ਮਾਨਸਾ 25 ਅਪ੍ਰੈਲ (ਨਾਨਕ ਸਿੰਘ ਖੁਰਮੀ)
ਲੰਘੀ 19 ਅਪ੍ਰੈਲ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ 5994 ਈਟੀਟੀ ਭਰਤੀ (ਬੈਕਲਾਗ) ਵਿੱਚ ਚੁਣੇ ਗਏ ਅਧਿਆਪਕਾਂ ਦੀ ਅਨੰਦਪੁਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਬੁਰੀ ਤਰ੍ਹਾਂ ਕੀਤੀ ਕੁੱਟਮਾਰ ਖਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੱਦੇ ‘ਤੇ ਬੁੱਢਲਾਡਾ (ਮਾਨਸਾ) ਅਤੇ ਮਾਨਸਾ ਹੈਡਕੁਆਰਟਰ ਵਿਖੇ ਬਲਾਕ ਪੱਧਰੀ ਪੁਤਲਾ ਫੂਕ (ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਅਖੌਤੀ ਸਿੱਖਿਆ ਕ੍ਰਾਂਤੀ ਦੀਆਂ ਤਸਵੀਰਾਂ ਸਹਿਤ) ਕੇ ਰੋਸ ਮੁਜ਼ਾਹਰਾ ਕੀਤਾ ਗਿਆ। 5994 ਈਟੀਟੀ ਭਰਤੀ (ਬੈਕਲਾਗ) ਦੇ ਯੋਗ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ, ਇਸੇ ਭਰਤੀ ਵਿੱਚ ਨਿਯੁਕਤੀ ਪੱਤਰ ਪ੍ਰਾਪਤ ਅਧਿਆਪਕਾਂ ਦੀ ਸਕੂਲਾਂ ਵਿੱਚ ਰੋਕੀ ਹਾਜ਼ਰੀ ਲਾਗੂ ਕਰਵਾਉਣ ਅਤੇ ਸਰਕਾਰੀ ਸਕੂਲਾਂ ਵਿੱਚ ਖਾਲੀ ਬਾਕੀ ਸਾਰੀਆਂ ਆਸਾਮੀਆਂ ਭਰਨ ਦੀ ਥਾਂ ਪੁਲਿਸ ਨੂੰ ਅਧਿਆਪਕਾਂ ‘ਤੇ ਤਸ਼ੱਦਦ ਕਰਨ ਦੀ ਖੁੱਲ ਦੇਣ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਤਿੱਖਾ ਵਿਰੋਧ ਵੀ ਜਤਾਇਆ। ਇਸ ਦੌਰਾਨ ਪਹਿਲਗਾਮ (ਕਸ਼ਮੀਰ) ਵਿਖੇ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਅਤੇ ਫੁੱਟ ਪਾਉ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ। ਡੀ.ਟੀ.ਐੱਫ. ਮਾਨਸਾ ਦੇ ਪ੍ਰਧਾਨ ਅਮੋਲਕ ਸਿੰਘ ਡੇਲੂਆਣਾ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਪ੍ਰਦਰਸ਼ਨ ਦੌਰਾਨ ਅਨੰਦਪੁਰ ਸਾਹਿਬ ਦੇ ਐੱਸ ਐੱਚ ਓ ਦਾਨਿਸ਼ ਵੀਰ ਵੱਲੋਂ ਇੱਕ ਅਧਿਆਪਕ ਦੇ ਸ਼ਰੇਆਮ ਥੱਪੜ ਮਾਰੇ ਗਏ, ਬਾਕੀ ਪੁਲਿਸ ਮੁਲਾਜ਼ਮਾਂ ਵੱਲੋਂ ਅਧਿਆਪਕਾਂ ਨੂੰ ਸੜਕ ‘ਤੇ ਘੜੀਸਣ ਤੋਂ ਇਲਾਵਾ ਉਨ੍ਹਾਂ ਨੂੰ ਪੁਲਿਸ ਵੈਨ ਵਿੱਚ ਚੜ੍ਹਾਉਣ ਮੌਕੇ ਸ਼ਰੇਆਮ ਠੁੱਡੇ ਮਾਰੇ ਗਏ ਅਤੇ ਇੱਕ ਹੋਰ ਪੁਲਿਸ ਕਰਮੀ ਵੱਲੋਂ ਇੱਕ ਅਧਿਆਪਕ ਦੀ ਹਿੱਕ ਉੱਪਰ ਗੋਡੇ ਰੱਖ ਕੇ ਬੈਠੇ ਦੀ ਫੋਟੋ ਤੇ ਵੀਡੀਓ ਵੀ ਵਾਇਰਲ ਹੋਈ ਹੈ ਅਤੇ ਅਧਿਆਪਕਾਂ ਨਾਲ ਗਾਲੀ ਗਲੋਚ ਵੀ ਕੀਤਾ ਗਿਆ ਹੈ। ਅਧਿਆਪਕਾਂ ਦੇ ਨਿਰਾਦਰ ਦੀਆਂ ਘਟਨਾਵਾਂ ਪ੍ਰਤੀ ਅਫਸੋਸ ਜਾਹਿਰ ਕਰਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਸਿੱਖਿਆ ਮੰਤਰੀ ਅਤੇ ਬਾਕੀ ਵਿਧਾਇਕਾਂ ਵੱਲੋਂ ਅਖੌਤੀ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਕਈ-ਕਈ ਸਾਲ ਪਹਿਲਾਂ ਹੋ ਚੁੱਕੇ ਕੰਮਾਂ ਦੇ ਉਦਘਾਟਨਾਂ ਦੀ ਇਸ ਹਨ੍ਹੇਰੀ ਲਿਆਂਦੀ ਹੋਈ ਹੈ ਅਤੇ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਸਿਆਸੀ ਦਖ਼ਲਅੰਦਾਜ਼ੀ ਦੀ ਭੇਂਟ ਚਾੜ੍ਹਿਆ ਜਾ ਰਿਹਾ ਹੈ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਬਲਾਕ ਪ੍ਰਧਾਨ ਗੁਰਦਾਸ ਸਿੰਘ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਹੋਈ ਧੱਕੇਸ਼ਾਹੀ ਨੂੰ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਨੂੰ ਪੁਲਿਸ ਦੇ ਪੈਰਾਂ ਹੇਠ ਮਧੋਲਣ ਦੀ ਸਾਜ਼ਿਸ ਅਤੇ ਅਖੌਤੀ ਸਿੱਖਿਆ ਕ੍ਰਾਂਤੀ ਮੁਹਿੰਮ ‘ਤੇ ਕਾਲਾ ਧੱਬਾ ਕਰਾਰ ਦਿੱਤਾ ਹੈ। ਮਾਨਸਾ ਦੇ ਬਲਾਕ ਪੱਧਰੀ ਧਰਨੇ ਵਿਚ ਬਲਾਕ ਸਕੱਤਰ ਹਰਪ੍ਰੀਤ ਸਿੰਘ ਖੜਕਸਿੰਘ ਵਾਲਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਜ਼ ਅਤੇ ਸੰਗਰੂਰ ਰਿਹਾਇਸ਼ ਮੂਹਰੇ ਵੀ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ, ਕੰਪਿਊਟਰ ਅਧਿਆਪਕਾਂ ਅਤੇ ਕੱਚੇ ਅਧਿਆਪਕਾਂ ‘ਤੇ ਵੀ ਬਹੁਤ ਵਾਰ ਪੁਲਿਸ ਲਾਠੀਚਾਰਜ ਅਤੇ ਖਿੱਚ ਧੂਹ ਹੋਣ ਤੋਂ ਇਲਾਵਾ ਪੱਗਾਂ ਤੇ ਦੁਪੱਟਿਆਂ ਦਾ ਵੀ ਨਿਰਾਦਰ ਹੋਇਆ ਹੈ। ਅਧਿਆਪਕ ਆਗੂਆਂ ਨੇ ਸਵਾਲ ਕੀਤਾ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ 856 ਅਸਾਮੀਆਂ, ਹੈਡਮਾਸਟਰਾਂ ਦੀਆਂ 400, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 100, ਲੈਕਚਰਾਰਾਂ ਦੀਆਂ ਛੇ ਹਜਾਰ ਤੋਂ ਵਧੇਰੇ ਅਸਾਮੀਆਂ, ਆਰਟ ਐਂਡ ਕ੍ਰਾਫਟ, ਖੇਡ ਅਧਿਆਪਕਾਂ, ਈਟੀਟੀ ਅਤੇ ਮਾਸਟਰ ਕਾਡਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ। ਪੰਜਾਬ ਦੇ ਹਜ਼ਾਰਾਂ ਅਧਿਆਪਕ ਮਾਰਚ ਮਹੀਨੇ ਦੀ ਤਨਖ਼ਾਹ ਤੋਂ ਵਾਂਝੇ ਹਨ।
ਪੰਜਾਬ ਦੇ ਸਥਾਨਕ ਹਲਾਤਾਂ ਅਨੁਸਾਰ ਸਿੱਖਿਆ ਨੀਤੀ ਅਤੇ ਵਿੱਦਿਅਕ ਕਲੰਡਰ ਬਣਾਉਣ ਦੀ ਥਾਂ ਕੇਂਦਰ ਸਰਕਾਰ ਦੀ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਸਿੱਖਿਆ ਨੀਤੀ ਰਾਹੀਂ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਅਧਿਆਪਕਾਂ ‘ਤੇ ਗੈਰ ਵਿੱਦਿਅਕ ਕੰਮਾਂ ਦੀ ਭਰਮਾਰ ਹੈ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ ਗੁਰਨੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਸੰਘਰਸ਼ ਕਰ ਰਹੇ ਹਰੇਕ ਵਰਗ ਦੇ ਲੋਕਾਂ ਖਿਲਾਫ ਪਿਛਲੇ ਸਮੇਂ ਵਿੱਚ ਪੁਲਿਸ ਨੂੰ ਖੁੱਲ੍ਹ ਦੇ ਕੇ ਉਹਨਾਂ ਦੇ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ ਕਰ ਰਹੀ ਹੈ ਅਤੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵੱਲ ਵੱਧ ਰਹੀ ਹੈ। ਇਸੇ ਤਹਿਤ ਹੀ ਮਿੱਥ ਕੇ 5994 ਭਰਤੀ ਨਾਲ ਸਬੰਧਤ ਬੇਰੁਜ਼ਗਾਰ ਅਧਿਆਪਕਾਂ ਉੱਪਰ ਅੰਨ੍ਹਾ ਤਸ਼ੱਦਦ ਕੀਤਾ ਗਿਆ ਹੈ ਅਤੇ ਪੰਜਾਬ ਦੇ ਸੰਘਰਸ਼ ਕਰ ਰਹੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਥੇਬੰਦੀ ਦੇ ਆਗੂ ਪਰਮਿੰਦਰ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੀ ਸੰਘਰਸ਼ਮਈ ਵਿਰਾਸਤ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਜਿੰਨ੍ਹਾਂ ਪੁਲਿਸ ਅਧਿਕਾਰੀਆਂ ਨੇ ਅਧਿਆਪਕਾਂ ਦੀ ਕੁੱਟਮਾਰ ਕੀਤੀ ਹੈ, ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਚੱਲ ਰਹੀਆਂ ਸਾਰੀਆਂ ਭਰਤੀਆਂ ਦੇ ਰਹਿੰਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਨਿਯੁਕਤੀ ਪੱਤਰ ਪ੍ਰਾਪਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਜਾਵੇ।
ਡੀ.ਟੀ.ਐੱਫ. ਆਗੂਆਂ ਹਰਜਿੰਦਰ ਸਿੰਘ ਵਿਰਦੀ , ਸੰਤੋਖ ਗੁਰਨੇ , ਮਿਸ਼ਰਾ ਸਿੰਘ, ਸੁਖਚੈਨ ਬਾਵਾ, ਸੇਵਾ ਸਿੰਘ , ਨਿਤਿਨ ਕੁਮਾਰ , ਕੁਲਵਿੰਦਰ ਰੰਘੜਿਆਲ, ਤਰਲੋਕ ਜੈਨ, ਇੰਦਰ ਸੈਨ ਗਰਗ, ਮੁਕੁਲ ਗਰਗ, ਮਨਪ੍ਰੀਤ ਸਿੰਘ ਬੋੜਾਵਾਲ, ਅਕਾਸ਼ ਬੁੱਢਲਾਡਾ , ਨਿਤੇਸ਼ ਬੁੱਢਲਾਡਾ, ਰਿਸ਼ੀਪਾਲ, ਅਤੇ 5994 ਬੇਰੁਜਗਾਰ ਅਧਿਆਪਕ ਜੱਥੇਬੰਦੀ ਵੱਲੋ ਅਜੀਤ ਸਿੰਘ , ਜਸਪ੍ਰੀਤ ਕੌਰ, ਸੁਖਵਿੰਦਰ ਸਿੰਘ, ਸੰਦੀਪ ਕੌਰ, ਸਿਮਰਨ ਕੌਰ, ਜਸਵੀਰ ਸਿੰਘ , ਓਮਪ੍ਰਕਾਸ਼, ਰਾਕੇਸ਼ ਸੋਨੀ , ਨਿਸ਼ਾ , ਅਮਰਿੰਦਰ ਸਿੰਘ ਮਾਨਸਾ , ਸੁਖਵੀਰ ਸਿੰਘ ਮਾਨਸਾ , ਹੰਸਾ ਸਿੰਘ , ਗੁਰਜੀਤ ਔਲਖ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਤਸ਼ੱਦਦ ਖਿਲਾਫ਼ ਜਥੇਬੰਦੀ ਵੱਲੋਂ 6635 ਈਟੀਟੀ ਟੀਚਰ ਯੂਨੀਅਨ ਅਤੇ 4161 ਮਾਸਟਰ ਕਾਡਰ ਯੂਨੀਅਨ ਨਾਲ ਮਿਲ ਕੇ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ 4 ਮਈ ਨੂੰ ਹੋਣ ਜਾ ਰਹੇ ਚਿਤਾਵਨੀ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।