ਹੜਾਂ ਨਾਲ ਹੋਈ ਤਬਾਹੀ ਦੇ ਸ਼ਿਕਾਰ ਪਰਿਵਾਰਾਂ ਲਈ ਮੁਆਵਜ਼ਾ ਤੇ ਮਜ਼ਦੂਰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।
ਮਾਨਸਾ 12 ਸਤੰਬਰ (ਨਾਨਕ ਸਿੰਘ ਖੁਰਮੀ)
ਪੰਜਾਬ ਅੰਦਰ ਹੜਾਂ/ਬਾਰਸ਼ਾਂ ਵਲੋਂ ਮਚਾਈ ਭਾਰੀ ਤਬਾਹੀ ਮਗਰੋਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਰਾਹਤ ਫੰਡ ਮੌਕੇ,ਸਮਾਜ ਦੇ ਸਭ ਤੋਂ ਗਰੀਬ ਵਰਗ ਦੇ ਲੋਕਾਂ ਨੂੰ ਬਿਲਕੁਲ ਹੀ ਅਣਗੌਲ਼ੇ ਕਰਨ ਵਿਰੁੱਧ ਅੱਜ ਪੇਂਡੂ ਤੇ ਖੇਤ ਮਜ਼ਦੂਰਾਂ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਮਜ਼ਦੂਰ ਸੜਕਾਂ ‘ਤੇ ਉਤਰੇ। ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਸਮਾਓ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਗਣਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਲਾ ਸਿੰਘ ਕੁਸਲਾ ਅਗਵਾਈ ਜ਼ਿਲ੍ਹਾ ਕਚਹਿਰੀਆਂ ਵਿੱਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਮਜ਼ਦੂਰ ਮੰਗਾਂ ਲਈ ਮੰਗ ਪੱਤਰ ਸੂਬਾ ਤੇ ਕੇਂਦਰ ਸਰਕਾਰ ਭੇਜਿਆ ਗਿਆ ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂ ਗੁਰਮੀਤ ਸਿੰਘ ਨੰਦਗੜ੍ਹ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਜ਼ਦੂਰ ਤੇ ਦਲਿਤ ਵਿਰੋਧੀ ਦੱਸਦਿਆਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਵੀ ਮੁੱਖ ਮੰਤਰੀ ਵਲੋਂ ਦਲਿਤਾਂ ਨਾਲ਼ ਜ਼ਾਤ ਪਾਤੀ ਵਿਤਕਰਾ ਅਤੀ ਨਿੰਦਣਯੋਗ ਹੈ ਉਨ੍ਹਾਂ ਕਿਹਾ ਬੇਸ਼ੱਕ ਦਰਿਆਵਾਂ ਲਾਗਲੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਰ ਅੱਧ ਕੱਚੇ ਪੱਕੇ ਮਕਾਨਾਂ ਵਾਲੇ ਦਲਿਤਾਂ ਨੂੰ ਦੂਹਰੀ ਤੀਹਰੀ ਮਾਰ ਪਈ ਹੈ ਆਗੂਆਂ ਨੇ ਮੰਗ ਕੀਤੀ ਹੜਾਂ ਵਿਚ ਜਾਨ ਗੁਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ, ਮਜ਼ਦੂਰਾਂ ਦੇ ਢਹਿ ਗਏ ਘਰਾਂ ਨੂੰ ਮੁੜ ਉਸਾਰਨ ਲਈ 15 ਲੱਖ ਅਤੇ ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ, ਮਜ਼ਦੂਰ ਆਗੂਆਂ ਨੇ ਕਿਹਾ ਕਿ ਪਿਛਲੇ ਸਮਿਆਂ ਅੰਦਰ ਵੀ ਸਰਕਾਰੀ ਸਰਵੇਖਣ ਨਿਰਾ ਧੋਖਾ ਹੀ ਸਾਬਤ ਹੋਏ ਹਨ ਤੇ ਹੁਣ ਵੀ ਦਲਿਤ ਵਿਰੋਧੀ ਮਾਨਸਿਕਤਾ ਵਾਲੀ ਸਰਕਾਰ ਤੇ ਇਸਦੇ ਅਧਿਕਾਰੀਆਂ ਤੋਂ ਕੋਈ ਆਸ ਨਹੀਂ।
ਇਸ ਮੌਕੇ ਆਗੂਆਂ ਨੇ ਜਿਥੇ ਮਜ਼ਦੂਰ ਜਮਾਤ ਨੂੰ ਅੱਖੋਂ ਪਰੋਖੇ ਕਰਨ ਦੀ ਨਿੰਦਾ ਕੀਤੀ ਉਥੇ ਛੋਟੇ ਦੁਕਾਨਦਾਰਾਂ ਦੇ ਪ੍ਰਭਾਵਿਤ ਕਾਰੋਬਾਰ ਦੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਫੌਰੀ ਮੁਆਵਜਾ ਜਾਰੀ ਕੀਤਾ ਜਾਵੇ।
ਅੰਤ ਵਿੱਚ ਆਗੂਆਂ ਨੇ ਕਿਸਾਨਾਂ ਸਮੇਤ ਸਮੁੱਚੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਮਾਨਬੀਬੜੀਆਂ, ਸੁਖਦੇਵ ਸਿੰਘ ਪੰਧੇਰ, ਬੂਟਾ ਸਿੰਘ ਬਰਨਾਲਾ,ਗੁਰਪਿਆਰ ਸਿੰਘ ਫੱਤਾ, ਸ਼ੰਕਰ ਜਟਾਨਾ,ਜਾਗਰ ਸਿੰਘ ਖਿਆਲਾਂ, ਪਰਮਜੀਤ ਕੌਰ ਸੋਮਾ ਉਭਾ, ਦਰਸ਼ਨ ਦਾਨੇਵਾਲੀਆ, ਭੋਲਾ ਸਿੰਘ ਘਵੱਦੀ, ਰਘਵੀਰ ਸਿੰਘ ਭੀਖੀ,ਰਕਸ਼ਾ ਦੇਵੀ , ਆਦਿ ਆਗੂਆਂ ਨੇ ਸੰਬੋਧਨ ਕੀਤਾ।
ਬੇਜ਼ਮੀਨੇ ਤੇ ਛੋਟੇ ਦੁਕਾਨਦਾਰਾਂ ਨੂੰ ਅਣਗੌਲਿਆਂ ਕਰਨ ਵਿਰੁੱਧ ਮਜ਼ਦੂਰ ਸੜਕਾਂ ‘ਤੇ ਉਤਰੇ।
Leave a comment
