ਜੋਗਾ, 1 ਸਤੰਬਰ
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇੰਦਰ ਸੰਗਠਨ ਵੱਲੋ ਦੇਸ ਭਰ ਦੇ ਸਾਰੇ ਜ਼ਿਲਿਆਂ ਵਿਚ ਸਵੱਛਤਾ ਹੀ ਸੇਵਾ ਸੰਕਲਪ ਅਧੀਨ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਸੰਕਲਪ ਅਧੀਨ ਨਹਿਰੂ ਯੁਵਾ ਕੇਦਰ, ਮਾਨਸਾ ਦੇ ਯੂਥ ਅਫਸਰ ਸਰਬਜੀਤ ਸਿੰਘ ਦੀ ਪ੍ਰਧਾਨਗੀ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਦੀ ਰਹਿਨੁਮਾਈ ਹੇਠ ਮਾਈ ਭਾਗੋ ਡਿਗਰੀ ਅਤੇ ਐਜੂਕੇਸ਼ਨ ਕਾਲਜ, ਰੱਲਾ ਦੀਆਂ ਕੌਮੀ ਸੇਵਾ ਯੋਜਨਾ ਇਕਾਈਆਂ ਵੱਲੋ ਸਵੱਛਤਾ ਹੀ ਸੇਵਾ ਸੰਕਲਪ ਹੇਠ ਸਫਾਈ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਕਿਹਾ ਕਿ ਸਫਾਈ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਸਫਾਈ ਦੁਆਰਾ ਇੱਕ ਤੰਦਰੁਸਤ ਸਮਾਜ ਸਿਰਜਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਸਫਾਈ ਅਜੋਕੇ ਸਮੇ ਦੀ ਮੁੱਖ ਲੋੜ ਬਣਦੀ ਜਾ ਰਹੀ ਹੈ ਕਿਉਕਿ ਦਿਨੋ ਦਿਨ ਵਧ ਰਹੀਆਂ ਬਿਮਾਰੀਆਂ ਨਾਲ ਜਨ ਜੀਵਨ ਲਗਾਤਾਰ ਪ੍ਰਭਾਵਿਤ ਹੋ ਰਿਹਾ। ਇਸ ਮੌਕੇ ਐਜੂਕੇਸ਼ਨ ਕਾਲਜ ਦੇ ਕੋਆਰਡੀਨੇਟਰ ਮਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਆਲੇ ਦੁਆਲੇ ਨੂੰ ਸਾਫ ਰੱਖਣਾ ਅਤੇ ਇਸ ਸਬੰਧੀ ਜਾਗਰੂਕਤਾ ਪੈਦਾ ਕਰਨਾ ਸਾਡੀ ਅਹਿਮ ਜਿੰਮੇਵਾਰੀ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਤੰਦਰੁਸਤ ਸਮਾਜ ਦਾ ਨਿਰਮਾਣ ਹੋ ਸਕੇ। ਇਸ ਮੌਕੇ ਪ੍ਰੋਗਰਾਮ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਸਵੱਛਤਾ ਪ੍ਰਤੀ ਜਾਗਰੂਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਰਾਹੀ ਲੋਕਾਂ ਨੂੰ ਸਫਾਈ ਪ੍ਰਤੀ ਚੇਤੰਨ ਕਰਕੇ ਆਲੇ -ਦੁਆਲੇ ਨੂੰ ਸਾਫ ਰੱਖਣ ਦੀ ਮੁੱਖ ਲੋੜ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰੋਗਰਾਮ ਅਫਸਰ ਸ਼ਰਨਜੀਤ ਸਿੰਘ ਨੇ ਕਿਹਾ ਕਿ ਕੌਮੀ ਸੇਵਾ ਯੋਜਨਾ ਦੇਸ ਦੀ ਇੱਕ ਅਜਿਹੀ ਸੰਸਥਾ ਦੇ ਰੂਪ ਵਿਚ ਸਥਾਪਤ ਹੋ ਚੁੱਕੀ ਹੈ ਜਿਸ ਦੁਆਰਾ ਹਰ ਮੁਸੀਬਤ ਨਾਲ ਇਕਮਾਤਰ ਹੋ ਕੇ ਲੜਿਆ ਜਾ ਸਕਦਾ ਹੈ। ਉਨਾ ਕਿਹਾ ਕਿ ਮਹਾਤਮਾਂ ਗਾਂਧੀ ਦੇ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਏ ਉਨਾਂ ਪ੍ਰਤੀ ਸਫਾਈ ਮੁਹਿੰਮ ਨੂੰ ਅਮਲ ਪ੍ਰਦਾਨ ਕਰਦੇ ਹੋਏ ਸੱਚੀ ਸ਼ਰਧਾਜਲੀ ਹੈ। ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ ਅਤੇ ਉਪ-ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਨੇ ਸਫਾਈ ਮੁਹਿੰਮ ਵਿਚ ਵਧ-ਚੜਕੇ ਹਿੱਸਾ ਪਾਉਣ ਦੀ ਗੱਲ ਆਖੀ। ਇਸ ਵਿਸ਼ੇਸ਼ ਮੌਕੇ ਤੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਤੋਂ ਇਲਾਵਾ ਅਸਿ.ਪ੍ਰੋਫੈਸਰ ਧੀਰਾ ਸਿੰਘ, ਮਨਪ੍ਰੀਤ ਕੌਰ ਅਤੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਹਾਜ਼ਰ ਸਨ।