ਭੀਖੀ, 24 ਜਨਵਰੀ
ਸਥਾਨਕ ਸੁਨਾਮ ਰੋਡ ’ਤੇ ਸਥਿਤ ਪੰਜਾਬ ਐਂਡ ਸਿੱਧ ਬੈਂਕ ਦੇ ਸੁਰੱਖਿਆ ਕਰਮਚਾਰੀ ਦੀ ਬੰਦੂਕ ਵਿੱਚੋਂ ਅਚਨਚੇਤ ਗੋਲੀ ਚੱਲ ਜਾਣ ਕਾਰਨ ਬੈਂਕ ’ਚ ਆਇਆ ਗ੍ਰਾਹਕ ਜ਼ਖ਼ਮੀ ਹੋ ਜਾਣ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਤਹਿਤ ਜ਼ਖ਼ਮੀ ਨੂੰ ਤੁਰੰਤ ਭੀਖੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸਨੂੰ ਰੈਫਰ ਕਰ ਦਿੱਤਾ ਗਿਆ ਹੈ। ਅੱਜ ਦੁਪਿਹਰ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਾਰਡ ਨੰਬਰ:2 ਭੀਖੀ ਆਪਣੇ ਕੰਮ-ਕਾਮ ਲਈ ਬੈਂਕ ਆਇਆ ਤਾਂ ਅਚਾਨਕ ਬੈਂਕ ਸੁਰੱਖਿਆ ਕਰਮੀ ਗੁਰਪਿਆਰ ਸਿੰਘ ਦੀ ਬੰਦੂਕ ਵਿੱਚੋਂ ਗੋਲੀ ਚੱਲ ਗਈ, ਜੋ ਕਿ ਪ੍ਰਗਟ ਸਿੰਘ ਦੇ ਪਿੱਠ ਵਿੱਚ ਲੱਗਣ ਕਾਰਨ ਜ਼ਖਮੀ ਹੋ ਗਿਆ। ਸਰਕਾਰੀ ਹਸਪਤਾਲ ਦੇ ਡਾ.ਰੁਪਿੰਦਰ ਕੌਰ ਨੇ ਦੱਸਿਆ ਕਿ ਇੱਕ ਪ੍ਰਗਟ ਸਿੰਘ ਨਾਮ ਦੇ ਵਿਅਕਤੀ ਨੂੰ ਫਾਇਰ ਲੱਗਣ ਕਾਰਨ ਹਸਪਤਾਲ ਲਿਆਂਦਾ ਸੀ ਜਿਸ ਦੇ ਪਿੱਠ ਵਿੱਚ ਗੋਲੀ ਲੱਗੀ ਹੋਈ ਸੀ ਨੂੰ ਮੁੱਢਲਾ ਇਲਾਜ਼ ਦੇ ਕੇ ਮਾਨਸਾ ਹਸਪਤਾਲ ਨੂੰ ਰੈਫਰ ਕਰ ਦਿੱਤਾ ਗਿਆ। ਉੱਧਰ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੇ ਬਿਆਨਾਂ ਉਪਰੰਤ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।