(ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਵਿਸ਼ੇਸ਼)
ਮਾਂ ਬੋਲੀ ਜਾਂ ਮਾਤ ਭਾਸ਼ਾ ਇਨਸਾਨ ਦੀ ਸਭ ਤੋਂ ਪਹਿਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਉਹ ਆਪਣੇ ਪਰਿਵਾਰ, ਘਰ, ਆਪਣੀ ਮਾਂ ਤੋਂ ਆਸਾਨੀ ਨਾਲ ਸਿੱਖਦਾ ਹੈ l ਇਹ ਮਨੁੱਖ ਦੀ ਪਹਿਲੀ ਭਾਸ਼ਾ ਹੁੰਦੀ ਹੈ ਜਿਸ ਨਾਲ ਆਪਣੀ ਸਮਾਜਿਕ ਅਤੇ ਸੱਭਿਆਚਾਰ ਪਹਿਚਾਣ ਪੈਦਾ ਕਰਦਾ ਹੈ, ਦੁਨੀਆ ਵਿੱਚ ਵੱਖ ਵੱਖ ਵੰਨਗੀਆਂ ਦੇ ਲੋਕ ਰਹਿੰਦੇ ਹਨ, ਜੋ ਵੱਖ ਵੱਖ ਸੱਭਿਆਚਾਰ ਅਤੇ ਬੋਲੀਆਂ ਨਾਲ ਸਬੰਧ ਰੱਖਦੇ ਹਨ, ਹਰੇਕ ਵਿਅਕਤੀ ਨੂੰ ਆਪਣੀ ਬੋਲੀ ਤੇ ਮਾਣ ਹੁੰਦਾ ਹੈ ਤੇ ਬੋਲੀ ਹੀ ਸਾਡੀ ਪਹਿਚਾਣ ਅਤੇ ਵਿਅਕਤੀ ਨੂੰ ਪ੍ਰਤੱਖ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਸੰਸਾਰ ਦੀਆਂ ਅਣਗਿਣਤ ਭਾਸ਼ਾਵਾਂ ਵਿੱਚੋਂ ਕੁਝ ਹੀ ਚੋਣਵੀਆਂ ਭਾਸ਼ਾਵਾਂ ਹਨ ਜੋ ਆਪਣੀ ਵਿਲੱਖਣਤਾ ਕਰਕੇ ਪੂਰੀ ਦੁਨੀਆਂ ਵਿੱਚ ਜਾਣੀਆਂ ਜਾਂਦੀਆਂ ਹਨ ਇਹਨਾਂ ਵਿੱਚੋਂ ਪੰਜਾਬੀ ਬੋਲੀ ਅਜਿਹੀ ਭਾਸ਼ਾ ਹੈ ਜਿਸ ਨੂੰ ਆਪਣੇ ਮਣ ਮੱਤੇ ਸੱਭਿਆਚਾਰ ਦੀ ਮੂੰਹ ਬੋਲ ਦੀ ਤਸਵੀਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਪੰਜਾਬੀ ਬੋਲੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਸਿੱਖ ਗੁਰੂ ਸਾਹਿਬਾਨ ਨੇ ਪੰਜਾਬੀ ਨੂੰ ਗੁਰਮੁਖੀ ਲਿਪੀ ਰਾਹੀਂ ਸਰਵਉੱਚ ਥਾਂ ਦੇ ਕੇ ਇਸ ਨੂੰ ਸੰਸਾਰ ਦੀਆਂ ਪ੍ਰਸਿੱਧ ਭਾਸ਼ਾਵਾਂ ਦੇ ਵਿੱਚ ਸਥਾਨ ਦਿੱਤਾ ਹੈ, ਅੱਜ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਇਸ ਵਿੱਚ ਬਹੁਤ ਸਾਰਾ ਸਿੱਖ ਇਤਿਹਾਸ, ਧਾਰਮਿਕ ਪੁਸਤਕਾਂ, ਸਹਿਤ ਅਤੇ ਹੋਰ ਗਿਆਨ,ਵਿਗਿਆਨ ਨਾਲ ਸਬੰਧਿਤ ਪੁਸਤਕਾਂ ਮਾਂ ਬੋਲੀ ਪੰਜਾਬੀ ਵਿੱਚ ਲਿਖੀਆਂ ਹੋਈਆਂ ਹਨ l ਪੰਜਾਬੀ ਭਾਸ਼ਾ ਨਾਲ ਬੋਲਣ ਵਾਲਾ ਬਹੁਤ ਸਾਰਾ ਖਿੱਤਾ ਅੱਜ ਦੁਨੀਆਂ ਦੇ ਵਿੱਚ ਪੰਜਾਬੀ ਮਾਂ ਬੋਲਣ ਕਰਕੇ ਜਾਣਿਆ ਜਾਂਦਾ ਹੈ l ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਇੰਨੀ ਅਮੀਰ ਗੁਣਾਂ ਵਾਲੀ ਪੰਜਾਬੀ ਮਾਂ ਬੋਲੀ ਤੋਂ ਹੁਣ ਅਸੀਂ ਬਿਲਕੁਲ ਬੇਮੁਖ ਹੁੰਦੇ ਜਾ ਰਹੇ ਹਾਂ,ਅਜਿਹੀਆਂ ਚੁਣੌਤੀਆਂ ਵਿੱਚੋਂ ਸਭ ਤੋਂ ਪਹਿਲੀ ਚੁਣੌਤੀ ਇਹ ਹੈ ਕਿ ਅਸੀਂ ਪੱਛਮੀ ਸੱਭਿਆਚਾਰ ਦੇ ਪਿੱਛੇ ਲੱਗ ਕੇ ਅਸੀਂ ਆਪਣੀ ਮਾਂ ਬੋਲੀ ਨੂੰ ਹੌਲੀ ਹੌਲੀ ਪਿੱਛੇ ਕਰਦੇ ਜਾ ਰਹੇ ਹਾਂ, ਕਿਉਂਕਿ ਅੱਜ ਪੰਜਾਬੀ ਦੇ ਕੁਝ ਅਜਿਹੇ ਸ਼ਬਦ ਸਾਡੀਆਂ ਰਸਮਾਂ ਰਿਵਾਜ, ਰਿਸ਼ਤੇ, ਜਿਨਾਂ ਨੂੰ ਕਿ ਅਸੀਂ ਅੰਗਰੇਜੀ ਜਾਂ ਹਿੰਦੀ ਭਾਸ਼ਾਵਾਂ ਵਿੱਚ ਰਲੇਵਾਂ ਕਰਕੇ ਅਸੀਂ ਆਪਣੀ ਮਾਂ ਬੋਲੀ ਦੇ ਸ਼ਬਦਾਂ ਨੂੰ ਵਿਗਾੜਨ ਤੇ ਲੱਗੇ ਹੋਏ ਹਾਂ ਜਿਸ ਕਾਰਨ ਅਸੀਂ ਹੋਰ ਭਾਸ਼ਾਵਾਂ ਦੀ ਸ਼ਬਦ ਜਬਰਦਸਤੀ ਸਾਡੀ ਮਾਂ ਬੋਲੀ ਵਿੱਚ ਅਪਣਾ ਲੈਂਦੇ ਹਾਂ,ਜਿਸ ਕਰਕੇ ਸਾਡੀ ਮਾਂ ਬੋਲੀ ਦੇ ਉਹ ਅਮੀਰ ਸ਼ਬਦ ਅਲੋਪ ਹੁੰਦੇ ਜਾ ਰਹੇ ਹਨ, ਪੰਜਾਬੀ ਮਾਂ ਬੋਲੀ ਦੀ ਅਜੋਕੀ ਸਥਿਤੀ ਵਿੱਚ ਸਿੱਖਿਆ ਸੰਸਥਾਵਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਜੋ ਕਿ ਅੰਗਰੇਜ਼ੀ ਮਾਧਿਅਮ ਨਾਲ ਸੰਬੰਧਿਤ ਹਨ ਉਹਨਾਂ ਸੰਸਥਾਵਾਂ ਦੇ ਵਿੱਚ ਪੰਜਾਬੀ ਬੋਲਣ,ਪੰਜਾਬੀ ਪੜ੍ਹਨ ਉੱਤੇ ਪਾਬੰਦੀ ਲਗਾ ਰੱਖੀ ਹੈ, ਜੇਕਰ ਬੱਚੇ ਆਪਣੀ ਮਾਂ ਬੋਲੀ ਨੂੰ ਬੋਲਦੇ ਹਨ ਤਾਂ ਸਕੂਲ ਸੰਸਥਾਵਾਂ ਵੱਲੋਂ ਉਨਾਂ ਦੇ ਉੱਪਰ ਜੁਰਮਾਨੇ ਲਗਾਏ ਜਾਂਦੇ ਹਨ ਸ਼ਾਇਦ ਇਹ ਦੁਨੀਆ ਦੇ ਵਿੱਚ ਪੰਜਾਬ ਪਹਿਲਾ ਹੀ ਅਜਿਹਾ ਦੇਸ ਜਾ ਪ੍ਰਦੇਸ ਹੋਵੇਗਾ ਜਿੱਥੇ ਕਿ ਆਪਣੀ ਮਾਂ ਬੋਲੀ ਬੋਲਣ ਉੱਪਰ ਜੁਰਮਾਨਾ ਲਗਾਇਆ ਜਾਂਦਾ ਹੈl ਇਸ ਤੋਂ ਇਲਾਵਾ ਅੱਜ ਕੱਲ ਲੋਕ ਆਪਣੀ ਫੋਕੀ ਸ਼ੋਹਰਤ ਦੇ ਲਈ ਵਿਆਹ ਸ਼ਾਦੀਆਂ ਦੇ ਕਾਰਡ ਵੀ ਆਪਣੀ ਮਾਂ ਬੋਲੀ ਵਿੱਚ ਨਹੀਂ ਛੁਪਾਉਂਦੇ, ਉਹ ਅੰਗਰੇਜ਼ੀ ਵਿੱਚ ਕਾਰਡ ਛਪਾਉਣ ਨੂੰ ਆਪਣੀ ਟੌਹਰ ਸਮਝਦੇ ਹਨ, ਅੱਜ ਪੰਜਾਬ ਵਿਚ ਬਹੁਤ ਸਾਰੇ ਮੀਲ ਪੱਥਰਾਂ, ਟ੍ਰੈਫਿਕ ਬੋਰਡ ਉਪਰ ਸਾਨੂੰ ਅੰਗਰੇਜ਼ੀ ਜਾਂ ਹਿੰਦੀ ਭਾਸ਼ਾਵਾਂ ਦੇਖਣ ਨੂੰ ਮਿਲਦੀਆਂ ਹਨ। ਬਹੁਤ ਸਾਰੇ ਸ਼ਹਿਰੀ ਵਰਗ ਜਾਂ ਅਮੀਰ ਵਰਗਾਂ ਨਾਲ ਸੰਬੰਧਿਤ ਲੋਕ ਪੰਜਾਬੀ ਭਾਸ਼ਾ ਨੂੰ ਪੇਂਡੂ ਜਾਂ ਅਨਪੜਾ ਦੀ ਭਾਸ਼ਾ ਸਮਝਣ ਲੱਗ ਪਏ ਹਨ। ਜਿਸ ਕਾਰਨ ਮਾਂ ਬੋਲੀ ਸ਼ਹਿਰਾਂ ਵਿੱਚ ਤਾਂ ਲਗਭਗ ਅਲੋਪ ਹੁੰਦੀ ਜਾ ਰਹੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬੀ ਦਾ ਘੇਰਾ ਬਹੁਤ ਵਿਸ਼ਾਲ ਸੀ ਪਰੰਤੂ ਹੌਲੀ ਹੌਲੀ ਪੰਜਾਬ ਦੀ ਹੁੰਦੀ ਵੰਡ ਨੇ ਹੁਣ ਇਸ ਨੂੰ ਬਿਲਕੁਲ ਸੀਮਤ ਕਰ ਦਿੱਤਾ ਹ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਬਸ ਪੰਜਾਬੀ ਦੇ ਕੁਝ ਗਿਣਵੇਂ ਦਫਤਰਾਂ ਤੱਕ ਹੀ ਸੀਮਤ ਰਹਿ ਗਈ ਹੈ,ਵਿਦੇਸ਼ਾਂ ਵਿੱਚ ਵੱਸਦੀ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਬੋਲੀ ਪ੍ਰਤੀ ਪਿਆਰ ਤੇ ਸਤਿਕਾਰ ਪੰਜਾਬੀ ਵੱਸਦੇ ਪੰਜਾਬੀਆਂ ਨਾਲੋਂ ਵਧੇਰੇ ਵੇਖਣ ਨੂੰ ਮਿਲਦਾ ਹੈ। ਕਿਉਂਕਿ ਉਹ ਆਪਣੀ ਮਿੱਟੀ ਤੇ ਬੋਲੀ ਤੋਂ ਦੂਰ ਰਹਿ ਕੇ ਉਸਦੇ ਪ੍ਰਤੀ ਖਿੱਚ ਹੋਣੀ ਸੁਭਾਵਿਕ ਹੈ। ਪਿਛਲੇ ਕੁਝ ਸਮੇਂ ਤੋਂ ਪ੍ਰਵਾਸੀ ਪੰਜਾਬੀਆਂ ਦਾ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਤੇ ਉਹਨਾਂ ਦੇ ਨਾਮ ਠੇਠ ਭਾਸ਼ਾ ਵਿੱਚ ਰੱਖਣ ਦਾ ਰੁਝਾਨ ਵੀ ਵਧਿਆ ਹੈ ਕਨੇਡਾ ਵਿੱਚ ਪੰਜਾਬੀ ਨੂੰ ਦੇਸ਼ ਦੀ ਤੀਜੀ ਭਾਸ਼ਾ ਦਾ ਦਰਜਾ ਹਾਸਿਲ ਹੈ ਜੋ ਕਿ ਹਰ ਇੱਕ ਪੰਜਾਬੀ ਦੇ ਲਈ ਮਾਣ ਵਾਲੀ ਗੱਲ ਹੈ ਪਰੰਤੂ ਅਸੀਂ ਪੰਜਾਬ ਵਿੱਚ ਰਹਿੰਦੇ ਹੋਏ ਆਂ ਵੀ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ,ਸਾਹਿਤਕਾਰਾਂ ਨੇ ਪੰਜਾਬੀ ਨੂੰ ਜਿਉਂਦੇ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ, ਬੇਸ਼ੱਕ ਲੋਕਾਂ ਦਾ ਰੁਝਾਨ ਸਾਹਿਤ ਵੱਲ ਪਹਿਲਾ ਵਰਗਾ ਨਹੀਂ, ਪਰੰਤੂ ਫਿਰ ਵੀ ਅਨੇਕਾਂ ਪਾਠਕ ਅਜਿਹੇ ਹਨ, ਜੋ ਚੰਗੇ ਸਾਹਿਤ ਦੀ ਹਮੇਸ਼ਾ ਭਾਲ ਵਿੱਚ ਰਹਿੰਦੇ ਹਨ,ਅਜਿਹੇ ਸਹਿਤਕਾਰਾਂ ਦੇ ਕਰਕੇ ਹੀ ਅੱਜ ਪੰਜਾਬੀ ਮਾਂ ਬੋਲੀ ਦਾ ਰੁਤਬਾ ਸਭ ਤੋਂ ਉੱਪਰ ਹੈ ਤੇ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਪੰਜਾਬੀ ਹੋਣ ਦੇ ਨਾਂ ਤੇ ਸਾਨੂੰ ਆਪਣੀ ਮਾਂ ਬੋਲੀ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਤੇ ਉਸਦਾ ਬਣਦਾ ਮਾਣ ਸਤਿਕਾਰ ਆਦਰ ਜਰੂਰ ਕਰਨਾ ਚਾਹੀਦਾ ਹੈ। 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਾ ਦਿਹਾੜਾ ਮਨਾਇਆ ਜਾ ਰਿਹਾ, ਸਾਨੂੰ ਸਾਰੇ ਪੰਜਾਬੀਆਂ ਨੂੰ ਇਸ ਦਿਹਾੜੇ ਨੂੰ ਮਨਾਉਣ ਲਈ ਵੱਖ-ਵੱਖ ਮਾਧਿਅਮ ਜਾਂ ਸਾਧਨਾਂ ਰਾਹੀਂ ਮਾਂ ਬੋਲੀ ਪੰਜਾਬੀ ਦਾ ਸੁਨੇਹਾ ਅਸੀਂ ਘਰ ਘਰ ਤੱਕ ਪਹੁੰਚਾਈਏ ਤਾਂ ਕਿ ਅਸੀਂ ਆਪਣੀ ਮਾਂ ਬੋਲੀ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ
ਪੰਜਾਂ ਪਾਣੀਆਂ ਦੀ ਸ਼ਾਨ
ਮਾਂ ਬੋਲੀ ਪੰਜਾਬੀ ਮੇਰੀ ਪਹਿਚਾਣ
ਹਰਜੀਵਨ ਸਿੰਘ
ਮੋਬ. ਨੰ…+91 89687 43449
ਪੰਜਾਬੀ ਅਧਿਆਪਕ,
ਭਾਈ ਬਹਿਲੋ ਪਬਲਿਕ ਸਕੂਲ, ਫਫੜੇ ਭਾਈ ਕੇ (ਮਾਨਸਾ )
