ਭਗਤ ਪੂਰਨ ਸਿੰਘ ਸੁਸਾਇਟੀ ਨੇ ਪੁਲਸ ਪ੍ਰਸ਼ਾਸਨ ਪਾਸੋਂ ਟਰੈਕਟਰ ਚਾਲਕ ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ ਦੀ ਮੰਗ
ਭਿੱਖੀਵਿੰਡ 03 ਜੁਲਾਈ (ਰਿੰਪਲ ਗੋਲਣ) ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਸਭਰਾਂ ਦੇ ਕਿਸਾਨ ਵੱਲੋਂ ਬੇਜ਼ੁਬਾਨ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਸੜਕ ‘ਤੇ ਬੁਰੀ ਤਰ੍ਹਾਂ ਘੜੀਸਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਮੱਝ ਨੇ ਟਰੈਕਟਰ ਚਾਲਕ ਦੇ ਖੇਤ ‘ਚ ਵੜ ਕੇ ਥੋੜ੍ਹਾ ਚਾਰਾ ਖਾ ਲਿਆ ਸੀ,ਜਿਸ ਦਾ ਖਮਿਆਜ਼ਾ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਭੁਗਤਣਾ ਪਿਆ। ਵੀਡੀਓ ਵਾਇਰਲ ਹੋਣ ਮਗਰੋਂ ਪਸ਼ੂ ਪ੍ਰੇਮੀਆਂ ਤੇ ਆਮ ਜਨਤਾ ‘ਚ ਉਪਰੋਕਤ ਟਰੈਕਟਰ ਚਾਲਕ ਪ੍ਰਤੀ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਉਕਤ ਵਿਅਕਤੀ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਉੱਠਾ ਰਹੇ ਹਨ। ਉੱਧਰ ਇਸ ਮਾਮਲੇ ਸੰਬੰਧੀ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਭਗਤ ਪੂਰਨ ਸਿੰਘ ਸੁਸਾਇਟੀ ਪੱਟੀ ਦੇ ਪ੍ਰਧਾਨ ਅਨੂ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਟਰੈਕਟਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਇੱਕ ਲਿਖਤੀ ਦਰਖ਼ਾਸਤ ਐੱਸਡੀਐੱਮ ਪੱਟੀ,ਐੱਸਐੱਸਪੀ ਤਰਨ ਤਾਰਨ,ਡਿਪਟੀ ਕਮਿਸ਼ਨਰ ਤਰਨ ਤਾਰਨ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੇਰਿਹਮ ਟਰੈਕਟਰ ਚਾਲਕ ਨੇ ਬੇਜ਼ੁਬਾਨ ਮੱਝ ਨੂੰ ਸੜਕ ‘ਤੇ ਘੜੀਸ ਕੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੈ। ਅਨੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਮੱਝ ਦੇ ਮਾਲਕ ਨੇ ਟਰੈਕਟਰ ਚਾਲਕ ਨਾਲ ਰਾਜ਼ੀਨਾਮਾ ਕਰ ਲਿਆ ਹੈ,ਪ੍ਰੰਤੂ ਅਜਿਹਾ ਕਰਨ ਨਾਲ ਬੇਜ਼ੁਬਾਨ ਮੱਝ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਬੰਧਤ ਵਿਭਾਗ ਨੂੰ ਉਪਰੋਕਤ ਵਿਅਕਤੀ ਖ਼ਿਲਾਫ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਨਾ ਆਉਣ। ਉੱਧਰ ਜਦੋਂ ਇਸ ਮਾਮਲੇ ਸੰਬੰਧੀ ਡੀ.ਐੱਸ.ਪੀ. ਪੱਟੀ ਕਮਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੌਜਦਾਰੀ ਨਿਆਂ ਪ੍ਰਣਾਲੀ ‘ਚ ਬਦਲਾਅ ਹੋਣ ਕਾਰਨ ਫਿਲਹਾਲ ਉਪਰੋਕਤ ਟਰੈਕਟਰ ਚਾਲਕ ਖ਼ਿਲਾਫ਼ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਡੀ.ਐੱਸ.ਪੀ. ਦਾ ਕਹਿਣਾ ਸੀ ਕਿ ਭਾਵੇਂ ਮੱਝ ਦੇ ਮਾਲਕ ਨੇ ਟਰੈਕਟਰ ਚਾਲਕ ਨਾਲ ਰਾਜ਼ੀਨਾਮਾ ਕਰ ਲਿਆ ਹੈ,ਪ੍ਰੰਤੂ ਬੇਜ਼ੁਬਾਨ ਮੱਝ ‘ਤੇ ਅਣਮਨੁੱਖੀ ਤਸ਼ੱਦਦ ਢਾਹੁਣ ਵਾਲੇ ਵਿਅਕਤੀ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਿੰਦਰ ਸਿੰਘ,ਮਲਕੀਤ ਸਿੰਘ,ਅਮਨ,ਸੰਜੀਵ ਚੋਪੜਾ,ਸੰਦੀਪ ਧਵਨ,ਲੱਖਾ ਸਿੰਘ ਗਗਨਦੀਪ ਸਿੰਘ,ਗੁਰਜੰਟ ਸਿੰਘ, ਮਾਣਕ ਧਵਨ ਅਤੇ ਮੰਨਾ ਨੰਬਰਦਾਰ ਆਦਿ ਵਿਅਕਤੀ ਹਾਜਰ ਸਨ ।
One attachment • Scanned by Gmail