ਬੁਢਲਾਡਾ,27 ਮਈ (ਨਾਨਕ ਸਿੰਘ ਖੁਰਮੀ ) ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ. ਵਾਕ. ਸਾਈਬਰ ਸਕਿਓਰਿਟੀ ਭਾਗ ਦੂਜਾ ਸਮੈਸਟਰ ਤੀਜਾ ਦੇ ਨਤੀਜੇ ਵਿੱਚ ਉੱਤਰੀ ਭਾਰਤ ਦੀ ਸਿਰਮੌਰ ਅਤੇ ਖ਼ੁਦਮੁਖਤਿਆਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਨਤੀਜਾ 100 ਫੀਸਦੀ ਰਿਹਾ ਹੈ। ਇਸ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਪੂਰੇ ਵਿਸ਼ਵ ਵਿਚ ਸਕਿੱਲ ਅਧਾਰਿਤ ਸਿੱਖਿਆ ਦਾ ਸਮਾਂ ਹੈ। ਸਕਿੱਲ ਅਧਾਰਿਤ ਸਿੱਖਿਆ ਵਿੱਚ ਵਿਦਿਆਰਥੀਆਂ ਲਈ ਸਰਕਾਰੀ, ਗੈਰ ਸਰਕਾਰੀ ਅਤੇ ਸਵੈ ਰੁਜ਼ਗਾਰ ਵਿਚ ਨੌਕਰੀਆਂ ਲਈ ਸੌ ਪ੍ਰਤੀਸ਼ਤ ਰੁਜ਼ਗਾਰ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਪੜ੍ਹੇ ਵਿਦਿਆਰਥੀਆਂ ਨੇ ਇਸ ਖੇਤਰ ਵਿਚ ਚੰਗੇ ਸਟਾਟੱਪ ਸ਼ੁਰੂ ਕੀਤੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਨਤੀਜੇ ਵਿਚ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਰਹੀ ਹੈ ਅਤੇ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ। ਉਨ੍ਹਾਂ ਇਸ ਪ੍ਰਾਪਤੀ ਦੀ ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਵਿਭਾਗ ਦੇ ਮੁਖੀ ਅਤੇ ਵਾਇਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਕਿਹਾ ਕਿ ਵਿਦਿਆਰਥੀ ਸੰਸਥਾਵਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜੇਕਰ ਇਸ ਸਮੇਂ ਸੰਸਥਾ ਦਾ ਨਾਮ ਪੂਰੇ ਉੱਤਰੀ ਭਾਰਤ ਵਿੱਚ ਜਾਣਿਆ ਜਾਂਦਾ ਹੈ ਤਾਂ ਅਜਿਹੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਕਰਕੇ ਹੀ ਹੈ। ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਨਤੀਜੇ ਵਿਚ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੀ ਵਿਦਿਆਰਥਣ ਅਵਿਨਾਸ਼ ਕੌਰ ਨੇ 9.45 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲਾ ਸਥਾਨ, ਅਕ੍ਰਿਤੀ, ਅਰਸ਼ਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਨੇ 9.27 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸੈਫਿਨ ਚਾਹਲ ਨੇ 9.09 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ।