ਅਸੀਂ ਭੂਤਵਾੜਾ ਨਹੀਂ ਵੇਖਿਆ ਪਰ ਕਾਫੀ ਸਾਰੇ ਭੂਤ ਵੇਖੇ ਹਨ, ਜਿਹੜੇ ਭੂਤ ਨਹੀਂ ਵੇਖੇ ਉਨ੍ਹਾਂ ਭੂਤਾਂ ਦੀਆਂ ਕਥਾਵਾਂ ਸੁਣੀਆਂ ਹਨ, ਭੂਤ ਕਥਾਵਾਂ ਵਿੱਚ ਹੀ ਜੀਂਦੇ ਹਨ, ਕਥਾਵਾਂ ਵਿੱਚ ਹੀ ਸੋਹਣੇ ਦਿਸਦੇ ਹਨ। ਪੰਜਾਬ ਦੇ ਬੌਧਿਕ ਅਕਾਦਮਿਕ ਖੇਤਰ ਵਿਚ ਭੂਤਾਂ ਨੇ ਉਹ ਪੈੜਾਂ ਪਾਈਆਂ ਹਨ ਜੋ ਵੱਖਰੀਆਂ ਹੀ ਪਛਾਣੀਆਂ ਜਾ ਸਕਦੀਆਂ ਹਨ(ਬਿਨਾ ਸ਼ੱਕ ਪਛਾਣੀਆਂ ਹੀ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਲੋਕ ਵਿਸ਼ਵਾਸ ਅਨੁਸਾਰ ਭੂਤਾਂ ਦੇ ਪੈਰ ਪੁੱਠੇ ਹੁੰਦੇ ਹਨ)। ਸਾਡੀ ਮੁਰਾਦ 1961-62 ਤੋਂ ਲੈ ਕੇ 1964-65 ਤਕ ਪਟਿਆਲੇ ਵਿਚ ਪੈਦਾ ਹੋਏ ਭੂਤਵਾੜੇ ਤੋਂ ਹੈ। ਮੁਢਲੇ ਤੌਰ ਤੇ ਇਹ ਸ਼ਬਦ ਮਹਿੰਦਰਾ ਕਾਲਜ ਪਟਿਆਲਾ ਦੀ ਐਮ.ਏ.ਪੰਜਾਬੀ ਦੇ 1961-62 ਵਿਚ ਦਾਖਲ ਹੋਏ ਵਿਦਿਆਰਥੀਆਂ ਦੇ ਉਸ ਟੋਲੇ ਨਾਲ ਜੁੜਿਆ ਜਿਹੜਾ ਲੋਅਰ ਮਾਲ ਯਾਨੀ ਫੁਹਾਰਾ ਚੌਂਕ ਤੋਂ ਮਹਿੰਦਰਾ ਕਾਲਜ ਵੱਲ ਜਾਂਦੀ ਸੜਕ ਤੇ ਉਸਤਾਦਾਂ ਦੇ ਉਸਤਾਦ ਪ੍ਰੋਫੈਸਰ ਪ੍ਰੀਤਮ ਸਿੰਘ(ਮਹਾਂਭੂਤ)ਦੇ ਘਰ ਦੇ ਸਾਹਮਣੇ ਇਕ ਸੁੰਨੀ ਜਿਹੀ ਕੋਠੀ ਵਿਚ ਰਹਿੰਦੇ ਸਨ। ਇਸ ਜਮਾਤ ਵਿਚ ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਹਰਬੰਸ ਬਰਾੜ, ਸੁਰਜੀਤ ਬੈਂਸ, ਸੁਰਿੰਦਰ ਚਾਹਲ, ਅਨੂਪ ਸਿੰਘ ਸਨ ਜਦੋਂ ਕਿ ਕੁਲਵੰਤ ਗਰੇਵਾਲ ਇਕ ਜਮਾਤ ਅੱਗੇ ਅਤੇ ਦਰਬਾਰਾ ਸਿੰਘ ਇਕ ਜਮਾਤ ਪਿੱਛੇ ਸਨ। ਪ੍ਰੋਫੈਸਰ ਪ੍ਰੀਤਮ ਸਿੰਘ, ਪ੍ਰੋਫੈਸਰ ਦਲੀਪ ਕੌਰ ਟਿਵਾਣਾ, ਪ੍ਰੋਫੈਸਰ ਗੁਰਚਰਨ ਸਿੰਘ ਅਤੇ ਪ੍ਰੋਫੈਸਰ ਉਮਰਾਓ ਸਿੰਘ ਇਨ੍ਹਾਂ ਦੇ ਅਧਿਆਪਕ ਸਨ ਅਤੇ ਉਸ ਸਮੇਂ ਅੰਗਰੇਜੀ ਦੇ ਪ੍ਰੋਫੈਸਰ ਸੋਮ ਪ੍ਰਕਾਸ਼ ਰੰਚਨ ਅਤੇ ਪ੍ਰੋਫੈਸਰ ਰਾਜਦਾਨ ਵੀ ਇੱਥੇ ਹੀ ਸਨ। ਉਸ ਸਮੇਂ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਗੋਵਰਧਨ ਲਾਲ ਬਖ਼ਸ਼ੀ ਸਨ। ਇਸੇ ਸਮੇਂ ਹੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਬੈਚ ਵੀ 1963-64 ਵਿਚ ਮਹਿੰਦਰਾ ਕਾਲਜ ਦੀ ਇਮਾਰਤ ਵਿਚ ਹੀ ਸ਼ੁਰੂ ਹੋਇਆ । ਸੁਰਜੀਤ ਪਾਤਰ, ਵੀਰ ਸਿੰਘ ਰੰਧਾਵਾ, ਅਜਮੇਰ ਔਲਖ ਅਤੇ ਤਰਲੋਕ ਸਿੰਘ ਅਨੰਦ ਹੋਰੀ ਵਿਦਿਆਰਥੀ ਸਨ। ਮਹਿੰਦਰਾ ਕਾਲਜ ਵਿਚ ਐਮ.ਏ. ਪੰਜਾਬੀ ਅੱਜ ਵੀ ਚਲਦੀ ਹੈ ਪਰ ਪੰਜਾਬੀ ਯੂਨੀਵਰਸਿਟੀ ਬਣਨ ਨਾਲ ਬਹੁਤਾ ਰੁਝਾਨ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਵੱਲ ਹੋ ਗਿਆ, ਉਸ ਸਮੇਂ ਪਹਿਲਾ ਬੈੱਚ ਵੀ ਮਹਿੰਦਰਾ ਕਾਲਜ ਹੀ ਚੱਲਿਆ। ਸੋ ਇਕ ਤਰ੍ਹਾਂ ਨਾਲ 1961 ਤੋਂ 1966 ਤਕ ਮਹਿੰਦਰਾ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਪੜ੍ਹਨ ਵਾਲੇ ਸਾਰੇ ਹੀ ਭੂਤ ਨਹੀਂ ਤਾਂ ਭੂਤਾਂ ਦੇ ਨੇੜੇ ਤੇੜੇ ਅੰਗੀ ਸੰਗੀ ਹੀ ਸਨ। ਜੇ ਇਸ ਭੂਤਵਾੜੇ ਦਾ ਦਾਇਰਾ ਹੋਰ ਵੀ ਵਧਾਉਣਾ ਹੋਵੇ ਤਾਂ ਉਸ ਸਮੇਂ ਦੀਆਂ ਸਾਰੀਆਂ ਹੀ ਵਿਦਿਅਕ ਸੰਸਥਾਵਾਂ ਇਸ ਦੀ ਜੱਦ ਵਿਚ ਆ ਜਾਂਦੀਆਂ ਹਨ ਕਿਉਂਕਿ ਇਸੇ ਸਮੇਂ ਹੀ ਖ਼ਾਲਸਾ ਕਾਲਜ, ਪਟਿਆਲਾ ਵੀ ਜੰਮਣ ਪੀੜਾ ਹੰਢਾ ਰਿਹਾ ਸੀ। ਕੁਝ ਭੂਤ ਉਥੇ ਵੀ ਪੜ੍ਹਦੇ ਪੜ੍ਹਾਉਦੇ ਸੀ। ਪੰਜਾਬੀ ਯੂਨੀਵਰਸਿਟੀ ਦੀਆਂ ਜਮਾਤਾਂ ਵੀ ਮਹਿੰਦਰਾ ਕਾਲਜ ਤੋਂ ਇਲਾਵਾ ਬਾਰਾਂਦਰੀ, ਜੀ.ਸੀ.ਜੀ. ਤੇ ਥਾਪਰ ਵਿਚ ਵੀ ਲਗਦੀਆਂ ਸਨ। ਬਹੁਤੇ ਭੂਤ ਭਾਵੇਂ ਪੰਜਾਬੀ ਦੇ ਸਨ ਪਰ ਕੁਝ ਅੰਗਰੇਜ਼ੀ, ਫਿਲਾਸਫੀ, ਜੁਗਰਾਫੀ ਆਦਿ ਵਿਚ ਵੀ ਤੁਰੇ ਫਿਰਦੇ ਸਨ। ਇਨ੍ਹਾਂ ਭੂਤਾਂ ਵਿਚ ਵਿਦਿਆਰਥੀ ਜੀਵਨ ਵਾਲੇ ਸਾਰੇ ਗੁਣ-ਔਗੁਣ ਸਨ। ਬੱਸ ਗੁਣ ਐਡੇ ਵੱਡੇ ਸਨ ਕਿ ਔਗੁਣ ਵੀ ਗੁਣ ਬਣ ਗਏ।
ਇਹ ਭੂਤ ਸਾਧਨਹੀਣ ਪੇਂਡੂ ਪਿਛੋਕੜ ਵਿਚੋਂ ਸ਼ਹਿਰ ਪੜ੍ਹਨ ਆਏ ਸਨ। ਪੁਰਾਤਨ ਨਿਹੰਗ ਸਿੰਘਾਂ ਵਾਂਗ ਆਪਣੇ ਹੀ ਖ਼ਾਲਸਾਈ ਬੋਲੇ ਸਿਰਜ ਲਏ। ਮਲੰਗੀ ਨੂੰ ਫਲਸਫਾ ਬਣਾ ਲਿਆ, ਮਜ਼ਬੂਰੀਆਂ ਨੂੰ ਗਹਿਣਾ ਬਣਾ ਲਿਆ ਤੇ ਸ਼ੌਕਾਂ ਦੀ ਪੂਰਤੀ ਲਈ ਅਵੱਲੇ ਢੰਗ ਸਿਰਜ ਲਏ। ਅੱਜਕਲ੍ਹ ਦੇ ਮੁੰਡਿਆਂ ਵਾਂਗ ਨਾ ਏਅਰਕੰਡੀਸ਼ਨ ਘਰਾਂ ਵਿਚ ਪੀ.ਜੀ. ਰਹਿ ਸਕਦੇ ਸਨ, ਨਾ ਹੋਸਟਲ, ਨਾ ਹੀ ਮੁੰਡੂ ਰੱਖ ਕੇ ਕਿਸੇ ਤੋਂ ਖਾਣਾ ਬਨਵਾਉਣ ਦੀ ਆਯਾਸ਼ੀ ਕਰ ਸਕਦੇ ਸਨ। ਸੋ ਜੇ ਭਾਂਡੇ ਮਾਂਜਣੇ ਔਖੇ ਲੱਗੇ ਤਾਂ ਮਾਂਜਣੇ ਹੀ ਛੱਡ ਦਿੱਤੇ, ਅਜਿਹਾ ਭਾਂਡਾ ਜੇ ਕਦੇ ਨਵੇਂ ਆਏ ਅਨਜਾਣ ਬਾਲਕੇ ਨੇ ਮਾਂਜ ਦਿੱਤਾ ਤਾਂ ਦੁੱਧ ਦੇਣ ਵਾਲ਼ੇ ਨੇ ਦੁੱਧ ਪਾਉਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਤਾਂ ਭੂਤਾਂ ਦਾ ਭਾਂਡਾ ਹੀ ਨਹੀਂ ਹੈ। ਜੇ ਕੋਈ ਬਾਹਰੋਂ ਮਹਿਮਾਨ ਆ ਗਿਆ ਤਾਂ ਦਰੀਆਂ-ਚਾਦਰਾਂ ਦੀ ਅਣਹੋਂਦ ਕਾਰਨ ਮਹਿਮਾਨ ਨੂੰ ਨਵੇਂ ਅਖ਼ਬਾਰ ਦਾ ਵਿਛਾਉਣਾ ਦੇ ਕੇ ਉਚੇਚ ਕਰ ਦਿੱਤੀ। ਘੋਰੀ ਐਨੇ ਕਿ ਇਕ ਭੂਤ ਨੇ ਆਪਣਾ ਆਸਣ ਕਦੇ ਝਾੜਨਾ ਤਾਂ ਦੂਰ ਹਿਲਾਇਆ ਵੀ ਨਹੀਂ ਸੀ, ਸਿੱਟੇ ਵਜੋਂ ਸਿਰ੍ਹਾਣੇ ਹੇਠ ਸਿਉਂਕ ਲੱਗ ਗਈ। ਖਾਣ-ਪੀਣ ਦੀ ਚੋਰੀ ਨੂੰ ਭੂਤ ਚੋਰੀ ਨਹੀਂ ਸਮਝਦੇ ਸਨ। ਹਰਬੰਸ ਬਰਾੜ ਦੇ ਕਮਰੇ ਵਿਚੋਂ ਘਿਓ ਚੋਰੀ ਕਰ ਲੈਣਾ ਤੇ ਉਸੇ ਘਿਓ ਦਾ ਕੜਾਹ ਕਰਨ ਲੱਗੇ ਤਾਂ ਵਿਚ ਬੀਕਾਸੂਲ ਦੇ ਕੈਪਸੂਲ ਸੁੱਟ ਲੈਣੇ ਕਿ ਕੁਝ ਹੋਰ ਤਾਕਤ ਲੈ ਲਈਏ ਵਰਗੀਆਂ ਗੱਲਾਂ ਆਮ ਸਨ। ਬਾਰਾਂ ਆਨਿਆਂ ਵਾਲ਼ੀ ਸਿਨੇਮੇ ਦੀ ਟਿਕਟ ਲੈਣੀ ਅਤੇ ਉਸ ਵਿਚੋਂ ਵੀ ਚੁਆਨੀ ਡਿੱਗ ਪੈਣੀ ਤਾਂ ਮੂੰਗਫਲੀਆਂ ਵਾਲੇ ਤੋਂ ਉਧਾਰ ਲੈ ਕੇ ਫਿਲਮ ਦੇਖ ਲੈਣੀ ਸਾਧਾਰਨ ਗੱਲ ਸੀ। ਇਹ ਸਭ ਆਮ ਸਾਧਾਰਨ ਗੱਲਾਂ ਸਨ, ਸਾਰਿਆਂ ਦੇ ਵਿਦਿਆਰਥੀ ਜੀਵਨ ਵਿੱਚ ਵਾਪਰਦੀਆਂ ਸਨ। ਇਨ੍ਹਾਂ ਨੂੰ ਅਸਾਧਾਰਨ ਬਣਾਉਂਦਾ ਹੈ, ਇਨ੍ਹਾਂ ਭੂਤਾਂ ਦੀ ਪੜ੍ਹਨ-ਲਿਖਣ ਦੀ ਰੁਚੀ, ਸੂਫੀਆਂ ਵਾਲੀ ਮਲੰਗੀ, ਪੁਰਾਣੇ ਕਮਿਊਨ ਵਰਗੀ ਜੀਵਨ ਸ਼ੈਲੀ, ਜੋਗੀਆਂ ਵਾਲਾ ਤਿਆਗ, ਗੁਰੂ ਘਰਾਂ ਵਰਗੀ ਲੰਗਰ ਪ੍ਰਥਾ, ਆਸ਼ਕਾਂ ਵਰਗਾ ਜਨੂੰਨ, ਦੁੱਲੇ ਵਰਗੀ ਨਾਬਰੀ ਇਹ ਸਾਰੇ ਟਿੱਲੇ ਵਾਲ਼ੇ ਸਾਧ ਸਨ ਅਤੇ ਸਭ ਨੂੰ ਟਿੱਚ ਜਾਣਦੇ ਸਨ। ਇਨ੍ਹਾਂ ਦੀ ਕੋਈ ਬੱਝਵੀਂ ਵਿਚਾਰਧਾਰਾ, ਸਾਂਝਾ ਉਦੇਸ਼ ਜਾਂ ਸੰਗਠਨ ਨਹੀਂ ਸੀ। ਬੱਸ ਇਕੋ ਸਮੇਂ ਵਿਚ ਪੈਦਾ ਹੋਏ ਸਨ, ਇਕੋ ਥਾਂ ਇਕੱਠੇ ਹੋਏ, ਸਭ ਦਾ ਪੜ੍ਹਨ ਲਿਖਣ ਨਾਲ ਨਾਤਾ ਸੀ। ਇਨ੍ਹਾਂ ਵਿਚੋਂ ਵੀ ਇਕ ਪਾਸੇ ਤਾਂ ਕਮਿਊਨਿਸਟ ਵਿਚਾਰਧਾਰਾ ਨਾਲ ਪ੍ਰਣਾਈ ਨਕਸਲਬਾੜੀ ਲਹਿਰ ਦੇ ਇਕ ਗਰੁੱਪ ਦਾ ਮੁਖੀ ਹਰਿਭਜਨ ਸੋਹੀ ਸੀ, ਦੂਜੇ ਪਾਸੇ ਕਿਸੇ ਸਮੇਂ ਲੈਨਿਨ, ਮਾਓ ਤੇ ਨਜ਼ਮਾਂ ਲਿਖਣ ਵਾਲ਼ਾ ਪਰ ਪਿੱਛੋਂ ਸਿੱਖ ਖਾੜਕੂ ਲਹਿਰ ਦਾ ਸਮਰਥਕ ਬਣਨ ਵਾਲ਼ਾ ਹਰਿੰਦਰ ਮਹਿਬੂਬ ਸੀ। ਇਨ੍ਹਾਂ ਵਿਚ ਹੀ ਸੂਖ਼ਮ ਸ਼ਾਇਰ ਨਵਤੇਜ ਭਾਰਤੀ ਸੀ। ਇਨ੍ਹਾਂ ਵਿਚ ਹੀ ਫੌਜ ਦੀ ਨੌਕਰੀ ਕਰਕੇ ਹੁਣ ਕੈਨੇਡਾ ਵਸਦਾ ਸ਼ਾਇਰ ਅਮਰਜੀਤ ਸਾਥੀ ਉਰਫ ਅਮਰਜੀਤ ਟਿਵਾਣਾ ਸੀ ਜਿਸ ਨੇ ਜਾਪਾਨ ਦੀ ਹਾਇਕੂ ਵਿਧਾ ਨੂੰ ਪੰਜਾਬੀ ਵਿਚ ਪ੍ਰਚੱਲਤ ਕਰਨ ਦਾ ਜਨੂੰਨ ਪਾਲ਼ਿਆ ਹੋਇਆ ਹੈ। ਇਨ੍ਹਾਂ ਵਿਚ ਹੀ ਗੁਰਭਗਤ ਸਿੰਘ ਵਰਗਾ ਵਿਦਵਾਨ ਪੈਦਾ ਹੋਇਆ ਜੋ ਮਰਨ ਤਕ ਨੇਮ ਨਾਲ ਹਰ ਰੋਜ਼ 8-00 ਤੋਂ 1-00 ਵਜੇ ਤਕ ਯੂਨੀਵਰਸਿਟੀ ਲਾਇਬ੍ਰੇਰੀ ਵਿਚ ਪੜ੍ਹਦਾ ਲਿਖਦਾ ਰਹਿੰਦਾ ਸੀ। ਉਨ੍ਹਾਂ ਦਾ ਭਰਾ ਸਤਿੰਦਰ ਸਿੰਘ ਨੂਰ ਪੰਜਾਬੀ ਸ਼ਬਦ ਸਭਿਆਚਾਰ ਦਾ ਜਥੇਦਾਰ ਬਣਿਆ ਜਿਸ ਨੇ ਆਪਣੇ ਅਧਿਐਨ/ਅਧਿਆਪਨ ਅਤੇ ਸਿਰਜਣਾਤਮਿਕ ਕਲਾ ਨਾਲ ਦੁਨੀਆਂ ਭਰ ਵਿਚ ਪੰਜਾਬੀ ਦਾ ਡੰਕਾ ਵਜਾਇਆ। ਇੱਥੇ ਹੀ ਅੰਬਰਾਂ ਤੇ ਨਾਂ ਲਿਖਣ ਵਾਲਾ ਕੁਲਵੰਤ ਗਰੇਵਾਲ ਸੀ। ਸੁਰਜੀਤ ਪਾਤਰ ਅਤੇ ਅਜਮੇਰ ਔਲਖ ਸਨ ਜਿਨ੍ਹਾਂ ਨੇ ਪੰਜਾਬੀ ਦੇ ਸਾਹਿਤਕ ਸੰਸਾਰ ਨੂੰ ਚਾਰ ਚੰਦ ਲਾਏ। ਬਹੁਤ ਸਾਰੇ ਭੂਤਵਾੜੇ ਦੇ ਆਰਜੀ ਮੈਂਬਰ ਸਨ। ਕਦੇ ਜਾਂਦੇ ਜਾਂਦੇ ਰਾਤ ਕੱਟ ਗਏ, ਕਦੇ ਰਾਤਾਂ ਕੱਟਦੇ ਕੱਟਦੇ ਰਾਹ ਪੈ ਗਏ, ਕਈ ਜਾਂਦੇ ਜਾਂਦੇ ਇੱਥੇ ਹੀ ਰੁਕ ਗਏ ਤੇ ਰੁਕੇ ਹੀ ਰਹੇ ਜਿਵੇਂ ਫਿ਼ਲਮਾਂ ਵਿਚ ਦ੍ਰਿਸ਼ ਫਰੀਜ਼ ਹੋ ਜਾਂਦੇ ਹਨ। ਅਜਮੇਰ ਰੋਡੇ, ਲੁਧਿਆਣੇ ਪੜ੍ਹਦਾ ਸੀ, ਪਟਿਆਲੇ ਤਾਂ ਐਵੇਂ ਗੇੜਾ ਮਾਰਨ ਆੳਂਦਾ ਸੀ। ਉਸ ਸਮੇਂ ਦੇ ਵੱਡੇ ਸਾਹਿਤਕਾਰ ਸੰਤ ਸਿੰਘ ਸੇਖੋਂ, ਮੋਹਨ ਸਿੰਘ, ਅਤਰ ਸਿੰਘ, ਹਰਿਭਜਨ ਸਿੰਘ ਭੂਤਵਾੜੇ ਤੋਂ ਅਭਿੱਜ ਨਹੀਂ ਸੀ। ਕੁਝ ਮੋਹ ਕਰਦੇ ਸੀ, ਕੁਝ ਰੋਹ ਕਰਦੇ ਸੀ, ਕੁਝ ਡਰਦੇ ਸੀ, ਕੁਝ ਡਰਾਉਂਦੇ ਸੀ। ਕੁਝ ਲੋਕ ਭਾਵੇਂ ਉਸ ਸਮੇਂ ਤਾਂ ਮੌਜੂਦ ਨਹੀਂ ਸਨ ਪਰ ਉਹ ਬਾਅਦ ਵਿਚ ਇਨ੍ਹਾਂ ਭੂਤਾਂ ਨਾਲ ਦੂਰੋਂ ਪਾਰੋਂ ਜੁੜਦੇ ਰਹੇ। ਇਕ ਤਰ੍ਹਾਂ ਨਾਲ ਬੱਤੀ ਨਾਲ ਬੱਤੀ ਲਗਦੀ ਰਹੀ। ਇਹ ਪਰੰਪਰਾ ਤਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕਿਸੇ ਨਾ ਕਿਸੇ ਰੂਪ ਵਿਚ ਹੁਣ ਤਕ ਚਲਦੀ ਹੈ ਅਤੇ ਦਿੱਲੀ-ਕੈਨੇਡਾ ਜਿੱਥੇ-ਜਿੱਥੇ ਭੂਤ ਗਏ ਉਥੇ ਉਥੇ ਆਪੋ ਆਪਣੇ ਚੇਲੇ ਬਾਲਕੇ ਵੀ ਬਣਾਉਂਦੇ ਗਏ। ਇਕ ਤਰ੍ਹਾਂ ਨਾਲ ਹਰ ਯੁੱਗ ਵਿਚ ਸਾਰੇ ਹੀ ਵਿਅਕਤੀਆਂ ਦਾ ਆਪੋ ਆਪਣਾ ਭੂਤਵਾੜਾ ਹੁੰਦਾ ਹੈ।
ਅਸਲ ਵਿਚ ਭੂਤਵਾੜਾ ਪੰਜਾਬ ਦੀ ਬੌਧਿਕ ਪਰੰਪਰਾ ਦਾ ਇਕ ਵੱਖਰਾ ਰੰਗ ਸੀ ਜੋ ਤੱਤ ਵਜੋਂ ਪੰਜਾਬੀ ਸੀ ਪਰ ਇਸ ਦੀਆਂ ਜੜ੍ਹਾਂ ਭਾਰਤੀ ਦਰਸ਼ਨ ਵਿਚ ਸਨ ਪਰ ਇਹ ਭੂਤ ਪੱਛਮ ਵਿਚ ਵਾਪਰ ਰਹੇ ਹਰ ਵਰਤਾਰੇ ਤੋਂ ਜਾਣੂ ਸਨ ਅਤੇ ਉਸ ਨਾਲ ਸੰਵਾਦ ਰਚਾਉਣਾ ਚਾਹੁੰਦੇ ਸਨ। ਉੱਚਿਆਂ ਅੱਗੇ ਨਾਬਰੀ ਤੇ ਨੀਵਿਆਂ ਲਈ ਬਰਾਬਰੀ ਇਨ੍ਹਾਂ ਦੇ ਲਹੂ ਵਿਚ ਰਚੀ ਹੋਈ ਸੀ। ਇਨ੍ਹਾਂ ਵਿਚ ਮੁਰੱਬਿਆਂ ਦਾ ਮਾਲਕ, ਜਾਗ਼ੀਰਦਾਰ ਪਿਓ ਦਾ ਪੁੱਤਰ ਲਾਲੀ ਸੀ ਜਿਸ ਨੇ ਫਕੀਰ ਹੋਣ ਦੀ ਕਲਾ ਵਰਤਾਈ। ਇਨ੍ਹਾਂ ਵਿਚ ਹਲ਼ਵਾਹ ਕਿਸਾਨਾਂ ਦੇ ਪੁੱਤਰ ਸਨ ਜਿਨ੍ਹਾਂ ਕਦੇ ਪਟੜੀਫੇਰ ਪਿੰਡਾਂ ਤੋਂ ਬਾਹਰ ਜੂਹ ਨਹੀਂ ਟੱਪੀ ਸੀ, ਅੱਜ ਦੇਸ਼-ਵਿਦੇਸ਼ ਗਾਹੁੰਦੇ ਫਿਰਦੇ ਹਨ। ਇਨ੍ਹਾ ਵਿਚ ਉਹ ਦਸਤਕਾਰਾਂ ਦੇ ਪੁੱਤਰ ਸਨ ਜਿਨ੍ਹਾਂ ਦੁਨੀਆਂ ਭਰ ਵਿਚ ਕਲਾ ਵਰਤਾਈ। ਧਰਮ ਨਿਰਪੱਖਤਾ, ਜ਼ਾਤ ਨਿਰਪੱਖਤਾ, ਜਮਾਤ ਨਿਰਪੱਖਤਾ ਅਤੇ ਮਾਨਵਵਾਦ ਇਨ੍ਹਾਂ ਨੂੰ ਆਧੁਨਿਕਵਾਦ ਨੇ ਸਿਖਾਇਆ ਸੀ ਪਰ ਆਪਣੀ ਵਿਲੱਖਣ ਹਸਤੀ ਬਨਾਉਣੀ ਇਨ੍ਹਾਂ ਆਪੇ ਸਿੱਖ ਲਈ। ਇਸ ਵਰਤਾਰੇ ਨੂੰ ਸਮਝਣ ਲਈ ਪੰਜਾਬ ਦੀ ਬੌਧਿਕ ਪਰੰਪਰਾ ਦੇ ਇਤਿਹਾਸ ਦੀਆਂ ਪੈੜਾਂ ਫਰੋਲਣੀਆਂ ਪੈਣੀਆਂ ਹਨ। ਅੰਗਰੇਜ਼ਾਂ ਦੇ ਕਬਜ਼ੇ ਹੇਠ ਸਾਰਾ ਪੰਜਾਬ ਆ ਜਾਣ ਨਾਲ ਕੇਵਲ ਪੰਜਾਬ ਦੀ ਧਰਤੀ ਹੀ ਅੰਗਰੇਜ਼ਾਂ ਕੋਲ਼ ਨਹੀਂ ਚਲੀ ਗਈ ਸਗੋਂ ਪੰਜਾਬ ਦੀ ਬੌਧਿਕ ਵਿਰਾਸਤ ਵੀ ਗ੍ਰਹਿਣੀ ਗਈ ਸੀ। ਪੰਜਾਬ ਦੀ ਬੌਧਿਕ ਪਰੰਪਰਾ ਪਹਿਲਾਂ ਵੀ ਮੁਗਲ ਸਲਤਨਤ ਤੋਂ ਦੂਰ ਲੋਕ ਦਾਇਰਿਆਂ ਵਿਚ ਸੂਫ਼ੀਆਂ ਦੀਆਂ ਦਰਗਾਹਾਂ ਵਿਚ, ਸਾਧਾਂ ਦੇ ਡੇਰਿਆਂ ਵਿਚ, ਗੁਰੂ ਘਰਾਂ ਤੇ ਟਕਸਾਲਾਂ ਦੁਆਲੇ ਫੈਲਦੀ ਸੀ। ਰਿਆਸਤੀ ਰਾਜਿਆਂ ਦੇ ਇਰਦ ਗਿਰਦ ਪੈਦਾ ਹੋਣ ਵਾਲੀ ਬੌਧਿਕਤਾ, ਆਧੁਨਿਕਤਾ ਦੀ ਮਾਰ ਹੇਠ ਸੀ। ਇਕ ਤਰ੍ਹਾਂ ਨਾਲ ਸਾਰੀ ਪੰਜਾਬ ਬੌਧਿਕਤਾ ਨੂੰ ਨਵੇਂ ਢੰਗ ਦੀ ਸਿੱਖਿਆ ਪ੍ਰਣਾਲੀ ਨੇ ਅੰਗਰੇਜ਼ ਸਾਮਰਾਜ ਦੀ ਯੂਰਪ ਕੇਂਦਰਤ ਮਰਦਾਵੀਂ ਆਧੁਨਿਕ ਪੱਟੜੀ ਤੇ ਚਾੜ ਲਿਆ ਸੀ। ਉਸ ਸਮੇਂ ਖੇਤੀਬਾੜੀ ਜਾਂ ਖੇਤੀਬਾੜੀ ਆਧਾਰਤ ਲੋਕਾਂ ਦੇ ਬੰਦਿਆਂ ਦੀ ਉੜਾਨ ਆਈ.ਸੀ.ਐਸ.ਕਰਨ ਜਾਂ ਫੌਜ ਵਿਚ ਕਮਿਸ਼ਨ ਲੈਣ ਤਕ ਸੀਮਤ ਸੀ। ਸਾਮਰਾਜ ਤੋਂ ਬਗਾਵਤੀ ਰੁਚੀਆਂ ਵਾਲੇ ਜਾਂ ਤਾਂ ਸਿੱਖਿਆ ਦੇ ਖੇਤਰ ਵਿਚ ਆ ਜਾਂਦੇ ਅਤੇ ਜਾਂ ਫਿਰ ਦੇਸ਼-ਵਿਦੇਸ਼ ਵਿਚ ਸਿਆਸੀ-ਧਾਰਮਿਕ ਸਰਗਰਮੀਆਂ ਵਿਚ ਲੱਗ ਜਾਂਦੇ। ਉਦਾਹਰਨ ਵਜੋਂ ਸ਼ਹੀਦ ਭਗਤ ਸਿੰਘ, ਲਾਲਾ ਹਰਦਿਆਲ, ਬ੍ਰਿਜ ਨਰਾਇਣ, ਸੋਹਣ ਸਿੰਘ ਭਕਨਾ ਆਪੋ ਆਪਣੇ ਢੰਗਾਂ ਨਾਲ ਬੌਧਿਕ ਪਰੰਪਰਾ ਨੂੰ ਅਮੀਰ ਕਰ ਰਹੇ ਸਨ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿੱਖੀ ਅਤੇ ਮਾਰਕਸਵਾਦੀ ਵਿਚਾਰਧਾਰਾ ਬਾਗੀ ਤਬੀਅਤਾਂ ਦੀ ਮਨਪਸੰਦੀ ਸੋਚ ਸੀ। ਅਕਸਰ ਇਹ ਦੋਨੋ ਪਰੰਪਰਾਵਾਂ ਕਰੰਘੜੀ ਪਾ ਕੇ ਚਲਦੀਆਂ ਸਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖੀ ਅਤੇ ਕਮਿਊਨਿਸਟ ਸੋਚ ਦਾ ਤੋੜ-ਵਿਛੋੜਾ ਹੋ ਗਿਆ, ਲਾਹੌਰ ਖੁੱਸ ਗਿਆ ਤੇ ਦਿੱਲੀ ਪੇਸ਼ ਪੈ ਗਈ। ਭਾਰਤੀ ਸੋਚ, ਪੰਜਾਬੀ ਸੋਚ, ਸਿੱਖੀ ਸੋਚ ਅਤੇ ਮਾਰਕਸਵਾਦੀ ਸੋਚ ਵਿਚ ਵੰਡੀਆਂ ਪੈ ਗਈਆਂ। ਘੱਟ ਗਿਣਤੀ ਪੜ੍ਹੀ-ਲਿਖੀ ਸ਼ਹਿਰੀ ਮੱਧ ਸ਼੍ਰੇਣੀ ਦੀਆਂ ਉਚ-ਅਕਾਂਖਿਆਵਾਂ ਪੂਰੀਆਂ ਹੋਣ ਲੱਗੀਆਂ ਪਰ ਬਹੁ-ਗਿਣਤੀ ਪੰਜਾਬੀਆਂ ਦੀਆਂ ਨਿਗੂਣੀਆਂ ਅਕਾਂਖਿਆਵਾਂ ਵੀ ਰੁਲ਼ ਗਈਆਂ। ਆਜ਼ਾਦੀ ਦੇ ਸੁਪਨੇ ਪੂਰੇ ਨਾ ਹੋਣ ਤੇ ਵਿਦਰੋਹੀ ਤੇਵਰ ਤਣਨ ਲੱਗੇ। ਥੁੜਾਂ ਮਾਰਿਆ ਭਾਰਤ ਅੰਨ ਪੱਖੋਂ ਪੰਜਾਬ ਦੀ ਖੇਤੀ ਤੇ ਟੇਕ ਰੱਖ ਰਿਹਾ ਸੀ। ਇਸੇ ਸਮੇਂ ਨਵੇਂ ਅਕਾਦਮਿਕ ਅਦਾਰੇ ਫੁੱਟ ਰਹੇ ਸਨ। ਇਕ ਪਾਸੇ ਨਹਿਰੂ ਦੀ ਮਿਸ਼ਰਤ ਆਰਥਿਕਤਾ ਦਾ ਮਾਡਲ, ਕਾਂਗਰਸੀ ਪਾਰਟੀ ਦੀ ਸਥਿਰ ਹਕੂਮਤ, ਹਰੇ ਇਨਕਲਾਬ ਦੀ ਸ਼ੁਰੂਆਤ, ਪਿੰਡਾਂ ਦੀ ਪੁਨਰ ਵਿਉਂਤਬੰਦੀ ਹੋ ਰਹੀ ਸੀ। ਉਤਸ਼ਾਹ ਅਤੇ ਵੈਰਾਗ, ਉਦਾਸੀ ਅਤੇ ਉਮਾਹ, ਬੇਚੈਨੀ ਤੇ ਟਕਰਾਓ ਇਕੋ ਵੇਲ਼ੇ ਪੰਜਾਬੀ ਮਨ ਨੂੰ ਮੱਲੀ ਬੈਠੇ ਸਨ। ਇਸੇ ਮਾਨਸਿਕ ਘੜਮੱਸ ਵਿਚੋਂ ਭੂਤਵਾੜਾ ਜਨਮ ਲੈਂਦਾ ਹੈ। ਇਸ ਭੂਤਵਾੜੇ ਨੇ ਪੰਜਾਬ ਦੀ ਬੌਧਿਕਤਾ ਨੂੰ ਲੱਗਭਗ ਅੱਧਾ ਦਹਾਕਾ ਸਿੱਧੇ ਤੌਰ ਅਤੇ ਇਕ ਦਹਾਕਾ ਅਸਿੱਧੇ ਤੌਰ ਤੇ ਪ੍ਰਭਾਵਿਤ ਕੀਤਾ। ਨਿਸ਼ਚੇ ਹੀ ਇਹ ਭੂਤਵਾੜਾ ਪੰਜਾਬੀਆਂ ਵੱਲੋਂ ਆਪਣੇ ਕਿਸੇ ਸਭਿਆਚਾਰਕ ਅਵਚੇਤਨ ਦੀ ਤਲਾਸ਼ ਸੀ। ਇਹ ਤਲਾਸ਼ ਭਾਵੇਂ ਕਿਸੇ ਸਿਰੇ ਨਹੀਂ ਲੱਗੀ ਪਰ ਇਸ ਤਲਾਸ਼ ਨੇ ਕਈ ਕੋਨੇ ਫਰੋਲੇ ਨੇ। ਅੱਜ ਦਹਾਕਿਆਂ ਵੀ ਬਾਅਦ ਭੂਤਵਾੜੇ ਨੂੰ ਇਸ ਆਸ ਨਾਲ ਮੁੜ ਯਾਦ ਕੀਤਾ ਜਾਂਦਾ ਹੈ ਕਿ ਆਪੋ ਆਪਣੇ ਭੂਤਵਾੜਿਆਂ ਦੀ ਸਭ ਨੂੰ ਤਲਾਸ਼ ਹੁੰਦੀ ਹੈ ਅਤੇ ਹਰ ਸਮੇਂ ਦਾ ਹਾਣ ਦਾ ਆਪਣਾ ਭੂਤਵਾੜਾ ਹੁੰਦਾ ਹੈ।
ਇਸ ਭੂਤਵਾੜੇ ਦਾ ਕੇਂਦਰੀ ਸੂਤਰਧਾਰ ਲਾਲੀ ਬਾਬਾ ਉਰਫ ਹਰਦਿਲਜੀਤ ਸਿੰਘ ਸਿੱਧੂ ਸੀ। ਲਾਲੀ ਬਾਬੇ ਨੇ ਬਹੁਤ ਸਾਹਿਤ ਪੜ੍ਹਿਆ ਪਰ ਜਿੰਨਾ ਪੜ੍ਹਿਆ ਉਸ ਤੋਂ ਵੱਧ ਜੀਵਿਆ। ਉਹ ਕਲਾ ਸਾਹਿਤ ਦਾ ਚਲਦਾ ਫਿਰਦਾ ਵਿਸ਼ਵਕੋਸ਼ ਸੀ ਜੋ ਜਿਉਂਦੇ ਜੀਅ ਮਿੱਥ ਬਣ ਗਿਆ। ਕਦੇ ਬੋਲਦਾ ਸੀ ਤਾਂ ਸਭ ਨੂੰ ਚੁੱਪ ਕਰਾ ਦਿੰਦਾ ਸੀ, ਹੁਣ ਚੁੱਪ ਹੋ ਗਿਆ ਤਾਂ ਕਿਸੇ ਦਾ ਬੋਲਣ ਨੂੰ ਜੀਅ ਨਹੀਂ ਕਰਦਾ ਸੀ। ਉਸ ਦੇ ਖ਼ਾਸ ਅੰਦਾਜ਼ ਵਿਚ ਹੱਥ ਹਿਲਾਉਣ ਨੂੰ ਉਸ ਦਾ ਹੀ ਸਿਰਜਿਆ ਸਿਧਾਰਥ ਚੰਦ ਲਕੀਰਾਂ ਨਾਲ ਸਥਿਰ ਕਰ ਰਿਹਾ ਹੈ। ਨਵਤੇਜ ਭਾਰਤੀ ਉਸ ਦੀ ਚੁੱਪ ਨੂੰ ਜ਼ੁਬਾਨ ਦੇ ਰਿਹਾ ਹੈ।
ਧੁੱਪ ਚੜ੍ਹਦੇ ਚੇਤ ਦੀ
ਘਾਹ ਤੇ ਬੈਠੇ ਚਾਹ ਪੀਂਦੇ
ਸਤ ਜਣੇ
ਘਾਹ ਵਿਚੋਂ ਇਕ ਹੋਰ ਆਵਾਜ਼ ਉਠਦੀ ਹੈ
ਮੈਂ ਅੰਮੀ ਜੀ ਦੀ ਕਥਾ ਹਾਂ
ਲਾਲੀ ਦੀ ਦਾਦੀ ਦੀ ਕਥਾ
ਮੈਂ ਲਾਲੀ ਦੇ ਲਹੂ ਵਿਚ ਵਗਦੀ ਹਾਂ
ਪਰ ਜਾਣਦੀ ਹਾਂ ਉਹਨੇ ਮੈਨੂੰ ਆਪ ਨਹੀਂ ਕਹਿਣਾ
ਘਰ ਤਿਆਗਣ ਵੇਲੇ ਉਹਨੇ
ਘਰ ਦੀ ਕਥਾ ਵੀ ਤਿਆਗ ਦਿੱਤੀ ਸੀ
ਅੰਮੀ ਜੀ
ਲਾਲੀ ਨੂੰ ਬੂਹਾ ਖੋਲ੍ਹਣ ਲਈ ਹੀ ਜਿਉਂਦੀ ਸੀ
ਮਿਰਤੂ ਆਉਂਦੀ ਤਾਂ ਉਹਨੂੰ ਕਹਿ ਦਿੰਦੀ
ਮੇਰੇ ਪੁਤ ਦਾ ਬੂਹਾ ਕੌਣ ਖੋਲ੍ਹੇਗਾ
ਜਦੋਂ ਕੰਨ ਬੰਦ ਹੋਏ
ਉਹਨੂੰ ਫੇਰ ਵੀ ਸੁਣਦਾ ਰਿਹਾ
ਹਰ ਮਾਂ ਛਾਤੀਆਂ ਨਾਲ ਸੁਣਦੀ
ਛਾਤੀਆਂ ਨਾਲ ਵੇਖਦੀ ਹੈ
ਬੂਹੇ ਤੋਂ ਠਕ ਠਕ ਹੁੰਦੀ ਬਹੁਤ ਮੱਧਮ
ਤੀਜੀ ਟਕੋਰ ਤੇ ਉਹ ਮੰਜੀ ਤੋਂ ਉਠਦੀ
ਟੋਹਣੀ ਚੁੱਕਦੀ ਤੇ ਬੂਹੇ ਵਲ ਤੁਰ ਪੈਂਦੀ
ਟੋਹਣੀ ਕਿਸੇ ਚੀਜ ਨੂੰ ਲਗਦੀ, ਅੰਮੀ ਕਹਿੰਦੀ
ਰਤਾ ਕੁ ਪਾਸੇ ਹੋ ਜਾ ਮੇਰਾ ਪੁਤ ਆਇਐ
ਬੂਹਾ ਖੋਲ੍ਹਦੀ, ਲਾਲੀ ਦੇ ਪੋਲੀ ਜਿਹੀ ਟੋਹਣੀ ਮਾਰਦੀ
ਇਹ ਕੋਈ ਵੇਲ਼ਾ ਐ, ਘਰ ਆਉਣ ਦਾ? ਕਹਿੰਦੀ
ਘਰ ਆਉਣ ਦਾ ਕਿਹੜਾ ਵੇਲਾ ਹੁੰਦੈ, ਅੰਮੀ ਜੀ?
ਲਾਲੀ ਹੱਸ ਕੇ ਪੁੱਛਦਾ
ਅੰਮੀ ਖਿਚ ਕੇ ਉਹਨੂੰ ਛਾਤੀ ਨਾਲ ਲਾ ਲੈਂਦੀ
ਸ਼ਬਦ ਕੰਠ ਵਿਚ ਰੁਕ ਜਾਂਦੇ
ਪੁੱਤਰ, ਜਦੋਂ ਤੂੰ ਆਉਨੈਂ ਓਹੀ ਘਰ ਆਉਣ ਦਾ ਵੇਲਾ ਐ
ਬੱਦਲ ਤੇ ਜੋਗੀ ਜਦੋਂ ਵੀ ਆਉਣ ਵੇਲ਼ਾ ਭਲਾ ਹੋ ਜਾਂਦੈ
ਲਾਲੀ, ਅੰਮੀ ਜੀ ਦਾ ਹੱਥ ਫੜ ਕੇ ਤੁਰਦਾ
ਕਦੇ ਪੰਜ ਮਿੰਟ ਲਗਦੇ ਕਦੇ ਪੰਜ ਜੁਗ
ਉਹ ਬੋਲਦੀ ਜਾਂਦੀ, ਲਾਲੀ ਸੁਣਦਾ
ਉਹ ਕਹਿਦੀ ਮੈਨੂੰ ਲਗਦੈ ਜਿਵੇਂ ਨਿਤ
ਵਿਹੜਾ ਵਡਾ ਹੁੰਦਾ ਜਾਂਦੈ
ਸੂਰਜ ਘਸਮੈਲਾ, ਚੀਜ਼ਾਂ ਗੂੰਗੀਆਂ
ਟੋਹਣੀ ਵੀ ਮਾਰਾਂ ਤਾਂ ਬੋਲਦੀਆਂ ਨਹੀਂ
ਤੂੰ ਆਉਨੈ ਤਾਂ ਲਗਦੈ ਕਦੇ ਗਿਆ ਈ ਨਹੀਂ ਸੀ
ਤੂੰ ਹੀ ਮੇਰਾ ਵੇਲਾ ਹੈਂ ਲੁਕ ਮੀਚਾ ਖੇਡਦਾ
ਅੰਮੀ ਜੀ ਮੰਜੇ ਤੇ ਯਾਦਾਂ ਖਿਲਾਰ ਲੈਂਦੀ ਹੈ
ਖਿਲਾਰਦੀ ਹੈ, ਤਹਿ ਲਾਉਂਦੀ ਹੈ
ਗਲ ਵਿਚ ਪਾਉਂਦੀ ਹੈ
ਕੰਘੀ ਵਿਚ ਵਾਲਾਂ ਵਾਙੂੰ
ਫਸੀਆਂ ਯਾਦਾਂ ਨੂੰ ਸੁਲਝਾਉਂਦੀ ਰਹਿੰਦੀ
ਟਿਕੀ ਰਾਤ ਵਿਚ ਯਾਦਾਂ
ਬਿੱਲੀਆਂ ਵਾਂਗ ਲੜਦੀਆਂ ਹਨ
ਅੰਮੀ ਜੀ ਡੰਗੋਰੀ ਚੁਕ ਕੇ ਯਾਦਾਂ ਨੂੰ ਸ਼ਿਸ਼ਕਾਰਦੇ ਹਨ
ਪਰ ਅਜ ਕਲ ਉਹ ਡਰਨੋਂ ਹਟ ਗਈਆਂ ਹਨ
ਉਹਦੇ ਮੰਜੇ ਤੇ ਅਦਬ ਨਾਲ ਬੈਠਣਾ
ਪਤਾ ਨਹੀਂ ਉਸ ਤੇ ਕੌਣ ਕੌਣ ਬੈਠਾ ਹੋਵੇਗਾ
ਭੂਤਵਾੜੇ ਦਾ ਸਭ ਤੋਂ ਅਹਿਮ ਕਿਰਦਾਰ ਲਾਲੀ ਬਾਬਾ ਸੀ, ਜਿਸ ਨੇ ਸਾਰੀ ਜ਼ਿੰਦਗੀ ਭੂਤਵਾੜੇ ਦੀ ਮਿੱਥ ਜਿਉਂਈ। ਇਸੇ ਕਰਕੇ ਹਰ ਮਿਲਣ ਵਾਲੇ ਬੰਦੇ ਦਾ ਆਪਣੇ ਹਿੱਸੇ ਦਾ ਆਪਣਾ ਲਾਲੀ ਹੈ। ਇਹ ਨਵਤੇਜ ਭਾਰਤੀ ਦੀ ਅੱਖ ਰਾਹੀਂ ਹੋਰ ਤਰ੍ਹਾਂ ਦਿਸਦਾ ਹੈ। ਹਰਪਾਲ ਪੰਨੂ ਨੂੰ ਲਾਲੀ ਤੋਂ ਪਹਿਲਾਂ ਲਾਲੀ ਦਾ ਪਿਓ ਦਿਸਦਾ ਹੈ। ਸਿਧਾਰਥ ਨੂੰ ਲਾਲੀ ਹੋਰੂੰ ਪ੍ਰਭਾਵਿਤ ਕਰਦਾ ਸੀ ਜਿਸਨੂੰ ਅੱਜ ਲਾਲੀ ਦੀ ਉਲਾਦ ਬਾਰੇ ਵੀ ਫਿਕਰਮੰਦੀ ਹੈ। ਨੂਰ ਸਾਹਿਬ ਪਰਿਵਾਰਕ ਪਿਛੋਕੜ ਬਾਰੇ ਤਰਸ਼ਿੰਦਰ ਨੂੰ ਇਸ ਤਰਾਂ ਦਸਦੇ ਹਨ, ”ਲਾਲੀ ਦਾ ਜਿਹੜਾ ਪਿਉ ਸੀ ਨਾ ਉਹ ਮਹਾਰਾਜੇ ਦੇ ਸਰਦਾਰਾਂ ਵਿਚੋਂ ਇੱਕ ਸੀ। ਮਹਾਰਾਜੇ ਪਟਿਆਲਾ ਨੇ ਕ੍ਰਿਕਟ ਟੀਮ ਵੀ ਸਭ ਤੋਂ ਪਹਿਲਾਂ ਬਣਾਈ ਸੀ। ਕ੍ਰਿਕਟ ਦੀ ਗਰਾਉਂਡ ਵੀ ਬਣਾਈ, ਮੈਚ ਹੁੰਦੇ ਸੀ ਇੰਗਲੈਂਡ ਨਾਲ। ਲਾਲੀ ਦਾ ਫ਼ਾਦਰ ਕ੍ਰਿਕਟ ਦਾ ਖਿਡਾਰੀ ਵੀ ਸੀ, ਪਰ ਬਹੁਤ ਵੱਡਾ ਰਾਠ ਆਦਮੀ ਸੀ ਜਗੀਰਦਾਰ, ਪਰ ਉਂਝ ਬਹੁਤ ਅੱਛਾ ਆਦਮੀ ਸੀ। ਲਾਲੀ ਦੇ ਵਿੱਚ ਇਕ ਤਾਂ ਇਹ ਸੀ ਬਈ ਉਹ ਫ਼ਿਉਡਲਿਜ਼ਮ ਤੋਂ ਬਦਲਾ ਲੈਣ ਦੀ ਇੱਛਾ ਰੱਖਦਾ ਸੀ, ਇਕੱਲਾ-ਇਕੱਲਾ ਪੁੱਤਰ ਸੀ, ਜ਼ਮੀਨਾਂ ਤੇ ਦੂਜੀ ਜਾਇਦਾਦ ਛੱਡ ਵੀ ਨਹੀਂ ਸੀ ਸਕਦਾ। ਜਿਹੜੇ ਫ਼ਿਉਡਲ ਮੁੰਡੇ ਨੇ ਜਿਹੜੇ ਪੜ੍ਹ-ਲਿਖ ਵੀ ਜਾਂਦੇ ਨੇ ਤੇ ਵਿਦਰੋਹ ਵੀ ਕਰਦੇ ਨੇ, ਉਹ ਆਪਣੀ ਜਾਇਦਾਦ ਨਹੀਂ ਛੱਡਦੇ। ਲਾਲੀ ਪੜ੍ਹ-ਲਿਖ ਕੇ ਬੰਬੇ ਚਲਾ ਗਿਆ। ਇਹਦੇ ਮਨ ਵਿੱਚ ਸ਼ੌਕ ਉਠਿਆ ਬਈ ਐਕਟਰ ਬਣਿਆ ਜਾਏ, ਪਰ ਐਕਟਰ-ਓਕਟਰ ਕਿਥੇ ਬਣਨਾ ਸੀ, ਪਿਉ ਨੇ ਫਲੈਟ ਵੀ ਲੈ ਦਿੱਤਾ ਬੰਬੇ ‘ਚ ਕੁਝ ਦਿਨ ਰਹਿੰਦਾ ਵੀ ਰਿਹਾ। ਫਿਰ ਬਾਅਦ ‘ਚ ਉਹਦਾ ਜੀਅ ਨਹੀਂ ਲੱਗਿਆ ਬੰਬੇ, ਵਾਪਸ ਆ ਗਿਆ। ਫਿਰ ਇਹ ਪੜ੍ਹਨ-ਲਿਖਣ ‘ਚ ਜ਼ਿਆਦਾ ਲੀਨ ਹੋ ਗਿਆ। ਉਹ ਉਸ ਤਰ੍ਹਾਂ ਨਹੀਂ ਸੀ ਭੂਤਵਾੜੇ ‘ਚ ਰਹਿੰਦਾ, ਉਹਦਾ ਘਰ ਪਟਿਆਲੇ ਹੀ ਸੀ। ਨਾਨਕੇ ਬੁੱਟਰ ਹਨ, ਮੋਗੇ ਕੋਲੇ ਸਨ, ਮੋਗੇ ਉਹਦਾ ਮਾਮਾ ਹੁੰਦਾ ਸੀ ਰਣਜੀਤ ਸਿੰਘ ਗਿੱਲ। ਰਣਜੀਤ ਸਿੰਘ ਗਿੱਲ ਮੋਗੇ ‘ਚ ਜੂਡੀਸ਼ੀਅਲ ਮੈਜਿਸਟਰੇਟ ਹੁੰਦਾ ਸੀ, ਉਹਨੂੰ ਸਰਕਾਰ ਨੇ ਘਰ ਵਿੱਚ ਹੀ ਅਦਾਲਤ ਲਾਉਣ ਦੀ ਇਜਾਜ਼ਤ ਦਿੱਤੀ ਹੋਈ ਸੀ, ਬੜਾ ਪੜ੍ਹਿਆ-ਲਿਖਿਆ ਬੰਦਾ ਸੀ ਉਹ। ਬਾਅਦ ਵਿੱਚ ਉਸਨੂੰ ਫ਼ਿਉਡਲਿਜ਼ਮ ਦੇ ਜਾਣ ਦੇ ਝੋਰੇ ਕਰਕੇ ਬੜਾ ਧੱਕਾ ਲੱਗਾ ਤੇ ਉਹ ਪਾਗਲ ਹੋ ਗਿਆ। ਹੁਣ ਸ਼ਾਇਦ ਉਸਦੀ ਮੌਤ ਹੋ ਚੁੱਕੀ ਐ। ਉਹ ਆਵਦਾ ਸ਼ਰਾਬ ਦਾ ਗਿਲਾਸ ਲੈ ਕੇ ਬਾਜ਼ਾਰ ‘ਚ ਨਿਕਲ ਤੁਰਦਾ ਸੀ। ਉਸਦੇ ਮਨ ਵਿੱਚ ਤਾਂ ਇਹ ਸੀ ਪਈ ਮੈਂ ਜਗੀਰਦਾਰ ਹਾਂ, ਵੈਸੇ ਉਹ ਪੜ੍ਹਿਆ-ਲਿਖਿਆ ਵੀ ਸੀ। ਲਾਲੀ ਵਿੱਚ ਪੜ੍ਹਨ-ਲਿਖਣ ਦੀ ਸਾਰੀ ਗੱਲ ਆਵਦੇ ਮਾਮੇ ਤੋਂ ਆਈ। ਮਾਮੇ ਨਾਲ ਉਹਦਾ ਬਹੁਤ ਜ਼ਿਆਦਾ ਲਗਾਉ ਸੀ। ਲਾਲੀ ਨੇ ਪੜ੍ਹਿਆ ਬਹੁਤ, ਹਰ ਨਵੀਂ ਕਿਤਾਬ ਪਹਿਲਾਂ-ਪਹਿਲਾਂ ਭੂਤਵਾੜੇ ’ਚ ਇੰਟਰਡਿਊਸ ਲਾਲੀ ਨੇ ਹੀ ਕੀਤੀ ਕਿਉਂਕਿ ਉਹ ਆਰਥਿਕ ਤੌਰ ‘ਤੇ ਬੜੇ ਮਜ਼ਬੂਤ ਸੀ। ਹਾਂ ਉਹ ਰਈਸ ਸੀਗੇ ਪਰ ਉਹਨੇ ਲਿਖਿਆ ਕੁਝ ਨਹੀਂ।”
ਜਦੋਂ ਅਸੀਂ ਪਿਛਲੀ ਸਦੀ ਦੇ ਨੌਵੇਂ ਦਹਾਕੇ ਪੰਜਾਬੀ ਯੂਨੀਵਰਸਿਟੀ ਆਏ ਉਸ ਸਮੇਂ ਭੂਤਵਾੜਾ ਬਿੱਖਰੇ ਨੂੰ ਤਿੰਨ ਦਹਾਕੇ ਹੋ ਗਏ ਸਨ। ਸਭ ਆਪੋ ਆਪਣੇ ਰਾਹ ਪਏ ਸਨ। ਖਿੰਡੇ ਪੁੰਡੇ ਭੂਤਵਾੜੇ ਦੀ ਦਰਬਾਨੀ ਤੇ ਸ਼ਹਿਨਸ਼ਾਹੀ ਦੋਨੋ ਲਾਲੀ ਜਿੰਮੇ ਸੀ। ਉਸਨੇ ਹੀ ਝਾੜੂ ਲਗਾਉਣਾ ਸੀ, ਉਸਨੇ ਹੀ ਗੱਦੀ ਬੈਠਣਾ ਸੀ। ਨਵਤੇਜ ਭਾਰਤੀ, ਅਜਮੇਰ ਰੋਡੇ ਅਤੇ ਅਮਰਜੀਤ ਟਿਵਾਣਾ ਸਭ ਕੈਨੇਡਾ ਸੈਟਲ ਹੋ ਗਏ ਸਨ। ਸਤਿੰਦਰ ਸਿੰਘ ਨੂਰ ਦਿੱਲੀ ਯੂਨੀਵਰਸਿਟੀ ਤੋਂ ਚੱਕਰਵਰਤੀ ਸਾਹਿਤਕ ਜਥੇਦਾਰੀ ਚਲਾ ਰਿਹਾ ਸੀ। ਗੁਰਭਗਤ ਸਿੰਘ ਅਮਰੀਕਾ ਤੋਂ ਪੜ੍ਹ ਕੇ ਆਉਂਦਾ ਹੈ, ਅੰਗਰੇਜ਼ੀ ਵਿਭਾਗ ਵਿਚ ਪੜ੍ਹਾਉਂਦਾ ਸੀ ਅਤੇ ਖਾੜਕੂਆਂ ਦੇ ਗੁਣ ਗਾਉਂਦਾ ਸੀ। ਕੁਲਵੰਤ ਗਰੇਵਾਲ ਨੇ ਪੰਜਾਬੀ ਵਿਉਂਤ ਵਿਕਾਸ ਵਿਭਾਗ ਵਿਚ ਅਧਿਆਪਕ ਬਣ ਕੇ ਵਿਹਲੇ ਰਹਿਣ ਦਾ ਸ਼ੌਂਕ ਪਾਲ ਲਿਆ ਸੀ, ਕਦੇ ਕੋਈ ਸ਼ਾਇਰੀ ਦੀ ਸਤਰ ਲਿਖ ਦਿੱਤੀ। ਨਹੀਂ ਤਾਂ ਘਰ ਪਰਿਵਾਰ ਦੀ ਮੌਜ ਸੀ। ਹਰਬੰਸ ਸਿੰਘ ਬਰਾੜ ਦੁਨੀਆਂ ਤੋਂ ਵਿਦਾ ਹੋ ਚੁੱਕਾ ਸੀ। ਹਰਿੰਦਰ ਸਿੰਘ ਮਹਿਬੂਬ ਗੜ੍ਹਦੀਵਾਲ ਕਾਲਜ ਪੜ੍ਹਾਉਂਦਿਆਂ, ਵੱਡੇ ਹੁਜਮ ਵਾਲੀਆਂ ਕਿਤਾਬਾਂ ਲਿਖ ਕੇ ਖਾੜਕੂਆਂ ਦਾ ਮਸੀਹਾ ਬਣ ਗਿਆ ਸੀ। ਪ੍ਰੋ. ਹਰਭਜਨ ਸਿੰਘ ਸੋਹੀ ਨੋਕਰੀ ਨੂੰ ਛੱਡ ਗੁਪਤਵਾਸ ਕੁਲਵਕਤੀ ਵਜੋਂ ਨਕਸਲਬਾੜੀਆਂ ਦੇ ਇਕ ਗਰੁੱਪ ਦੀ ਕਮਾਂਡ ਸੰਭਾਲੀ ਫਿਰਦਾ ਸੀ। ਦਰਬਾਰਾ ਸਿੰਘ ਮਹਿੰਦਰਾ ਕਾਲਜ ਵਿਚ ਪੰਜਾਬੀ ਪੜ੍ਹਾ ਰਿਹਾ ਸੀ। ਇਕ ਤਰ੍ਹਾਂ ਸਭ ਆਪੋ ਆਪਣੀ ਕਬੀਲਦਾਰੀ ਪਾਲਣ ਲੱਗ ਪਏ ਸੀ। ਵਿਚਾਰਧਾਰਕ ਪੱਖੋਂ ਇਕ ਧਿਰ ਖਾੜਕੂਆਂ ਨਾਲ ਤੇ ਇਕ ਧਿਰ ਕਮਿਊਨਿਸਟਾਂ ਦੀ ਸੀ ਪਰ ਬਹੁਤੇ ਅਜ਼ਾਦ ਬੁੱਧੀਜੀਵੀ ਬਣ ਚੁੱਕੇ ਸੀ। ਵਿਦਿਆਰਥੀ ਜੀਵਨ ਦੀ ਮਲੰਗੀ ਨੂੰ ਕਬੀਲਦਾਰੀ ਤੇ ਨੋਕਰੀ ਦੀ ਜੋਗ ਨੇ ਦੁਨੀਆਂਦਾਰੀ ਦੀ ਗਾਡੀ ਰਾਹ ਤੇ ਪਾ ਲਿਆ ਸੀ। ਪੁਰਾਣੇ ਭੂਤ ਇਕ ਦੂਜੇ ਨੂੰ ਕਦੇ ਕਦੇ ਮਿਲਦੇ ਵੀ ਸੀ ਪਰ ਕੋਈ ਸਾਂਝਾ ਸੁਪਨਾ ਜਾਂ ਸਬੱਬ ਨਹੀਂ ਸੀ। ਬੱਸ ਇਕ ਦੂਜੇ ਦੀਆਂ ਤਾਰੀਫ਼ਾਂ ਸਨ ਤੇ ਅਤੀਤ ਨੂੰ ਹੋਰ ਵੱਡਾ ਤੇ ਗਲੋਰੀਫਾਈ ਕਰਨ ਦੀ ਸਾਂਝੀ ਸਿੱਕ ਸੀ। ਅਜਿਹੀ ਸਥਿਤੀ ਵਿਚ ਲਾਲੀ ਬਾਬਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਾਫੀ ਹਾਊਸ ਵਿਚ ਸਾਡੇ ਵਰਗੇ ਨਵੇਂ ਟੋਟਰੂਆਂ ਨੂੰ ਦਰਸ਼ਨ ਦਿੰਦਾ ਸੀ। ਕੱਟੀ ਦਾਹੜੀ, ਕੱਟੇ ਵਾਲ਼, ਥੋੜ੍ਹੇ ਕਾਲੇ–ਬਹੁਤੇ ਚਿੱਟੇ। ਅਤਿ ਸਧਾਰਨ ਪੈਂਟ ਕਮੀਜ਼, ਬਹੁਤੀ ਵਾਰ ਹੱਥ ਵਿਚ ਕਿਤਾਬ, ਗਲ਼ ਲੰਮੀ ਤਣੀ ਵਾਲਾ ਝੋਲਾ, ਤੁਰਦਾ ਫਿਰਦਾ ਦਾਰਸ਼ਨਿਕਤਾ ਦਾ ਮੌਖ਼ਕ ਦਰਿਆ। ਮੈਂ ਹਮੇਸ਼ਾ ਦੂਰੋਂ ਦੇਖਦਾ, ਸੁਣੀਆਂ ਕਹਾਣੀਆਂ ਦੇ ਪ੍ਰਭਾਵ ਅਧੀਨ ਮਿਲ ਬੈਠਣਾ ਸੋਚਦਾ ਪਰ ਸਬੱਬ ਨਾ ਬਣਦਾ। ਮੈਨੂੰ ਉਹ ਕਾਮੂ ਲਗਦਾ ਤੇ ਫੈਸੀਨੇਟ ਕਰਦਾ। ਰਿਸਰਚ ਸਕਾਲਰ ਬਣਨ ਬਾਅਦ ਅਧਿਆਪਕਾਂ ਦੀਆਂ ਕਾਫੀ ਹਾਊਸ ਵਿਚ ਲਗਦੀਆਂ ਮਹਿਫ਼ਲਾਂ ਵਿਚ ਹੋਰ ਅਧਿਆਪਕਾਂ ਕੁਲਵੰਤ ਗਰੇਵਾਲ, ਭੁਪਿੰਦਰ ਸਿੰਘ ਖਹਿਰਾ, ਮੇਹਰ ਸਿੰਘ ਗਿੱਲ, ਸੁਰਿੰਦਰ ਸਿੰਘ ਖਹਿਰਾ, ਕੇਹਰ ਸਿੰਘ ਅਤੇ ਬਲਕਾਰ ਸਿੰਘ ਹੋਰਾਂ ਨਾਲ ਲਾਲੀ ਕੋਲ ਚੁੱਪ ਚਾਪ ਬੈਠਣ ਦਾ ਮੌਕਾ ਮਿਲਿਆ। ਕੁਝ ਦੇਰ ਬਾਅਦ ਇਕੱਲੇ ਹੀ ਲਾਲੀ ਦੀ ਸੰਗਤ ਮਾਣਨ ਦਾ ਮੌਕਾ ਬਣਨ ਲੱਗਾ। ਅੱਧਾ ਸੈੱਟ ਚਾਹ ਤੇ ਅੱਧੀ ਦਿਹਾੜੀ ਗੁਜ਼ਰਨ ਲੱਗੀ। ਮੇਰੇ ਅੰਦਰੋਂ ਲਾਲੀ ਦਾ ਰਹੱਸਮਈ ਉੱਚ ਬੌਧਿਕ ਰੁਤਬਾ ਤਾਂ ਖੁੱਸਦਾ ਗਿਆ ਪਰ ਉਸ ਨੂੰ ਜਾਣਨ ਦੀ ਭੁੱਖ ਵਧੇਰੇ ਵਧ ਗਈ। ਦੱਸਿਆ ਗਿਆ ਸੀ ਬਹੁਤ ਵਿਦਵਾਨ ਹੈ। ਬਿਨਾ ਸ਼ੱਕ ਉਹ ਸਾਰਤਰ ਦੀ ਕਿਤਾਬ ਤੋਂ ਲੈ ਕੇ ਬੰਗਾਲੀ ਨਾਟਕਕਾਰ ਬਾਦਲ ਸਰਕਾਰ ਤਕ, ਸੱਤਿਆਜੀਤ ਰੇਅ ਦੀਆਂ ਫ਼ਿਲਮਾਂ ਤੋਂ ਲੈ ਕੇ ਵਾਨਗਾਗ ਦੀਆਂ ਪੇਂਟਿੰਗ ਤਕ ਹਰ ਵਿਸ਼ੇ ਤੇ ਜਾਣਕਾਰੀ ਦਾ ਭੰਡਾਰ ਸੀ। ਹਰ ਵਿਸ਼ੇ ਤੇ ਬੋਲ ਸਕਦਾ ਸੀ। ਉਸ ਕੋਲ ਆਪਣੇ ਵਿਸ਼ੇ ਬਾਰੇ ਦਲੀਲਾਂ ਦਾ ਸੰਗ੍ਰਹਿ ਹੁੰਦਾ ਸੀ ਪਰ ਜੇ ਇਕ ਤੋਂ ਵੱਧ ਵਾਰ ਸੁਣ ਲੈਣਾ ਤਾਂ ਪਤਾ ਲਗਦਾ ਕਿ ਉਸ ਦੇ ਕੋਈ ਪੱਕੇ ਪੀਡੇ ਵਿਚਾਰ ਨਹੀਂ। ਜੇ ਅੱਜ ਚੈਖਵ ਦੁਨੀਆਂ ਦਾ ਮਹਾਨ ਕਥਾਕਾਰ ਹੈ ਤਾਂ ਕੱਲ੍ਹ ਦੋਸਤੋਵਸਕੀ ਵੀ ਹੋ ਸਕਦਾ ਹੈ। ਅੱਜ ਜੇ ਸਭ ਕੁਝ ਸਾਰਤਰ ਹੈ ਤਾਂ ਕੱਲ੍ਹ ਮੌਰਲੀ ਪੌਂਟੀ ਵੀ ਹੋ ਸਕਦਾ ਹੈ। ਵੱਡੀ ਗੱਲ ਤਾਂ ਇਹ ਹੁੰਦੀ ਕਿ ਚਲਦੇ ਪ੍ਰਸੰਗ ਵਿਚ ਬਾਬੇ ਨੇ ਕਿਹੜੀ ਤੰਦ ਛੋਹੀ ਹੈ, ਦਲੀਲਾਂ ਦਾ ਪਾਣੀ ਜਿੱਧਰ ਵਗ ਪਿਆ, ਓਧਰ ਹੀ ਵਹਾਅ ਬਣ ਜਾਂਦਾ ਸੀ। ਉਸ ਸਮੇਂ ਮੈਂ ਸਿੱਕੇ ਬੰਦ ਮਾਰਕਸਵਾਦੀ, ਯਥਾਰਥਵਾਦੀ ਵਿਗਿਆਨਕ ਤਰਕਸ਼ੀਲ ਵਿਚਾਰਾਂ ਦਾ ਪੱਕਾ ਧਾਰਨੀ ਸੀ। ਮੈਨੂੰ ਇਹ ਗੱਲ ਥੋੜ੍ਹੀ ਅਟਪਟੀ ਲਗਦੀ ਕਿ ਉਸ ਦੇ ਵਿਚਾਰ ਸੰਗਠਿਤ ਅਤੇ ਸਥਿਰ ਕਿਉਂ ਨਹੀਂ ਹਨ ਪਰ ਫੇਰ ਵੀ ਉਸ ਕੋਲ ਸੂਚਨਾਵਾਂ ਦਾ ਭੰਡਾਰ ਸੀ, ਨਿੱਜੀ ਅਨੁਭਵਾਂ ਦਾ ਜੋੜ ਸੀ, ਮੈਂ ਉਸ ਵੱਲ ਖਿੱਚਿਆ ਜਾਂਦਾ ਸੀ ਪਰ ਉਹ ਮੇਰੀ ਪੁੱਛ ਅਨੁਸਾਰ ਉੱਤਰ ਨਾ ਦਿੰਦਾ, ਉਸ ਦਾ ਆਪਣਾ ਹੀ ਮੂਡ ਹੁੰਦਾ।
ਦਲੀਪ ਕੌਰ ਟਿਵਾਣਾ ਨੇ ਨਵਾਂ ਨਾਵਲ ਲਿਖਿਆ। ਇਕ ਬੈਠਕ ਵਿਚ ਪੜ੍ਹਿਆ ਗਿਆ। ਮੈਡਮ ਨੇ ਰਾਇ ਪੁੱਛੀ। ਮੈਡਮ ਅੱਗੇ ਹਮਾਤੜਾਂ ਤੁਮਾਤੜਾਂ ਨੇ ਕੀ ਰਾਇ ਦੇਣੀ ਸੀ। ਲਾਲੀ ਬਾਬਾ ਬੋਲਿਆ ‘ਨਾਵਲ ਛਾਪਣ ਸਮੇਂ ਆਖ਼ੀਰ ਕੁਝ ਪੰਨੇ ਖਾਲੀ ਛੱਡ ਦਿਓ। ਅਗਲਾ ਆਪਣੀ ਰਾਇ ਲਿਖ ਕੇ ਨਾਵਲ ਮੁਕੰਮਲ ਕਰ ਦੇਵੇਗਾ। ਮੈਡਮ ਨੇ ਪੁੱਛਿਆ, ਤੁਸੀਂ ਆਪਣੀ ਰਾਇ ਦੇਵੋ। ਲਾਲੀ ਬਾਬੇ ਨੇ ਫ਼ੁਰਮਾਇਆ, ‘ਮੇਰੀ ਇਹੀ ਰਾਇ ਐ ਆਖਰੀ ਪੰਨੇ ਖਾਲੀ ਛੱਡੇ ਜਾਣ।’ ਉਸ ਸਮੇਂ ਔਂਥਰੋਪੌਲੋਜੀ ਲਿੰਗੂਇਸਟਿਕ ਡਿਪਾਰਟਮੈਂਟ ਹਰਜੀਤ ਗਿੱਲ ਵਾਲੀ ਚੜ੍ਹਤ ਗੁਆ ਚੁੱਕਾ ਸੀ। ਵਿਭਾਗ ਵਿਚ ਐਸ.ਐਸ.ਜੋਸ਼ੀ, ਸੁਰਜੀਤ ਲੀ, ਮੁਖ਼ਤਾਰ ਗਿੱਲ, ਬੀ ਪ੍ਰਕਾਸ਼ਮ ਅਤੇ ਚੰਚਲ ਸਿੰਘ ਕੰਮ ਕਰ ਰਹੇ ਸੀ। ਜੋਗਿੰਦਰ ਸਿੰਘ ਪੁਆਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਚੱਕਰ ਕੱਟ ਕੇ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਲੱਗਾ ਸੀ। ਲਾਲੀ ਬਾਬਾ ਵਿਭਾਗ ਘੱਟ ਹੀ ਜਾਂਦਾ। ਸਿੱਧਾ ਕਾਫੀ ਹਾਊਸ ਹੀ ਆਉਂਦਾ। ਉਸੇ ਸਮੇਂ ਲਾਲੀ ਦੀ ਰਿਟਾਇਰਮੈਂਟ ਹੋਈ। ਉਸ ਸਮੇਂ ਦੇ ਨਿਯਮਾਂ ਅਨੁਸਾਰ ਅਕਸਟੈਂਸ਼ਨ ਵੀ ਹੋਈ। ਪਤਾ ਲੱਗਾ ਕਿ ਅਕਸਟੈਂਸ਼ਨ ਦੀ ਤਨਖਾਹ ਲੈਣ ਲਈ ਕੋਈ ਕੀਤੇ ਕੰਮ ਦੀ ਰਿਪੋਰਟ ਜਮ੍ਹਾਂ ਕਰਾਉਣੀ ਪੈਂਦੀ ਸੀ। ਉਨ੍ਹਾਂ ਨੂੰ ਆਖਿਆ ਗਿਆ ਕਿ ਰਿਪੋਰਟ ਜਮ੍ਹਾਂ ਕਰਵਾਈ ਜਾਵੇ ਨਹੀਂ ਤਾਂ ਤਨਖਾਹ ਵਾਪਿਸ ਜਮ੍ਹਾਂ ਕਰਾਉਣੀ ਪਵੇਗੀ। ਪਤਾ ਚੱਲਿਆ ਕਿ ਉਸ ਨੇ ਤਾਂ ਅਕਸਟੈਂਸ਼ਨ ਦੇ ਸਮੇਂ ਤਨਖਾਹ ਚਾਲੂ ਹੀ ਨਹੀਂ ਕਰਵਾਈ ਸੀ। ਅਜਿਹੀ ਮਸਤ ਮਲੰਗੀ ਸੀ।
ਇਕ ਵਾਰ ਮੈਂ ਪੁੱਛਿਆ ਕੀ ਪੜ੍ਹਨਾ ਚਾਹੀਦਾ ਹੈ? ਬਾਬਾ ਕਹਿੰਦਾ ਲਾਇਬ੍ਰੇਰੀ ਭਰੀ ਪਈ ਹੈ, ਕੁਝ ਵੀ ਪੜ੍ਹ ਲਓ। ਮੈਂ ਕਿਹਾ ਲਾਇਬ੍ਰੇਰੀ ਤਾਂ ਭਰੀ ਪਈ ਐ, ਕਿਹੜੇ ਪਾਸਿਉਂ ਲੱਗੀਏ। ਕਹਿੰਦੇ ਜਿਹੜੇ ਮਰਜੀ ਪਾਸਿਉਂ ਲੱਗਜੋ। ਮੈਂ ਖਹਿੜਾ ਛੱਡਣ ਵਾਲਾ ਨਹੀਂ ਸੀ। ਪੁੱਛਿਆ ਗੋਰਕੀ ਪੜ੍ਹੀਏ ਜਾਂ ਤੁਰਗਨੇਵ? ਕਹਿੰਦੇ ਚੈਖਵ ਜਾਂ ਦੋਸਤੋਵਸਕੀ ਤੋਂ ਵੀ ਪਹਿਲਾਂ ਬਾਲਜ਼ਾਕ ਪੜ੍ਹਨਾ ਚਾਹੀਦੈ। ਫੇਰ ਨੋਬਾਕੋਵ ਦੀ ਲੋਲਿਤਾ ਦੀ ਕਹਾਣੀ ਸੁਨਾਉਣ ਲੱਗੇ। ਮੈਂ ਨਾਵਲ ਪੜ੍ਹਿਆ ਸੀ, ਇਸ ਕਰਕੇ ਭਰਵਾਂ ਹੁੰਗਾਰਾ ਭਰ ਰਿਹਾ ਸੀ ਕਿ ਉਹ ਕਾਂਟਾ ਮੋੜ ਕੇ ਹਮਿੰਗਵੇਂ ਵੱਲ ਲੈ ਗਏ। ਮੈਂ ਫੇਅਰਵੈਲ ਟੂ ਆਰਮਜ਼ ਬਾਰੇ ਕੁਝ ਪੁੱਛਣ ਹੀ ਲੱਗਾ ਸੀ ਕਿ ਉਨ੍ਹਾਂ ਮੰਟੋ ਦੀ ਕਹਾਣੀ ਬਾਰੇ ਗੱਲ ਸ਼ੁਰੂ ਕਰ ਦਿੱਤੀ। ਖ਼ੈਰ ਇਕ ਪਹਿਰ ਦੀ ਮੀਟਿੰਗ ਪਿੱਛੋਂ ਪੁਸਤਕਾਂ ਦੇ ਨਾਂ ਤਾਂ ਬਹੁਤ ਆਏ ਪਰ ਗੱਲ ਕਿਸੇ ਤਣ–ਪੱਤਣ ਨਾ ਲੱਗੀ। ਇਕ ਹੋਰ ਦਿਨ ਮੈਂ ਪੁੱਛਿਆ, ‘ਬਾਬਿਓ ਪੰਜਾਬੀ ਵਿਚ ਕੌਣ ਵਧੀਆ ਲਿਖਦਾ ਹੈ? ਕਹਿੰਦੇ, ‘ਕਹਿਣ ਨੂੰ ਤਾਂ ਸਾਰੇ ਵਧੀਆ ਲਿਖਦੇ ਐ ਪਰ ਲਿਖਣਾ ਕੋਈ ਬੰਗਾਲੀਆਂ ਤੋਂ ਸਿੱਖੇ। ਬੰਗਾਲੀਆਂ ਤੋਂ ਗੱਲ ਸੱਤਿਆਜੀਤ ਰਾਹੀਂ ਫ਼ਿਲਮ ਇੰਡਸਟਰੀ ਵਿਚ ਵੜ ਗਈ ਜੋ ਸਿਤਾਰਾ ਦੇਵੀ ਤੋਂ ਲੈ ਕੇ ਸਮਤਾ ਪਾਟਿਲ ਤਕ ਘੁੰਮਦੀ ਰਹੀ ਪਰ ਇਹ ਸਾਰੀਆਂ ਗੱਲਾਂ ਤਾਂ ਪਿਆਜ਼ ਦੇ ਛਿਲਕਿਆਂ ਨਿਆਈਂ ਹੀ ਸੀ, ਬਦਾਮ ਦੀ ਗਿਰੀ ਤਾਂ ਉਹ ਆਪ ਹੀ ਖਾ ਜਾਂਦੇ ਸੀ। ਉਨ੍ਹਾਂ ਕੋਲ ਪੜ੍ਹਨ ਦਾ ਆਨੰਦ ਸੀ, ਸਰੋਤੇ ਪੱਲੇ ਤਾਂ ਲਾਲੀ ਨੂੰ ਸੁਣਨ ਦਾ ਆਨੰਦ ਹੀ ਸੀ।
ਪਹਿਲਾਂ ਪਹਿਲ ਉਨ੍ਹਾਂ ਦੀਆਂ ਸਾਹਿਤ ਸਭਿਆਚਾਰ ਤੇ ਕਲਾ ਬਾਰੇ ਗੱਲਾਂ ਤਲਿਸਮ ਸਿਰਜਦੀਆਂ। ਮੈਂ ਮੰਤਰ ਮੁਗਧ ਹੋ ਕੇ ਸੁਣਦਾ। ਹੌਲੀ ਹੌਲੀ ਤਲਿਸਮ ਘਟਣ ਲੱਗਿਆ। ਵੈਸੇ ਵੀ ਮੈਨੂੰ ਵਿਦੇਸ਼ੀ ਸਿਰਜਣਾਤਮਿਕ ਸਾਹਿਤ ਦੀ ਬਜਾਇ ਸਿਧਾਂਤਕ ਪੁਸਤਕਾਂ ਵਧੇਰੇ ਖਿੱਚ ਪਾਉਂਦੀਆਂ। ਸੋਸਿਊਰ, ਬਾਰਥ ਪਿੱਛੇ ਰਹਿ ਗਏ। ਲਿਓਤਾਰਦ ਤੇ ਬੌਦਰੀਲਾਰਦ ਖਿੱਚ ਪਾਉਣ ਲੱਗੇ। ਮੇਰੀ ਦਿਲਚਸਪੀ ਘੱਟ ਗਈ। ਲਾਲੀ ਬਾਬਾ ਅਜੇ ਵੀ ਕਾਫੀ ਹਾਊਸ ਆਉਂਦਾ, ਬੈਠਦਾ, ਕੁਝ ਪੁਰਾਣੇ ਅਧਿਆਪਕ ਮਿਲਦੇ, ਕੁਝ ਨਵੇਂ ਰਿਸਰਚ ਸਕਾਲਰ ਗੱਲਾਂ ਸੁਣਦੇ ਪਰ ਉਸ ਦੀਆਂ ਗੱਲਾਂ ਘਟ ਗਈਆਂ। ਹੱਥਾਂ ਦੇ ਇਸ਼ਾਰੇ ਵਧ ਗਏ। ਕਾਫੀ ਹਾਊਸ ਉੱਜੜ ਗਿਆ ਤੇ ਅਖੀਰ ਬੰਦ ਹੋ ਗਿਆ। ਬਾਬੇ ਦੇ ਚੱਕਰ ਘਟ ਗਏ। ਪਤਾ ਲੱਗਾ ਕਿ ਉਹ ਮਿਊਟ ਹੋ ਗਿਆ ਤੇ ਇਕ ਦਿਨ ਤੁਰ ਗਿਆ ਭਰਿਆ ਭਰਿਆ, ਸੱਖਣਾ ਸੱਖਣਾ। ਪਿੱਛੇ ਰਹਿ ਗਈਆਂ ਯਾਦਾਂ, ਯਾਦਾਂ ਨਾਲ ਜੁੜੀ ਮੌਖਿਕ ਇਤਿਹਾਸਕਾਰੀ।
ਕੁੱਲ ਕਹਾਣੀ ਤਾਂ ਏਨੀ ਕੁ ਹੈ ਕਿ ਜਿਲਾ ਸੰਗਰੂਰ ਦੇ ਪਿੰਡ ਫਤਿਹਗੜ੍ਹ ਦੇ ਜਾਗੀਰਦਾਰ ਪਰਿਵਾਰ ਦਾ ਪੁੱਤਰ ਹਰਦਿਲਜੀਤ ਸਿੰਘ ਸਿੱਧੂ(ਲਾਲੀ)ਦੀ ਤਰਜ਼ੇ ਜ਼ਿੰਦਗੀ ਨਾ ਮੱਧਕਾਲੀ ਜਾਗ਼ੀਰਦਾਰਾਂ ਵਾਲੀ ਸੀ ਅਤੇ ਨਾ ਹੀ ਆਧੁਨਿਕ ਪ੍ਰੋਫ਼ੈਸਰਾਂ ਵਾਲੀ। ਉਸ ਦੀ ਜ਼ਿੰਦਗੀ ਸੂਫ਼ੀ ਫ਼ਕੀਰਾਂ ਵਾਲੀ ਸੀ ਜਿਸ ਨੇ ਸਭ ਕੁਝ ਤਿਆਗਿਆ ਹੋਵੇ। ਜਾਗੀਰਦਾਰੀ ਸ਼ਾਨ ਵੀ ਤੇ ਆਧੁਨਿਕ ਸ਼ਹਿਰੀ ਐਸ਼ੋ–ਇੱਸ਼ਰਤ ਵਾਲੀਆਂ ਸੁਖ ਸਹੂਲਤਾਂ ਵੀ। ਅਸਲ ਵਿਚ ਤਾਂ ਜਾਗ਼ੀਰਦਾਰੀ ਨੇ ਤਾਂ ਹੀ ਬਚਣਾ ਸੀ ਜੇ ਉਸ ਨੇ ਬੁਰਜੂਆਜੀ ਨਾਲ ਸਮਝੌਤਾ ਕਰਕੇ ਇਕ ਪਾਸੇ ਤਾਂ ਮੁਜ਼ਾਰਿਆਂ ਤੇ ਰੋਹਬ ਪਾਉਣ ਲਈ ਅਸਲਾ, ਸ਼ਿਕਾਰੀ ਕੁੱਤੇ, ਕੌਲੀ ਚੱਟ ਬਦਮਾਸ਼ ਅਤੇ ਨੋਕਰਾਂ ਦੀ ਫੌਜ ਰੱਖੀ ਹੋਵੇ। ਦੂਜੇ ਪਾਸੇ ਜ਼ਮੀਨਾਂ ਬਚਾਉਣ ਲਈ ਮੀਸਣਾਪਣ, ਭਲੇ ਦਾਨੀ ਹੋਣ ਦੀ ਛੱਬ ਅਤੇ ਕੁਝ ਸਿਆਸਤ ਤੇ ਕੁਝ ਸਰਕਾਰੀ ਅਫਸਰਾਂ ਨਾਲ ਮੇਲ ਮਿਲਾਪ ਰੱਖਿਆ ਹੋਵੇ। ਲਾਲੀ ਇਨ੍ਹਾਂ ਰਾਹਾਂ ਤੋਂ ਅਨਜਾਣ ਹੀ ਨਹੀਂ ਸਗੋਂ ਤਿਆਗੀ ਰਿਹਾ। ਅੱਗੋਂ ਲਾਲੀ ਦੇ ਧੀਆਂ ਪੁੱਤਰਾਂ ਦਾ ਪਿਛੋਕੜ ਤਾਂ ਜਾਗੀਰਦਾਰੀ ਸੀ ਤੇ ਇੱਛਾਵਾਂ ਆਧੁਨਿਕ ਸਾਰੀਆਂ ਸੁੱਖ ਸਹੂਲਤਾਂ ਨੂੰ ਭੋਗਣ ਦੀਆਂ ਸਨ ਪਰ ਇਸ ਲਈ ਕੀਤੇ ਜਾਣ ਵਾਲੇ ਸਾਰੇ ਮਿਹਨਤੀ ਅਤੇ ਮੀਸਣੇ ਦੋਵਾਂ ਕਾਰਜਾਂ ਤੋਂ ਅਨਜਾਣ ਸਨ। ਮੱਧ ਵਰਗੀ ਸ਼ਹਿਰੀ ਨੋਕਰੀਸ਼ੁਦਾ ਜ਼ਿੰਦਗੀ ਸੰਜਮ ਅਤੇ ਜੁਗਾੜ ਨਾਲ ਚਲਦੀ ਹੈ। ਟੱਬਰ ਸੰਜਮੀ ਨਹੀਂ ਸੀ ਅਤੇ ਲਾਲੀ ਜੁਗਾੜੀ ਨਹੀਂ ਸੀ। ਬੱਚੇ ਯਾਦਵਿੰਦਰਾ ਸਕੂਲ ਵਿਚ ਪੜ੍ਹੇ, ਚੰਗੀਆਂ ਗੱਡੀਆਂ ਵਿਚ ਘੁੰਮੇ, ਵਧੀਆ ਕੋਠੀਆਂ ਵਿਚ ਰਹੇ, ਆਪਣੀ ਤਰਜ਼ ਦੀ ਸ਼ਹਾਨਾ ਜ਼ਿੰਦਗੀ ਵਿਚ ਪਲੇ ਪਰ ਇਸੇ ਲਾਲੀ ਪਰਿਵਾਰ ਕੋਲ ਆਖਰੀ ਸਮੇਂ ਸਿਰ ਲੁਕਾਉਣ ਲਈ ਛੱਤ ਮਸਾਂ ਹੀ ਬਚੀ ਸੀ। ਮਾਲ ਰੋਡ ਵਾਲੀ ਕੋਠੀ ਨਵਜੋਤ ਸਿੰਘ ਸਿੱਧੂ ਕੋਲ ਵਿਕ ਚੁੱਕੀ ਸੀ। ਲਾਲੀ ਦੀ ਦੁਨੀਆਂ ਹੋਰ ਤੇ ਪਰਿਵਾਰ ਦੀ ਦੁਨੀਆਂ ਹੋਰ ਸੀ। ਉਹ ਪਰਿਵਾਰ ਵਿਚ ਵੀ ਆਊਟ ਸਾਈਡਰ ਹੀ ਸੀ। ਆਪ ਸਹੇੜੀ ਫ਼ਕੀਰੀ ਤੋਂ ਵੀ ਬੇਲਾਗਤਾ ਦਾ ਸ਼ਿਕਾਰ ਸੀ।
ਮਹਿਫ਼ਲ ਵਿਚ ਬੈਠੇ, ਹੱਥ ਵਿਚ ਪੈੱਗ ਹੈ, ਹੌਲੀ ਹੌਲੀ ਸਿੱਪ ਕਰ ਰਹੇ ਹਨ। ਸਾਰੇ ਰੌਲਾ ਪਾਉਂਦੇ ਹਨ, ਚੱਕੋ ਚੱਕੋ, ਉਹ ਸਹਿਜ ਨਾਲ ਆਖਦੇ ਹਨ, ‘ਕਾਹਲੀ ਕਾਹਦੀ ਐ?’ ਮਿੱਤਰ ਦੇ ਘਰ ਮਹਿਫ਼ਲ ਹੈ, ਮਿੱਤਰ ਪਤਾ ਨਹੀਂ ਘਰਵਾਲੀ ਦੇ ਦਬਾਅ ਕਾਰਨ ਜਾਂ ਮਹਿਫ਼ਲ ਦੇ ਖਰਚ ਤੋਂ ਡਰ ਕੇ ਅਚਾਨਕ ਮਹਿਫ਼ਲ ਖਤਮ ਹੋਣ ਦਾ ਐਲਾਨ ਕਰ ਦਿੰਦਾ ਹੈ। ਸਾਰੇ ਪੈੱਗ ਪੀ ਕੇ ਉੱਠ ਖੜ੍ਹਦੇ ਹਨ। ਬਾਬਾ ਉੱਥੇ ਹੀ ਅੱਧ ਪੀਤਾ ਪੈੱਗ ਛੱਡ ਦਿੰਦਾ ਹੈ। ਕਿਸੇ ਹੋਰ ਮਿੱਤਰ ਦੇ ਘਰ ਮਹਿਫ਼ਲ ਜਾ ਜੁੜਦੀ ਹੈ। ਸਾਰੇ ਅੱਧ ਵਿਚਾਲੇ ਮਹਿਫ਼ਲ ਬਰਖ਼ਾਸਤ ਕਰਨ ਵਾਲੇ ਮਿੱਤਰ ਦੀ ਅਹੀ ਤਹੀ ਫੇਰਦੇ ਹਨ ਪਰ ਲਾਲੀ ਬਾਬਾ ਸਹਿਜ ਹੀ ਆਖਦਾ ਹੈ, ‘ਫੇਰ ਕੀ ਹੋਇਆ?’
ਉਸ ਨੇ ਪੁਸਤਕਾਂ ਨਹੀਂ ਲਿਖੀਆਂ, ਚੇਲੇ ਨਹੀਂ ਮੁੰਨੇ, ਉਹ ਮੌਖਿਕਤਾ ਦਾ ਬਾਦਸ਼ਾਹ ਸੀ। ਸਾਹਿਤ, ਸਭਿਆਚਾਰ, ਸਿਨੇਮਾ, ਕਲਾ, ਰਾਜਨੀਤਿਕ ਹਲਚਲ ਸਭ ਉਸ ਦੇ ਵਿਸ਼ੇ ਸਨ। ਉਸ ਦੀ ਪਹੁੰਚ ਮੌਲਿਕ ਤੇ ਦਾਰਸ਼ਨਿਕ ਸੀ ਜਿਸ ਵਿਚੋਂ ਕਿਸੇ ਨੂੰ ਮਾਰਕਸਵਾਦੀ ਤੇ ਕਿਸੇ ਨੂੰ ਅਸਤਿੱਤਵੀ ਧੁਨਾਂ ਸੁਣਾਈ ਦਿੰਦੀਆਂ ਸਨ। ਪਰ ਉਸਨੂੰ ਨਾ ਸਟਾਲਿਨੀ ਕਿਸਮ ਦੀ ਤਾਨਾਸ਼ਾਹੀ ਪਸੰਦ ਸੀ ਨਾ ਮਾਓਵਾਦੀ ਹਿੰਸਾ ਤੇ ਨਾ ਹੀ ਉਸ ਨੂੰ ਸਿਧਾਂਤਕੀ ਅਸਤਿੱਤਵਵਾਦ ਪਸੰਦ ਸੀ। ਉਹ ਤਾਂ ਹਰ ਪਲ ਦੀ ਜ਼ਿੰਦਗੀ ਵਿਚੋਂ ਸਹਿਜ ਸੁੰਦਰਤਾ ਤੇ ਸੰਵੇਦਨਾ ਤਲਾਸ਼ਦਾ ਸੀ। ਇਸੇ ਲਈ ਉਹ ਗੰਭੀਰ ਪ੍ਰਸ਼ਨਾਂ ਦੇ ਵੀ ਆਮ ਜਿਹੇ ਉੱਤਰ ਦਿੰਦਾ ਤੇ ਆਮ ਜਿਹੇ ਪ੍ਰਸ਼ਨਾਂ ਨੂੰ ਦਾਰਸ਼ਨਿਕ ਰੰਗਤ ਦੇ ਦਿੰਦਾ। ਲਾਲੀ ਦੀ ਕਹਾਣੀ ਨੂੰ ਹਰਪਾਲ ਪੰਨੂ ਉਸ ਦੇ ਰਈਸ ਪਿਓ ਤੋਂ ਸ਼ੁਰੂ ਕਰਦਾ ਹੈ ਜਿਸ ਨੇ ਉਸ ਨੂੰ ਵਿਦਿਆਰਥੀ ਜੀਵਨ ਸਮੇਂ ਰਹਿਣ ਲਈ ਆਸਰਾ ਦਿੱਤਾ ਸੀ। ਕੰਵਲ ਧਾਲੀਵਾਲ ਉਸ ਦੀ ਕਹਾਣੀ, ਉਸ ਦੀ ਔਲਾਦ ਤੇ ਖਤਮ ਕਰਦਾ ਹੈ। ਇਹ ਸਭ ਦਾ ਲਬੋ ਲਬਾਬ ਇਹੀ ਹੈ ਕਿ ਤਿੰਨ ਪੀੜ੍ਹੀਆਂ ਵਿਚ ਜ਼ਮੀਨ ਜਾਇਦਾਦਾਂ ਦੇ ਮਾਲਕ ਪੈਸੇ ਪੱਖੋਂ ਮੁਥਾਜ ਕਿਵੇਂ ਹੋ ਗਏ? ਕਿਉਂਕਿ ਕੁਝ ਵਿਅਕਤਗਤ ਕਮਜ਼ੋਰੀਆਂ ਵਾਲੇ ਜਾਗੀਰਦਾਰਾਂ ਨੂੰ ਛੱਡ ਕੇ ਸਭ ਦੇ ਰੁਤਬੇ ਨਵੇਂ ਯੁੱਗ ਵਿਚ ਵਧੇ ਹੀ ਹਨ ਤੇ ਲਾਲੀ ਦੇ ਪਰਿਵਾਰ ਨਾਲ ਐਸਾ ਕੀ ਵਾਪਰਿਆ ਕਿ ਇਸ ਦਾ ਕਾਰਨ ਲਾਲੀ ਸੀ ਜਾਂ ਪਰਿਵਾਰ, ਕਿਹਾ ਨਹੀਂ ਜਾ ਸਕਦਾ। ਪਰ ਇਕ ਗੱਲ ਪੱਕੀ ਹੈ ਕਿ ਪਰਿਵਾਰ ਦੀਆਂ ਇੱਛਾਵਾਂ ਉੱਚੀਆਂ ਸਨ ਅਤੇ ਲਾਲੀ ਦੁਨੀਆਂਦਾਰੀ ਤੋਂ ਪਰੇ ਸੀ।
ਸਰੋਤਾ ਸੁਣਦਾ ਵੇਖ ਕੇ ਉਸ ਦੀਆ ਅੱਖਾਂ ਵਿਚ ਚਮਕ ਆ ਜਾਂਦੀ। ਪਿੱਛੋਂ ਆ ਕੇ ਉਹ ਗੱਲ ਸੁਣਾਉਂਦਿਆਂ ਹਸਦੇ ਹਸਦੇ ਨੇੜੇ ਬੈਠੇ ਦੇ ਪੱਟ ਜਾਂ ਵੱਖੀ ਵਿਚ ਘੁੰਮਦੇ ਹੱਥ ਦਾ ਹਲਕਾ ਜਿਹਾ ਧੱਫਾ ਮਾਰਦੇ। ਉਸ ਸਮੇਂ ਉਹ ਪੂਰੇ ਜਲੌਅ ਵਿਚ ਹੁੰਦੇ ਸੀ। ਉਹ ਸਮਕਾਲੀ ਰਾਜਸੀ ਵੱਡੀਆਂ ਘਟਨਾਵਾਂ ਨੂੰ ਵਿਸ਼ਵ ਪਰਿਪੇਖ ਵਿਚ ਰੱਖ ਕੇ ਨਿਗੂਣੀਆਂ ਬਣਾ ਦਿੰਦੇ ਸਨ। ਸਾਹਿਤਕ ਹਵਾਲੇ ਦੇ ਕੇ ਫ਼ਿਲਮਾਂ ਵਿਚੋ਼ ਪ੍ਰਸੰਗ ਸੁਣਾ ਕੇ ਘਟਨਾਵਾਂ ਨੂੰ ਦਾਰਸ਼ਨਿਕ ਰੰਗ ਵਿਚ ਰੰਗ ਦਿੰਦੇ ਸਨ ਤੇ ਕਈ ਵਾਰ ਉਹ ਨਿਗੂਣੀਆਂ ਘਟਨਾਵਾਂ ਨੂੰ ਵੱਡੇ ਅਰਥਾਂ ਵਿਚ ਫੈਲਾ ਦਿੰਦੇ ਸੀ।
ਮੌਖਿਕਤਾ ਛਾਪੇਖਾਨੇ ਤੋਂ ਪਹਿਲਾਂ ਦੀ ਪਰੰਪਰਾ ਸੀ। ਖੈਰ ਲਿਪੀ ਤੋਂ ਪਹਿਲਾਂ ਤਾਂ ਮੌਖਿਕਤਾ ਹੀ ਸਭ ਕੁਝ ਸੀ। ਆਧੁਨਿਕ ਅਕਾਦਮਿਕਤਾ ਵਿਚ ਪੋਥੀ ਦਾ ਬੋਲਬਾਲਾ ਹੋ ਗਿਆ ਤਾਂ ਮੌਖਿਕਤਾ ਪਿੱਛੇ ਸੁੱਟ ਦਿੱਤੀ ਗਈ। ਹਾਲਾਂ ਕਿ ਲੋਕਧਾਰਾ ਦਾ ਪ੍ਰਵਾਹ ਮੌਖਿਕ ਹੀ ਰਿਹਾ। ਇੰਜ ਜਾਪਦਾ ਸੀ ਜਿਵੇਂ ਲਾਲੀ ਬਾਬਾ ਮੌਖਿਕਤਾ ਦੇ ਸੰਸਾਰ ਵਿਚੋਂ ਯੂਨੀਵਰਸਿਟੀ ਆ ਵੜਿਆ ਹੋਵੇ। ਉਹ ਪੋਥੀ ਅਤੇ ਮੌਖਿਕਤਾ ਦਾ ਅਜੀਬ ਸੰਗਮ ਸੀ। ਉਹ ਪੋਥੀ ਦੀ ਮੌਖਿਕ ਗੱਲ ਕਰਦਾ ਸੀ। ਉਹ ਸੰਵਾਦ ਨਹੀਂ ਪ੍ਰਵਚਨ ਸਿਰਜਦਾ ਸੀ। ਇਕ ਤਰ੍ਹਾਂ ਨਾਲ ਏਕਾਲਾਪ ਸੀ ਪਰ ਇਹ ਏਕਾਲਾਪ ਸਰੋਤਿਆਂ ਦੀ ਮੌਜੂਦਗੀ ਵਿਚ ਜਲੌਅ ਫੜਦਾ ਸੀ। ਉਸ ਦਾ ਸੰਦਰਭ ਬਿੰਦੂ ਕੋਈ ਪੋਥੀ, ਪੇਂਟਿੰਗ ਜਾਂ ਫ਼ਿਲਮ ਹੁੰਦੀ ਜਿਸ ਨੂੰ ਉਹ ਆਪਣੇ ਮੌਖਿਕ ਬੌਧਿਕ ਪ੍ਰਵਚਨ ਨਾਲ ਵਿਸਤਾਰ ਦਿੰਦਾ। ਉਸ ਦੇ ਪ੍ਰਵਚਨ ਵਿਚ ਜੜ੍ਹਤਾ ਨਹੀਂ ਸੀ। ਵੈਸੇ ਵੀ ਮੌਖਿਕਤਾ ਸਥਿਰਤਾ ਦੀ ਦੁਸ਼ਮਣ ਹੈ। ਸ਼ਬਦ ਮੂੰਹੋਂ ਨਿਕਲਦੇ, ਸਰੋਤੇ ਦੇ ਕੰਨੀਂ ਪੈਂਦੇ, ਸੰਵੇਦਨਾ ਜਗਾਉਂਦੇ, ਉਤੇਜਨਾ ਦਿੰਦੇ, ਕੁਝ ਸਿਮਰਤੀ ਦਾ ਹਿੱਸਾ ਬਣ ਜਾਂਦੇ ਤੇ ਕੁਝ ਨਾਦੀ ਧੁਨੀਆਂ ਅਰਥ ਲਈ ਭਟਕਦੀਆਂ ਕਿਤੇ ਦੂਰ ਚਲੀਆਂ ਜਾਂਦੀਆਂ ਜੋ ਸਿਮਰਤੀ ਦਾ ਹਿੱਸਾ ਬਣਦੇ, ਮਨੁੱਖੀ ਦਿਮਾਗ ਤੇ ਛਾਪ ਲਾਉਂਦੇ, ਉਹ ਛਾਪ ਹੀ ਲਾਲੀ ਦੀ ਪ੍ਰਾਪਤੀ ਸੀ। ਇਕ ਨਹੀਂ ਦਰਜਨਾਂ ਕਲਾਕਾਰਾਂ, ਕਲਮਕਾਰਾਂ, ਕਲਾਧਾਰੀਆਂ ਦੇ ਦਿਮਾਗ ਲਾਲੀ ਛਾਪ ਨੇ ਖੁਣੇ ਹੋਏ ਹਨ। ਉਸ ਦੇ ਸ਼ਬਦ ਨਵਿਆਂ ਲਈ ਬੌਧਿਕ ਰਸ ਪੈਦਾ ਕਰਦੇ ਜਿਸ ਵਿਚ ਨਸ਼ਾ ਹੁੰਦਾ ਸੀ। ਉਹ ਨਸ਼ਾ ਨਵਿਆਂ ਨੂੰ ਉੱਡਣ ਲਾ ਦਿੰਦਾ ਜਿਸ ਦੇ ਸਹਾਰੇ ਉਹ ਅਨਜਾਣੇ ਸੰਸਾਰ ਵਿਚ ਪ੍ਰਵਾਜ਼ ਭਰਨ ਦਾ ਹੌਂਸਲਾ ਕਰਦੇ। ਵੱਡੇ ਵੱਡੇ ਦਿੱਗਜਾਂ ਨੂੰ ਮੂੰਹਭਾਰ ਸੁੱਟਦੇ। ਕਿਸੇ ਮਨ ਪਸੰਦ ਵੱਡੇ ਦੀ ਹੋਰ ਵੀ ਵੱਡੀ ਮੂਰਤ ਸਥਾਪਤ ਕਰ ਦਿੰਦੇ। ਇੰਜ ਕਹਾਣੀਆਂ ਚਲਦੀਆਂ ਰਹਿੰਦੀਆਂ। ਇਨ੍ਹਾਂ ਕਹਾਣੀਆਂ ਨਾਲ ਲਾਲੀ ਆਪਣੇ ਆਲੇ ਦੁਆਲੇ ਦੀ ਚੇਤਨਾ ਦੀ ਘਾੜਤ ਘੜਦਾ ਰਹਿੰਦਾ। ਮੌਖਿਕਤਾ ਤੋਂ ਬਾਅਦ ਲਾਲੀ ਦਾ ਦੂਜਾ ਹਥਿਆਰ ਸੀ ਆਪਣੀ ਦੇਹ ਦੀ ਮੌਜੂਦਗੀ ਨਾਲ ਹੋਂਦ ਦਾ ਅਹਿਸਾਸ ਦੇਣਾ। ਨਾਲਦੇ ਨੂੰ ਨਾਲ ਹੋਣ ਦੀ ਭਾਵਨਾ ਨਾਲ ਭਰ ਦੇਣਾ। ਕੁਝ ਵਾਪਰਨ ਦੀ ਘੜੀ ਦਾ ਗਵਾਹ ਬਣ ਜਾਣਾ। ਸਾਖ਼ਸ਼ੀ ਹੋ ਜਾਣਾ। ਕੋਈ ਪੇਂਟਿੰਗ ਪ੍ਰਦਰਸ਼ਨੀ ਹੋਣੀ, ਕਿਤੇ ਕਲਾਸੀਕਲ ਸੰਗੀਤ ਹੋਣਾ, ਕਿਧਰੇ ਨਾਚ ਹੋਣਾ, ਕਿਤੇ ਨਾਟਕ ਹੋਣਾ, ਫ਼ਿਲਮ ਚੱਲਣੀ ਲਾਲੀ ਹਾਜ਼ਰ ਹੁੰਦਾ ਸੀ। ਉਸ ਦਾ ਸਰੋਤਿਆਂ ਦਰਸ਼ਕਾਂ ਵਿਚ ਬੈਠੇ ਹੋਣਾ ਹੀ ਕਲਾਕਾਰ ਲਈ ਇਨਾਮ ਸੀ ਕਿ ਇਹ ਚੀਜ਼ ਉਸ ਲਾਲੀ ਨੇ ਵੀ ਮਾਣੀ ਹੈ ਜਿਸ ਨੇ ਹਜ਼ਾਰਾਂ ਚੰਗੀਆਂ ਕਲਾਤਮਿਕ ਚੀਜ਼ਾਂ ਮਾਣੀਆਂ ਨੇ। ਉਸ ਦੀ ਹੋਂਦ ਹੀ ਕਾਫੀ ਸੀ ਜੇ ਕੁਝ ਉਚਰ ਦਿੰਦਾ ਤਾਂ ਬੰਦੇ ਦੀ ਚਾਂਦੀ ਸੀ। ਲਾਲੀ ਆਪਣੀ ਮਿਸਾਲ ਆਪ ਸੀ, ਉਸ ਦੀ ਨਕਲ ਨਹੀਂ ਹੋ ਸਕਦੀ। ਉਸ ਦੀ ਕੋਈ ਫੋਟੋਕਾਪੀ ਤਿਆਰ ਨਹੀਂ ਹੋ ਸਕਦੀ ਸੀ। ਉਸ ਵਰਗੀ ਜ਼ਿੰਦਗੀ ਜਿਉਣੀ ਹਰੇਕ ਦੇ ਹਿੱਸੇ ਨਹੀਂ ਆਉਂਦੀ। ਉਸ ਵਿਚ ਸਵੈ ਨੂੰ ਪੀੜਨ ਦੀ ਅਤੇ ਉਸ ਪੀੜਾ ਵਿਚੋਂ ਮੁਸਕਰਾ ਕੇ ਅਨੰਦ ਲੈਣ ਦੀ ਸਮਰਥਾ ਸੀ। ਸ਼ਾਇਦ ਉਸ ਦਾ ਜ਼ਿੰਦਗੀ ਜਿਉਣ ਦਾ ਇਹੀ ਤਰੀਕਾ ਸੀ। ਜਦੋਂ ਨਵਤੇਜ ਭਾਰਤੀ ਦੀ ਕਿਤਾਬ ਲਾਲੀ ਆਈ ਤਾਂ ਮੈਂ ਉਸ ਬਹਾਨੇ, ਸਾਰੇ ਨੇੜੇ ਤੇੜੇ ਦੇ ਭੂਤਵਾੜੀਆਂ ਨੂੰ ਸੱਦਾ ਦਿੱਤਾ। ਵੱਡਾ ਸਮਾਗਮ ਹੋਇਆ। ਸਭ ਨੇ ਲਾਲੀ ਤੇ ਲਾਲੀ ਬਹਾਨੇ ਆਪਣੀ ਗੌਰਵ ਗਾਥਾ ਆਖੀ, ਬੱਸ ਕੇਵਲ ਲਾਲੀ ਚੁੱਪ ਸੀ। ਉਸ ਨੇ ਆਪਣੀ ਮਰਜ਼ੀ ਨਾਲ ਲੰਮੇ ਸਮੇਂ ਤੋਂ ਮੋਨ ਧਾਰਿਆ ਹੋਇਆ ਸੀ। ਨੇੜੇ ਦੇ ਦੱਸਣ ਵਾਲੇ ਦਸਦੇ ਹਨ ਅਤੇ ਲਿਖ ਕੇ ਗਵਾਹੀ ਦਿੰਦੇ ਹਨ ਕਿ ਲਾਲੀ ਦੀ ਸੁਪਤਨੀ ਸਤਵੰਤ ਕੌਰ ਅਕਸਰ ਆਖਦੀ ਸੀ ਤੁਸੀਂ ਇਸ ਨੂੰ ਸਿਰ ਤੇ ਚੜ੍ਹਾਇਆ ਹੋਇਆ ਹੈ, ਮੈਨੂੰ ਤਾਂ ਇਸ ਵਿਚ ਕਦੇ ਕੋਈ ਅਜਿਹੀ ਗੱਲ ਨਹੀਂ ਲੱਭੀ। ਉਸ ਨੇ ਉਸ ਦਿਨ ਵੇਖ ਲਿਆ ਸੀ ਕਿ ਸੱਚਮੁੱਚ ਉਹ ਲੋਕਾਂ ਨੇ ਸਿਰ ਤੇ ਨਹੀਂ ਚੜ੍ਹਾਇਆ ਸਗੋਂ ਸਿਰ ਤੇ ਬਿਠਾਇਆ ਹੋਇਆ ਸੀ ਕਿਉਂਕਿ ਉਹ ਜਾਣਦੇ ਸਨ ਕਿ ਉਹ ਪੰਜਾਬੀ ਚੇਤਨਾ ਦੀ ਉਹ ਉਡਾਣ ਹੈ ਜਿਸ ਵਿਚ ਘਰ ਫੂਕ ਤਮਾਸ਼ਾ ਵੇਖਣਾ ਵੀ ਸ਼ਾਮਲ ਸੀ ਤੇ ਭਰਥਰੀ ਹਰੀ ਦਾ ਰਾਜ ਮਹਲ ਤਿਆਗ ਕੇ ਯੋਗ ਨੂੰ ਤੁਰ ਜਾਣਾ ਵੀ ਸੀ। ਲਾਲੀ ਗਿਆਨ ਨਹੀਂ, ਗਿਆਨ ਲਈ ਭੁੱਖ ਪੈਦਾ ਕਰਦਾ ਸੀ, ਉਸਨੇ ਇਕ ਪੂਰੀ ਪੀੜ੍ਹੀ ਦੇ ਕਾਫੀ ਵੱਡੇ ਸੰਵੇਦਨਸ਼ੀਲ ਹਿੱਸੇ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਅੱਗੇ ਦੀਵੇ ਨਾਲ ਦੀਵਾ ਜਗਾਇਆ ਹੈ। ਉਹ ਸਾਹਿਤ ਰਾਹੀਂ ਸੰਵੇਦਨਾ ਦਾ ਸੰਚਾਰ ਕਰਦਾ ਸੀ ਅਤੇ ਬੌਧਿਕ ਸੱਭਿਆਚਾਰ ਦਾ ਨਿਰਮਾਣ ਕਰਦਾ ਸੀ। ਲਾਲੀਵਾਦ ਦੇ ਕੇਂਦਰ ਵਿਚ ਕਿਤਾਬ ਸੀ ਅਤੇ ਮਾਇਆ ਤੋਂ ਬੇਨਿਆਜ਼ੀ ਸੀ ਜਿਸ ਨਾਲ ਮਲੰਗੀ ਪੈਦਾ ਹੁੰਦੀ ਸੀ। ਇਹ ਮਲੰਗੀ ਗਰੀਬਾਂ ਲਈ ਅਮੀਰ ਨਾ ਹੋਣ ਤੋਂ ਬਚਣ ਲਈ ਓਢਣ ਸੀ ਗਰੀਬਾਂ ਲਈ ਮਲੰਗੀ, ਅਮੀਰ ਨਾ ਹੋਣ ਦੇ ਸੰਤਾਪ ਤੋਂ ਬਚਣ ਦੀ ਸ਼ਰਨਗਾਹ ਸੀ ਜਦੋਂ ਕਿ ਅਮੀਰਾਂ ਲਈ ਇਹ ਮਲੰਗੀ, ਆਪਣੇ ਅਮੀਰ ਹੋਣ ਦੇ ਅਪਰਾਧਬੋਧ ਤੋਂ ਮੁਕਤੀ ਦੀ ਅਯਾਸ਼ੀ ਸੀ। ਹੈਰਾਨੀ ਵਾਲੀ ਗੱਲ ਹੈ ਕਿ ਭੂਤਵਾੜੇ ਦੇ ਭੂਤ ਅਮੀਰ ਹੋ ਗਏ ਅਤੇ ਅਮੀਰ ਮਲੰਗ ਹੋ ਗਏ। ਇਹ ਵੀ ਡੀਕਲਾਸੀਫਾਈ ਹੋਣ ਦਾ ਇਕ ਵੱਖਰਾ ਅੰਦਾਜ ਸੀ।
ਅਜੇ ਪਟਿਆਲਾ ਵਿਕਾਊ ਨਹੀਂ ਹੋਇਆ
ਅਜੇ ਇਹਦੀਆਂ ਗਲੀਆਂ ਵਿਚ
ਲਾਲੀ ਘੁੰਮਦਾ ਹੈ।
ਲਾਲੀ ਦੇ ਜਿਊਦਿਆਂ ਨਵਤੇਜ ਭਾਰਤੀ ਨੇ ਲਿਖਿਆ ਸੀ, ‘ਮੈਂ ਆਖਦਾ ਪਟਿਆਲਾ ਅਜੇ ਵੀ ਵਿਕਾਊ ਨਹੀਂ, ਇਥੋਂ ਦੀ ਫ਼ਿਜਾ ਵਿਚ ਲਾਲੀ ਅਤੇ ਭੂਤਵਾੜੇ ਦੀ ਕਥਾਵਾਂ ਘੁੰਮਦੀਆਂ ਹਨ।’
ਡਾਕਟਰ ਰਾਜਿੰਦਰ ਪਾਲ ਬਰਾੜ