ਮਾਨਸਾ, 28 ਅਗਸਤ (ਨਾਨਕ ਸਿੰਘ ਖੁਰਮੀ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਜਗਦੀਪ ਸਿੰਘ ਨਕਈ ਨੇ ਪਿਛਲੇ ਦਿਨਾਂ ਪਈ ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਹਨਾਂ ਨੇ ਭੀਖੀ ਬਲਾਕ ਦੇ ਪਿੰਡ ਖੀਵਾ ਕਲਾਂ, ਖੀਵਾ ਖੁਰਦ, ਹੀਰੋ ਕਲਾ ਅਤੇ ਹਮੀਰਗੜ੍ਹ ਢੈਪਈ ਵਿੱਚ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਨਕਈ ਨੇ ਕਿਹਾ ਕਿ ਇਹ ਦ੍ਰਿਸ਼ ਬਹੁਤ ਹੀ ਦੁੱਖਦਾਈ ਸੀ ਜਿੱਥੇ ਕਿਸਾਨ ਆਪਣੇ ਖੇਤਾਂ ਵਿੱਚ ਖੁਦ ਬਰਮੇ ਲਗਾ ਕੇ ਪਾਣੀ ਕੱਢ ਰਹੇ ਸਨ, ਪਰੰਤੂ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਸਹਾਇਤਾ ਨਹੀਂ ਮਿਲ ਰਹੀ।
ਨਕਈ ਨੇ ਆਖਿਆ ਕਿ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ। ਖੇਤਾਂ ਵਿੱਚ ਅਜੇ ਵੀ ਪਿੱਛਲੇ ਪਾਸਿਆਂ ਤੋਂ ਪਾਣੀ ਆ ਰਿਹਾ ਹੈ ਅਤੇ ਹਾਲਾਤ ਇਹ ਹਨ ਕਿ ਫਸਲਾਂ ਦਾ 100 ਫੀਸਦੀ ਨੁਕਸਾਨ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਇਹਨਾਂ ਪਿੰਡਾਂ ਵਿੱਚ ਗਿਰਦਾਵਰੀ ਕਰਵਾਕੇ ਨੁਕਸਾਨ ਦਾ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਨੂੰ ਕੁਝ ਸਹਾਰਾ ਮਿਲ ਸਕੇ।
ਭਾਜਪਾ ਨੇਤਾ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਸਮੇਂ ਪਿੰਡਾਂ ਵਿੱਚ ਮੌਜੂਦ ਹੋਣਾ ਚਾਹੀਦਾ ਸੀ, ਪਰ ਅਫਸੋਸ ਹੈ ਕਿ ਕਿਸੇ ਵੀ ਅਧਿਕਾਰੀ ਨੇ ਲੋਕਾਂ ਦੀ ਹਾਲਤ ਦਾ ਸਾਰ ਨਹੀਂ ਲਿਆ। ਉਹਨਾਂ ਨੇ ਇਸ ਸਾਰੇ ਮਸਲੇ ਨੂੰ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਅੱਗੇ ਰੱਖਿਆ ਹੈ ਅਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਨਕਈ ਨੇ ਕਿਹਾ ਕਿ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਸਮਾਨ ਖੇਤੀਬਾੜੀ ਨੂੰ ਬਚਾਉਣ ਲਈ ਸਰਕਾਰ ਦਾ ਤੁਰੰਤ ਜ਼ਿੰਮੇਵਾਰੀ ਨਾਲ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਸਮੇਂ ’ਤੇ ਮੁਆਵਜ਼ਾ ਜਾਰੀ ਨਾ ਕੀਤਾ ਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ।
ਇਸ ਮੌਕੇ ਤੇ ਬਲਜੀਤ ਸ਼ਰਮਾ ਸਾਬਕਾ ਸਰਪੰਚ ਖੀਵਾ ਖੁਰਦ, ਜੱਗੀ ਸਰਪੰਚ, ਭੋਲਾ ਸਿੰਘ, ਚਰਨਾਂ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ ਖੀਵਾ ਕਲਾ, ਮੱਖਣ ਸਿੰਘ, ਅਮਰਿੰਦਰ ਸਿੰਘ ਢਪਈ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮੌਜੂਦ ਰਹੇ ਅਤੇ ਉਹਨਾਂ ਨੇ ਵੀ ਸਰਕਾਰ ਵੱਲੋਂ ਤੁਰੰਤ ਰਾਹਤ ਮਦਦ ਦੀ ਮੰਗ ਕੀਤੀ।