ਮਾਨਸਾ (5 ਜਨਵਰੀ, ਨਾਨਕ ਸਿੰਘ ਖੁਰਮੀ ) : ਭਾਰਤ ਦੀ ਪਹਿਲੀ ਅਧਿਆਪਕਾ ਸਾਵਿਤਰੀ ਬਾਈ ਫੂਲੇ ਦੇ ਜਨਮ ਦਿਹਾੜੇ (ਤਿੰਨ ਜਨਵਰੀ) ਦੇ ਮੌਕੇ ‘ਤੇ 5 ਜਨਵਰੀ, 2025 ਦਿਨ ਐਤਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਸੱਦਾ ਸਿੰਘ ਵਾਲ਼ਾ ਵਿਖੇ ਸਾਵਿਤਰੀ ਬਾਈ ਫੂਲੇ ਯਾਦਗਾਰੀ ਮੰਚ, ਮਾਨਸਾ ਵੱਲੋਂ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਾਤਾ ਸਾਵਿਤਰੀ ਬਾਈ ਫੂਲੇ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਨਾਲ਼ ਕੀਤੀ ਗਈ। ਵਿਚਾਰ ਚਰਚਾ ਵਿੱਚ ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਵਕੀਲ ਅਮਨਦੀਪ ਕੌਰ ਮੁੱਖ ਬੁਲਾਰਿਆਂ ਦੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਲੋਕ ਕਲਾ ਮੰਚ, ਮਾਨਸਾ ਦੇ ਮਨਜੀਤ ਔਲਖ, ਅਜਮੀਤ ਕੌਰ ਅਤੇ ਸਾਥੀਆਂ ਵੱਲੋਂ ਨਾਟਕ ‘ਆਪਣਾ ਆਪਣਾ ਹਿੱਸਾ’ ਦੀ ਪੇਸ਼ਕਾਰੀ ਵੀ ਕੀਤੀ ਗਈ। ਐਡਵੋਕੇਟ ਅਮਨਦੀਪ ਕੌਰ ਨੇ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਨਵੇਂ ਫ਼ੌਜਦਾਰੀ ਕਨੂੰਨਾਂ ਅਤੇ ਯੂਏਪੀਏ ਜਿਹੇ ਕਾਲ਼ੇ ਕਨੂੰਨਾਂ ਦੇ ਖ਼ਾਸੇ ਨੂੰ ਪ੍ਰਗਟਾਉਂਦਿਆਂ ਦੱਸਿਆ ਕਿ ਇਹਨਾਂ ਕਨੂੰਨਾ ਰਾਹੀਂ ਦੇਸ਼ ਦੀ ਸੱਤਾ ‘ਤੇ ਬਿਰਾਜਮਾਨ ਫ਼ਾਸੀਵਾਦੀ ਮੋਦੀ ਸਰਕਾਰ ਨੇ ਦੇਸ਼ ਦੀ ਮਜ਼ਦੂਰ-ਮਿਹਨਤਕਸ਼ ਅਬਾਦੀ ਉੱਪਰ ਹੋਰ ਵੀ ਜਾਬਰ ਢੰਗ ਨਾਲ਼ ਹਮਲਾ ਕਰਨ ਲਈ ਆਪਣੇ ਨਹੁੰ-ਦੰਦਾਂ ਨੂੰ ਹੋਰ ਤਿੱਖਾ ਕਰ ਲਿਆ ਹੈ। ਇਹਨਾਂ ਕਨੂੰਨਾਂ ਵਿੱਚ ਪੁਰਾਣੀਆਂ ਜਾਬਰ ਅਤੇ ਲੋਕ-ਵਿਰੋਧੀ ਧਾਰਾਵਾਂ ਨੂੰ ਜਾਰੀ ਰੱਖਣ ਦੇ ਨਾਲ਼ ਹੀ ਕੁਝ ਨਵੀਆਂ ਧਾਰਾਵਾਂ ਨੂੰ ਜੋੜਿਆ ਗਿਆ ਹੈ ਅਤੇ ਪੁਰਾਣੀਆਂ ਧਾਰਾਵਾਂ ਨੂੰ ਹੋਰ ਵਧੇਰੇ ਜਾਬਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੀ ਕੋਈ ਲੋਕ-ਪੱਖੀ ਸਰਕਾਰਾਂ ਨਹੀਂ ਸਨ ਪਰ ਮੌਜੂਦਾ ਸਮੇਂ ਦੇਸ਼ ਦੀ ਸੱਤਾ ਉੱਤੇ ਇੱਕ ਫ਼ਾਸੀਵਾਦੀ ਤਾਕਤ ਕਾਬਜ਼ ਹੈ ਜੋ ਨੰਗੇ-ਚਿੱਟੇ ਰੂਪ ਵਿੱਚ ਆਪਣੇ ਮਾਲਕ ਸਰਮਾਏਦਾਰਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਅਤੇ ਉਹ ਆਪਣੇ ਵਿਰੁੱਧ ਉੱਠਣ ਵਾਲ਼ੀ ਹਰੇਕ ਅਵਾਜ਼ ਨੂੰ ਦਰੜ ਦੇਣ ਦੇ ਮਕਸਦ ਨਾਲ਼ ਇਹਨਾਂ ਫ਼ੌਜਦਾਰੀ ਕਨੂੰਨਾਂ ਨੂੰ ਲੈ ਕੇ ਆਈ ਹੈ। ਇਹਨਾਂ ਕਨੂੰਨਾਂ ਦੇ ਘੇਰੇ ਵਿੱਚ ਆਮ ਮਿਹਨਤਕਸ਼-ਮਜ਼ਦੂਰ ਅਬਾਦੀ ਦੇ ਹੱਕ-ਅਧਿਕਾਰਾਂ ਦੀ ਗੱਲ ਕਰਨ ਵਾਲ਼ੀ ਹਰੇਕ ਅਵਾਜ਼ ਆਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਮਜ਼ਦੂਰ-ਮਿਹਨਤਕਸ਼ ਅਬਾਦੀ, ਸਿਆਸੀ-ਸਮਾਜਕ ਕਾਰਕੁੰਨਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਲੋਕ-ਪੱਖੀ ਬੁੱਧੀਜੀਵੀਆਂ ਅਤੇ ਜੱਥੇਬੰਦੀਆਂ ਦੀ ਜੁਝਾਰੂ ਇੱਕਜੁਟਤਾ ਨਾਲ਼ ਹੀ ਇਸ ਫ਼ਾਸੀ ਹਮਲੇ ਦਾ ਮੂੰਹ-ਤੋੜਵਾਂ ਜਵਾਬ ਦਿੱਤਾ ਜਾ ਸਕਦਾ ਹੈ। ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਆਪਣੇ ਵਿਸ਼ੇ ‘ਸਾਵਿਤਰੀ ਬਾਈ ਫੂਲੇ ਦੀ ਵਿਰਾਸਤ ਨੂੰ ਅੱਗੇ ਕਿਵੇਂ ਵਧਾਈਏ’ ਉੱਪਰ ਆਪਣੀ ਗੱਲ ਰੱਖਦਿਆਂ ਕਿਹਾ ਕਿ ਅਜੋਕੇ ਸਮੇਂ ਕਿਰਤੀ ਜਮਾਤ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਸਾਵਿਤਰੀ ਬਾਈ ਫੂਲੇ ਅਤੇ ਭਗਤ ਸਿੰਘ ਜਿਹੀਆਂ ਮਹਾਨ ਸ਼ਖਸ਼ੀਅਤਾਂ ਦੇ ਜੀਵਨ, ਉਹਨਾਂ ਦੀ ਜੱਦੋਜਹਿਦ ਅਤੇ ਕਿਰਤੀ ਲੋਕਾਂ ਲਈ ਉਹਨਾਂ ਦੁਆਰਾ ਕੀਤੇ ਗਏ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨੂੰ ਸਮਝਦਿਆਂ ਹੋਇਆਂ ਆਪਣੇ ਨਿਸ਼ਾਨੇ ਮਿੱਥਣੇ ਚਾਹੀਦੇ ਹਨ। ਦੇਸ਼ ਦੇ ਮੌਜੂਦਾ ਢਾਂਚੇ ਅੰਦਰ ਵਿਆਪਕ ਤਬਦੀਲੀ ਦੀ ਲੋੜ ਹੈ। ਇਹ ਤਬਦੀਲੀ ਇਮਾਨਦਾਰ, ਲੋਕ-ਪੱਖੀ, ਅਗਾਂਹਵਧੂ ਅਤੇ ਸੁਹਿਰਦ ਯਤਨਾਂ ਸਦਕਾ ਹੀ ਆ ਸਕਦੀ ਹੈ। ਇਸ ਰਾਹ ‘ਤੇ ਚੱਲ ਕੇ ਹੀ ਇਹਨਾਂ ਮਹਾਨ ਸ਼ਖਸੀਅਤਾਂ ਦੀ ਇਨਕਲਾਬੀ ਵਿਰਾਸਤ ਨੂੰ ਅੱਗੇ ਵਧਾਇਆ ਜਾ ਸਕਦਾ ਹੈ।ਪ੍ਰੋਗਰਾਮ ਦੇ ਆਰੰਭ ਵਿੱਚ ਪ੍ਰੋਫ਼ੈਸਰ ਗੁਰਦੀਪ ਸਿੰਘ ਵੱਲੋਂ ਪਹੁੰਚੇ ਸਰੋਤਿਆਂ ਅਤੇ ਬੁਲਾਰਿਆਂ ਲਈ ਸਵਾਗਤੀ ਸ਼ਬਦ ਬੋਲੇ ਗਏ। ਮੰਚ ਸੰਚਾਲਨ ਸ਼ਾਇਰ ਕੁਲਵਿੰਦਰ ਬੱਛੂਆਣਾ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਅਖ਼ੀਰ ਵਿੱਚ ਤਰਕਸ਼ੀਲ ਆਗੂ ਗੁਰਪਿਆਰ ਕੋਟਲੀ ਨੇ ਆਏ ਹੋਏ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮੋਲਕ ਡੇਲੂਆਣਾ,ਹਰਜੀਤ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਭੰਮਾ,ਬੇਅੰਤ ਸਿੰਘ, ਬਲਦੇਵ ਸਿੱਧੂ, ਹੰਸਾ ਸਿੰਘ, ਪਰਮਿੰਦਰ ਸਿੰਘ, ਗੁਰਦਾਸ ਗੁਰਨੇ,ਗੁਰਲਾਲ ਗੁਰਨੇ, ਚਮਕੌਰ ਸਿੰਘ, ਰਾਮ ਸਿੰਘ ਅੱਕਾਂਵਾਲ਼ੀ ਕਰਮਜੀਤ ਤਾਮਕੋਟ,ਪ੍ਰੇਮ ਦੋਦੜਾ,ਬੰਟੀ ਕੈਲੇ,ਗੁਰਪ੍ਰੀਤ ਬੀਰੋਕੇ,ਪੱਤਰਕਾਰ ਆਤਮਾ ਸਿੰਘ ਪਮਾਰ ਤੇ ਬਲਦੇਵ ਸਿੱਧੂ ਸੱਦਾ ਸਿੰਘ ਵਾਲਾ ਤੇ ਡੇਲੂਆਣਾ ਪਿੰਡ ਦੀ ਗਰਾਮ ਪੰਚਾਇਤ ਆਦਿ ਸਮੇਤ ਭਰਵੀਂ ਗਿਣਤੀ ਵਿੱਚ ਲੋਕ ਮੌਜੂਦ ਸਨ।