–ਕਵੀ ਦਰਬਾਰ ‘ਚ ਪੰਜਾਬੀ,ਹਿੰਦੀ ਤੇ ਉਰਦੂ ਸ਼ਾਇਰੀ ਦਾ ਚੱਲਿਆ ਦੌਰ
7 ਫਰਵਰੀ (ਗਗਨਦੀਪ ਸਿੰਘ) ਬਰਨਾਲਾ: ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਵੱਲੋਂ ਡਾਇਰੈਕਟਰ ਸ਼੍ਰੀਮਤੀ ਹਰਪ੍ਰੀਤ ਕੌਰ ਦੇ ਮਾਰਗ ਦਰਸ਼ਨ ਹੇਠ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਏ ਜਾ ਰਹੇ ਹਨ।
ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰੀਆ ਭੱਟ ਕਾਲਜ ਚੀਮਾ-ਜੋਧਪੁਰ ਵਿਖੇ ਕਾਲਜ ਦੇ ਚੇਅਰਮੈਨ ਰਾਕੇਸ਼ ਕੁਮਾਰ ਗੁਪਤਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਅਜੈ ਮਿੱਤਲ ਦੇ ਪ੍ਰਬੰਧਾਂ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਕਰਵਾਏ ਤ੍ਰੈ-ਭਾਸ਼ੀ ਕਵੀ ਦਰਬਾਰ ਦੀ ਸ਼ੁਰੂਆਤ ਵਿਭਾਗੀ ਧੁਨ ਨਾਲ ਹੋਈ।ਉਪਰੰਤ ਜ਼ਿਲ੍ਹਾ ਭਾਸ਼ਾ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਭਾਸ਼ਾ ਅਤੇ ਸਾਹਿਤ ਦੀ ਪ੍ਰਫੁਲਿਤਾ ਦੇ ਨਾਲ ਨਾਲ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੌਜਵਾਨ ਪੀੜ੍ਹੀ ਦੀ ਪੁਸਤਕਾਂ ਤੋਂ ਪੈਦਾ ਹੋ ਰਹੀ ਦੂਰੀ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੁਸਤਕਾਂ ਦੇ ਤੋਹਫੇ ਅਤੇ ਸਨਮਾਨ ਦੇਣ ਦੀ ਪਿਰਤ ਪੈਦਾ ਕਰਨ ਲਈ ਕਿਹਾ। ਉਨ੍ਹਾਂ ਸਮੂਹ ਹਾਜ਼ਰੀਨ ਨੂੰ ਸਰਕਾਰ ਵੱਲੋਂ ਸਰਕਾਰੀ ਦੇ ਨਾਲ ਨਾਲ ਸਮੂਹ ਨਿੱਜੀ ਅਦਾਰਿਆਂ ਅਤੇ ਦੁਕਾਨਾਂ ਦੇ ਨਾਮ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖੇ ਜਾਣ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਵਿੱਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।ਪੰਜਾਬੀ ਸਾਹਿਤ ਸਭਾ(ਰਜਿ.) ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਆਪਣੇ ਸੰਬੋਧਨ ‘ਚ ਵਿਭਾਗ ਵੱਲੋਂ ਕਰਵਾਏ ਜਾ ਰਹੇ ਤ੍ਰੈ-ਭਾਸ਼ੀ ਕਵੀ ਦਰਬਾਰ ਨੂੰ ਸਲਾਘਾਯੋਗ ਉਪਰਾਲਾ ਦੱਸਦਿਆਂ ਸਮੂਹ ਹਾਜ਼ਰੀਨ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ‘ਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।ਲੋਕ ਰੰਗ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਰੂਹ ਤੋਂ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਹਨ।ਇਸੇ ਲਈ ਉਹਨਾਂ ਦੀ ਅਗਵਾਈ ਹੇਠ ਪੰਜਾਬੀ ਭਾਸ਼ਾ ਦੇ ਮਾਣ ਸਤਿਕਾਰ ‘ਚ ਇਜ਼ਾਫੇ ਲਈ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨ ਸਪੱਸ਼ਟ ਰੂਪ ਵਿੱਚ ਨਜ਼ਰ ਆ ਰਹੇ ਹਨ।ਉਹਨਾਂ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ‘ਤੇ ਮਾਣ ਕਰਨ ਲਈ ਵੀ ਪ੍ਰੇਰਿਤ ਕੀਤਾ।ਪੰਜਾਬੀ ਨੌਜਵਾਨਾਂ ‘ਚ ਵਧ ਰਹੀ ਪ੍ਰਵਾਸ ਦੀ ਰੁਚੀ ਦੇ ਚਲਦਿਆਂ ਸਮੂਹ ਬੁਲਾਰਿਆਂ ਨੇ ਇਕਸੁਰ ਹੁੰਦਿਆਂ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨੂੰ ਹਰ ਪਲ ਨਾਲ ਰੱਖਣ ਦੀ ਗੱਲ ਕਹੀ।
ਕਵੀ ਦਰਬਾਰ ‘ਚ ਕਵੀਆਂ ਰਾਮ ਸਰੂਪ ਸ਼ਰਮਾ,ਸਿਮਰਨ ਅਕਸ,ਡਾ.ਗਗਨਦੀਪ ਕੌਰ,ਕੇਸਰ ਕਰਮਜੀਤ,ਮਾਲਵਿੰਦਰ ਸ਼ਾਇਰ,ਡਾ.ਰਾਮਪਾਲ,ਸੁਰਜੀਤ ਦਿਹੜ,ਜਗਤਾਰ ਪੱਖੋ,ਚਤਿੰਦਰ ਰੁਪਾਲ,ਰਾਜਿੰਦਰ ਰਾਜਨ,ਸੁਰਿੰਦਰ ਭੱਠਲ,ਤਰੁਣ ਸਿੰਗਲਾ,ਦਿਨੇਸ਼ ਨੰਦੀ,ਪ੍ਰੋ.ਹਰਪ੍ਰੀਤ ਸਿੰਘ,ਲਖਵਿੰਦਰ ਠੀਕਰੀਵਾਲ ਅਤੇ ਜਸਪ੍ਰੀਤ ਕੌਰ ਬੱਬੂ ਨੇ ਪੰਜਾਬੀ,ਹਿੰਦੀ ਅਤੇ ਉਰਦੂ ਦੀ ਸ਼ਾਇਰੀ ਦੀਆਂ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨਿਆ।ਕਾਲਜ ਦੀਆਂ ਵਿਦਿਆਰਥਣਾਂ ਕੁਸਮ,ਸਿਮਰਨਜੋਤ ਕੌਰ,ਸੁਖਪ੍ਰੀਤ ਕੌਰ,ਜੋਤੀ,ਮਨਪ੍ਰੀਤ ਕੌਰ ਅਤੇ ਇੰਦਰਪ੍ਰੀਤ ਕੌਰ ਨੇ ਵੀ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।ਉਪਰੰਤ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਸਮੂਹ ਕਵੀਆਂ ਅਤੇ ਹੋਰ ਸਖਸ਼ੀਅਤਾਂ ਨੂੰ ਵਿਭਾਗੀ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਦਾ ਫਰਜ਼ ਪ੍ਰੋ,ਚਤਿੰਦਰ ਰੁਪਾਲ ਵੱਲੋਂ ਬਾਖੂਬੀ ਨਿਭਾਇਆ ਗਿਆ।
ਇਸ ਮੌਕੇ ਕਾਲਜ ਦੇ ਪ੍ਰੋ.ਸੁਨੀਤਾ ਰਾਣੀ,ਪ੍ਰੋ,ਵਿਜੇ ਗਰਗ ਅਤੇ ਪ੍ਰੋ.ਲਵਪ੍ਰੀਤ ਕੌਰ ਸਮੇਤ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ: ਕਵੀਆਂ ਨੂੰ ਸਨਮਾਨਿਤ ਕਰਦੇ ਜ਼ਿਲ੍ਹਾ ਭਾਸ਼ਾ ਦਫਤਰ ਦੇ ਅਧਿਕਾਰੀ ਅਤੇ ਹੋਰ।