10 ਅਕਤੂਬਰ (ਐਸ.ਐਸ.ਬੀਰ) ਬੁੱਢਲਾਡਾ: ਪੰਜਾਬ ਦੀਆਂ ਪੰਚਾਇਤੀ ਚੋਣਾਂ ਦਾ ਮਾਹੌਲ ਲੇਟ ਹੁੰਦੇ ਹੋਏ ਵੀ ਹੁਣ ਪੂਰਾ ਗਰਮਾਇਆ ਹੋਇਆ ਹੈ। ਇਸੇ ਮੁਹਿੰਮ ਤਹਿਤ ਪਿੰਡ ਬੀਰ ਖ਼ੁਰਦ ਦਾ ਪੰਚਾਇਤੀ ਮਾਹੌਲ ਵੀ ਦਿਨ-ਬ-ਦਿਨ ਰੰਗ ਵਟਾ ਰਿਹਾ ਹੈ। ਕਿਉਂਕਿ 5-6 ਮਹੀਨੇ ਪਹਿਲਾਂ ਹੀ ਇੱਥੇ ਚੋਣ ਮੁਹਿੰਮ ਦਾ ਆਗਾਜ਼ ਹੋ ਚੁੱਕਾ ਸੀ। ਉਦੋਂ ਇਹ ਨਹੀਂ ਸੀ ਪਤਾ ਕਿ ਇੱਥੋਂ ਦੀ ਸਰਪੰਚੀ ਰਿਜ਼ਰਵ ਕੈਟਾਗਿਰੀ ‘ਚ ਆ ਜਾਵੇਗੀ ਇਸ ਲਈ ਪੁਰਾਣਾ ਸਰਪੰਚ ਤੇ ਘੋੜੀਆਂ ਵਾਲਾ ਨਵਾਂ ਉਮੀਦਵਾਰ ਗੁਰਦਰਸ਼ਨ ਸਿੰਘ ਜ਼ੋਰ ਅਜ਼ਮਾਇਅਸ ਕਰਨ ਵਿੱਚ ਰੁੱਝ ਗਏ ਸਨ। ਪਰ ਪੰਚਾਇਤੀ ਚੋਣ ਦੀ ਮਿਤੀ ਮੁਕਰਰ ਹੁੰਦੇ ਹੀ ਪਿੰਡ ਦੀ ਚੋਣ ਕੈਟਾਗਿਰੀ ਬਦਲਣ ਨਾਲ ਹੀ ਸਰਪੰਚੀ ਚੋਣ ਦਾ ਮੁਹਾਂਦਰਾ ਵੀ ਬਦਲ ਗਿਆ।
ਸਲਾਹ ਮਸ਼ਵਰੇ ਤੇ ਜ਼ਾਬਾਂ ਦੇ ਭੇੜ ਤੋਂ ਬਾਅਦ ਕਾਕੂ ਸਿੰਘ ਦਾ ਨੌਜਵਾਨ ਕੰਵਾਰਾ ਲੜਕਾ ਗਗਨਦੀਪ ਸਿੰਘ ਗੱਗੀ ਸਰਪੰਚੀ ਦਾ ਉਮੀਦਵਾਰ ਚੁਣ ਲਿਆ ਗਿਆ। ਗਗਨਦੀਪ ਸਿੰਘ ਇੱਕ ਨਰਮ, ਠੰਡੇ ਮਤੇ ਆਲਾ, ਪੜ੍ਹਿਆ ਲਿਖਿਆ ਤੇ ਅਪਣੀ ਦਿਨਚਰਿਆ ਗੁਰਬਾਣੀ ਪਾਠ ਤੋਂ ਸ਼ੁਰੂ ਕਰਨ ਵਾਲਾ ਨੌਜਵਾਨ ਹੈ। ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਉਹ ਆਪਣੇ ਪਿੰਡ ਦੇ ਵਿਕਾਸ ਤੇ ਉਨਤੀ ਲਈ ਸਮਰਪਿਤ ਹੋ ਕੇ ਕੰਮ ਕਰਨਾ ਚਾਹੁੰਦਾ ਹੈ। ਉਸਦੀ ਇੱਛਾ ਮੁਕਾਬਲੇਬਾਜ਼ੀ ਵਿੱਚ ਪੈਣ ਦੀ ਨਹੀਂ ਸੀ ਇਸੇ ਕਰਕੇ ਉਸਦੇ ਸਾਥੀਆਂ ਤੇ ਹੋਰ ਪਤਵੰਤੇ ਸੱਜਣਾਂ ਨੇ ਉਸਨੂੰ ਸਰਬਸੰਮਤੀ ਨਾਲ ਚੁਣਨ ਦੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਕੁਛ ਗ਼ਲਤਫਹਿਮੀਆਂ ਤੇ ਚੱਕਵੇਂ ਬੰਦਿਆਂ ਦੀ ਚੱਕ ਧਰ ਕਰਕੇ ਦੂਸਰੀ ਧਿਰ ਮੁਕਾਬਲੇ ‘ਚ ਆ ਹੀ ਗਈ।
ਦੂਸਰੇ ਪਾਸੇ ਦੇ ਉਮੀਦਵਾਰ ਸਾਬਕਾ ਸਰਪੰਚ ਮੁਖਤਿਆਰ ਸਿੰਘ ਹਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਨਾਬ ਤੁਸੀਂ ਹੰਢੇ ਵਰਤੇ ਇਨਸਾਨ ਤੇ ਸਾਬਕਾ ਸਰਪੰਚ ਰਹੇ ਹੋ ਤੁਹਾਨੂੰ ਮੁਕਾਬਲੇ ‘ਚ ਆਉਣ ਦੀ ਕੀ ਲੋੜ ਪੈ ਗਈ ਸੀ ਇਸ ਨਵੇਂ ਤੇ ਨੌਜਵਾਨ ਉਮੀਦਵਾਰ ਨੂੰ ਹੀ ਸਰਬਸੰਮਤੀ ਨਾਲ ਚੁਣ ਲੈਂਦੇ ਸਾਰੇ ਪਿੰਡ ਨੂੰ ਹੀ ਫਾਇਦਾ ਹੋਣਾ ਸੀ ਜਾਂ ਫ਼ਿਰ ਪਿੰਡ ਦੇ ਹੀ ਕੁੱਝ ਲੋਕਾਂ ਨੇ ਤੁਹਾਡੇ ‘ਚ ਵਿਸਵਾਸ਼ ਜਤਾ ਕੇ ਖੜੇ ਹੋਣ ਲਈ ਪ੍ਰੇਰਿਆ ਹੈ। ਇਸ ਪੱਤਰਕਾਰ ਦੀ ਇਹ ਗੱਲ ਸੁਣਦਿਆਂ ਮੁਖਤਿਆਰ ਸਿੰਘ ਨੇ ਬੜੇ ਠਰੰਮੇ ਨਾਲ ਜਵਾਬ ਦਿੱਤਾ ਕਿ ਨਹੀਂ ਯਾਰ ਮੇਂ ਕਾਹਨੂੰ ਖੜ੍ਹਾ ਹੋਣਾ ਚਾਹੁੰਦਾ ਸੀ ਮੈਂ ਤਾਂ ਪੰਜ ਸਾਲ ਮੈਂਬਰੀ ਕਰਕੇ, ਦਸ ਸਾਲ ਸਰਪੰਚੀ ਦਾ ਵੀ ਸਵਾਦ ਚੱਖਿਆ ਹੈ ਤੇ ਬਲਾਕ ਸੰਮਤੀ ਮੈਂਬਰ ਵੀ ਰਿਹਾ ਹਾਂ। ਬੱਸ ਇਹ ਸਮਝ ਲਓ ਕਿ ਮੈਨੂੰ ਆਪਣੇ ਵਿਰੋਧ ‘ਚ ਖੜੇ ਕਰਨ ਵਾਲੀ ਇਹ ਨਵੀਂ ਧਿਰ ਹੀ ਹੈ। ਸਾਡੀ ਹੈਰਾਨੀ ਦੂਰ ਕਰਦਿਆਂ ਮੁਖਤਿਆਰ ਸਿੰਘ ਫ਼ਿਰ ਦੱਸਣ ਲੱਗੇ ਕਿ ਇਹ 40-50 ਬੰਦੇ. ਇਕੱਠੇ ਹੋ ਕੇ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਸਰਪੰਚ ਸਾਬ੍ਹ ਤੁਸੀਂ ਖੜੇ ਨਾ ਹੋਵੋ ਤੇ ਸਰਪੰਚੀ ਇਸ ਵਾਰ ਸਾਨੂੰ ਕਰਨ ਦਿਓ। ਆਪਾਂ ਸਰਬਸੰਮਤੀ ਨਾਲ ਹੀ ਅਪਣਾ ਬੰਦਾ ਸਰਪੰਚ ਚੁਣ ਲੈਂਦੇ ਹਾਂ। ਮੈਂ ਕਿਹਾ ਭਲੇ ਮਾਨਸੋ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਮੇਰਾ ਤਾਂ ਘਰ ਢਿਹਾ ਪਿਆ ਹੈ ਇੱਕ ਤਰੀਕ ਨੂੰ ਮਿਸਤਰੀ ਲਗਾਉਣਾ ਹੈ ਪਰ ਤੁਸੀਂ ਸਾਰੇ ਪਿੰਡ ਦਾ ਇਕੱਠ ਕਰਕੇ ਉੱਥੇ ਇਹ ਮੁੱਦਾ ਰੱਖੋ ਕਿ ਭਾਈ ਜੇਕਰ ਕੋਈ ਹੋਰ ਸੱਜਣ ਸਰਪੰਚੀ ਦੀ ਚੋਣ ਲੜਨ ਦਾ ਚਾਹਵਾਨ ਨਹੀਂ ਤਾਂ ਅਸੀਂ ਅਪਣਾ ਬੰਦਾ ਨਿਰਵਿਰੋਧ ਚੁਣਦੇ ਹੋਈਏ। ਕਿਉਂਕਿ ਸਰਪੰਚ ਇੱਕੱਲੇ ਵਿਹੜੇ ਦਾ ਨਹੀਂ ਸਾਰੇ ਪਿੰਡ ਦਾ ਚੁਣਿਆ ਜਾਣਾ ਹੈ। ਸਾਨੂੰ ਕੰਨ ਜਿਹੇ ਚੁੱਕਦੇ ਦੇਖ ਸਾਬਕਾ ਸਰਪੰਚ ਨੇ ਮੁਸਕਰਾਉਂਦਿਆਂ ਕਿਹਾ ਕਿ ਉਹ ਤਾਂ ਭਾਈ ਪਿੰਡ ਦੀ ਬਜਾਏ ਇਕੱਲੇ ਵਿਹਡ਼ੇ ਦਾ ਇਕੱਠ ਕਰਨ ਤੇ ਹੀ ਅੜਕੇ ਖੜੇ ਰਹੇ। ਉਸਤੋਂ ਬਾਅਦ ਵੀ ਮੇਰੇ ਕੋਲ ਦੋ ਤਿੰਨ ਵਾਰ ਕੁੱਝ ਸੱਜਣ ਆ ਕੇ ਇਹੋ ਪਾਠ ਕਰੀ ਜਾਇਆ ਕਰਨ ਕਿ ਸਰਪੰਚ ਸਾਬ੍ਹ ਤੁਸੀਂ ਨਾ ਖੜੇ ਹੋਇਓ ਆਖਿਰ ਅੱਕ ਕੇ ਮੈਂ ਅਪਣਾ ਘਰ ਪਾਉਣ ਦਾ ਪ੍ਰੋਗਰਾਮ ਸਥਗਿਤ ਕਰ ਦਿੱਤਾ ਤੇ ਆਪਣੇ ਕੀਤੇ ਕੰਮਾਂ ਤੇ ਮੇਰੇ ਉੱਪਰ ਵਿਸ਼ਵਾਸ ਕਰਨ ਵਾਲੇ ਲੋਕਾਂ ਦਾ ਆਸਰਾ ਤੱਕਦਿਆਂ ਚੋਣ ਮੈਦਾਨ ਵਿੱਚ ਕੁੱਦ ਹੀ ਪਿਆ।
ਹੈਰਾਨੀ ਭਰੇ ਇਸ ਵਿਖਿਆਨ ਤੋਂ ਬਾਅਦ ਜਦੋਂ ਦੂਸਰੀ ਧਿਰ ਤੋਂ ਸ਼ਪਸ਼ਟੀਕਰਨ ਲੈਣਾ ਚਾਹਿਆ ਤਾਂ ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਇਸਤੋਂ ਵੱਡਾ ਝੂਠ ਕੁਫ਼ਰ ਹੋ ਹੀ ਨਹੀਂ ਸਕਦਾ। ਉਹ ਤਾਂ ਉਸਦੀ ਪੁਰਾਣਾ ਬੰਦਾ ਤੇ ਸਾਬਕਾ ਸਰਪੰਚ ਹੋਣ ਕਰਕੇ ਇੱਜ਼ਤ ਕਰਦੇ ਸਨ ਪਰ ਉਸਨੇ ਤਾਂ ਘਰ ਗਿਆਂ ਨੂੰ ਵੀ ਘਟੀਆ ਰਾਜਨੀਤੀ ਦੀ ਚਾਸਣੀ ‘ਚ ਹੀ ਡੋਬ ਦਿੱਤਾ। ਉਨ੍ਹਾਂ ਨੂੰ ਹੱਥ ਮਲਦਿਆਂ ਤੇ ਗਾਲ੍ਹਾਂ ਕੱਢਦਿਆਂ ਛੱਡ ਮੈਂ ਅਪਣੀ ਕਲਮ ਪੱਤਰੀ ਸਮੇਟਦਿਆਂ ਪਿੰਡ ਦੇ ਕੁੱਝ ਹੋਰ ਪਤਵੰਤੇ ਸੱਜਣਾ ਨਾਲ ਰਾਬਤਾ ਕਾਇਮ ਕੀਤਾ ਤੇ ਜਿਨ੍ਹਾਂ ਨਾਲ ਗੁਫਤਗੂ ਸਾਂਝੀ ਕਰਦਿਆਂ ਬੜੇ ਅਹਿਮ ਤੇ ਗੁੱਝੇ ਭੇਦ ਪਤਾ ਚੱਲੇ ਜਿੰਨਾ ਦੀ ਸਾਂਝ ਭਿਆਲੀ ਸਮਾਂ ਆਉਣ ਤੇ ਕੀਤੀ ਜਾਵੇਗੀ। ਵਿਚਾਰ ਚਰਚਾ ਕਰਨ ਵਾਲਿਆਂ ਵਿੱਚ ਵਾਰਡ ਨੰ: 2 ਦੇ ਬਣ ਚੁੱਕੇ ਮੈਂਬਰ ਸੱਤਪਾਲ ਸਿੰਘ, ਯੂਨੀਅਨ ਆਗੂ ਮੱਖਣ ਬੀਰ, ਗੁਰਪ੍ਰੀਤ ਸਿੰਘ ਸੋਨੀ MA B.ed, ਵਿਦਿਆਰਥਣ ਖੁਸ਼ਬੀਰ ਕੌਰ ਬੀਰ, ਨਾਇਬ ਸਿੰਘ, ਨਛੱਤਰ ਮੈਂਬਰ ਪੀਤੇ ਕਾ, ਜਰਨੈਲ ਸਿੰਘ ਜੈਲੀ ਅਤੇ ਹੋਰ ਕਈ ਗੁਪਤ ਪਤਵੰਤੇ ਸੱਜਣ ਸ਼ਾਮਿਲ ਸਨ।