ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਖਜ਼ਾਨਚੀ ਗੁਰਚੇਤ ਸਿੰਘ ਚਕੇਰੀਆਂ ਦੀ ਪ੍ਰਧਾਨਗੀ ਹੇਠ ਪਿੰਡ ਚਕੇਰੀਆਂ ਵਿੱਚ ਮੀਟਿੰਗ ਕਰਵਾਈ ਗਈ । ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ-ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ । ਸੰਬੋਧਨ ਕਰਦਿਆਂ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸੱਤਾਧਾਰੀ ਸਰਕਾਰ ਵੱਲੋਂ ਹਰ ਇੱਕ ਵਰਗ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕਰਕੇ ਤਸ਼ੱਦਦ ਢਾਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਉੱਤੇ ਝੂਠੇ ਕੇਸ ਬਣਾ ਕੇ ਲੋਕ ਅਵਾਜ਼ ਨੂੰ ਕੁਚਲਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਅੱਜ ਕਿਰਤੀ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਾਗਰੂਕ ਹੋ ਚੁੱਕਾ ਹੈ ਅਤੇ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਹਰ ਫਰੰਟ ‘ਤੇ ਖਲੋਕੇ ਵਿਰੋਧ ਕਰ ਰਿਹਾ ਹੈ । ਜਿਸਦੀ ਤਾਜਾਂ ਮਿਸਾਲ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਉੱਤੇ ਲਏ ਯੂ ਟਰਨ ਤੋਂ ਮਿਲਦੀ ਹੈ । ਉਨ੍ਹਾਂ ਕਿਹਾ ਕਿ ਭਾਂਵੇ ਸਰਕਾਰ ਦੁਆਰਾ ਇਹ ਪਾਲਿਸੀ ਵਾਪਿਸ ਲੈ ਲਈ ਗਈ ਹੈ ਪਰ ਅਮਰੀਕਾ-ਭਾਰਤ ਟੈਕਸ ਮੁਕਤ ਸਮਝੋਤੇ ਸਮੇਤ ਪਾਣੀਆਂ ਦੇ ਮੁੱਦੇ, ਜਬਰ ਅਤੇ ਸਹਿਕਾਰੀ-ਸਰਕਾਰੀ ਅਦਾਰਿਆਂ ਵਿੱਚ ਹੋ ਰਹੇ ਘਪਲਿਆਂ ਆਦਿ ਉੱਤੇ ਸਰਕਾਰ ਪੂਰੀ ਤਰਾਂ ਮੌਨ ਹੈ । ਉਨ੍ਹਾਂ ਇੰਨਾਂ ਹੱਕੀ ਮੰਗਾਂ ਮਸਲਿਆਂ ਉੱਤੇ ਐਸਕੇਐਮ ਦੇ 24 ਅਗਸਤ ਦੇ ਸੱਦੇ ਉੱਤੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ । ਇਸ ਮੌਕੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਨੇ ਕਿਰਤੀ ਲੋਕਾਂ ਨੂੰ ਕਿਰਤ ਬਚਾਉਣ ਲਈ ਅਵਾਜ ਬੁਲੰਦ ਕਰਨ ਦਾ ਸੁਨੇਹਾ ਦਿੱਤਾ । । ਇਸ ਸਮੇਂ ਭੀਖੀ ਬਲਾਕ ਦੇ ਆਗੂ ਕੁਲਦੀਪ ਸਿੰਘ ਖਾਲਸਾ ਸਮੇਤ ਪਿੰਡ ਕਮੇਟੀ ਦੇ ਗੁਰਮੇਲ ਸਿੰਘ, ਦਾਰਾ ਸਿੰਘ, ਕਰਨੈਲ ਸਿੰਘ, ਬਿੰਦਰ ਸਿੰਘ ਆਦਿ ਵੀ ਮੌਜੂਦ ਰਹੇ ।