- ਗੀਤ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰਨ ਦਾ ਦਿੱਤਾ ਸੁਨੇਹਾ’
ਮਾਨਸਾ 18 ਜੂਨ (ਨਾਨਕ ਸਿੰਘ ਖੁਰਮੀ)-ਸੰਸਾਰ ਪ੍ਰਸਿੱਧ ਪੰਜਾਬੀ ਦੋਗਾਣਾ ਜੋੜੀ ਭੁਪਿੰਦਰ ਗਿੱਲ ਅਤੇ ਜਸਵਿੰਦਰ ਜੀਤੂ ਨੇ ਅਨੇਕਾਂ ਹੀ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ ਹਨ ਅਤੇ ਇੰਨਾਂ ਗੀਤਾਂ ਨੂੰ ਪੰਜਾਬੀ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਹੈ। ਪੰਜਾਬੀਆਂ ਦਾ ਹਰ ਇੱਕ ਵਿਆਹ ਅਤੇ ਖੁਸ਼ੀ ਦਾ ਪ੍ਰੋਗਰਾਮ ਭੁਪਿੰਦਰ ਗਿੱਲ ਦੇ ਗੀਤ” ਬਟੂਆ” ਤੇ “ਫੋਕਾ ਪਾਣੀ” ਬਿਨਾ ਅਧੂਰਾ ਮੰਨਿਆ ਜਾਂਦਾ ਹੈ।
ਕੁਝ ਦਿਨ ਪਹਿਲਾਂ ਪੰਜਾਬੀ ਲੋਕ ਗਾਇਕ ਭੁਪਿੰਦਰ ਗਿੱਲ ਵੱਲੋਂ ਆਪਣੇ ਪਿਤਾ ਸਰਦਾਰ ਮੇਹਰ ਸਿੰਘ ਗਿੱਲ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਗੀਤ “ਬੰਦ ਰੇਡੀਓ” ਨੂੰ ਯੂ ਟਿਊਬ ਚੈਨਲ” ਬਟੂਆ ਰਿਕਾਰਡਜ਼” ਤੇ ਰਿਲੀਜ਼ ਕੀਤਾ ਗਿਆ ਹੈ।
ਬੁਗਰਾਂ ਵਾਲੇ ਦਵਿੰਦਰ ਦੇ ਲਿਖੇ ਇਸ ਗੀਤ ਨੂੰ ਵਿਨੇ ਕਮਲ ਦੇ ਮਧੁਰ ਸੰਗੀਤ ਵਿੱਚ ਭੁਪਿੰਦਰ ਗਿੱਲ ਨੇ ਰੂਹ ਨਾਲ ਗਾਇਆ ਹੈ। ਗੀਤ ਦੇ ਵੀਡੀਓ ਵਿੱਚ ਅਮਰਜੀਤ ਖੁਰਾਣਾ ਦੀ ਡਾਇਰੈਕਸ਼ਨ ਅਤੇ ਪ੍ਰੋਡਿਊਸਰ ਗੁਰਜੀਤ ਕੌਰ ਗਿੱਲ ਦਾ ਕੰਮ ਕਾਬਿਲ ਏ ਤਰੀਫ ਹੈ। ਗੀਤ “ਬੰਦ ਰੇਡੀਓ” ਦੀ ਟੀਮ ਵੱਲੋਂ ਇਸ ਗੀਤ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ। ਪਿਤਾ ਦੇ ਰੋਲ ਵਿੱਚ ਅਦਾਕਾਰ ਮਲਕੀਤ ਰੌਣੀ ਦੀ ਅਤੇ ਪੁੱਤਰ ਦੇ ਰੋਲ ਵਿੱਚ ਭੁਪਿੰਦਰ ਗਿੱਲ ਦੀ ਅਦਾਕਾਰੀ ਬਾ-ਕਮਾਲ ਹੈ। ਗੱਲਬਾਤ ਦੌਰਾਨ ਪੰਜਾਬੀ ਲੋਕ ਗਾਇਕ ਭੁਪਿੰਦਰ ਗਿੱਲ ਨੇ ਕਿਹਾ ਕਿ ਪੰਜਾਬੀ ਸਰੋਤਿਆਂ ਵੱਲੋਂ ਮੇਰੇ ਗੀਤ “ਬੰਦ ਰੇਡੀਓ” ਨੂੰ ਮਿਲ ਰਹੇ ਭਰਵੇਂ ਹੁੰਗਾਰੇ ਦਾ ਮੈਂ ਪੰਜਾਬੀ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਅਦਾ ਕਰਦਾ ਹਾਂ ਅਤੇ ਸਰੋਤਿਆਂ ਦਾ ਪਿਆਰ ਹੀ ਮੇਰੇ ਲਈ ਸਭ ਕੁਝ ਹੈ।
