ਮਾਨਸਾ, 10 ਅਗਸਤ:
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਸਥਾਨਕ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਵਪਾਰਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਦੀ ਇਕੱਤਰਤਾ ਕੀਤੀ ਗਈ ਜਿਸ ਵਿੱਚ 20 ਦੇ ਕਰੀਬ ਸੰਸਥਾਵਾਂ ਤੋਂ 50 ਮੋਹਤਬਰ ਸਖਸ਼ੀਅਤਾਂ ਸ਼ਾਮਲ ਹੋਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿਹਾ ਕਿ ਮਾਂ ਬੋਲੀ ਸਾਡੀ ਪਛਾਣ ਹੈ। ਇਸੇ ਪਛਾਣ ਨਾਲ ਹੀ ਮਨੁੱਖ ਅੰਦਰ ਆਤਮ ਵਿਸ਼ਵਾਸ਼ ਅਤੇ ਆਪਣੇਪਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਦੁਕਾਨ, ਸੰਸਥਾ ਅਤੇ ਵੱਖ ਵੱਖ ਅਦਾਰਿਆਂ ਦੇ ਬੋਰਡ ਪੰਜਾਬੀ ਭਾਵ ਗੁਰਮੁਖੀ ਲਿੱਪੀ ਵਿੱਚ ਲਿਖੇ ਜਾਣ।
ਵਿਭਾਗ ਦੇ ਖੋਜ ਅਫ਼ਸਰ ਗੁਰਪ੍ਰੀਤ ਸਿੰਘ ਨੇ ਪੰਜਾਬੀ ਭਾਸ਼ਾ ਦੀਆਂ ਖੂਬੀਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਭਾਸ਼ਾ ਕੋਲ ਆਪਣੀ ਲਿੱਪੀ ਹੈ, ਜਿਸ ਵਿੱਚ ਹਰ ਧੁਨੀ ਨੂੰ ਲਿਖਿਆ ਜਾ ਸਕਦਾ ਹੈ। ਦੁਨੀਆ ਦੀਆਂ ਬਹੁਤ ਥੋੜ੍ਹੀਆਂ ਭਾਸ਼ਾਵਾਂ ਕੋਲ ਆਪਣੀ ਲਿਪੀ ਹੈ। ਇਸ ਲਈ ਸਾਨੂੰ ਮਾਣ ਨਾਲ ਹਰ ਸੂਚਨਾ ਤਖ਼ਤੀ/ਪੱਟੀ ਪੰਜਾਬੀ ਭਾਵ ਗੁਰਮੁਖੀ ਲਿੱਪੀ ਵਿੱਚ ਲਿਖਵਾਉਣੀ ਚਾਹੀਦੀ ਹੈ।
ਇਸ ਮੌਕੇ ਕਰਿਆਨਾ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸੁਰੇਸ਼ ਨੰਦਗੜੀਆ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜੋ ਕੁੱਝ ਫੀਸਦੀ ਬੋਰਡ ਪੰਜਾਬੀ ਵਿੱਚ ਨਹੀਂ ਲਿਖੇ ਹੋਏ, ਉਨ੍ਹਾਂ ਨੂੰ ਬਹੁਤ ਹੀ ਜਲਦੀ ਅਤੇ ਪਹਿਲ ਦੇ ਆਧਾਰ ’ਤੇ ਪੰਜਾਬੀ ਵਿੱਚ ਲਿਖਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰ ਵਸਨੀਕ ਦਾ ਫ਼ਰਜ਼ ਹੈ ਕਿ ਉਹ ਆਪਣੇ ਕੰਮ ਕਾਜ ਪੰਜਾਬੀ ਵਿੱਚ ਕਰਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਭਾਸ਼ਾ ਵਿਭਾਗ ਦੀ ਰਾਜ ਭਾਸ਼ਾ ਐਕਟ ਦੀ ਪਾਲਣਾ ਸਬੰਧੀ ਕੀਤੀ ਇਹ ਇਕੱਤਰਤਾ ਨਿਵੇਕਲੀ ਪਹਿਲ ਕਦਮੀ ਹੈ। ਇਸ ਕਾਰਜ ਵਿੱਚ ਅਸੀਂ ਵਿਭਾਗ ਦੇ ਨਾਲ ਹਾਂ।
ਇਸ ਮੌਕੇ ਬਿੱਕਰ ਸਿੰਘ ਮਘਾਣੀਆਂ,ਰੁਲਦੂ ਰਾਮ, ਭਰਪੂਰ ਸਿੰਘ, ਸੰਜੀਵ ਸਿੰਗਲਾ ਪਿੰਕਾ, ਇੰਜ. ਵਿਨੋਦ ਜਿੰਦਲ, ਪ੍ਰਿੰਸੀਪਲ ਮਧੂ ਸ਼ਰਮਾ, ਸੁਰਿੰਦਰਪਾਲ ਜੈਨ, ਨਰੇਸ਼ ਬਿਰਲਾ, ਹਰਦੀਪ ਸਿੱਧੂ, ਦਰਸ਼ਨਪਾਲ, ਵਿਨੋਦ ਚੌਧਰੀ, ਓਮ ਪ੍ਰਕਾਸ਼ ਜਿੰਦਲ, ਮਨੋਜ ਕੁਮਾਰ ਅਤੇ ਬਿੰਦਰਪਾਲ ਗਰਗ ਨੇ ਵਿਚਾਰ ਸਾਂਝੇ ਕਰਦਿਆਂ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਹਰ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ।
ਇਸ ਮੌਕੇ ਡਾ. ਗੁਰਮੇਲ ਕੌਰ ਜੋਸ਼ੀ, ਵਿਨੋਦ ਮਿੱਤਲ, ਗੁਰਪ੍ਰੀਤ ਕੌਰ, ਅਸ਼ੋਕ ਬਾਂਸਲ, ਰਮੇਸ਼ ਜਿੰਦਲ, ਅਸ਼ੁ ਜੈਨ ਅਤੇ ਵਿਸ਼ਵਦੀਪ ਬਰਾੜ ਮੌਜੂਦ ਸਨ।
ਭਾਸ਼ਾ ਵਿਭਾਗ ਵੱਲੋਂ ਦੁਕਾਨਾਂ ਦੇ ਬੋਰਡ ਪੰਜਾਬੀ ਭਾਵ ਗੁਰਮੁਖੀ ਵਿੱਚ ਲਿਖਵਾਉਣੇ ਯਕੀਨੀ ਬਣਾਉਣ ਦੇ ਮਕਸਦ ਲਈ ਕੀਤੀ ਇਕੱਤਰਤਾ
Leave a comment