–ਸਲੱਮ ਏਰੀਆ, ਭੱਠੇ, ਫੈਕਟਰੀਆਂ ਅਤੇ ਘਰਾਂ ਚ ਜਾ ਕੇ ਮਲੇਰੀਆ ਤੋਂ ਬਚਾਅ ਲਈ ਕੀਤਾ ਜਾ ਰਿਹੈ ਕੰਮ
7 ਜੂਨ (ਗਗਨਦੀਪ ਸਿੰਘ) ਬਰਨਾਲਾ: ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ਜਿੰਮੇਵਾਰੀ ਹੈ ਅਤੇ ਇਸ ਲਈ ਹਰ ਇਕ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਕੇ ਸਿਹਤ ਵਿਭਾਗ ਵੱਲੋਂ ਚਲਾਈ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਵੱਲੋਂ ਕੀਤਾ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹਾ, ਬਲਾਕ, ਪਿੰਡ ਪੱਧਰ ਅਤੇ ਸਕੂਲਾਂ ਚ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ ਮੁਨੀਸ਼ ਕੁਮਾਰ ਜ਼ਿਲ੍ਹਾ ਐਪੀਡੋਮੋਲੋਜਿਸਟ, ਗੁਰਮੇਲ ਸਿੰਘ ਢਿੱਲੋਂ, ਸੁਰਿੰਦਰ ਸਿੰਘ ਸਿਹਤ ਸੁਪਰਵਾਇਜਰ ਨੇ ਦੱਸਿਆ ਕਿ ਮਲੇਰੀਆ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਜੇਕਰ ਤੇਜ਼ ਬੁਖਾਰ, ਸਿਰ ਦਰਦ, ਉਲਟੀ ਜੀ ਕੱਚਾ ਹੋਣਾ, ਕਾਂਬੇ ਨਾਲ ਬੁਖਾਰ ਹੋਣ ਤੋਂ ਬਾਅਦ ਸਰੀਰ ਦਰਦ ਅਤੇ ਪਸੀਨਾ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਖੂਨ ਦੀ ਜਾਂਚ ਅਤੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਜੇਕਰ ਮਲੇਰੀਆ ਦਾ ਸਹੀ ਸਮੇਂ ਜਾਂ ਪੂਰਾ ਇਲਾਜ ਨਾਂ ਕਰਵਾਇਆ ਜਾਵੇ ਤਾਂ ਕਈ ਵਾਰੀ ਖਤਰੇ ਦਾ ਕਾਰਨ ਵੀ ਬਣ ਸਕਦਾ ਹੈ। ਇਹ ਮੱਛਰ ਖੜੇ ਸਾਫ ਪਾਣੀ ਵਿਚ ਪੈਦਾ ਹੁੰਦੇ ਹਨ । ਇਹ ਮੱਛਰ ਰਾਤ ਤੇ ਸਵੇਰ ਵੇਲੇ ਕੱਟਦੇ ਹਨ।
ਕੁਲਦੀਪ ਸਿੰਘ ਮਾਨ ਜ਼ਿਲਾ ਮਾਸ ਮੀਡੀਆ ਅਤੇ ਸੂਚਨਾ ਅਫਸਰ , ਹਰਜੀਤ ਸਿੰਘ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾਗਰੂਕਤਾ ਪੈਂਫਲੈਟਸ ਅਤੇ ਸੱਥਾਂ ਚ ਗਰੁੱਪ ਮੀਟਿੰਗਾਂ ਕਰਕੇ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਘਰਾਂ ਦੇ ਆਲੇ ਦੁਆਲੇ ਛੋਟੇ ਟੋਏ, ਟਾਇਰ , ਗਮਲੇ ਅਤੇ ਫਰਿੱਜ ਦੀ ਬੈਕ ਟਰੇਅ ਆਦਿ ਚ ਪਾਣੀ ਹਫਤੇ ਚ ਇੱਕ ਦਿਨ ਸੁੱਕਰਵਾਰ ਨੂੰ ਖੁਸਕ ਦਿਨ ਵਜੋਂ ਮਨਾ ਕੇ ਸੁਕਾਉਣਾ ਚਾਹੀਦਾ ਹੈ।
ਰਾਤ ਨੂੰ ਸੌਣ ਵੇਲੇ ਮੱਛਰਦਾਣੀ , ਮੱਛਰ ਭਜਾਊ ਕਰੀਮਾਂ ਅਤੇ ਤੇਲ ਆਦਿ ਦੀ ਵਰਤੋ ਕਰਨੀ ਚਾਹੀਦੀ ਹੈ ਤੇ ਬੁਖਾਰ ਹੋਣ ਤੇ ਖੂਨ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ।ਸਿਹਤ ਵਿਭਾਗ ਵੱਲੋਂ ਮਲੇਰੀਆ ਦੀ ਦਵਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।