ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਜੇਕਰ ਤੁਹਾਡਾ ਕਾਂਗਰਸ ਨਾਲ ਗਠਜੋੜ ਨਹੀਂ ਹੈ ਤਾਂ ਫਿਰ ਤੁਸੀਂ ਕੇਜਰੀਵਾਲੀ ਦੀ ਗ੍ਰਿਫਤਾਰੀ ਵਿਰੁੱਧ ਦਿੱਲੀ ਧਰਨੇ ਵਿਚ ਕਾਂਗਰਸ ਨਾਲ ਸਟੇਜ ਸਾਂਝੀ ਕਿਉਂ ਕੀਤੀ
1 ਅਪ੍ਰੈਲ (ਕਰਨ ਭੀਖੀ) ਮਾਨਸਾ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਸਰਕਾਰੀ ਖਰੀਦ ਮੰਡੀਆਂ ਖਤਮ ਕਰ ਕੇ ਪੰਜਾਬ ਦੇ 9 ਜ਼ਿਲ੍ਹਿਆਂ ਵਿਚ 11 ਪ੍ਰਾਈਵੇਟ ਗੋਦਾਮਾਂ ਨੂੰ ਖਰੀਦ ਕੇਂਦਰ ਐਲਾਨਣ ਦੇ ਕਾਰਪੋਰੇਟ ਘਰਾਣਿਆਂ ਤੋਂ ਕਿੰਨੇ ਪੈਸੇ ਲਏ ਹਨ।
ਬਠਿੰਡਾ ਦੇ ਐਮ ਪੀ ਜਿਹਨਾਂ ਨੇ ਅੱਜ ਹਲਕੇ ਦੇ ਦੌਰੇ ਦੌਰਾਨ ਸਰੂਦਲਗੜ੍ਹ ਵਿਧਾਨ ਸਭਾ ਹਲਕੇ ਵਿਚ ਝੰਡਾ ਖੁਰਦ ਪਿੰਡ ਵਿਚ ਜਨਤਕ ਇਕੱਠ ਨੂੰ ਸੰਬੋਧਨ ਕੀਤਾ, ਨੇਕਿਹਾ ਕਿ 11 ਗੋਦਾਮਾਂ ਨੂੰ ਖਰੀਦ ਕੇਂਦਰ ਐਲਾਨ ਕੇ ਭਗਵੰਤ ਮਾਨ ਨੇ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰ ਦਿੱਤਾ ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਜਿਹਨਾਂ ਨੂੰ ਕਿਸਾਨ ਜਥੇਬੰਦੀਆਂ ਦੇ ਡੇਢ ਸਾਲ ਦੇ ਸੰਘਰਸ਼ ਪਿੱਛੋਂ ਖਤਮ ਕਰ ਦਿੱਤਾ ਗਿਆ ਸੀ, ਵਿਚੋਂ ਇਕ ਨੂੰ ਲਾਗੂ ਕਰ ਦਿੱਤਾ ਹੈ।
ਕਿਸਾਨਾਂ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਦੇ ਨਿੱਜੀਕਰਨ ਦੀ ਘਟੀਆ ਸਾਜ਼ਿਸ਼ ਨੂੰ ਮਾਤ ਪਾਉਣ ਲਈ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਲਈ ਇਹ ਜੰਗ ਜਿੱਤਣ ਵਾਸਤੇ 700 ਤੋਂ ਜ਼ਿਆਦਾ ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ ਸਨ। ਅਸੀਂ ਇਸ ਕਿਸਾਨ ਵਿਰੋਧੀ ਸਰਕਾਰ ਵੱਲੋਂ ਸਾਡੀਆਂ ਸਰਕਾਰੀ ਮੰਡੀਆਂ ਦਾ ਨਿੱਜੀਕਰਨ ਕਰਨ ਦੀ ਆਗਿਆ ਦੇ ਕੇ ਸ਼ਹਾਦਤਾਂ ਨੂੰ ਬੇਕਾਰ ਨਹੀਂ ਜਾਣ ਦੇ ਸਕਦੇ।
ਸਰਦਾਰਨੀ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਜੇਕਰ ਆਪ ਦਾ ਕਾਂਗਰਸ ਨਾਲ ਗਠਜੋੜ ਨਹੀਂ ਹੈ ਤਾਂ ਫਿਰ ਉਹਨਾਂ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਲੱਗੇ ਧਰਨੇ ਵਿਚ ਕਾਂਗਰਸ ਨਾਲ ਸਟੇਜ ਕਿਉਂ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਤੇ ਆਪ ਪੰਜਾਬ ਵਿਚ ਪਾਰਲੀਮਾਨੀ ਚੋਣਾਂ ਵੱਖ-ਵੱਖ ਲੜਨ ਦਾ ਡਰਾਮਾ ਕਰ ਰਹੀਆਂ ਹਨ।
ਸਰਦਾਰਨੀ ਬਾਦਲ ਨੇ ਕਾਂਗਰਸ ਪਾਰਟੀ ਨੂੰ ਆਪਣੇ ਦੋਗਲੇ ਮਿਆਰ ਦਾ ਜਵਾਬ ਦੇਣ ਲਈ ਆਖਿਆ। ਉਹਨਾਂਕਿਹਾ ਕਿ ਪਹਿਲਾਂ ਕਾਂਗਰਸ ਨੇ ਹੀ ਸਭ ਤੋਂ ਪਹਿਲਾਂ ਸ਼ਰਾਬ ਘੁਟਾਲੇ ਦਾ ਮੁੱਦਾ ਚੁੱਕਿਆ ਅਤੇ ਇਸਦੀ ਜਾਂਚ ਮੰਗੀ।ਹੁਣ ਉਹੀ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤੇ ਜਾਣ ਅਤੇ ਅਦਾਲਤਾਂ ਵੱਲੋਂ ਉਸਨੂੰ ਜ਼ਮਾਨਤ ਨਾ ਦੇਣ ਦੇ ਮਾਮਲੇ ਵਿਚ ਆਪ ਨੂੰ ਬਚਾਉਣ ਵਾਸਤੇ ਧਰਨੇ ਲਗਾ ਰਹੀ ਹੈ।
ਸਰਦਾਰਨੀ ਬਾਦਲ ਨੇ ਕਿਹਾ ਕਿ ਪੰਜਾਬ ਸੰਤਾਪ ਹੰਢਾ ਰਿਹਾ ਹੈ। ਪਹਿਲਾਂ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਕੇ ਆਪ ਦਾ ਵਿਸਥਾਰ ਕੀਤਾ ਗਿਆ ਤੇ ਇਸਨੂੰ ਕੌਮੀ ਪਾਰਟੀ ਬਣਾਇਆ ਗਿਆ ਤੇ ਹੁਣ ਸੂਬੇ ਦੇ ਸਰਕਾਰੀ ਫੰਡ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਵਾਸਤੇ ਖਰਚੇ ਜਾ ਰਹੇ ਹਨ। ਇਹ ਬਹੁਤਹੀ ਨਿੰਦਣਯੋਗ ਗੱਲ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਦੱਸਣ ਕਿ ਉਹਨਾਂ ਨੇ ਦਿੱਲੀ ਡੇਰੇ ਕਿਉਂ ਲਗਾਏ ਹਨ ਤੇ ਪੰਜਾਬ ਨੂੰ ਕਿਉਂ ਨਹੀਂ ਚਲਾ ਰਹੇ ਜੋ ਉਹਨਾਂ ਦਾ ਮੁਢਲਾ ਫਰਜ਼ ਬਣਦਾ ਹੈ।
ਪੰਜਾਬੀਆਂ ਨੂੰ ਕਾਂਗਰਸ ਤੇ ਆਪ ਦੋਵਾਂ ਦੇ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਵਿਰੋਧੀ ਹਨ। ਉਹਨਾਂ ਕਿਹਾ ਕਿ ਦੋਵਾਂ ਦਾ ਸੂਬੇ ਦੇ ਹਿੱਤ ਵੇਚਣ ਦਾ ਰਿਕਾਰਡ ਰਿਹਾ ਹੈ। ਦੋਵੇਂ ਆਪਣੀ ਦਿੱਲੀ ਲੀਡਰਸ਼ਿਪ ਦੇ ਹੁਕਮਾਂ ਮੁਤਾਬਕ ਕੰਮ ਕਰਦੀਆਂ ਹਨ ਜਿਸ ਕਾਰਨ ਪੰਜਾਬ ਦੇ ਹਿੱਤਾਂ ਨਾਲ ਹਮੇਸ਼ਾ ਸਮਝੌਤੇ ਹੁੰਦੇ ਆਏ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਇਕ ਖੇਤਰੀਪਾਰਟੀ ਹੈ ਜਿਸਨੇ ਹਮੇਸ਼ਾ ਪੰਜਾਬੀਆਂ ਦੀਆਂ ਆਸਾਂ ਦੀ ਪ੍ਰਤੀਨਿਧਤਾ ਕੀਤੀ ਹੈ ਤੇ ਹਮੇਸ਼ਾ ਉਹਨਾਂ ਦੀ ਪੂਰਤੀ ਵਾਸਤੇ ਕੰਮ ਕੀਤਾ ਹੈ।