14 ਅਕਤੂਬਰ (ਐਸ.ਐਸ.ਬੀਰ) ਬੁਢਲਾਡਾ : ਭੀਖੀ ਬਲਾਕ ਦੇ ਪਿੰਡ ਬੀਰ ਖ਼ੁਰਦ ਦਾ ਚੁਣਾਵੀ ਮਾਹੌਲ ਇੱਕ ਪਾਸੜ ਹੁੰਦਾ ਦਿਖਾਈ ਦਿੰਦਾ ਹੈ ਕਿਉਂਕਿ ਕੱਲ੍ਹ ਚੁਣਾਵੀ ਮੁਹਿੰਮ ਦਾ ਆਖ਼ਰੀ ਦਿਨ ਹੋਣ ਕਾਰਨ ਸਾਰੇ ਉਮੀਦਵਾਰ ਆਪੋ ਆਪਣੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਵਿੱਚ ਰੁੱਝੇ ਰਹੇ।
ਬੀਰ ਖ਼ੁਰਦ ਦੇ ਜ਼ਿਆਦਾਤਰ ਨੌਜਵਾਨ ਆਪਣੇ ਨੌਜਵਾਨ ਸਾਥੀ ਗਗਨਦੀਪ ਨਾਲ ਖੜੇ ਦਿਖਾਈ ਦਿੱਤੇ ਪਿੰਡ ਦੇ ਮੋਹਤਵਰ ਭੋਲਾ ਸਿੰਘ ਗਿੱਲ ਨੇ ਚਰਚਾ ਕਰਦਿਆਂ ਕਿਹਾ ਕਿ ਸਰਬਸੰਮਤੀ ਜਿਹਾ ਨਜ਼ਾਰਾ ਨਹੀਂ ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਸਾਡੇ ਦੇਸ਼ ਦੀ ਰਾਜਨੀਤੀ ਦੀਆਂ ਨਰਸਰੀਆਂ ਹੁੰਦੀਆਂ ਹਨ। ਜਦੋਂ ਮੁਕਾਬਲੇ ਦੀ ਚੋਣ ਹੁੰਦੀ ਹੈ ਤਾਂ ਅਸੀਂ ਕੁਦਰਤੀ ਹੀ ਇੱਕ ਦੂਸਰੇ ਨੂੰ ਵਿਰੋਧੀ ਸਮਝਣ ਲੱਗ ਜਾਂਦੇ ਹਾਂ ਤੇ ਕਈ ਵਾਰ ਵਿਆਹ ਸ਼ਾਦੀਆਂ ਦੇ ਖੁਸ਼ੀ ਭਰੇ ਮਾਹੌਲ ਵਿੱਚ ਵੀ ਘੁੱਟ ਲਾ ਕੇ ਇੱਕ ਦੂਸਰੇ ਵੱਲ ਅੱਖਾਂ ਕੱਢੀ ਜਾਂਦੇ ਹਾਂ। ਭੋਲਾ ਸਿੰਘ ਗਿੱਲ ਦੀ ਇਸ ਗੱਲ ਦੀ ਉੱਥੇ ਮਜ਼ੂਦ ਬਾਕੀ ਜੁੰਡਲੀ ਨੇ ਵੀ ਹੱਸਦਿਆਂ ਹੋਇਆਂ ਹਾਮੀ ਭਰੀ।
ਚਲਦਿਆਂ ਫਿਰਦਿਆਂ ਪਿੰਡ ਦੇ ਕਈ ਲੋਕਾਂ ਨਾਲ ਪਿੰਡ ਅਤੇ ਚੋਣਾਂ ਦੇ ਮਾਹੌਲ ਸਬੰਧੀ ਚਰਚਾ ਕੀਤੀ ਗਈ ਜਿਸ ਦੌਰਾਨ ਸਮਝਦਾਰ ਤੇ ਭਲੇ ਪੁਰਸ਼ ਮੰਨੇ ਜਾਂਦੇ ਪਾਲ ਕੇ ਕਾਕੇ ਅਤੇ ਸਿਕੰਦਰ ਭੁੱਲਰ ਨੇ ਵੀ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਪੇਂਡੂ ਅਪਣੱਤ ਅਤੇ ਮੋਹ ਦੀਆਂ ਤੰਦਾਂ ਬਾਰੇ ਗੱਲਬਾਤ ਕੀਤੀ। ਸਰਪੰਚੀ ਦੇ ਉਮੀਦਵਾਰ ਰਹੇ ਗੁਰਦਰਸ਼ਨ ਸਿੰਘ ਦੇ ਘਰ ਹੁਣ ਮੈਂਬਰ ਉਮੀਦਵਾਰ ਬਣਨ ਤੇ ਵੀ ਵਿਆਹ ਵਰਗਾ ਮਾਹੌਲ ਦਿਖਾਈ ਦਿੱਤਾ।