ਜੋਗਾ
ਬੀਤੇ ਦਿਨੀੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰ-ਪੁਰਬ ਨੂੰ ਸਮਰਪਿਤ ਮਾਈ ਭਾਗੋ ਸੰਸਥਾ, ਰੱਲਾ ਵਿਖੇ ਸ੍ਰੀ ਸਹਿਜ ਪਾਠ ਦੇ ਪ੍ਰਕਾਸ਼ ਕਰਾਏ ਅਤੇ ਗੁਰ-ਮਰਿਆਦਾ ਅਨੁਸਾਰ ਭੋਗ ਪਾਏ ਗਏ। ਇਸ ਮੌਕੇ ਸ਼ਬਦ ਕੀਰਤਨ ਕੀਤਾ ਗਿਆ ਅਤੇ ਅਰਦਾਸ ਰੂਪ ਵਿਚ ਸਰਬੱਤ ਦਾ ਭਲਾ ਮੰਗਿਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋੰ ਡਾ.ਸੇਵਕ ਸਿੰਘ ਨੇ ਸ਼ਿਰਕਤ ਕੀਤੀ ਅਤੇ ਸੰਬੋਧਨ ਹੁੰਦੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਸਿੱਖਿਆਵਾਂ ਨੂੰ ਵਿਹਾਰਕ ਰੂਪ ਵਿਚ ਸ਼ਾਮਿਲ ਕਰਨ ਦੀ ਅਜੋਕੇ ਦੌਰ ਵਿਚ ਮੁੱਖ ਲੋੜ ਹੈ। ਇਸ ਮੌਕੇ ਉਨ੍ਹਾਂ ਕਿਹਾ ਗੁਰਬਾਣੀ ਦੁਆਰਾ ਮਨੁੱਖੀ ਜ਼ਿੰਦਗੀ ਦੇ ਅਸਲ ਮਹੱਤਵ ਨੂੰ ਸਮਝਿਆ ਜਾ ਸਕਦਾ ਹੈ ਅਤੇ ਜੀਵਨ ਸ਼ੈਲੀ ਗੁਰੂ ਸੰਗ ਬਿਤਾਇਆ ਜਾ ਸਕਦਾ ਹੈ। ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੀ ਦੇ ਮਹਾਨ ਜੀਵਨ ਤੋੰ ਪ੍ਰੇਰਨਾ ਲੈ ਕੇ ਜੀਵਨ ਸ਼ੈਲੀ ਵਿਚ ਹਰ ਵਿਚਾਰ ਨੂੰ ਪ੍ਰਤੱਖ ਰੂਪ ਵਿਚ ਢਾਲ ਕੇ ਨਿਮਰਤਾ ਤੇ ਹਲੀਮੀ ਭਰੀ ਸਾਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਤੇ ਪ੍ਰਮਾਤਮਾ ਦੀ ਹਰ ਪਹਿਰ ਅਰਾਧਨਾ ਕਰਨੀ ਚਾਹੀਦੀ ਹੈ। ਇਸ ਮੌਕੇ ਕੋਆਰਡੀਨੇਟਰ ਰਾਜਵਿੰਦਰ ਨੇ ਕਿਹਾ ਕਿ ਜਿਉਣ ਦਾ ਸਲੀਕਾ ਗੁਰ-ਮਰਿਆਦਾ ਅਨੁਸਾਰ ਸਰਬ-ਵਿਆਪਕ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਜੀ ਦੇ ਮਹਾਨ ਫਿਲਾਸਫਰ, ਵਿਦਵਾਨ ਤੇ ਮਹਾਨ ਅਗਾਹਵਧੂ ਵਿਚਾਰਾਂ ਦੇ ਧਾਰਨੀ ਸਨ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ ਤੇ ਉਪ-ਚੇਅਰਮੈਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਨੇ ਇਸ ਵਿਸ਼ੇਸ਼ ਮੌਕੇ ਇਕੱਤਰ ਹੋਈ ਸੰਗਤ ਦਾ ਧੰਨਵਾਦ ਕੀਤਾ ਤੇ ਸਰਬੱਤ ਦੇ ਭਲੇ ਦੀ ਅਕਾਲ-ਪੁਰਖ ਅੱਗੇ ਬੇਨਤੀ ਕੀਤੀ। ਇਸ ਵਿਸ਼ੇਸ਼ ਮੌਕੇ ਪ੍ਰਿੰਸੀਪਲ ਸਵਿਤਾ ਕਾਠ, ਲਵਪ੍ਰੀਤ ਕੌਰ, ਕੁਲਜੀਤ ਕੌਰ, ਅੰਮ੍ਰਿਤਪਾਲ ਕੌਰ ਤੇ ਹੋਰ ਮੋਹਤਬਰ ਸਖ਼ਸ਼ੀਅਤਾਂ ਤੋੰ ਇਲਾਵਾ ਅਧਿਆਪਕ ਸਾਹਿਬਾਨ ਤੇ ਵਿਦਿਆਰਥੀਆਂ ਨੇ ਆਪਸੀ ਸਹਿਯੋਗ ਤੇ ਯਤਨਾਂ ਰਾਹੀੰ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਗੁਰੂ ਦੇ ਅਟੁੱਟ ਲੰਗਰ ਨੂੰ ਵਰਤਾਇਆ ਤੇ ਨਿਮਰਤਾ ਸਹਿਤ ਸੇਵਾ ਕੀਤੀ।