ਪੁਲੀਸ ਤੇ ਸਿਵਲ ਪ੍ਰਸਾਸ਼ਨ ਵੱਲੋਂ ਕੀਤੇ ਗਏ ਸਖ਼ਤ ਪ੍ਰਬੰਧ
ਭੀਖੀ, 21 ਦਸੰਬਰ
ਨੇੜਲੇ ਪਿੰਡ ਹਮੀਰਗੜ੍ਹ ਢੈਪਈ ਨੇੜੇ ਅਣਅਧਿਕਾਰਤ ਖੰਡਰ ਟੋਲ ਪਲਾਜ਼ੇ ਨੂੰ ਹਟਾਉਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਕਤ ਟੋਲ ਪਲਾਜ਼ੇ ਨੂੰ ਹਟਾਉਣ ਲਈ ਜੇਸੀਬੀ ਮਸ਼ੀਨ ਨਾਲ ਭੰਨ੍ਹ ਤੋੜ ਦਾ ਕੰਮ ਸੁਰੂ ਕੀਤਾ । ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਪੁੱਜਣ ਤੋਂ ਪਹਿਲਾ ਹੀ ਟੋਲ ਪਲਾਜ਼ੇ ਦੀ ਬਹੁਤ ਸਾਰੀ ਇਮਾਰਤ ਢਾਹ ਦਿੱਤੀ। ਇਸ ਮੌਕੇ ਕਿਸਾਨ ਆਗੂ ਲਛਮਣ ਸਿੰਘ ਚੱਕ ਅਲੀ ਸੇਰ ਤੇ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇਹ ਟੋਲ-ਪਲਾਜ਼ਾ ਗੈਰ ਸਮਾਜੀ ਅਨਸਰਾਂ ਦੀ ਅੱਡਾ ਬਣ ਰਿਹਾ ਸੀ ਅਤੇ ਇਮਾਰਤਾਂ ਦੁਆਲੇ ਤੰਗ ਸੜਕਾਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ।ਇਹਨਾਂ ਸਮੱਸਿਆਵਾਂ ਨੂੰ ਲੈ ਕੇ ਜੱਥੇਬੰਦੀ ਵੱਲੋਂ ਇੱਥੇ ਕਈ ਵਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕੀ, ਉਲਟਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਪੱਲਾ ਝਾੜ ਲੈਂਦੇ ਸਨ, ਪਰ ਇੱਥੇ ਨਿੱਤ ਵਾਪਰਦੇ ਹਾਦਸਿਆਂ ਵਿੱਚ ਜਾਦੀਆਂ ਜਾਨਾਂ ਪ੍ਰਤੀ ਪ੍ਰਸ਼ਾਸਨ ਦਾ ਰਵਈਆ ਗੈਰ-ਮਨੁੱਖੀ ਤੇ ਗੈਰ-ਜਿੰਮੇਵਰਾਨਾ ਸੀ ਜਿਸ ਤੋਂ ਅੱਕ ਕੇ ਇੱਥੇ ਜੱਥੇਬੰਦੀ ਨੇ ਇਸ ਟੋਲ ਪਲਾਜ਼ੇ ਨੂੰ ਖੁਦ ਹਟਾਉਣ ਦਾ ਫੈਸ਼ਲਾ ਲਿਆ।ਆਗੂਆਂ ਨੇ ਕਿਹਾ ਕਿ ਸਰਕਾਰਾ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ ਦੇ ਅਹਿਦ ਤਹਿਤ ਇਹ ਟੋਲ ਪਲਾਜ਼ਾ ਖੁਦ ਹਰਾਉਣ ਦਾ ਫੈਸਲਾ ਲਿਆ ਹੈ ।ਉਨ੍ਹਾ ਕਿਹਾ ਕਿ ਸਰਕਾਰ ਰਾਹਗੀਰਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਹੀਂ ਅਤੇ ਇਹਨਾਂ ਕੋਲ ਬਹਾਨੇਬਾਜ਼ੀ ਅਤੇ ਲਾਰੇਬਾਜ਼ੀ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ। ਉਨ੍ਹਾਂ ਇਸ ਮੁੱਦੇ ਤੇ ਵਿਧਾਨ ਸਭਾ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਵੱਲੋਂ ਦਿੱਤੇ ਬਿਆਨ ਦੀ ਨਿੰਦਾ ਕਰਦੇ ਕਿਹਾ ਕਿ ਮੰਤਰੀ ਦਾ ਵਿਧਾਨ ਸਭਾ ਵਿੱਚ ਦਿੱਤਾ ਬਿਆਨ ਗੁਮਰਾਹ ਕੁੰਨ ਤੇ ਝੂਠਾ ਸੀ ਜਦੋਂ ਕਿ ਜ਼ਮੀਨੀ ਪੱਧਰ ਤੇ ਇੱਥੇ ਕੁਝ ਵੀ ਨਹੀਂ। ਧਰਨੇ ਰਾਜ ਸਿੰਘ ਅਲੀਸ਼ੇਰ, ਹਰਦੇਵ ਸਿੰਘ, ਧੰਨਜੀਤ ਸਿੰਘ ਢੈਪਈ, ਜਗਜੀਤ ਸਿੰਘ ਧਲੇਵਾ ਨੇ ਸੰਬੋਧਨ ਕਰਦਿਆ ਕਿਹਾ ਕਿ ਜੱਥੇਬੰਦੀ ਜਨਤਕ ਹਿੱਤਾ ਅਤੇ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਟੋਲ ਪਲਾਜ਼ੇ ਨੂੰ ਹਟਾਉਣ ਲਈ ਸੰਘਰਸ਼ ਜਾਰੀ ਰੱਖਣਗੇ ਅਤੇ ਇੱਥੇ ਅਣਮਿੱਥੇ ਸਮੇ ਲਈ ਧਰਨਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਮਾਓਂ, ਅਜੈਬ ਸਿੰਘ, ਜੱਗਾ ਸਿੰਘ, ਬੂਟਾ ਸਿੰਘ ਨਥਾਣਾ, ਰਾਜ ਸਿੰਘ ਅਕਲੀਆ, ਲਛਮਣ ਸਿੰਘ, ਹਰਦੇਵ ਸਿੰਘ ਰਾਠੀ ਅਤੇ ਅ੍ਰਮਿਤਪਾਲ ਕੌਰ ਤੋਂ ਇਲਾਵਾ ਸਿਰਕੱਢ ਕਿਸਾਨ ਆਗੂ ਮੋਜੂਦ ਸਨ। ਉੱਧਰ ਪ੍ਰਸ਼ਾਸਨ ਵੱਲੋਂ ਸ਼ਖਤ ਸੁਰੱਖਿਆਂ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਡੀਐਸਪੀ ਪੁਸ਼ਪਿੰਦਰ ਸਿੰਘ, ਡੀ.ਐਸ.ਪੀ ਪ੍ਰਿਤਪਾਲ ਸਿੰਘ, ਡੀਐਸਪੀ ਜਗਦੀਸ਼ ਸ਼ਰਮਾ, ਥਾਣਾ ਮੁੱਖੀ ਭੀਖੀ ਕੇਵਲ ਸਿੰਘ, ਥਾਣਾ ਮੁੱਖੀ ਬੁਢਲਾਡਾ ਸਦਰ ਮੇਲਾ ਸਿੰਘ, ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਹਾਲਾਤਾਂ ਤੇ ਨਿਗਾਹ ਰੱਖ ਰਹੇ ਸਨ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਹੋਂਦ ਵਿੱਚ ਆਉਂਦਿਆਂ ਸਰਕਾਰ ਵੱਲੋਂ ਉਕਤ ਟੋਲ-ਪਲਾਜ਼ਾ ਹਟਾਉਣ ਲਈ ਨੋਟਿਸ ਜਾਰੀ ਕੀਤਾ ਸੀ ਪਰ ਨਿਰਮਾਣ ਏਜੰਸੀ ਪ੍ਰਕਾਸ਼ ਐਸਪਲਾਇੰਟਿੰਗ ਅਤੇ ਟੋਲ ਹਾਈਵੇ ਮਹੂ (ਮੱਧ ਪ੍ਰਦੇਸ਼) ਨੂੰ 4 ਜਨਵਰੀ ਤੱਕ ਸਮਾ ਦਿੱਤਾ ਸੀ ਪ੍ਰੰਤੂ ਨਿਰਮਾਣ ਏਜੰਸੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਰਕਾਰ ਦੇ ਫੈਸ਼ਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਦੀ ਅਗਲੀ ਸੁਣਵਾਈ 12 ਫਰਵਰੀ 2024 ਹੋਣੀ ਹੈ।