ਇਸ ਮੌਕੇ ਸੁਪਰਡੈਂਟ ਅਰਸ਼ ਕੌਰ, ਮੈਡਮ ਮੋਨਿਕਾ, ਮੈਡਮ ਨੀਸ਼ੀ ਗਰੋਵਰ, ਮੈਡਮ ਅਮਰਜੀਤ ਕੌਰ ਅਤੇ ਸੀਨੀਅਰ ਸਿਟੀਜਨ ਆਦਿ ਹਾਜ਼ਰ ਸਨ। 

 
             
             
                                 
                             