ਦੋ ਦਰਜਨ ਲੋੜਵੰਦਾਂ ਨੂੰ ਪੱਕੇ ਮਕਾਨ ਬਣਾਉਣ ਲਈ ਜਤਿੰਦਰ ਭੱਲਾ ਨੇ ਗਰਾਂਟਾਂ ਦੇ ਵੰਡੇ ਚੈੱਕ
ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਸੂਬੇ ਅੰਦਰ ਰੋਟੀ, ਕੱਪੜਾ ਤੇ ਮਕਾਨ ਤੋਂ ਨਹੀਂ ਰਹੇਗਾ ਵਾਂਝਾ
17 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਸੂਬੇ ਅੰਦਰ ਕਿਸੇ ਵਿਅਕਤੀ ਨੂੰ ਵੀ ਰੋਟੀ, ਕੱਪੜਾ ਤੇ ਮਕਾਨ ਤੋਂ ਵਾਂਝੇ ਨਹੀਂ ਰਹਿਣ ਦਿੱਤਾ ਜਾਵੇਗਾ। ਇਹ ਵਿਚਾਰ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਜਤਿੰਦਰ ਭੱਲਾ ਨੇ ਮਕਾਨ ਬਣਾਉਣ ਲਈ ਲੋੜਵੰਦਾਂ ਨੂੰ ਗਰਾਂਟਾਂ ਦੇ ਚੈੱਕ ਵੰਡਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕੱਚੇ ਮਕਾਨ ਹਨ ਜਾਂ ਬਿਲਕੁਲ ਖਸਤਾ ਹਾਲ ਪੁੱਜ ਗਏ ਹਨ, ਉਨ੍ਹਾਂ ਨੂੰ ਮਕਾਨ ਬਣਾਉਣ ਦੀ ਸਰਕਾਰ ਵੱਲੋਂ ਗਰਾਂਟ ਜਾਰੀ ਕੀਤੀ ਜਾ ਰਹੀ ਹੈ। ਜਤਿੰਦਰ ਭੱਲਾ ਨੇ ਮੰਗਲਵਾਰ ਨੂੰ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਕਰੀਬ ਦੋ ਦਰਜਨ ਲੋੜਵੰਦ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਲਈ ਕਰੀਬ 21 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ। ਇਨ੍ਹਾਂ ਵਿਚ ਪਿੰਡ ਬੱਲੂਆਣਾ, ਚੁੱਘੇ ਖੁਰਦ, ਦਿਓਣ, ਗਹਿਰੀ ਦੇਵੀ ਨਗਰ, ਜੋਧਪੁਰ ਰੋਮਾਣਾ, ਕਟਾਰ ਸਿੰਘ ਵਾਲਾ, ਮੀਆਂ, ਤਿਓਣਾ ਅਤੇ ਵਿਰਕ ਖੁਰਦ ਦੇ ਲੋੋੜਵੰਦ ਸ਼ਾਮਲ ਹਨ। ਉਨ੍ਹਾਂ ਇਸ ਮੌਕੇ ਦੱਸਿਆ ਕਿ ਹਰ ਲੋੜਵੰਦ ਨੂੰ ਮਕਾਨ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 1,20,000 ਦੇ ਜਾਂ ਚੈੱਕ ਦਿੱਤਾ ਗਿਆ ਹੈ ਜਦੋਂ ਕਿ 22 ਹਜਾਰ ਰੁਪਏ ਹੋਰ ਮਕਾਨ ਬਣਾਉਣ ਲਈ ਮਜ਼ਦੂਰੀ ਵਜੋਂ ਲੋੜਵੰਦ ਲੋਕਾਂ ਨੂੰ ਦਿੱਤੇ ਜਾਣਗੇ। ਜਤਿੰਦਰ ਭੱਲਾ ਨੇ ਕਿਹਾ ਕਿ ਮਕਾਨ ਬਣਾਉਣ ਲਈ ਗਰਾਂਟ ਦੇਣ ਤੋਂ ਪਹਿਲਾਂ ਪੂਰੀ ਛਾਣਬੀਨ ਕੀਤੀ ਗਈ ਹੈ ਅਤੇ ਪੂਰੀ ਤਰ੍ਹਾਂ ਲੋੜਵੰਦ ਵਿਅਕਤੀਆਂ ਨੂੰ ਹੀ ਇਹ ਸੂਚੀ ਵਿਚ ਸ਼ਾਮਲ ਕਰਕੇ ਗਰਾਂਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣੀਆਂ ਤਾਂ ਦੂਰ ਸਗੋਂ ਬਹੁਤੇ ਲੋਕ ਕੱਚੇ ਅਤੇ ਖਸਤਾ ਹਾਲ ਮਕਾਨਾਂ ਵਿਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਦਿਹਾਤੀ ਹਲਕੇ ਅੰਦਰ ਜਿਹੜੇ ਲੋੜਵੰਦ ਲੋਕ ਇਸ ਸਕੀਮ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਪੱਕੇ ਮਕਾਨ ਬਣਾਉਣ ਲਈ ਗਰਾਂਟ ਜਾਰੀ ਕੀਤੀ ਜਾਵੇਗੀ। ਭੱਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਉਨ੍ਹਾਂ ਦੇ ਸੂਬੇ ਵਿਚ ਕੋਈ ਵੀ ਵਿਅਕਤੀ ਛੱਤ ਤੋਂ ਵਾਂਝਾ ਨਾ ਹੋਵੇ, ਇਸ ਲਈ ਉਨ੍ਹਾਂ ਵੱਲੋਂ ਪੱਕੇ ਮਕਾਨ ਬਣਾਉਣ ਲਈ ਲੋੜਵੰਦਾਂ ਨੂੰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਭੱਲਾ ਨੇ ਕਿਹਾ ਕਿ ਬਠਿੰਡਾ ਦਿਹਾਤੀ ਹਲਕੇ ਅੰਦਰ ਕਰੀਬ 100 ਵਿਕਾਸ ਦੇ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ, ਜਿਨਾਂ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਰਹਿੰਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਬਠਿੰਡਾ ਸ਼ਹਿਰ ਦੇ ਵੀਡੀਪੀਓ ਬਲਾਕ ਵਿੱਚ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਲੋੜਵੰਦਾਂ ਨੂੰ ਗਰਾਂਟਾਂ ਦੇ ਚੈੱਕ ਤਕਸੀਮ ਕਰਦਿਆਂ ਕਿਹਾ ਕਿ ਉਹ ਹੁਣੇ ਤੋਂ ਹੀ ਆਪਣੇ ਮਕਾਨ ਪੱਕੇ ਬਣਾਉਣ ਦੀ ਤਿਆਰੀ ਕਰ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਲੋੜਵੰਦ ਤਕ ਪਹੁੰਚ ਕਰਕੇ ਉਸਦੀ ਮਦਦ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਠਿੰਡਾ ਦੇ ਬੀਡੀਪੀਓ ਭੁਪਿੰਦਰ ਸਿੰਘ ਅਤੇ ਸੰਗਤ ਦੇ ਬੀਡੀਪੀਓ ਜਗਸਿਮਰਨ ਸਿੰਘ ਸਮੇਤ ਸਮੁੱਚਾ ਸਟਾਫ ਹਾਜ਼ਰ ਰਿਹਾ।