ਜੋਗਾ 8 ਅਕਤੂਬਰ
ਬੀਤੇ ਦਿਨੀਂ ਮਾਈ ਭਾਗੋ ਕਾਲਜ ਆਫ ਐਜੂਕੇਸ਼ਨ ਰੱਲਾ ਵੱਲੋਂ ਪ੍ਰਿੰਸੀਪਲ ਡਾ.ਪਰਮਿੰਦਰ ਕੁਮਾਰੀ ਦੀ ਰਹਿਨੁਮਾਈ ਅਤੇ ਕੋਆਰਡੀਨੇਟਰ ਮਨਦੀਪ ਸਿੰਘ ਦੀ ਅਗਵਾਈ ਹੇਠ ਵਿਸ਼ਵ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸੈਮੀਨਾਰ ਦੌਰਾਨ ਬੀ.ਐਡ. ਦੇ ਵਿਦਿਆਰਥੀਆਂ ਨੇ ਚੰਗੇ ਅਧਿਆਪਕ ਦੀ ਸ਼ਖਸੀਅਤ ਸਬੰਧੀ ਵਿਚਾਰ ਪੇਸ਼ ਕੀਤੇ ਸੈਮੀਨਾਰ ਦੌਰਾਨ ਬੀ. ਐਡ. ਭਾਗ ਪਹਿਲਾ ਦੀ ਵਿਦਿਆਰਥਣ ਹਸਤਕਮਲ ਕੌਰ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਖੇਤਰ ਦੀਆਂ ਬਦਲਦੀਆਂ ਲੋੜਾਂ ਮੁਤਾਬਕ ਅਧਿਆਪਕਾਂ ਨੂੰ ਸਿੱਖਣ ਤੇ ਸਿਖਾਉਣ ਦੇ ਤਰੀਕਿਆਂ ਨੂੰ ਬਦਲਣਾ ਚਾਹੀਦਾ ਹੈ, ਅਧਿਆਪਕ ਦੀ ਸ਼ਖਸੀਅਤ ਵਿਦਿਆਰਥੀ ਲਈ ਸਿੱਖਣ ਦਾ ਮੁੱਖ ਸ੍ਰੋਤ ਹੁੰਦੀ ਹੈ ਜਿਸ ਤੋਂ ਸੇਧ ਲੈ ਕੇ ਵਿਦਿਆਰਥੀ ਨੇ ਹੁਨਰ ਸਿੱਖਣ ਹੁੰਦੇ ਹਨ ਇਸ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਲਚਕੀਲਾ ਵਿਵਹਾਰ ਅਪਣਾਉਣ ਦੀ ਲੋੜ ਹੁੰਦੀ ਹੈ। ਸੈਮੀਨਾਰ ਦੌਰਾਨ ਬੀ.ਐਡ ਦੀ ਵਿਦਿਆਰਥਣ ਸੁਖਮਨ ਕੌਰ ਦੁਆਰਾ ਵਿਦਿਆਰਥੀ ਅਤੇ ਅਧਿਆਪਕਾਂ ਨਾਲ ਸਬੰਧਿਤ ਗੇਮਾਂ ਦਾ ਪ੍ਰਦਰਸ਼ਨ ਕਰਵਾਇਆ ਗਿਆ। ਪ੍ਰੋਗਰਾਮ ਇੰਚਾਰਜ ਅਸਿ.ਪ੍ਰੋਫੈਸਰ ਗਿੰਨੀ ਬਾਂਸਲ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਹਿ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਅਸਿ.ਪ੍ਰੋਫੈਸਰ ਧੀਰਾ ਸਿੰਘ ਨੇ ਵਿਦਿਆਰਥੀਆਂ ਨੂੰ ਚੰਗਾ ਸਾਹਿਤ ਪੜ੍ਹਨ ਅਤੇ ਸੱਭਿਆਚਾਰ ਦੀ ਸੰਭਾਲ ਦਾ ਸੁਨੇਹਾ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਗਰਾਮ ਅਫ਼ਸਰ ਸ਼ਰਨਜੀਤ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆਦਾਇਕ ਪ੍ਰਸਾਰਨ ਲਈ ਮੀਡੀਆ ਦੀ ਵਰਤੋਂ ਇੱਕ ਚੰਗਾ ਸਾਧਨ ਹੈ ਪਰ ਇਸ ਦੀ ਸੁਚੱਜੀ ਵਰਤੋਂ ਲਈ ਜਾਗਰੂਕਤਾ ਪੈਦਾ ਕਰਨਾ ਅਧਿਆਪਕ ਦਾ ਮੁੱਖ ਫਰਜ ਹੋਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਤਜੁਰਬਿਆਂ ਦੀ ਸਿੱਖਿਆ ਨਾਲ ਜੋੜਨਾ ਅਤੇ ਚਿੰਤਨ ਕਰਨ ਦੀ ਸਮਰੱਥਾ ਪ੍ਰਦਾਨ ਕਰਨਾ ਚੰਗੇ ਅਧਿਆਪਨ ਦੀ ਨਿਸ਼ਾਨੀ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ ਕੁਲਦੀਪ ਸਿੰਘ ਖਿਆਲਾ ਅਤੇ ਸਕੱਤਰ ਸ੍ਰ ਮਨਜੀਤ ਸਿੰਘ ਖਿਆਲਾ ਨੇ ਵਿਦਿਆਰਥੀਆਂ ਨੂੰ ਵਿਸ਼ਵ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਅਧਿਆਪਨ ਵਰਗੇ ਮਹਾਨ ਕਿੱਤੇ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣ ਦੀ ਗੱਲ ਆਖੀ। ਇਸ ਮੌਕੇ ਅਸਿ.ਪ੍ਰੋਫੈਸਰ ਲਖਬੀਰ ਕੌਰ, ਅਸਿ.ਪ੍ਰੋਫੈਸਰ ਅਮਨਦੀਪ ਕੌਰ, ਅਸਿ.ਪ੍ਰੋਫੈਸਰ ਬੇਅੰਤ ਕੌਰ, ਅਸਿ.ਪ੍ਰੋਫੈਸਰ ਸੁਖਵੀਰ ਕੌਰ, ਅਸਿ.ਪ੍ਰੋਫੈਸਰ ਪਰਗਟ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।