ਜੋਗਾ , 26 ਜੁਲਾਈ (ਕਰਨ ਭੀਖੀ)
ਮਾਈ ਭਾਗੋ ਡਿਗਰੀ ਕਾਲਜ, ਰੱਲਾ ਵਿਖੇ ਪ੍ਰਿੰਸੀਪਲ ਡਾ.ਪਰਮਿੰਦਰ ਕੁਮਾਰੀ ਦੀ ਰਹਿਨੁਮਾਈ ਅਤੇ ਡਿਗਰੀ ਕਾਲਜ ਦੇ ਕੋਆਰਡੀਨੇਟਰ ਅਸਿ.ਪ੍ਰੋਫੈਸਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅਕਾਦਮਿਕ ਸੈਸ਼ਨ 2025-26 ਲਈ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨ ਲਈ ਸ਼ਾਨਦਾਰ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਨਵੇਂ ਵਿਦਿਆਰਥੀਆਂ ਨੂੰ ਅਕਾਦਮਿਕ ਵਾਤਾਵਰਣ, ਸੰਸਥਾਗਤ ਮੁੱਲਾਂ ਅਤੇ ਕਾਲਜ ਵਿੱਚ ਉਪਲਬਧ ਵੱਖ-ਵੱਖ ਸਹਾਇਤਾ ਪ੍ਰਣਾਲੀਆਂ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਅਸਿ.ਪ੍ਰੋਫੈਸਰ ਸ਼ਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੁਆਗਤੀ ਸ਼ਬਦਾਂ ਦੁਆਰਾ ਸੰਬੋਧਨ ਕਰਦਿਆਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਆਕਾਰ ਦੇਣ ਵਿੱਚ ਅਨੁਸ਼ਾਸਨ, ਸਮਰਪਣ ਅਤੇ ਦ੍ਰਿੜਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਸੰਸਥਾ ਦੇ ਸ਼ਾਨਦਾਰ ਇਤਿਹਾਸ, ਇਸਦੀ ਨਿਰੰਤਰ ਅਕਾਦਮਿਕ ਉੱਤਮਤਾ ਅਤੇ ਗੁਣਵੱਤਾ ਵਾਲੀ ਸਿੱਖਿਆ ਦੁਆਰਾ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਇਸਦੀ ਵਚਨਬੱਧਤਾ ‘ਤੇ ਵੀ ਚਾਨਣਾ ਪਾਇਆ। ਪ੍ਰੋਗਰਾਮ ਦੌਰਾਨ ਸਮੂਹ ਫੈਕਲਟੀ ਮੈਂਬਰਾਂ ਦੀ ਵਿਦਿਆਰਥੀਆਂ ਨਾਲ ਰਸਮੀ ਤੌਰ ‘ਤੇ ਜਾਣ-ਪਛਾਣ ਕਰਵਾਈ ਗਈ। ਹਰੇਕ ਵਿਭਾਗ ਦੇ ਮੁਖੀ ਨੇ ਆਪਣੇ ਪਾਠਕ੍ਰਮ, ਅਧਿਆਪਨ ਵਿਧੀਆਂ, ਪ੍ਰੀਖਿਆ ਪ੍ਰਣਾਲੀਆਂ ਅਤੇ ਸਹਿ-ਪਾਠਕ੍ਰਮ ਮੌਕਿਆਂ ਦੀ ਵਿਸਥਾਰਿਤ ਜਾਣਕਾਰੀ ਦਿੱਤੀ। ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਸ਼ਮਸੇਰ ਸਿੰਘ ਨੇ ਵਿਦਿਆਰਥੀਆਂ ਦੇ ਸਨਮੁੱਖ ਅਕਾਦਮਿਕ ਸਿੱਖਿਆ ਦੇ ਮਹੱਤਵ ਬਾਰੇ ਵੱਖ ਵੱਖ ਦਾਰਸ਼ਨਿਕਾਂ ਦੇ ਹਵਾਲੇ ਨਾਲ ਪ੍ਰਭਾਵਸ਼ਾਲੀ ਵਿਚਾਰ ਵਟਾਂਦਰਾ ਕੀਤਾ ਅਤੇ ਸੰਸਥਾ ਦੇ ਅੰਦਰੂਨੀ ਮੁਲਾਂਕਣ , ਹਾਜ਼ਰੀ ਨਿਯਮਾਂ ਅਤੇ ਸ਼ਿਕਾਇਤ ਨਿਵਾਰਨ ਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਧੀਰਾ ਸਿੰਘ ਨੇ ਵਿਦਿਆਰਥੀਆਂ ਦੇ ਸਨਮੁੱਖ ਸਿੱਖਿਅਕ ਜਾਗਰੂਕਤਾ, ਸੰਵੇਦਨਸ਼ੀਲਤਾ, ਰੈਗਿੰਗ ਵਿਰੋਧੀ ਨੀਤੀਆਂ, ਲਾਇਬ੍ਰੇਰੀ ਸੇਵਾਵਾਂ, ਕਰੀਅਰ ਗਾਈਡੈਂਸ ਅਤੇ ਐਨ.ਐਸ.ਐਸ. ਵਰਗੇ ਵਿਭਾਗਾਂ ਦੀਆਂ ਗਤੀਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੀ ਸਮਾਪਤੀ ਦੌਰਾਨ ਸਮੂਹ ਫੈਕਲਟੀ ਮੈਂਬਰਾਂ ਦੁਆਰਾ ਵਿਦਿਆਰਥੀਆਂ ਨੂੰ ਸੰਸਥਾ ਦੁਆਰਾ ਪ੍ਰਦਾਨ ਕੀਤੇ ਗਏ ਡਿਜੀਟਲ ਲਰਨਿੰਗ ਪਲੇਟਫਾਰਮਾਂ, ਆਈ. ਸੀ. ਟੀ-ਸਮਰੱਥ ਕਲਾਸਰੂਮਾਂ, ਸਕਾਲਰਸ਼ਿਪ ਸਕੀਮਾਂ ਅਤੇ ਖੇਡ ਸਹੂਲਤਾਂ ਨਾਲ ਜਾਣੂ ਕਰਵਾਉਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ ਮਨਜੀਤ ਸਿੰਘ ਖਿਆਲਾ ਅਤੇ ਆਫਿਸ ਐਡਮਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਸੰਸਥਾ ਅੰਦਰ ਸਮਾਵੇਸ਼ੀ ਮਾਹੌਲ ਬਣਾਉਣ ਵਿੱਚ ਇਸ ਸ਼ਾਨਦਾਰ ਇੰਡਕਸ਼ਨ ਪ੍ਰੋਗਰਾਮ ਦੀ ਸਫਲਤਾ ਲਈ ਮੁਬਾਰਕਬਾਦ ਕਿਹਾ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਨੇ ਸੰਸਥਾ ਦੇ “ਗਿਆਨ ਅਤੇ ਸਸ਼ਕਤੀਕਰਨ ਲਈ ਸਿੱਖਿਆ” ਦੇ ਆਦਰਸ਼ ਨੂੰ ਦਰਸਾਉਂਦੇ ਹੋਏ ਵਿਦਿਆਰਥੀਆਂ ਲਈ ਸਕਾਰਾਤਮਕ ਉਮੀਦਾਂ ਦੀ ਮਜ਼ਬੂਤ ਨੀਂਹ ਰੱਖੀ ਹੈ।ਇਸ ਮੌਕੇ ਸਮੂਹ ਸ਼ਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ।