ਠੱਕ ਠੱਕ ਲਗਾਤਾਰ ਵੱਜਦੀ ਰਹਿੰਦੀ ਹੈ ਇਹ ਠੱਕ ਠੱਕ ਮਿਸਤਰੀ ਦੇ ਹਥੌੜੇ ਤੋਂ ਵੀ ਭਾਰੀ ਐ ।
ਮੇਰਾ ਜੀਅ ਕਰਦਾ ਹੁੰਦਾ ਕਿ ਮੈਂ ਸਭ ਫੱਟ ਜਾਵੇ ਤੇ ਉਸ ਵਿੱਚ ਸਮਾ ਜਾਵਾ । ਸਾਰਾ ਕੁਝ ਬਰਦਾਸ਼ਤ ਤੋ ਬਾਹਰ ਹੁੰਦਾ ਐ , ਦੁਨੀਆ ਸੱਚੀ ਬੜੀ ਕੁੱਤੀ ਸ਼ੈਅ ਆ ਇਹ ਸੌ ਗੁਣ ਦਰ-ਕਿਨਾਰ ਕਰਕੇ ਇੱਕ ਔਗੁਣ ਨੂੰ ਵਿਖਾਉਂਦੇ ਹਨ ਤੇ ਉਸੇ ਨੂੰ ਹੀ ਕੁੱਛੜ ਚੁੱਕੀ ਰੱਖਦੇ ਨੇ ।
ਕੋਸ਼ਿਸ਼ ਤਾਂ ਬਹੁਤ ਕਰਦਾ ਆ ਕਿ ਖ਼ੁਦ ਨੂੰ ਮਜ਼ਬੂਤ ਰੱਖਾਂ ਤੇ ਰੱਖਦਾ ਵੀ ਆ ਪਰ ਮੈਂ ਰੱਬ ਥੋੜੀ ਆ ਬੰਦਾ ਆ ਇਹ ਸਭ ਗੱਲਾਂ ਪ੍ਰੇਸ਼ਾਨ ਕਰ ਦਿੰਦੀਆਂ ਨੇ ਤੇ ਮੈਂ ਖਿਝਦਾ ਆ ….. ਆਪਣੇ ਆਪ ਤੇ ਕਿਸੇ ਨੂੰ ਕੀ ਕਹਿਣਾ ! ਹਰੇਕ ਈ ਟਿੱਚਰ ਕਰਦਾ ਆ … ਸਾਹਮਣੇ ਨਾ ਸਹੀ ਪਿੱਠ ਪਿੱਛੇ …
ਹੁਣ ਤੁਸੀ ਕਹੋਗੇ ਕਿ ਕੀ ਕਹਾਣੀ ਜੇਹੀ ਪਾ ਰਿਹਾ ਆਂ ? ….ਹਾਂ ਸੱਚ ਕਹਾਣੀ ਹੀ ਤਾਂ ਹੈ … ਉਹਦਾ ਪਾਤਰ ਹਾਂ ..ਹਾਂ ਮੁੱਖ ਪਾਤਰ ਮੈਂ ਆ … ਮੈਂ …ਮੈਂ …. ਪਰ ਮੈਂ ਮੇਰੇ ਅੰਦਰ ਨਹੀਂ ਆ
ਚਲੋ ਦੱਸਦਾ ਆ ਮੇਰਾ ਨਾਮ ਉਂਕਾਰਦੀਪ ਸਿੰਘ ਆ … ਗੋਤ ਧਾਲੀਵਾਲ …. ਸੋਹਣਾ ਆ ਨਾਂ ਨਾਮ ਮੇਰਾ … ਉਂਕਾਰਦੀਪ ਸਿੰਘ ਧਾਲੀਵਾਲ …. ਦਾਦੇ ਨੇ ਰੱਖਿਆ ਸੀ ਗੁਰਬਾਣੀ ਵਿੱਚੋ … ਸਿਰਫ ਨਾਮ ਹੀ ਨਹੀਂ ਮੈਂ ਆਪ ਵੀ ਬਹੁਤ ਸੋਹਣਾ ਸੀ ਨਿੱਕੇ ਹੁੰਦਿਆਂ … ਗੋਲ ਮਟੋਲ ਗੋਰਾ ਚਿੱਟਾ … ਨਿੱਕੇ ਹੁੰਦੇ ਦੇ ਮੰਮੀ ਜੂੜਾ ਕਰਦੀ ਤਾਂ ਟਿੱਕਾ ਲਾ ਦਿੰਦੀ ਸੀ ਕਹਿੰਦੀ ਨਜ਼ਰ ਨਾ ਲੱਗੇ । ਕਦੇ ਪਿਆਰ ਨਾਲ ਜੇਠਾ ਪੁੱਤ ਵੀ ਕਹਿੰਦੀ ਸੀ ।
ਪਰ ਪਤਾ ਨਹੀ ਕਿਉਂ ਮੰਮੀ ਦੇ ਸ਼ਬਦ ਪੂਰ ਨਹੀ ਚੜ੍ਹੇ ਤੇ ਮੈਨੂੰ ਨਜ਼ਰ ਲੱਗ ਗਈ … ਹਾਂ ਮੈਨੂੰ ਲੱਗੀ ਸੀ ਨਜ਼ਰ ….. ਚੰਗਾ ਭਲਾ ਦੌੜਦਾ ਕੁੱਦਦਾ ਮੈਂ ਮੰਜੇ ਤੇ ਜਾ ਪਿਆ …
ਮੈਂ ਹਾਲੇ ਚੜ੍ਹਦੀ ਉਮਰ ਚ ਈ ਸਾਂ , ਸਰੀਰ ਮੇਰਾ ਲਗਰ ਵਾਂਗ ਵੱਧ ਰਿਹਾ ਸੀ …. ਤੇ ਮੈਂ ਜਵਾਨ ਹੋ ਰਿਹਾ ਸੀ ਘਰ ਦੀ ਕਬੀਲਦਾਰੀ ਸਾਂਭਣੀ ਸ਼ੁਰੂ ਕਰ ਦਿੱਤੀ ਸੀ … ਬਾਪੂ ਮੇਰਾ ਕਨੇਡਾ ਸੀ ਉਹ ਬੱਸ ਦੋ ਚਾਰ ਸਾਲ ਬਾਅਦ ਆਉਂਦਾ …. ਬੱਸ ਸੁਪਨੇ ਵਰਗਾ ਸੀ ਉਹ…. ਦਾਦਾ ਵੀ ਕਹਿ ਛੱਡਦਾ ਜ਼ੁੰਮੇਵਾਰੀ ਤੂੰ ਹੀ ਸਾਂਭਣੀ ਆ ਹੁਣ …. ਮੈਂ ਸਾਂਭ ਵੀ ਰਿਹਾ ਸੀ ਪਰ ਮੇਰਾ ਮਨ ਕਦੇ ਬਾਹਰ ਜਾਣ ਨੂੰ ਨਹੀ ਕਰਿਆ ਮੈਨੂੰ ਸੀ ਮੈਂ ਪੁਲਿਸ ਦਾ ਅਫ਼ਸਰ ਬਣਨਾ … ਵੱਡਾ ਅਫ਼ਸਰ …. ਸਟਾਰ ਚਮਕਦੇ ਹਮੇਸ਼ਾ ਹੀ ਸੋਹਣੇ ਲੱਗਦੇ ਰਹੇ ਮੈਨੂੰ …. ਪਰ ਸਾਡੇ ਪਿੰਡਾਂ ਵਿੱਚ ਪੁਲਿਸ ਨੂੰ ਕੋਈ ਬਾਹਲ਼ਾ ਚੰਗਾ ਨਹੀਂ ਸਮਝਦੇ ….ਗਾਹਲਾਂ ਈ ਦਿੰਦੇ ਨੇ …. ਗਾਹਲਾਂ ਲੋਕ ਦਿੰਦੇ ਤੇ ਖਿੱਝ ਮੈਨੂੰ ਆਉਂਦੀ .. ਮੈਂ ਸੋਚਣਾ ਮੈਂ ਵੱਡਾ ਅਫ਼ਸਰ ਬਣ ਕੇ ਲੋਕਾਂ ਦੇ ਉਲਾਂਭੇ ਦੂਰ ਕਰ ਦੇਣੇ ਆ ਕਿ ਪੁਲਸੀਏ ਚੰਗੇ ਵੀ ਹੁੰਦੇ ਆ ।
ਯਾਰ ਮੈਂ ਵੀ ਕਦੇ ਉਹਨਾਂ ਵਰਗਾ ਤਾਂ ਨਹੀ ਬਣਦਾ …ਨਹੀਂ ਨਹੀਂ ਕਦੇ ਵੀ ਨਹੀਂ …ਮੈਂ ਤਾਂ ਵਧੀਆ ਬਣ ਕੇ ਦਿਖਾਊ … ਦਾਦੇ ਨੇ ਕਹਿਣਾ ਭੱਜਿਆ ਕਰ ਮਿਹਨਤ ਕਰਿਆ ਕਰ ਜੇ ਅਫ਼ਸਰ ਬਣਨਾ ਤਾਂ … ਸਾਡਾ ਘਰ ਪਿੰਡੋਂ ਬਾਹਰ ਵਾਰ ਸੀ …. ਜਿੱਥੋ ਮੇਨ ਰੋਡ ਤਿੰਨ ਕੁ ਕਿਲੋਮੀਟਰ ਦੂਰ ਸੀ … ਮੈ ਸੁਬਹ ਸੁਬਹ ਭੱਜਣ ਤੁਰ ਪੈਂਦਾ … ਜਦੋ ਨੂੰ ਲੋਕ ਉੱਠ ਕੇ ਖੇਤਾਂ ਵੱਲ ਨੂੰ ਜਾਂਦੇ ਮੈ ਘਰ ਆ ਜਾਂਦਾ ਤੇ ਪੱਠੇ ਲੈਣ ਤੁਰ ਜਾਂਦਾ ।
ਮੇਹਰ ਸਿੰਹੁ ਪੋਤਾ ਤੇਰਾ ਮੇਹਨਤੀ ਆ …. ਨਵੇਂ ਮੁੰਡਿਆਂ ਵਰਗਾ ਹੈ ਨਹੀਂ …. ਲੋਕ ਦਾਦੇ ਕੋਲ ਤਰੀਫ਼ਾਂ ਕਰਦੇ ਤੇ ਦਾਦਾ ਸ਼ਾਹਦੀ ਭਰਦਾ …. ਕਿਉਂਕਿ ਮੈਂ ਸੁਬਹ ਕੰਮ ਕਰਵਾ ਕੇ ਹੀ ਸਕੂਲ ਜਾਂਦਾ, ਡੰਗਰਾਂ ਦੀ ਸਾਂਭ ਸੰਭਾਲ ਚ ਮਦੱਦ ਕਰਦਾ , ਖੇਤੀ ਬਾੜੀ ਚ ਪੂਰੀ ਮਦਦ ਕਰਵਾਉਂਦਾ । ਪੜ੍ਹਾਈ ਚ ਮੈਂ ਹੁਸ਼ਿਆਰ ਬਹੁਤ ਸੀ .. ਮਨੀਟਰ ਸੀ ਮੈਂ ਕਲਾਸ ਦਾ … ਟੀਚਰ ਸਾਰੇ ਈ ਮੋਹ ਕਰਦੇ ਸੀ …. ਜੋ ਟੀਚਰਾਂ ਨੇ ਕਲਾਸ ਚ ਕਰਵਾਉਣਾ ਹੁੰਦਾ ਮੈਂ ਪਹਿਲਾਂ ਹੀ ਪੜ ਲੈਦਾ ਸੀ ਤੇ ਸੁਣਾਂ ਦਿੰਦਾ । ਐਕਟਿਵੀ ਹੋਣੀ ਤਾਂ ਪਹਿਲ਼ਾ ਨਾਂ ਮੇਰਾ ਹੋਣਾ । ਉਂਕਾਰ ਉਂਕਾਰ ਹੁੰਦੀ ਮੈਨੂੰ ਵਧੀਆ ਲੱਗਦੀ । ਨਾਲ ਦੇ ਪਿੰਡੋ ਇੱਕ ਕੁੜੀ ਸਾਡੀ ਕਲਾਸ ਚ ਆਈ ਸੀ … ਉਹ ਕੱਲੀ ਗੂੜਾ ਨੀਲਾ ਸਿਲਕ ਦਾ ਸੂਟ ਪਾ ਕੇ ਆਉਂਦੀ …. ਸੋਹਣੀ ਬੜੀ ਲੱਗਦੀ ਸੀ ਮੈਨੂੰ … ਉਹਨੇ ਮੇਰੇ ਵੱਲ ਵੇਖ ਕੇ ਹੱਸੀ ਜਾਣਾ … ਹਾਏ ਹੱਸਦੀ ਕਿੰਨਾ ਸੋਹਣਾ ਸੀ ।
ਲੈ ਹੁਣ ਤੁਸੀ ਕਹਿਣਾ ਕਿ ਫ਼ੇਰ ਕਹਾਣੀ ਲੈ ਕੇ ਬਹਿ ਗਿਆ …ਮੈਂ ਕਹਾਣੀ ਹੀ ਤਾਂ ਸੁਣਾ ਰਿਹਾ ਆ … ਅੱਛਾ … ਅਸਲ ਗੱਲ .. ਚਲੋ ਅਸਲ ਗੱਲ ਤੇ ਆਉਨਾਂ ਆ ..ਸਭ ਸਹੀ ਚੱਲ ਰਿਹਾ ਸੀ … ਮੈਂ ਸੁਪਨਾ ਪੂਰਾ ਕਰਨ ਨੂੰ ਅੱਗੇ ਵੱਧ ਰਿਹਾ ਸੀ ਜਦੋ ਇੱਕ ਦਿਨ ਮੈਂ ਵਾਢੀਆਂ ਦੇ ਦਿਨਾਂ ਚ ਸਾਡੀ ਕੰਬਾਈਨ ਦੇ ਡਰਾਇਵਰ ਨੂੰ ਲੈਣ ਉਹਦੇ ਪਿੰਡ ਚਲਾ ਗਿਆ ….
ਚੱਕਵਾਂ ਜੇਹਾ ਬੰਦਾ ਸੀ … ਗਾੜੇ ਰੰਗ ਦਾ … ਮੱਧਰਾ ਜੇਹਾ ਕੱਦ … ਬੜੀ ਗੱਲ ਕੱਢ ਕੇ ਮਾਰਦਾ .. ਹਸਾਉਂਦਾ ਰਹਿੰਦਾ .. ਮੈਨੂੰ ਵਧੀਆ ਲੱਗਦਾ … ਮੈਂ ਉਮਰ ਵਿੱਚ ਤਾਂ ਕਾਫੀ ਛੋਟਾ ਸੀ ਪਰ ਉਹ ਮੇਰੀ ਕੱਛ ‘ਚ ਈ ਆਉਂਦਾ ਸੀ । ਟੈਮ ਦਾ ਪਾਬੰਦ ਨਹੀਂ ਸੀ ਉਹ , ਮੈਂ ਸਕੂਟਰ ਚੁੱਕਿਆ ਤੇ ਉਹਦੇ ਘਰ ਜਾ ਵੱਜਿਆ .. ਮੈਨੂੰ ਵੇਖ ਕੇ ਤਾਂ ਭੰਬੀਰੀ ਬਣ ਗਿਆ ਕਹਿੰਦਾ ਪੰਜ ਮਿੰਟ ਚ ਤਿਆਰ ਹੋ ਗਿਆ ਬੱਸ …. ਸੱਚੀਂ ਪੰਜ ਮਿੰਟ ਚ ਤਿਆਰ ਹੋ ਕੇ ਕਹਿੰਦਾ … ਚਾਬੀ ਮੈਨੂੰ ਫੜਾ ..ਮੈਂ ਚਲਾਉਨਾਂ … ਮੈਂ ਚਾਬੀ ਫੜਾ ਕੇ ਆਪ ਪਿੱਛੇ ਬਹਿ ਗਿਆ … ਪਹਿਲਾਂ ਵੀ ਵੇਖਿਆ ਸੀ … ਸਕੂਟਰ ਹਵਾ ਬਣਾ ਦਿੰਦਾ ਸੀ … ਸਾਲ਼ੇ ਨੇ ਸੱਚੀਉ ਸਕੂਟਰ ਹਵਾ ਬਣਾ ਤਾਂ ਮੈਨੂੰ ਕਹਿੰਦਾ.. ਬੱਸ ! ਹੱਥ ਪਾ ਕੇ ਬਹਿ ਜਾ … ਪਰ ਬਹਿੰਦੇ ਸਾਰ ਈ ਮੈਨੂੰ ਸਭ ਕੁਝ ਭੁੱਲ ਗਿਆ ਸੀ ਜਿਵੇਂ ।
ਸੂਰਜ ਦੀ ਕਿਰਨ ਲਿਸ਼ਕ ਕੇ ਮੇਰੇ ਮੂੰਹ ਤੇ ਪੈ ਰਹੀ ਸੀ ਤੇ ਮੋਹਲਾ … ਹਾਂ ਉਹੀਉ ਮੋਹਲਾ ਡਰੈਵਰ , ਮੈਂ ਨਾਂ ਦੱਸਣਾ ਭੁੱਲ ਗਿਆ ਸੀ ..ਉਹ ਮੇਰੇ ਕੋਲ ਖੜਾ ਜਰਦਾ ਲਾਈ ਜਾਵੇ, ਮੈਨੂੰ ਕਹਿੰਦਾ ਪਿਆ ਰਹਿ ਘਰਦੇ ਆਉਂਦੇ ਆ ।ਮੈਨੂੰ ਲੱਤ ਚ ਲੱਕੜ ਖੁੱਭੀ ਦਿਸੀ … ਚਿੱਟੀ ਲੱਕੜ … ਏਨੇ ਨੂੰ ਇੱਕ ਬੀਬੀ ਮੇਰਾ ਗੋਦੀ ਚ ਸਿਰ ਰੱਖਦੀ ਮੇਰਾ ਪਤਾ ਪੁੱਛ ਰਹੀ ਸੀ ਤੇ ਮੈਂ ਕੀ ਦੱਸਿਆ ਯਾਦ ਨ੍ਹੀ … ਪਰ ਐਨਾ ਕੁ ਯਾਦ ਐ ਮੈਂ ਉੱਠਣ ਲਈ ਜ਼ੋਰ ਬਹੁਤ ਲਾਇਆ ਸੀ ਨਾ ਤਾਂ ਉੱਠ ਹੋਇਆ ਸੀ ਤੇ ਨਾ ਹੀ ਲੱਕੜ ਕੱਢ ਹੋਈ ਸੀ ਤੇ ਫੇਰ ਤੀਜੇ ਦਿਨ ਅੱਖ ਮੇਰੀ ਲੁਧਿਆਣੇ ਵਾਲੇ ਹਸਪਤਾਲ ਚ ਈ ਖੁੱਲ੍ਹੀ ਸੀ ਤੇ ਧੁੰਦਲੀਆਂ ਅੱਖਾਂ ਅੱਗੇ ਬਾਪੂ ਖੜ੍ਹਾ ਸੀ ।
ਮੈਨੂੰ ਸਾਲਾ ਕੁਝ ਯਾਦ ਹੀ ਨਹੀਂ ਸੀ ਤੇ ਬਾਪੂ ਕਦੋਂ ਆ ਗਿਆ ? ਭੈਣ ਚੋ ਮੈਨੂੰ ਕਿੱਥੇ ਬੰਨ੍ਹੀਂ ਫਿਰਦੇ ਸੀ …ਮੈਥੋਂ ਹਿੱਲ ਨਹੀਂ ਸੀ ਹੋ ਰਿਹਾ … ਪੂਰੀ ਲੱਤ ਤੇ ਪਲੱਸਤਰ … ਗਲ਼ੇ ਚ ਪਟਾ … ਇੱਕ ਪਾਸੇ ਗਲੂਕੋਜ ਤੇ ਦੂਜੇ ਪਾਸੇ ਬਲੱਡ ਦੀ ਬੋਤਲ ।
ਮੈਂ ਅੱਖਾਂ ਕੀ ਖੋਲੀਆਂ ਸਾਰੇ ਮੇਰੇ ਵੱਲ ਇਉਂ ਭੱਜੇ ਜਿਉਂ ਮੱਖੀਆਂ ਗੁੜ ਦੇਖ ਕੇ ਆਉਂਦੀਆਂ ਨੇ । ਬੜਾ ਪੁੱਤ ਪੁੱਤ ਕਰਨ ਤੇ ਗੱਲ ਕੋਈ ਦੱਸੇ ਨਾ । ਯਾਰ ਸੱਚ ! ਉਸ ਦਿਨ ਸਵੱਖਤੇ ਉੱਠਣ ਤੋ ਪਹਿਲਾਂ ਮੈਨੂੰ ਏਵੇਂ ਈ ਸੁਪਨਾ ਆਇਆ ਸੀ ਤੇ ਮੈਂ ਹੈਰਾਨ ਕਿ ਹਾਲੇ ਤੱਕ ਸੁਪਨਾ ਈ ਆ ਰਿਹਾ ? ਮੈਂ ਉੱਠਿਆ ਈ ਨਹੀ ? ਮੈਂ ਦਿਮਾਗ਼ ਤੇ ਜ਼ੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕਰੀ ਤਾਂ ਜ਼ੁਬਾਨ ਵੀ ਬੰਦ ਹੋਈ ਪਈ … ਮੈਥੋਂ ਤਾਂ ਬੋਲ ਈ ਨਹੀਂ ਸੀ ਹੋ ਰਿਹਾ ।
ਸ਼ੁਕਰ ਆ ਪੁੱਤ ! ਤੇਰੀ ਜਾਨ ਬੱਚ ਗਈ … ਸੱਟਾਂ ਨੂੰ ਤਾਂ ਆਰਾਮ ਆ ਜੂ । ਹੁਣ ਏਹ ਕੌਣ ਸੀ ਸੱਚ ਤੋ ਜਾਣੂ ਕਰਾਉਣ ਵਾਲੀ ? ਅੱਛਾ …ਬੀਬੀ ਭੋਲ਼ੀ ਸੀ ਏਹ…ਭੋਲ਼ੀ ਬੀਬੀ ਮੋਟੀ ਸਾਰੀ ਪੱਕੇ ਰੰਗ ਦੀ ਸਾਡੀ ਦਾਦੀ ਦੀ ਰਿਸ਼ਤੇਦਾਰੀ ਚੋ ਸੀ ਜੋ ਸਾਡੇ ਨਾਲ ਬਹੁਤ ਵਰਤਦੀ ਸੀ … ਏਥੇ ਆਉਂਦੀ ਸੀ ਸਾਡੇ ਕੋਲ ਰਹਿਣ । ਭੋਲ਼ੀ ਬੀਬੀ ਬਾਰੇ ਏਹ ਮਸ਼ਹੂਰ ਸੀ ਕਿ ਏਹ ਗੱਲਾਂ ਨਾਲ ਚੰਗੇ ਭਲੇ ਬੰਦੇ ਦਾ ਤ੍ਰਾਹ ਕੱਢ ਦਿੰਦੀ ਸੀ ਤੇ ਤ੍ਰਾਹ ਤਾਂ ਮੇਰਾ ਵੀ ਕੱਢ ਦਿੱਤਾ ਸੀ .. ਪਹਿਲਾਂ ਤਾਂ ਆਉਂਣ ਸਾਰ ਜਵਾਂ ਜ਼ਖ਼ਮ ਤੇ ਹੱਥ ਲਾ ਕੇ ਪੁੱਛਦੀ ਆ ਕਿ ਪੀੜ੍ਹ ਹੁੰਦੀ ਕਿੱਥੋਂ ਆ ? ਫੇਰ ਕਹਿੰਦੀ ਪੁੱਤ ਡਾਕਟਰ ਤਾਂ ਲੱਤ ਬਾਂਹ ਵੱਢਣ ਲੱਗੇ ਮਿੰਟ ਲਾਉਂਦੇ ਆ …ਸ਼ੁਕਰ ਕਰ ਤੂੰ । ਮੇਰੀ ਚੀਕ ਨਿਕਲ ਗਈ …ਸਾਲੇ ਘਰਦੇ ਕਿੱਧਰ ਮਰ ਗਏ ਸੀ … ਮੈ ਬਾਹਾਂ ਝਟਕਾਈਆਂ ਤਾਂ ਡਰਿੱਪ ਚ ਪਰ੍ਹੇ ਜਾ ਪਈ ਤੇ ਸੂਈ ਜਿਸਮ ਤੋ ਬਾਹਰ ਆਈ ਤਾਂ ਲਾਲ ਰੱਤਾ ਲਹੂ ਧਤੀਰੀ ਮਾਰ ਗਿਆ । ਮੈਂ ਸਾਰਾ ਸੱਚ ਜਾਣ ਕੇ ਬੇਜਾਨ ਹੋ ਗਿਆ । ਆਖਿਰ ਕਰ ਵੀ ਕੀ ਸਕਦਾ ਸੀ ?
ਉਸ ਦਿਨ ਤੋ ਬਾਅਦ ਮੇਰੀ ਜ਼ਿੰਦਗੀ ਬਦਲ ਗਈ ਸੀ ਬਹੁਤ ਜ਼ਿਆਦਾ ਈ ਬਦਲ ਗਈ ਸੀ … ਮੈਂ ਪੂਰਬ ਤੋ ਪੱਛਮ ਤੇ ਆ ਗਿਆ ਸੀ … ਤਿੰਨ ਮਹੀਨੇ ਤਾਂ ਬੈੱਡ ਤੋ ਈ ਨਹੀ ਉੱਠਿਆ ਗਿਆ … ਫੇਰ ਬੋਰਡ ਦੀ ਕਲਾਸ ਸੀ ਬਥੇਰਾ ਜ਼ੋਰ ਲਾਇਆ ਸਭ ਨੇ ਕਿ ਡਰਾਪ ਕਰਦੇ ਪਰ ਮੈਨੂੰ ਉਮੀਦ ਸੀ ਕਿ ਮੈਂ ਕੱਢ ਜੂ … ਮੈਂ ਪੜ੍ਹਦਾ ਰਹਿੰਦਾ ..ਨਾਲ ਦੇ ਕੰਮ ਘਰ ਫੜ੍ਹਾਂ ਜਾਂਦੇ ਤੇ ਮੈਂ ਪੜ੍ਹਦਾ ਰਹਿੰਦਾ … ਮੈਂ ਨਾਲ ਨਾਲ ਗਾਣੇ ਸੁਣਦਾ .. ਉਦੋਂ ਕੁਲਵਿੰਦਰ ਢਿੱਲੋ ਦੀ ਕੈਸਿਟ ਆਈ ਸੀ ਕਾਲਜ ..ਉਹਦੇ ਵਾਹਵਾ ਚਰਚੇ ਸੀ ਮੈ ਰਿਪੀਟ ਤੇ ਲਾ ਕੇ ਸੁਣਦਾ … ਹੋਰ ਵੀ ਨਵੇਂ ਕਲਾਕਾਰ ਦੀਆਂ ਕੈਸਿਟਾਂ ਆਈਆ ਸੀ …ਦਿਲਜੀਤ …ਬਲਵੀਰ ਬੋਪਾਰਾਏ … ਮੇਰਾ ਮਨ ਲੱਗਿਆ ਰਹਿੰਦਾ … ਤਿੰਨ ਆਪ੍ਰੇਸ਼ਨ ਹੋ ਗਏ ਸੀ ਮੇਰੇ …. ਤੇ ਫੇਰ ਕਿਤੇ ਜਾ ਕੇ ਰਿਕਵਰੀ ਸ਼ੁਰੂ ਹੋਈ ਸੀ ।
ਡਾਕਟਰ ਤਾਂ ਲੱਤ ਵੱਢਦੇ ਸੀ … ਮਸਾਂ ਦੀ ਮਿੰਨਤ ਸਫੈਦ ਕਰਕੇ ਕਿਹਾ ਕਿ ਏਦਾਂ ਈ ਜੋੜ ਦਿਓ …ਬੱਜ ਪੈਂਦੀ ਤਾਂ ਪੈਣ ਦਿਉ …ਅੰਗ ਤਾਂ ਨਾਲ ਲੱਗਾ ਰਹਿ ਜੂ … ਪੈਸੇ ਅਸੀਂ ਕਹਿਤਾਂ ਸੀ ਜਿੰਨੇ ਮਰਜ਼ੀ ਲੱਗਣ ਜਾਨ ਬੱਚਣੀ ਚਾਹੀਦੀ ।
ਏਹ ਸੱਚਾਈ ਸੀ ਜੋ ਮੰਮੀ ਤੋ ਸੁਣੀਂ ਮੈਂ ਪਤਾ ਨਹੀ ਕੀਹਨੂੰ ਦੱਸ ਰਹੀ ਸੀ … ਤੇ ਏਹ ਸੱਚ ਸੁਣਨਾ ਮੇਰੇ ਲਈ ਮਰਨ ਤੋਂ ਘੱਟ ਨਹੀਂ ਸੀ ਕਿੳਕਿ ਮੈਂ ਜਦੋ ਵੀ ਲੱਤ ਦੇਖਦਾ ਤਾਂ ਮੈਨੂੰ ਹਮੇਸ਼ਾ ਸੱਜੀ ਛੋਟੀ ਲੱਗਦੀ … ਘਰਦਿਆਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਗੱਲ ਨਾ ਦੱਸੀ ਜਾਵੇ ਪਰ ਪਤਾ ਤਾਂ ਆਖਿਰ ਲੱਗਣਾ ਹੀ ਸੀ ।
ਮੈਂ ਉਸ ਦਿਨ ਰੋਇਆ ਬਹੁਤ ਰੋਇਆ ਰੱਜ ਕੇ ਰੋਇਆ ਕਿਉਂਕਿ ਮੈ ਨਾਰਮਲ ਨਹੀ ਸੀ ਮੇਰੀ ਲੱਤ ਚ ਨੁਕਸ ਪੈ ਗਿਆ ਸੀ ਤੇ ਮੈਂ ਕਦੇ ਵੀ ਪੁਲੀਸ ਅਫ਼ਸਰ ਨਹੀ ਸੀ ਬਣ ਸਕਣਾ ।
ਪਰ ਕੋਈ ਸਮਾਂ ਹੀ ਏਵੇਂ ਦਾ ਹੁੰਦਾ ਕਿ ਮਾਰ ਚਾਰੇ ਪਾਸੇ ਤੋ ਪੈਂਦੀ ਆ … ਅਕਤੂਬਰ ਚ ਸ਼ਾਰਟ ਸਰਕਟ ਨਾਲ ਸਾਰੀ ਫ਼ਸਲ ਸੜ ਗਈ … ਕੰਬਾਈਨ ਦਾ ਐਂਕਸੀਡੈਂਟ ਹੋ ਗਿਆ … ਬਾਪੂ ਨੂੰ ਸ਼ੂਗਰ ਇਕਦਮ ਵੱਧ ਗਈ ਤੇ ਉਹ ਮੁੜ ਕੇ ਕਨੈਡਾ ਨਹੀਂ ਗਿਆ ।
ਮੈ ਖਰੌੜੀਆ ਤੇ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤੇ ਲੱਤ ਥੱਲੇ ਨਾ ਲੱਗਦੀ । ਤੁਰਨਾ ਬਹੁਤ ਔਖਾ ਸੀ …ਦੁਬਾਰਾ ਹੀ ਤੁਰਨਾ ਸਿੱਖਣਾ ਸੀ … ਇੱਕ ਲੱਤ ਤੇ ਵੱਧ ਭਾਰ ਆਉਂਦਾ ਤੇ ਉਹ ਫੁੱਲ ਜਾਂਦੀ ਮੈਥੋਂ ਖੜ੍ਹ ਨਹੀਂ ਸੀ ਹੁੰਦਾ ।ਦੂਜੀ ਤੇ ਭਾਰ ਨਹੀਂ ਸੀ ਆਉਂਦਾ ।
ਚਲੋ ਦੱਸਦਾ ਕਿ ਉਸ ਦਿਨ ਹੋਇਆ ਕੀ ਸੀ ?… ਮੈਂ ਦੱਸਿਆ ਕਿ ਸਾਡਾ ਘਰ ਲਿੰਕ ਰੋਡ ਤੇ ਸੀ ਤੇ ਮੇਨ ਰੋਡ ਤਿੰਨ ਕਿਲੋਮੀਟਰ ਦੂਰ ..ਮੇਨ ਰੋਡ ਟੁੱਟਿਆ ਬਾਹਲ਼ਾ ਸੀ … ਖੱਡੇ ਬਹੁਤ ਸੀ ….ਵੋਟਾਂ ਦੇ ਦਿਨ ਸੀ ਉਦੋਂ … ਇੱਕ ਕਾਰ ਸਾਡੇ ਸਾਹਮਣਿਉ ਆਉਂਦੀ ਸੀ ਖੱਡੇ ਚ ਵੱਜ ਕੇ ਮੇਰੇ ਵੱਲ ਨੂੰ ਹੋ ਗਈ ਸੀ ਤੇ ਸਾਡੇ ਮੋਹਲੇ ਨੇ ਸਕੂਟਰ ਦਾ ਕੱਟ ਮਾਰ ਤਾਂ ਤੇ ਮੇਰੀ ਲੱਤ ਕਾਰ ਤੇ ਸਕੂਟਰ ਵਿੱਚ ਫੇਹੀ ਗਈ ਸੀ ਤੇ ਮੇਰੀ ਪੱਟ ਦੀ ਹੱਡੀ ਨਿਕਲ ਕੇ ਬਾਹਰ ਆ ਗਈ ਸੀ ਜੋ ਕਿ ਲੱਕੜ ਨਹੀ ਸੀ ਮੈ ਤਾ ਲੱਕੜ ਦੇ ਭੁਲੇਖੇ ਹੀ ਖਿੱਚੀ ਗਿਆ ਸੀ । ਉਹ ਤਾਂ ਖੂਨ ਜ਼ਿਆਦਾ ਵਹਿਣ ਕਰਕੇ ਮੈ ਬੇਸੁੱਧ ਹੋ ਗਿਆ ਸੀ ਨਹੀ ਤਾਂ ਮੈਂ ਹੱਡੀ ਈ ਖਿੱਚੀ ਜਾਣੀ ਸੀ ਤੇ ਕਿਸੇ ਤੁਰੇ ਜਾਂਦੇ ਨੇ ਮੈਨੂੰ ਵੇਖ ਕੇ ਘਰੇ ਸੁਨੇਹਾ ਲਾਇਆ ਤੇ ਮੈਨੂੰ ਹਸਪਤਾਲ ਲੈ ਕੇ ਗਏ ਨਹੀ ਤਾਂ ਮੈਂ ਉੱਥੇ ਦੀ ਚਲਾਣੇ ਕਰ ਜਾਣੇ ਸੀ ।
ਬਾਪੂ ਦੱਸਦਾ ਕਿ ਡਾਕਟਰ ਦੱਸਦਾ ਕਿ ਖੂਨ ਬਹੁਤ ਵਹਿ ਗਿਆ ਸੀ … ਮੇਰੇ ਪੰਦਰਾਂ ਬੋਤਲਾਂ ਖ਼ੂਨ ਦੀਆ ਲੱਗੀਆ ਸੀ … ਜੇ ਲੇਟ ਲੈ ਕੇ ਜਾਂਦੇ ਤਾਂ ਖੂਨ ਦੀ ਕਮੀ ਕਰਕੇ ਜਾਨ ਜਾ ਸਕਦੀ ਸੀ ।
ਬਾਪੂ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਦੁਬਾਰਾ ਤੋਰਨ ਦੀ … ਮੇਰੀ ਲੱਤ ਦੀ ਰੋਜ ਮਾਲਿਸ਼ ਕਰਦਾ … ਮੈਨੂੰ ਆਪ ਖਵਾਉਂਦਾ ਪਿਲਾਉਂਦਾ .. ਹਰੇਕ ਹਫ਼ਤੇ ਆਪ ੳਪੀਡੀ ‘ਚ ਲਿਜਾਂਦਾ ।
ਹੁਣ ਤੁਸੀ ਇਹ ਨਾ ਕਹਿ ਦਿਉ ਕਿ ਉਹ ਤਾਂ ਦੱਸਦਾ ਨਹੀਂ ਕਿ ਤੇਰੇ ਨਾਲ ਹੋਇਆ ਕੀ ? ਯਾਰ ਸੁਰੂਆਤ ਤਾਂ ਏਥੋਂ ਹੋਈ …. ਜੜ੍ਹ ਤੋਂ ਬਿਨਾਂ ਪੌਦਾ ਪਣਪਦਾ ਭਲਾ?? ਏਥੇ ਈ ਮੇਰਾ ਸਘੰਰਸ਼ ਸ਼ੁਰੂ ਹੋ ਗਿਆ ।
ਜਦੋ ਵੀ ਕਿਸੇ ਨੇ ਘਰ ਆਉਣਾ ਏਹੀ ਕਹਿਣਾ ਚੰਗਾ ਭਲਾ ਸੀ ਬੱਜੋਰੱਤਾ ਹੋ ਗਿਆ .. ਬੱਜੋਰੱਤਾ ਸੁਣਿਆ ਤਾਂ ਪਹਿਲਾਂ ਵੀ ਸੀ ਮਤਲਬ ਹੁਣ ਸਮਝ ਆਇਆ ਸੀ … ਮੇਰੀ ਸੱਜੀ ਲੱਤ ਖੱਬੀ ਨਾਲੋ ਮਾੜੀ ਜੇਹੀ ਊਣੀ ਸੀ ਪਰ ਹਾਲੇ ਕਮਜ਼ੋਰ ਸੀ ਤਾਂ ਲੰਗ ਵੱਧ ਵੱਜਦਾ ਸੀ …
ਘਰਦਿਆ ਕਹਿਣਾ ਕੀ ਠੀਕ ਹੋ ਜਾਣਾ । ਲਵੇਰੀ ਉਮਰ ਆ ਫ਼ਰਕ ਨਿਕਲ ਜੂ .. ਲੱਤ ਭਰ ਜੂ … ਹੌਸਲਾ ਦੇਣਾ ਜ਼ਰੂਰੀ ਨਹੀ ਕਿ ਪੁਲਿਸ ‘ ਚ ਈ ਜਾਣਾ … ਹੋਰ ਬਹੁਤ ਮਹਿਕਮੇ ਆ ਨਾਲੇ ਸਾਰੀ ਦੁਨੀਆ ਥੋੜੀ ਪੁਲਿਸ ਚ ਜਾਂਦੀ ਆ … ਮੈ ਅੰਦਰੋਂ ਕਿਰਨ ਲੱਗ ਜਾਣਾ ਪਰ ਆਵਦਾ ਆਪ ਕੱਠਾ ਕਰ ਲੈਣਾ ।
ਬਾਰਵੀਂ ਤੱਕ ਤਾਂ ਸਭ ਠੀਕ ਰਿਹਾ … ਮੈਨੂੰ ਵੀ ਨਹੀ ਜਾਪਿਆ ਪਰ ਜਦੋ ਕਾਲਜ ਗਿਆ ਤਾਂ ਕੁਝ ਕੁ ਦਿਨਾਂ ਬਾਅਦ ਜਨਤਾ ਨੇ ਮੇਰਾ ਨਾਮ ‘ਤਿਆਗੀ’ ਰੱਖ ਦਿੱਤਾ …. ਜਦੋ ਵੀ ਕਿਸੇ ਨੇ ਬੁਲਾਉਣਾ ਹੋਣੇ ਤਾਂ ਤਿਆਗੀ ਕਹਿ ਕੇ ਬੁਲਾਉਣਾ … ਮੇਰਾ ਆੜੀ ਬਣਿਆ ਗੋਰੀ .. ਉਹਨੇ ਦੱਸਿਆ ਕਿ ਤੇਰਾ ਨਾਮ ਲੰਗੜਾ ਤਿਆਗੀ ਰੱਖਿਆ ਆ … ਉਦੋਂ ਸੈਫ਼ ਅਲ਼ੀ ਖਾਨ ਦਾ ਰੋਲ ਸੀ ਕਿਸੇ ਫਿਲਮ ਚ ਲੰਗੜਾ ਤਿਆਗੀ ….ਕਿਹੜੀ ਫ਼ਿਲਮ ਸੀ ਉਹ …ਹਾਂ ..ਉਮਕਾਰਾ
ਮੈਂ ਘਰ ਆ ਕੇ ਪੁੱਛਿਆ ਕਿ ਮੇਰਾ ਲੰਙ ਸੱਚੀਉ ਏਨਾ ਆ ? ਤਾਂ ਮੰਮੀ ਕਹਿੰਦੀ ਨਹੀਂ …. ਮੈਂ ਹੋਰ ਵੀ ਪੁੱਛਣਾ ਤਾਂ ਸਭ ਨੇ ਕਹਿਣਾ ਕਿ ਤੂੰ ਤਾਂ ਮਾੜਾ ਜਿਹਾ ਈ ਪੈਰ ਦੱਬਦਾ ਉਹ ਵੀ ਐਨਾ ਪਤਾ ਨਹੀਂ ਲੱਗਦਾ ।
ਤਿਆਗੀ ਵਾਲਾ ਨਾਮ ਸੁਣ ਕੇ ਮੇਰੇ ਚ ਹੀਣ ਭਾਵਨਾ ਆਉਣ ਲੱਗ ਪਈ … ਮੈਨੂੰ ਸਮਝ ਨਹੀਂ ਸੀ ਪੈਂਦੀ ਕਿ ਇਹ ਸਭ ਛੁਪਾਵਾਂ ਕਿਵੇਂ ?
ਕਾਲਜ ਚ ਅੰਜਲੀ ਹੁੰਦੀ ਸੀ ,ਮੇਰੀ ਕਲਾਸਮੇਟ ਉਹ ਮੇਰੇ ਕੋਲ ਸਾਰਾ ਦਿਨ ਬੈਠੀ ਰਹਿੰਦੀ … ਮੈਨੂੰ ਸੁਣਦੀ ਤੇ ਸੁਣਾਉਂਦੀ … ਉਹ ਸੀ.ਆਰ ਸੀ ਕਲਾਸ ਦੀ… ਪਰ ਉਹ ਬਾਕੀਆ ਵਰਗੀ ਨਹੀਂ ਸੀ ਇੱਕ ਉਹੀ ਸੀ ਜੋ ਮੈਨੂੰ ਸੁਣ ਸਕਦੀ ਸੀ ਸਮਝ ਸਕਦੀ ਸੀ … ਮੈਨੂੰ ਹਮੇਸ਼ਾ ਲੱਗਣਾ … ਉਹ ਹੱਸੂਗੀ ਨਹੀਂ ….ਨਹੀ ਬਾਕੀ ਸਭ ਨੂੰ ਤਾਂ ਮੈਂ ਹੱਸਦੇ ਸੁਣਿਆ ਸੀ … ਸੈਕਿੰਡ ਯੀਅਰ ਵਾਲੇ ਤਾਂ ਤਾੜੀ ਮਾਰ ਕੇ ਹੱਸਦੇ ਵੀ ਵੇਖੇ ਸੀ ।
ਜੇ ਕੋਈ ਆਪਣੀ ਗੱਲ ਕਰਕੇ ਵੀ ਹੱਸਦਾ ਤਾਂ ਮੈਨੂੰ ਜਾਪਦਾ ਮੇਰਾ ਮਜ਼ਾਕ ਹੀ ਉਡਾ ਰਿਹਾ ਹੈ … ਮੈ ਸ਼ੀਸ਼ੇ ਚ ਦੇਖਣਾ … ਯਾਰ ਮੇਰੀ ਸ਼ਕਲ ਵੀ ਨਹੀ ਮਾੜੀ … ਪੜ੍ਹਾਈ ਚ ਵੀ ਠੀਕ ਆ … ਫੇਰ ਆਹ ਸਭ ਕਰਕੇ ..ਕਿਉ ? ।
ਇੱਕ ਦਿਨ ਤਾਂ ਹੱਦ ਈ ਹੋ ਗਈ ਮੈਂ ਜਦੋਂ ਸੈਕਿੰਡ ਯੀਅਰ ਸੀ ਘਰ ਆ ਕੇ ਕਾਲਜ ਦੀ ਅਸਾਇਨਮੈਂਟ ਬਣਾ ਰਿਹਾ ਸੀ ਬਾਪੂ ਕਹਿੰਦਾ ਕਪਾਹ ਗੁੱਡਣ ਨਾਲ ਜਾ … ਮੈਂ ਕਿਹਾ ਕੰਮ ਕਰਕੇ ਚਲਾ ਜਾਨਾਂ … ਉਹਨੇ ਦੋ ਤਿੰਨ ਵਾਰ ਕਿਹਾ ਤਾਂ ਮੈਂ ਕਿਹਾ ਦੋ ਮਿੰਟ …ਅੱਗੋਂ ਬਾਪੂ ਕਹਿੰਦਾ …ਚੱਲ ਜਾ ਲੰਗੜਿਆਂ …ਕਿਹੜਾ ਇੰਸਪੈਕਟਰ ਲੱਗਣਾ ਤੂੰ … ਮੇਰਾ ਸੀਨਾ ਫੇਰ ਛੱਲੀ ਹੋ ਗਿਆ ਮੈਂ ਖੇਤ ਬਹਿ ਕੇ ਰੋਇਆ ਤੇ ਉਸ ਦਿਨ ਮੈਂ ਦੇਸੀ ਪੀਤੀ ..ਚੋਰੀ । ਪਰ ਪੀ ਕੇ ਮੇਰਾ ਹੋਰ ਜੀ ਕਰੇ ? ਕੀ ਕਰਾਂ ਮੈੰ….
ਪਹਿਲਾ ਤਾਂ ਲੱਗਦਾ ਕਿ ਬਾਹਰ ਦੇ ਈ ਕਹਿੰਦੇ ਆ ਹੁਣ ਤਾਂ ਘਰ ਦੇ ਵੀ ਕਹਿਣ ਲੱਗ ਪਏ ਸੀ ।
ਇੱਕ ਦਿਨ ਕੈਂਪ ਲਾਉਣ ਗਿਆ ਸੀ ਕਾਲਜ ਵੱਲੋ ਜੈਪੁਰ , ਕੋਈ ਰਾਸ਼ਟਰੀ ਕੈਂਪ ਸੀ ..ਨਹਿਰੂ ਯੁਵਾ ਕੇਂਦਰ ਵਾਲਿਆਂ ਨੇ ਲਾਇਆ ਸੀ ਤੇ ਮੈਨੂੰ ਖਾਰੇ ਸਰ ਹੋਰਾਂ ਨੇ ਭੇਜਿਆ ਸੀ ਟੀਮ ਲੀਡਰ ਬਣਾ ਜੇ… ਮੈਂ ਉਸ ਸ਼ਾਮ ਨੂੰ ਭੰਗੜਾ ਕਰਿਆ ਪੱਗ ਬੰਨ੍ਹ ਕੇ ਤੇ ਬਹੁਤ ਤਾੜੀਆਂ ਵੱਜੀਆਂ … ਅਗਲੀ ਸ਼ਾਮ ਮੈਨੂੰ ਕਹਿੰਦੇ ਕਿ ਫੇਰ ਏਹੀ ਪਰਫ਼ਾਮੈਂਸ ਦੇਣੀ ਆ ਤਿਆਰ ਰਹੀ ਪਰ ਜਦੋ ਸਟੇਜ ਸਕੱਤਰ ਨੇ ਹਿੰਦੀ ਵਿੱਚ ਕਿਹਾ ਕਿ ਪੰਜਾਬ ਤੋ ਆਇਆ ਗੱਭਰੂ ਆਪਾਹਿਜ ਹੋਣ ਦੇ ਬਾਅਦ ਐਡਾ ਸੋਹਣਾ ਭੰਗੜਾ ਕਰਦਾ ਤਾਂ ਮੈ ਤੜਫ਼ ਉੱਠਿਆ , ਮੈਨੂੰ ਯਾਦ ਆ ਮੈਂ ਨੱਚ ਰਿਹਾ ਸੀ ਤੇ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸੀ ।
ਯਾਰ ਮੈਂ ਹੌਲੀ ਹੌਲੀ ਠੀਕ ਵੀ ਹੋ ਗਿਆ ਸੀ , ਮੇਰੀ ਲੱਤ ਮਾੜੀ ਜੇਹੀ ਦੱਬਦੀ ਆ … ਕਈ ਵਾਰ ਤਾਂ ਪਤਾ ਲੱਗ ਜਾਂਦਾ ਪਰ ਕਈ ਵਾਰ ਬਦਲਦੇ ਮੌਸਮ ਚ ਦਰਦ ਨਾਲ ਲੰਙ ਵੀ ਵੱਧ ਜਾਂਦਾ ਆ । ਪਰ ਫੇਰ ਵੀ ਲੋਕ ਚਿੜਾਉਂਦੇ ਆ । ਮੈਨੂੰ ਚੰਗਾ ਨਹੀ ਲੱਗਦਾ , ਮੈ ਨਾਰਮਲ ਰਹਿਣ ਦੀ ਕੋਸ਼ਿਸ ਕਰਦਾ ਪਰ ਚੁੱਭ ਜਾਂਦੀਆਂ ।
ਮੈਨੂੰ ਵਿਚਾਰਾ ਬਣਾ ਦਿੱਤਾ ਗਿਆ , ਜੋ ਵੀ ਘਰ ਆਉਂਦਾ .. ਗੱਲ ਕਰਦਾ ਵਿਚਾਰਾ ਕਹਿ ਕੇ ਸੰਬੋਧਨ ਕਰਦਾ ।
ਯਾਦ ਆ ਜਦੋਂ ਮਾਸਟਰ ਡਿਗਰੀ ਕਰਨ ਤੋਂ ਬਾਅਦ ਮੈਂ ਐਕਸਾਈਜ ਇੰਸਪੈਕਟਰ ਦਾ ਪੇਪਰ ਕਲੀਅਰ ਕਰਿਆ ਤਾਂ ਜੁਆਇਨਿੰਗ ਲੈਟਰ ਆਉਣ ਤੇ ਮੰਮੀ ਨੇ ਚਾਈਂ ਚਾਈਂ ਗੁਆਂਢਣ ਨੂੰ ਦੱਸਿਆ ਤਾਂ ਉਹਦੇ ਬੋਲ ਸੀ ਕਿ ਚੱਲ ਵਿਚਾਰਾ ‘ਬੱਜੋਰੱਤਾ ‘ ਸੀ ਕਿਸੇ ਟਿਕਾਣੇ ਲੱਗ ਗਿਆ …..
ਏਵੇਂ ਈ ਪਿੰਡੋ ਕੇਹਰਾ ਮੈਂਬਰ ਮੈਨੂੰ ਕਹਿੰਦਾ ਸੀ ਕਿ ਅੰਗਹੀਣ ਸਰਟੀਫਕੇਟ ਬਣਾ ਲੈ …ਮੈਂ ਬਣਾ ਦਿੰਨਾ ਬਹੁਤ ਕੰਮ ਆਊਂ ..ਮੈਂ ਕਿਹਾ ਚਾਚਾ ਮਾੜਾ ਜਿਹਾ ਤਾਂ ਫ਼ਰਕ ਆ ਕਹਿੰਦਾ ਕੋਈ ਨਾ ਫ਼ਰਕ ਤਾਂ ਆਪਾਂ ਵਧਾ ਦਵਾਂਗੇ । ਲੂਲੇ ਲੰਙੜੇ ਬਣਨ ਦੇ ਬਥੇਰੇ ਫ਼ਾਇਦੇ ਆ .. ਇਹ ਗੱਲ ਉਹਨੇ ਟਿੱਚਰ ਚ ਕਹੀ ਸੀ ਅੱਖ ਦੱਬ ਕੇ ।
ਯਾਰ ਪ੍ਰੀਤੀ ਵੀ ਏਹੀ ਆਖ ਕੇ ਗਈ ਸੀ … ਹਾਂ ਪ੍ਰੀਤੀ … ਇਹ ਮੈਨੂੰ ਲੁਧਿਆਣੇ ਮਿਲੀ ਸੀ … ਕੈਂਪ ਤੇ … ਪੰਜ ਫੁੱਟ ਦੋ ਇੰਚ ਕੱਦ …ਕਣਕ ਵੰਨਾਂ ਰੰਗ … ਤਿੱਖੇ ਨੈਣ ਨਕਸ਼ … ਭਰਵਾਂ ਜੁੱਸਾ ..ਜਿੰਨੀ ਤਾਰੀਫ ਕਰਾਂ ਉਨ੍ਹੀ ਘੱਟ … ਯਾਦ ਆ ਪੰਜ ਸੱਤ ਮੁੰਡੇ ਪਿੱਛੇ ਸੀ ਏਹਦੇ…. ਮੈਂ ਕੈਂਪ ਲੀਡਰ ਸੀ ਮੈਨੂੰ ਤਾਂ ਯਾਦ ਚਿੱਤ ਵੀ ਨਹੀਂ ਸੀ ਕਿ ਗੱਲ ਮੇਰੀ ਬਣ ਜੂ ..ਮੈਂ ਆਪਣੀ ਹਵਾ ਚ ਸੀ …. ਐਡੀ ਸੋਹਣੀ ਸਹੇਲੀ ਹੋਣਾ ਵੀ ਕਿਸਮਤ ਈ ਹੁੰਦਾ ਤੇ ਯਾਦ ਆ ਪਰਪੋਜ ਵੀ ਏਹਨੇ ਆਪ ਕਰਿਆ ਸੀ … ਮੈਂ ਖੁਸ਼ ਸੀ … ਮੈਨੂੰ ਉਦੋਂ ਸੀ ਕਿ ਏਹੀ ਜ਼ਿੰਦਗੀ ਆ … ਬੱਸ ਮਰਦੇ ਦਮ ਤੱਕ ਇਹੋ ਸਭ ਆ
ਮੇਰਾ ਰਿਲੇਸ਼ਨ ਦੋ ਸਾਲ ਚੱਲਿਆ … ਉਦੋਂ ਮੈਂ ਪੋਸਟਾਂ ਦੀ ਤਿਆਰੀ ਵੀ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਸੀ ਕਿ ਜਦੋ ਮੇਰੀ ਗੱਲ ਬਣ ਗਈ ਤਾਂ ਆਪਾਂ ਵਿਆਹ ਕਰਵਾ ਲੈਣਾ ।
ਪਰ ਪਤਾ ਨਹੀਂ ਜਦੋਂ ਮੈਂ ਟ੍ਰੇਨਿੰਗ ਤੋਂ ਬਾਅਦ ਉਹਨੂੰ ਪੁੱਛਿਆ ਤਾਂ ਉਹਦਾ ਕਹਿਣਾ ਸੀ ਨਹੀਂ ਯਾਰ ..ਘਰਦੇ ਨਹੀ ਮੰਨਣੇ … ਨਾਲੇ ਤੂੰ ਲੰਗੜਾ ਆ … ਮੇਰੀ ਸਹੇਲੀਆਂ ਕਹਿੰਦੀਆਂ ਸੀ ਕਿ ਲੀਕ ਲੱਗ ਜੂ ਤੈਨੂੰ ..ਨਾਲੇ ਤੂੰ ਕਿਹੜਾ ਅਲੋਕਾਰਾ ਇੰਸਪੈਕਟਰ ਲੱਗਿਆ … ਬਥੇਰੇ ਤੁਰੇ ਫਿਰਦੇ ਆ । ਏਦਾਂ ਈ ਰੱਖ ਲੈ ਜਿੰਨਾ ਟੈਮ ਰੱਖਣੀ ਇਹ ਵਿਆਹ ਕਰਵਾਉਣ ਨੂੰ ਨਹੀਂ ਸੀ ਲਾਈ ਤੇ ਸੱਚ ਜਾਣਿਓ ਮੈਨੂੰ ਉਸ ਦਿਨ ਮਰਨ ਨੂੰ ਥਾਂ ਨਾ ਲੱਭੀ ।
ਮੈਂ ਫੇਰ ਪੀਤੀ ..ਬਹੁਤ ਪੀਤੀ ਬਾਪੂ ਦੀ ਲੁਕੋ ਕੇ ਰੱਖੀ … ਘਰ ਆ ਕੇ ਰੌਲਾ ਪਾਇਆ ..ਬਹੁਤ ਰੌਲ਼ਾ ਪਾਇਆ .. ਪਰ ਬੂਹੇ ਦੇ ਬਾਹਰੋਂ ਕਹੇ ਬੋਲਾਂ ਦੀ ਠੱਕ ਠੱਕ ਅੱਜ ਵੀ ਦਿਮਾਗ਼ ਚ ਵੱਜਦੀ ਆ ਕਿ ਏਹਤੋ ਟਿਕਿਆ ਨਹੀ ਜਾਂਦਾ ? ਇਹਨਾਂ ਦੀ ਸੱਚੀ ਇੱਕ ਰਗ ਵੱਧ ਈ ਹੁੰਦੀ ਆ … ਮੇਰੀ ਪੀਤੀ ਵੀ ਉੱਤਰ ਗਈ ਸੀ । ਮੈਂ ਸਿਰਹਾਣੇ ਚ ਮੂੰਹ ਲੈ ਕੇ ਰੋਂਦਾ ਰਿਹਾ
ਸੱਚੀ ਯਾਰ … ਮੈਂ ਬਹੁਤ ਨਾਰਮਲ ਰਿਹਾ …ਸਹਿਜ ਰਿਹਾ ਪਰ ਮੈਨੂੰ ਏਹ ਨਹੀ ਪਤਾ ਲੱਗਾ ਕਿ ਕੇਹੜੀ ਰਗ ਵੱਧ ਦੀ ਲੋਕ ਗੱਲ ਕਰਦੇ ਨੇ ।
ਹੁਣ ਮੈਂ ਤਾਂ ਮਾੜਾ ਜੇਹਾ ਈ ਪੈਰ ਦੱਬਦਾ ਪਰ ਲੋਕ ਮੇਰੇ ਤੋ ਵੱਧ ਬੱਜੋਰੱਤੇ ਲੋਕਾਂ ਨੂੰ ਕਿਵੇਂ ਸਵੀਕਾਰ ਕਰਦੇ ਹੋਣਗੇ ?
ਮੈਂ ਸੋਚਦਾ ਮੈਂ ਗੱਲ ਕਰਾਂ ਪਰ ਕਰਾਂ ਕਿਸ ਨਾਲ ? ਮੈਂ ਅੰਦਰੋਂ ਟੁੱਟ ਗਿਆ …
ਹੱਦ ਤਾਂ ਉਦੋਂ ਹੋਈ ਜਦ ਰਿਸ਼ਤੇ ਦੀ ਗੱਲ ਤੁਰੀ … ਤੁਹਾਨੂੰ ਉਹ ਵੀ ਵਾਕਿਆ ਸੁਣਾਉਂਦਾ … ਚੰਡੀਗੜ੍ਹ ਤੋ ਰਿਸ਼ਤਾ ਆਇਆ … ਸਾਰੇ ਪਰਿਵਾਰਿਕ ਮੈਂਬਰ ਪੀ ਸੀ ਐਸ ਤੇ ਕੁੜੀ ਡਾਕਟਰ … ਪੰਜ ਕੁ ਫੁੱਟ ਦੀ ..ਗੋਰੀ ਨਿਛੋਹ … ਰੱਜ ਕੇ ਸੁਨੱਖੀ … ਕੱਦ ਕਰਕੇ ਉਹਦੀ ਗੱਲ ਨਹੀ ਸੀ ਸਿਰੇ ਲੱਗ ਰਹੀ …ਜਦੋ ਆਏ ਤਾਂ ਮੈਨੂੰ ਵੇਖਣ ਸਾਰ ਕਹਿੰਦੇ ਉੱਕੇ ਆ ..ਸ਼ਗਨ ਕਰਨ ਲੱਗੇ ਤਾਂ ਮੈਂ ਸਾਇਡ ਤੇ ਲਿਜਾ ਕੇ ਗੱਲ ਕਰਨ ਲੱਗਾ … ਫੇਰ ਮੈਂ ਆਪ ਈ ਦੱਸਤਾ ਕਿ ਮੇਰੇ ਮਾੜਾ ਜੇਹਾ ਨੁਕਸ ਆ .. ਕਹਿੰਦੀ ਤੁਰ ਕੇ ਵਿਖਾਂ … ਮੈਂ ਤਾਂ ਘਬਰਾ ਗਿਆ … ਅੱਧਾ ਇੰਚ ਵੀ ਵੱਧ ਕੇ ਚਾਰ ਇੰਚ ਹੋ ਗਿਆ … ਮੈਨੂੰ ਲੱਗਿਆ ਮੇਰੀ ਲੱਤ ਧਰਤੀ ਚ ਈ ਧੱਸ ਗਈ ਤੇ ਜਾਣ ਲੱਗੀ ਕਹਿੰਦੀ ਕੀ ਹੋਇਆ ਮੇਰਾ ਕੱਦ ਛੋਟਾ ਹੁਣ ਮੈਂ ਲੂਲੇ ਲੰਗੜੇ ਨਾਲ ਥੋੜੀ ਵਿਆਹ ਕਰਾਊ ।
ਮੈਂ ਆਪ ਸੁਣਿਆ ਕਿ ਰਿਸ਼ਤੇਦਾਰ ਕਿਸੇ ਨੂੰ ਮੇਰੇ ਬਾਰੇ ਦੱਸਦੇ ਤਾਂ ਏਹੀ ਕਹਿੰਦੇ ਕਿ ਮੁੰਡਾ ਮਾੜਾ ਜੇਹਾ ਪੈਰ ਚੁੱਕਦਾ ..ਮੈਂ ਆਪ ਈ ਮਜ਼ਾਕ ਚ ਕਹਿ ਦੇਣਾ ਕਿ ਮੁੰਡਾ ਥੋੜ੍ਹਾ ਨਹੀ ਪੂਰਾ ਈ ਪੈਰ ਚੁੱਕਦਾ ਆ ..ਮੈਂ ਮਜ਼ਾਕ ਵਿੱਚ ਬੋਲ ਰਿਹਾ ਹੁੰਦਾ ਤੇ ਦਿਲ ਤੇ ਆਰੀ ਚੱਲ ਰਹੀ ਹੁੰਦੀ।
ਪਰ ਹੁਣ ਤੁਸੀ ਸੋਚੋਗੇ ਕਿ ਮੇਰਾ ਰਿਸ਼ਤਾ ਨਹੀਂ ਹੋਇਆ ਹੋਣਾ ? ਹੋਇਆ ਯਾਰ ਬਹੁਤ ਵਧੀਆ ਪਰਿਵਾਰ ਚ .. ਜਿੰਨ੍ਹਾ ਨੇ ਇਹ ਗੱਲ ਕਹੀ ਕਿ ਜੇ ਸੱਟ ਵਿਆਹ ਤੋਂ ਬਾਅਦ ਲੱਗ ਜਾਂਦੀ ਤਾਂ ਫੇਰ ?ਮੇਰੇ ਤਾਏ ਨੇ ਰਿਸ਼ਤਾ ਲੱਭਿਆ ਸੀ ..ਤਾਇਆ ਮੇਰਾ ਆੜੀ ਆ …
ਜੀਵਨ ਸਾਥਣ ਨੇ ਹਰ ਪੈਰ ਤੇ ਸਾਥ ਦਿੱਤਾ …ਸਾਥ ਨਿਭਾਇਆ …
ਮੈਂ ਜੋ ਵੀ ਕਰਦਾ ਆਵਦੇ ਵੱਲੋ ਤਾਂ ਬੇਹਤਰ ਕਰਨ ਦੀ ਕੋਸ਼ਿਸ਼ ਕੀਤੀ ਦਫ਼ਤਰ ਵਿੱਚ ਵੀ ਏਹੀ ਸੁਣਨ ਨੂੰ ਮਿਲਦਾ ਕਿ ਲੰਗੜਾ ਜੇਹਾ ਕਿੰਨਾ ਵਧੀਆ ਕਰ ਰਿਹਾ ..ਟਿਕਦਾ ਹੀ ਨਹੀਂ …ਇਹ ਨਹੀਂ ਹੁਣ ਟਲਦਾ ..ਇਹਦੀ ਇੱਕ ਰਗ ਵੱਧ ਜੁ ਹੋਈ … ਉਹ ਹੱਸ ਪੈਂਦੇ ..ਮੈਨੂੰ ਸਾਰਾ ਕੀਤਾ ਕਰਾਇਆ ਮਿੱਟੀ ਹੁੰਦਾ ਲੱਗਦਾ … ਜਾਪਦਾ ਕੀਤੇ ਦਾ ਕੋਈ ਮੁੱਲ ਨਹੀ ?
ਮੈਂ ਵੇਖਦਾ ਜਦ ਮੈ ਤੁਰਦਾ ਤਾਂ ਪਹਿਲਾ ਪੈਰ ਵੱਲ ਵੇਖਦੇ … ਫੇਰ ਮੇਰੇ ਨਾਲ ਗੱਲ …ਮੂੰਹ ਤੇ ਸਾਬ੍ਹ ਤੇ ਪਿੱਠ ਤੇ ਹਾਸੇ
ਮੈਨੂੰ ਲੱਗਿਆ ਕਿ ਹਾਲਾਤ ਬਦਲ ਗਏ ਨੇ ਹੁਣ ਆਸ ਪਾਸ ਸੰਗਤ ਪੜੇ ਲਿਖੇ ਲੋਕਾਂ ਦੀ ਆ ..ਮੇਰੀ ਕਮਜ਼ੋਰੀ ਹੈ ਤਾਂ ਉਹਦਾ ਮਜ਼ਾਕ ਨਹੀਂ ਉਡਾਉਣਗੇ… ਕੁਝ ਮਿੱਤਰ ਚੰਗੇ ਮਿਲੇ ਵੀ ਏਵੇ ਇੱਕ ਮਿੱਤਰ ਮਿਲਿਆ …ਉਹਨੇ ਕਹਿਣਾ ਕਿ ਮੈਨੂੰ ਕਿਸੇ ਚੀਜ ਨਾਲ ਫ਼ਰਕ ਨਹੀ ਪੈਦਾ … ਪੰਜ ਸੱਤ ਬੰਦੇ ਉਹਦੇ ਵਰਗੇ ਟੱਕਰੇ … ਮੈਂ ਕਈ ਵਾਰ ਵੇਖਣਾ ਪਹਿਲਾਂ ਤਾਂ ਉਹਨਾਂ ਨੇ ਠਹਾਕੇ ਲਾ ਕੇ ਹੱਸਣਾ ਪਰ ਮੈਨੂੰ ਵੇਖ ਕੇ ਚੁੱਪ ਕਰ ਜਾਣਾ ਜਾਂ ਹੋਰ ਗੱਲ ਕਰ ਲੈਣੀ ….ਇੱਕ ਦਿਨ ਉਹੀ ਮਿੱਤਰ ਪੀਤੀ ਚ ਫੋਨ ਲਾਉਂਦਾ ਤੇ ਕਹਿੰਦਾ ਕਿ ਕਮਾਨੀ ਕੀ ਹਾਲ ਐ ? ਮੈਂ ਕੇਰਾਂ ਤਾਂ ਸਮਝਿਆ ਨਾ ? ਫੇਰ ਕਹਿੰਦਾ … ਤੂੰ ਸਮਝਿਆ ਨਹੀਂ …ਤੂੰ ਹੈ ਹੀ ਕਮਾਨੀ … ਤੂੰ ਪੈਰ ਨਹੀਂ ਦੱਬਦਾ ? ਸਾਲਿਆ ਤੂੰ ਲੰਗੜਾ ਆ ..ਤੂੰ ਲੰਗੜਾ ਈ ਰਹਿਣਾ ..ਮੈਂ ਤੇਰੇ ਮੂੰਹ ਤੇ ਕਹਿੰਨਾ …ਆਪਾਂ ਗੱਲ ਮੂੰਹ ਤੇ ਕਰੀਦੀ ਆ ਤੇ ਕਹਿ ਕੇ ਹੱਸਦਾ ਹੱਸਦਾ ਫੋਨ ਕੱਟ ਗਿਆ …
ਮੈਂ ਧੜੰਮ ਦੇਣੀ ਜਾ ਪਿਆ …. ਉਹਦੇ ਹੱਸ ਹੱਸ ਕੇ ਬੋਲੇ ਸ਼ਬਦ … ਸਾਲਿਆ ਤੂੰ ਲੰਗੜਾ ਆ … ਲੰਗੜਾ ਈ ਰਹਿਣਾ … ਮੇਰੀ ਸਾਰੀ ਰਾਤ ਕੰਨਾਂ ਚ ਗੂੰਜੇ ਤੇ ਬਹੁਤ ਟੈਮ ਬਾਅਦ ਉਸ ਦਿਨ ਵੀ ਮੈਂ ਕੱਲੇ ਨੇ ਪੀਤੀ ।
ਟੁੱਟਿਆ ਬੰਦਾ ਕੀ ਨਹੀਂ ਕਰਦਾ …ਮੈਂ ਹਸਪਤਾਲ ਕੋਈ ਨਹੀਂ ਛੱਡਿਆ …ਮੈਂ ਸੀ.ਐਮ.ਸੀ ….ਡੀ.ਐਮ.ਸੀ … ਜਾ ਆਇਆ ਆ …ਕਿ ਲੱਤ ਹੀ ਪੂਰੀ ਹੋ ਜੇ … ਚੈੱਕ ਕਰਵਾ ਆਇਆ ਆ …ਐਨੀ ਤਕਨੀਕ ਆ ਗਈ ਆ …ਪਰ ਡਾਕਟਰ ਕਹਿੰਦੇ ਰਿਸਕ ਆ … ਇਨਫੈਕਸ਼ਨ ਹੋ ਸਕਦੀ ਆ … ਕੋਈ ਹੱਲ ਨ੍ਹੀਂ ਆ …ਪੈਸਾ ਵੀ ਤਾਂ ਸਭ ਕੁਝ ਨਹੀਂ ਹੁੰਦਾ ….
ਭਾਰ ਢੋਹਣਾ ਪੈਣਾ ਆ …ਏਦਾਂ ਈ ਰਹਿਣਾ ਪੈਣਾ ਆ …ਅੰਦਰੋਂ ਅੰਦਰੀ ਰੋ ਲਈਦਾ ਆ …ਕੌਣ ਕਹਿੰਦਾ ਕਿ ਮੁੰਡੇ ਰੋਂਦੇ ਨਹੀਂ…ਇਹਨਾਂ ਨੂੰ ਫ਼ਰਕ ਨਹੀਂ ਪੈਂਦਾ। ..
ਪਰ ਹੁਣ ਮੈਂ ਸਰਕਲ ਘਟਾ ਲਿਆ ਆ … ਆਵਦੇ ਆਪ ਚ ਰਹਿਣ ਲੱਗਾ ਆ ਕੌਣ ਕੀ ਕਹਿੰਦਾ ਆ ਕੋਈ ਫ਼ਰਕ ਨਹੀ ਆ …. ਕੋਸ਼ਿਸ਼ ਕਰਦਾ ਆ
ਪਰ ਯਾਰ ਉਹ ਠੱਕ ਠੱਕ ਫੇਰ ਵੱਜ ਰਹੀ ਆ … ਮੇਰਾ ਸਿਰ ਫੱਟ ਰਿਹਾ ਆ ….
ਮੇਰਾ ਪੁੱਤਰ ਮੇਰੀ ਲੱਤ ਤੇ ਨਿਸ਼ਾਨ ਦੇਖ ਆਪਣੀ ਦਾਦੀ ਨੂੰ ਪੁੱਛਦਾ ਕਿ ਦਾਦੀ .. ਪਾਪਾ ਨੂੰ ਕੀ ਹੋਇਆ ? ਉਹ ਥੋੜਾ ਏਦਾਂ ਕਿਉਂ ਤੁਰਦੇ ਤਾਂ ਉਹਦੀ ਦਾਦੀ ਕਹਿੰਦੀ ਸਹਿਜ ਸੁਭਾਵਿਕ ਈ ਕਹਿੰਦੀ ,” ਪੁੱਤ, ਵਿਚਾਰਾ ‘ਬੱਜੋ ਰੱਤਾ’… ਐਕਸੀਡੈਟ ਹੋ ਗਿਆ ਸੀ …”