“ਵੀਰ! ਤੂੰ ਇਹ ਪਤੰਗ ਕਿਸ ਵਾਸਤੇ ਬਣਾ ਰਿਹਾ ਏਂ?” ਇਕ ਸੁਹਣੀ, ਸੁਨੱਖੀ ਮਲੂਕ ਜਿਹੀ ਮੁਟਿਆਰ ਨੇ ਆਪਣੇ ਭਰਾ ਪਾਸੋਂ ਪੁੱਛਿਆ। ਉਹ ਹੈਰਾਨ ਸੀ ਕਿ ਉਸ ਦਾ ਪ੍ਰਸਿੱਧ ਪੱਤਰਕਾਰ ਭਰਾ ਇਹ ਮੁੰਡਿਆਂ ਵਾਲੇ ਕੰਮ ਵਿਚ ਕਿਉਂ ਰੁੱਝਾ ਹੋਇਆ ਹੈ।
ਇਹ ਆਦਮੀ ਬੈਂਜਾਮਿਨ ਫਰੈਂਕਲਿਨ ਸੀ ਜਿਹੜਾ ਪ੍ਰਸਿੱਧ ਪੱਤਰਕਾਰ ਹੋਣ ਦੇ ਨਾਲ-ਨਾਲ ਉੱਘਾ ਦਾਰਸ਼ਨਿਕ ਵੀ ਸੀ ਅਤੇ ਰਾਜਨੀਤੀ ਨੇਤਾ ਵੀ।
ਫਰੈਂਕਲਿਨ ਨੇ ਹੱਸ ਕੇ ਕਿਹਾ:-
“ਮੈਂ ਇਹ ਪਤੰਗ ਹਵਾ ਵਿਚ ਉਡਾਵਾਂਗਾ। ਵੇਖੇਂਗੀ ਇਹ ਤਮਾਸ਼ਾ?”
“ਪਰ……” ਮੁਟਿਆਰ ਗੱਲ ਪੂਰੀ ਨਾ ਕਰ ਸਕੀ।
“ਪਰ ਕੀ?….” ਫਰੈਂਕਲਿਨ ਫੇਰ ਹੱਸ ਕੇ ਬੋਲਿਆ, “ਤੂੰ ਇਹ ਕਹਿਣਾ ਚਾਹੁੰਨੀ ਏਂ ਨਾ ਕਿ ਇਹ ਤਾਂ ਮੁੰਡਿਆਂ ਵਾਲੀ ਖੇਡ ਹੈ। ਹਾਂ, ਖੇਡ ਤਾਂ ਮੁੰਡਿਆਂ ਵਾਲੀ ਈ ਏ, ਪਰ ਮੈਂ ਇਹਨੂੰ ਉਡਾ ਕੇ ਇਕ ਵਿਗਿਆਨਕ ਪ੍ਰਯੋਗ ਕਰਨਾ ਏ। ਮੈਂ ਬੱਦਲਾਂ ਵਿਚਲੀ ਬਿਜਲੀ ਨੂੰ ਹੇਠਾਂ ਲਿਆਉਣਾ ਏ।”
ਕੁੜੀ ਦਾ ਰੰਗ ਉੱਡ ਗਿਆ।
“ਨਾ ਵੀਰ! ਇਹ ਪ੍ਰਯੋਗ ਨਾ ਕਰ। ਇਹਦੇ ਵਿਚ ਤਾਂ ਜਾਨ ਦਾ ਖ਼ਤਰਾ ਏ। ਤੂੰ ਸੁਣਿਆ ਨਹੀਂ, ਪ੍ਰੋਫ਼ੈਸਰ ਰਿਚਮੈਨ ਇਸੇ ਤਰ੍ਹਾਂ ਦਾ ਤਜਰਬਾ ਕਰ ਰਿਹਾ ਸੀ ਕਿ ਆਸਮਾਨੀ ਬਿਜਲੀ ਉਹਦੇ ਸਿਰ ’ਤੇ ਆ ਪਈ ਸੀ ਤੇ ਉਹ ਮਰ ਗਿਆ ਸੀ…..।”
“ਆਹੋ, ਮੈਂ ਪੜ੍ਹਿਆ ਹੈ ਉਹਦਾ ਸਾਰਾ ਹਾਲ।” ਬੈਂਜਾਮਿਨ ਫਰੈਂਕਲਿਨ ਨੇ ਉੱਤਰ ਦਿੱਤਾ, “ਪਰ ਮੈਂ ਬੜੇ ਸੁਰੱਖਿਅਤ ਢੰਗ ਨਾਲ ਇਹ ਪ੍ਰਯੋਗ ਕਰ ਰਿਹਾ ਹਾਂ। ਤੂੰ ਨੰਨ੍ਹੀਏ, ਘਬਰਾ ਨਾ।”
ਪਰ ਭੈਣ ਦੀ ਤਸੱਲੀ ਨਾ ਹੋਈ। ਉਹ ਭਰਾ ਦਾ ਪ੍ਰਯੋਗ ਵੇਖਣ ਲਈ ਕੋਲ ਖਲੋਤੀ ਰਹੀ।
ਫਰੈਂਕਲਿਨ ਨੇ ਜਿਹੜੀ ਪਤੰਗ ਬਣਾਈ, ਉਹ ਰੇਸ਼ਮੀ ਰੁਮਾਲ ਅਤੇ ਲੱਕੜ ਦੇ ਪਤਲੇ ਪਰ ਮਜ਼ਬੂਤ ਤੀਲਿਆਂ ਨਾਲ ਤਿਆਰ ਕੀਤੀ ਗਈ ਸੀ। ਇਕ ਖੜੇ ਤੀਲ ਉੱਤੇ ਲੋਹੇ ਦੀ ਤਾਰ ਲਾਈ ਹੋਈ ਸੀ ਜਿਹੜੀ ਫੁੱਟ ਕੁ ਬਾਹਰ ਨਿਕਲੀ ਹੋਈ ਸੀ। ਪਤੰਗ ਉਡਾਉਣ ਲਈ ਡੋਰੀ ਦੀ ਵਰਤੋਂ ਕੀਤੀ ਜਿਸ ਦੇ ਸਿਰੇ ’ਤੇ ਸਿਲਕ ਦਾ ਰਿਬਨ ਬੱਝਾ ਸੀ। ਡੋਰੀ ਤੇ ਰਿਬਨ ਦੀ ਮੇਲਵੀਂ ਥਾਂ ’ਤੇ ਲੋਹੇ ਦੀ ਇਕ ਕੁੰਜੀ ਲਾ ਦਿੱਤੀ ਗਈ ਸੀ। ਪਤੰਗ ਉਡਾਉਣ ਵੇਲੇ ਫਰੈਂਕਲਿਨ ਆਪ ਇਕ ਸ਼ੈੱਡ ਦੇ ਉਹਲੇ ਖੜਾ ਹੋ ਗਿਆ ਤਾਂ ਜੋ ਮੀਂਹ ਤੋਂ ਰਿਬਨ ਨੂੰ ਭਿੱਜਣਾਂ ਬਚਾਇਆ ਜਾਏ।
ਪਤੰਗ ਉੱਡੀ। ਚਾਬੀ ਵਿੱਚੋਂ ਸ਼ੁਅਲੇ (ਸ਼ਪੳਰਕਸ) ਨਿਕਲੇ। ਆਕਾਸ਼ੀ ਬਿਜਲੀ ਹੇਠਾਂ ਆ ਗਈ। ਫਰੈਂਕਲਿਨ ਨੇ ਆਪਣੀਆਂ ਉਂਗਲਾਂ ਚਾਬੀ ਤੋਂ ਰਤਾ ਪਰੇ ਰੱਖੀਆਂ ਸਨ ਤਾਂ ਜੋ ਬਿਜਲੀ ਦਾ ਝਟਕਾ ਨਾ ਲੱਗੇ। ਉਸ ਦਾ ਤਜਰਬਾ ਕਾਮਯਾਬ ਹੋ ਗਿਆ ਸੀ। ਫਰੈਂਕਲਿਨ ਦੀ ਭੈਣ ਨੇ ਸੁੱਖ ਦਾ ਸਾਹ ਲਿਆ।
ਆਪਣੀ ਖੋਜ ਦੇ ਆਧਾਰ ’ਤੇ ਬੈਂਜਾਮਿਨ ਫਰੈਂਕਲਿਨ ਨੇ ਇਮਾਰਤਾਂ ਉੱਤੇ ਆਸਮਾਨੀ ਬਿਜਲੀ ਡਿੱਗਣ ’ਤੇ ਉਨ੍ਹਾਂ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਲ਼ਗਿਹਟਨਨਿਗ ਛੋਨਦੁਚਟੋਰ ਨਾਂ ਦਾ ਯੰਤਰ ਬਣਾਇਆ। ਇਹ ਧਾਤ ਦੀ ਲੰਮੀ ਸੀਖ ਹੁੰਦੀ ਹੈ ਜਿਸ ਦਾ ਹੇਠਲਾ ਸਿਰਾ ਜ਼ਮੀਨ ਦੇ ਅੰਦਰ ਤਿੰਨ ਚਾਰ ਫੁੱਟ ਗੱਡਿਆ ਜਾਂਦਾ ਹੈ। ਉਤਲਾ ਹਿੱਸਾ ਇਮਾਰਤ ਦੇ ਨਾਲ-ਨਾਲ ਉਸ ਦੀ ਸਭ ਤੋਂ ਉਪਰਲੀ ਛੱਤ ਤੋਂ ਉੱਚਾ ਨਿਕਲਿਆ ਹੁੰਦਾ ਹੈ। ਉੱਤਲੇ ਸਿਰੇ ’ਤੇ ਨੁਕੀਲੀ ਪੱਤਰੀ ਲੱਗੀ ਹੁੰਦੀ ਹੈ। ਇਹ ਪੱਤਰੀ ਅਸਮਾਨੀ ਬਿਜਲੀ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਤੇ ਉਹ ਸੀਖ ਰਾਹੀਂ ਧਰਤੀ ਦੇ ਅੰਦਰ ਚਲੀ ਜਾਂਦੀ ਹੈ। ਇਸ ਤਰ੍ਹਾਂ ਇਮਾਰਤ ਬਿਜਲੀ ਤੋਂ ਸੁਰੱਖਿਅਤ ਰਹਿੰਦੀ ਹੈ। ਉਸ ਵੇਲੇ ਤੋਂ ਅੱਜ ਤੱਕ ਵਿਸ਼ਾਲ ਭਵਨਾਂ ਤੇ ਉੱਚੀਆਂ ਇਮਾਰਤਾਂ ਉੱਤੇ ਲਾਈਟਨਿੰਗ ਕੰਡਕਟਰ ਲਾਏ ਜਾਂਦੇ ਹਨ ਜਿਹੜੇ ਉਨ੍ਹਾਂ ਨੂੰ ਆਸਮਾਨੀ ਬਿਜਲੀ ਤੋਂ ਬਚਾਈ ਰੱਖਦੇ ਹਨ।
ਫਰੈਂਕਲਿਨ ਦੀ ਇਸ ਕਾਢ ਅਨੁਸਾਰ ਅਮਰੀਕਾ ਵਿਚ ਵੀ ਇਹ ਕੰਡਕਟਰ ਬਣਾਏ ਜਾਣ ਲੱਗੇ। ਇਸ ਕੰਡਕਟਰ ਦਾ ਨਾਂ ਫਰੈਂਕਲਿਨ ਦੇ ਨਾਂ ਤੇ ਫਰੈਂਕਲਿਨ ਕੰਡਕਟਰ ਪ੍ਰਸਿੱਧ ਹੋਇਆ।
ਸੰਨ 1769 ਵਿਚ ਵਿਸ਼ਾਲ ਇਮਾਰਤਾਂ ਨੂੰ ਆਕਾਸ਼ੀ ਬਿਜਲੀ ਤੋਂ ਸੁਰੱਖਿਅਤ ਰੱਖਣ ਲਈ ਲੰਡਨ ਵਿਚ ਇਕ ਕਮੇਟੀ ਬਣਾਈ ਗਈ। ਫਰੈਂਕਲਿਨ ਨੂੰ ਇਸ ਦਾ ਮੁੱਖ ਮੈਂਬਰ ਬਣਾਇਆ ਗਿਆ।
ਸੰਨ 1772 ਵਿਚ ਇਟਲੀ ਦਾ ਸਰਕਾਰੀ ਬਾਰੂਦਖ਼ਾਨਾ ਆਸਮਾਨੀ ਬਿਜਲੀ ਡਿੱਗਣ ਨਾਲ ਤਬਾਹ ਹੋ ਗਿਆ। ਭਾਰੀ ਬਰਬਾਦੀ ਹੋਈ ਇਸ ਨਾਲ। ਤਦ ਬ੍ਰਿਟਿਸ਼ ਸਰਕਾਰ ਨੂੰ ਆਪਣੇ ਬਾਰੂਦਖ਼ਾਨੇ ਦੀ ਫ਼ਿਕਰ ਲੱਗੀ। ਇਸ ਨੂੰ ਸੁਰੱਖਿਅਤ ਰੱਖਣ ਦੇ ਉਪਾਅ ਲੱਭਣ ਲਈ ਇਕ ਕਮੇਟੀ ਕਾਇਮ ਕੀਤੀ ਗਈ। ਫਰੈਂਕਲਿਨ ਨੂੰ ਉਚੇਚੇ ਰੂਪ ਵਿਚ ਇਸ ਵਿਚ ਸ਼ਾਮਲ ਕੀਤਾ ਗਿਆ।
ਬੈਂਜਾਮਿਨ ਇਕ ਸਾਧਾਰਨ ਪਰਿਵਾਰ ਵਿਚ ਪੈਦਾ ਹੋਇਆ ਸੀ। ਉਸ ਦੇ ਪਿਤਾ ਦੇ 17 ਬੱਚੇ ਸਨ। ਫਰੈਂਕਲਿਨ 10ਵੀਂ ਥਾਂ ’ਤੇ ਸੀ। ਆਪਣੀ ਮਿਹਨਤ, ਲਗਨ ਅਤੇ ਯੋਗਤਾ ਨਾਲ ਉਹ ਅਮਰੀਕਾ ਦਾ ਇਕ ਪ੍ਰਸਿੱਧ ਚਿੰਤਕ, ਪੱਤਰਕਾਰ ਅਤੇ ਰਾਜਨੀਤੱਗ ਬਣ ਗਿਆ ਪਰ ਉਸ ਦੀ ਬਹੁਤੀ ਪ੍ਰਸਿੱਧਤਾ ਇਕ ਵਿਗਿਆਨਕ ਦੇ ਤੌਰ ’ਤੇ ਹੋਈ। ਅੱਜ ਵੀ ਲੋਕ ਉਸ ਨੂੰ ਉਸ ਦੀਆਂ ਵਿਗਿਆਨਕ ਖੋਜਾਂ ਕਰਕੇ ਹੀ ਜਾਣਦੇ ਹਨ।
ਲਾਈਟਨਿੰਗ ਕੰਡਕਟਰ ਤੋਂ ਇਲਾਵਾ ਫਰੈਂਕਲਿਨ ਨੇ ਹੋਰ ਵੀ ਕਈ ਕਾਢਾਂ ਕੱਢੀਆਂ। ਉਸ ਨੇ ਕਮਰਿਆਂ ਨੂੰ ਗਰਮ ਕਰਨ ਵਾਲਾ ਸਟੋਵ ਈਜਾਦ ਕੀਤਾ, ਅੱਖਾਂ ਲਈ ਬਾਈਫੋਕਲ ਲੈਂਸ ਬਣਾਇਆ ਜਿਸ ਨਾਲ ਨੇੜੇ ਦੀਆਂ ਲਿਖਤਾਂ ਪੜ੍ਹਨ ਅਤੇ ਦੂਰ ਦੀਆਂ ਚੀਜ਼ਾਂ ਵੇਖਣ ਦੇ ਦੋਵੇਂ ਕੰਮ ਹੋ ਸਕਦੇ ਹਨ; ਉਹਨੇ ਅੰਧ ਮਹਾਂਸਾਗਰ ਦੀ ਡੂੰਘਾਈ ਮਲੂਮ ਕੀਤੀ ਅਤੇ ਤੂਫ਼ਾਨੀ ਸਮੁੰਦਰ ਨੂੰ ਤੇਲ ਦੁਆਰਾ ਸ਼ਾਂਤ ਕਰਨ ਦਾ ਢੰਗ ਦੱਸਿਆ।
ਫਰੈਂਕਲਿਨ ਨੂੰ ਧਨ ਨਾਲ ਕੋਈ ਮੋਹ ਨਹੀਂ ਸੀ। ਉਸ ਨੇ ਆਪਣੀਆਂ ਕਾਢਾਂ ਨੂੰ ਪੇਟੇਂਟ ਨਹੀਂ ਕਰਾਇਆ ਬਲਕਿ ਸਦਾ ਮਾਨਵਤਾ ਦੇ ਹਿੱਤ ਲਈ ਉਨ੍ਹਾਂ ਦੀ ਵਰਤੋਂ ਕੀਤੀ। ਉਸ ਨੇ ਅਮਰੀਕਾ ਦੇ ਸੁਤੰਤਰਤਾ-ਸੰਗਰਾਮ ਵਿਚ ਵੀ ਵੱਡਾ ਯੋਗਦਾਨ ਪਾਇਆ। 4 ਜੁਲਾਈ, 1766 ਨੂੰ ਮਸ਼ਹੂਰ ਐਲਾਨਨਾਮੇ ਉੱਤੇ ਦਸਤਖ਼ਤ ਕਰਨ ਵਾਲੇ ਪੰਜ ਵਿਅਕਤੀਆਂ ਵਿੱਚੋਂ ਫਰੈਂਕਲਿਨ ਇਕ ਸੀ। ਇਸ ਮਹਾਨ ਪੁਰਸ਼ ਦਾ 1790 ਵਿਚ ਦੇਹਾਂਤ ਹੋਇਆ ਪਰ ਉਸ ਦਾ ਨਾਂ ਸਦਾ ਅਮਰ ਰਹੇਗਾ।
ਬੈਂਜਾਮਿਨ ਫਰੈਂਕਲਿਨ (Banjamin Franklin)/ ਰਜਿੰਦਰ ਕੌਰ
Leave a comment