–ਸਬੰਧਤ ਵਿਕਰੇਤਾਵਾਂ ਨੂੰ 1361 ਨੋਟਿਸ ਜਾਰੀ
–ਸਕੀਮ ਤਹਿਤ 918 ਜੇਤੂਆਂ ਨੂੰ 43.7 ਲੱਖ ਦੇ ਇਨਾਮ ਵੰਡੇ ਗਏ
–ਜਨਵਰੀ ਮਹੀਨੇ ਲਈ 246 ਜੇਤੂਆਂ ਦਾ ਐਲਾਨ
ਚੰਡੀਗੜ੍ਹ, 9 ਫਰਵਰੀ, ਦੇਸ ਪੰਜਾਬ ਬਿਊਰੋ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਤਹਿਤ 8 ਫਰਵਰੀ ਤੱਕ ਪ੍ਰਾਪਤ 533 ਗਲਤ ਬਿੱਲਾਂ ਲਈ ਕੁੱਲ 3,11,16,366 ਰੁਪਏ ਦੇ ਜੁਰਮਾਨੇ ਲਗਾਏ ਗਏ ਹਨ, ਜਿਸ ਵਿੱਚੋਂ 2,12,18,191 ਰੁਪਏ ਵਸੂਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਦਸੰਬਰ 2023 ਦੇ ਅੰਤ ਤੱਕ “ਮੇਰਾ ਬਿੱਲ ਐਪ” ‘ਤੇ ਆਪਣੇ ਖਰੀਦ ਬਿੱਲਾਂ ਨੂੰ ਅਪਲੋਡ ਕਰਕੇ ਕੁੱਲ 918 ਜੇਤੂਆਂ ਨੇ 43,73,555 ਰੁਪਏ ਦੇ ਇਨਾਮ ਜਿੱਤੇ ਹਨ।
ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਤਹਿਤ 8 ਫਰਵਰੀ ਤੱਕ ਪ੍ਰਾਪਤ ਕੁੱਲ 59,616 ਬਿੱਲਾਂ ਵਿੱਚੋਂ 52,988 ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 6628 ਬਿੱਲਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਬੰਧਿਤ ਵਿਕਰੇਤਾਵਾਂ ਨੂੰ 1361 ਨੋਟਿਸ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਟੈਕਸੇਸ਼ਨ ਜਿਲ੍ਹਾ ਫਿਰੋਜ਼ਪੁਰ ਤੋਂ ਸੱਭ ਤੋਂ ਵੱਧ ਗਲਤ ਬਿੱਲ 189 ਪ੍ਰਾਪਤ ਹੋਏ ਜਿਸ ਲਈ 34,99,250 ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਟੈਕਸੇਸ਼ਨ ਜਿਲ੍ਹਾ ਫ਼ਰੀਦਕੋਟ ਤੋਂ ਪ੍ਰਾਪਤ 86 ਗਲਤ ਬਿੱਲਾਂ ਲਈ 16,95,294 ਰੁਪਏ, ਪਟਿਆਲਾ ਤੋਂ ਪ੍ਰਾਪਤ 75 ਗਲਤ ਬਿੱਲਾਂ ਲਈ 19,47,192 ਰੁਪਏ, ਜਲੰਧਰ ਤੋਂ ਪ੍ਰਾਪਤ 61 ਗਲਤ ਬਿੱਲਾਂ ਲਈ 33,62,324 ਰੁਪਏ, ਰੋਪੜ ਤੋਂ ਪ੍ਰਾਪਤ 51 ਗਲਤ ਬਿੱਲਾਂ ਲਈ 50,43,524 ਰੁਪਏ, ਅੰਮ੍ਰਿਤਸਰ ਤੋਂ ਪ੍ਰਾਪਤ 38 ਗਲਤ ਬਿੱਲਾਂ ਲਈ 59,72,910 ਰੁਪਏ, ਅਤੇ ਲੁਧਿਆਣਾ ਤੋਂ ਪ੍ਰਾਪਤ 33 ਗਲਤ ਬਿੱਲਾਂ ਲਈ 95,95,872 ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਉਨ੍ਹਾਂ ਕਿਹਾ ਕਿ ਆਨਲਾਈਨ ਡਰਾਅ ਰਾਹੀਂ ਹੁਣ ਤੱਕ ਕੁੱਲ 1164 ਜੇਤੂਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਜਨਵਰੀ 2024 ਦੇ 246 ਜੇਤੂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀ ਦੁਆਰਾ ਹਰ ਮਹੀਨੇ ਆਨਲਾਈਨ ਡਰਾਅ ਕੱਢਿਆ ਜਾਂਦਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੰਬਰ 2023 ਵਿੱਚ 227 ਜੇਤੂਆਂ ਨੇ 11,75,005 ਰੁਪਏ ਦੇ ਇਨਾਮ ਜਿੱਤੇ, ਅਕਤੂਬਰ 2023 ਵਿੱਚ 216 ਜੇਤੂਆਂ ਨੇ 10,25,540 ਰੁਪਏ ਦੇ ਇਨਾਮ ਜਿੱਤੇ, ਨਵੰਬਰ 2023 ਵਿੱਚ 235 ਜੇਤੂਆਂ ਨੇ 10,78,930 ਰੁਪਏ ਦੇ ਇਨਾਮ ਜਿੱਤੇ, ਅਤੇ ਦਸੰਬਰ 2023 ਵਿੱਚ 240 ਜੇਤੂਆਂ ਨੇ 10,94,080 ਰੁਪਏ ਦੇ ਇਨਾਮ ਜਿੱਤੇ। ਉਨ੍ਹਾਂ ਕਿਹਾ ਕਿ ਜਨਵਰੀ 2024 ਲਈ ਡਰਾਅ 7 ਫਰਵਰੀ ਨੂੰ ਕੱਢਿਆ ਗਿਆ ਸੀ ਅਤੇ ਜੇਤੂਆਂ ਵੱਲੋਂ ਆਪਣੇ ਬੈਂਕ ਖਾਤੇ ਦੇ ਵੇਰਵੇ ਮੁਹੱਈਆ ਕਰਵਾਉਣ ਤੋਂ ਬਾਅਦ ਇਨਾਮੀ ਰਾਸ਼ੀ ਦੇ ਦਿੱਤੀ ਜਾਵੇਗੀ।
ਸ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 21 ਅਗਸਤ, 2023 ਨੂੰ ‘ਮੇਰਾ ਬਿੱਲ ਐਪ’ ਲਾਂਚ ਕਰਨ ਤੋਂ ਬਾਅਦ ਇਸ ਸਕੀਮ ਨੂੰ ਸੂਬੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਉਦੇਸ਼ ਖਪਤਕਾਰਾਂ ਨੂੰ ਉਹਨਾਂ ਦੀਆਂ ਖਰੀਦਾਂ ਲਈ ਬਿੱਲ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਅਤੇ ਇਸ ਤਰ੍ਹਾਂ ਵਿਕਰੇਤਾਵਾਂ ਨੂੰ ਉਹਨਾਂ ਦੀ ਵਿਕਰੀ ਲਈ ਬਿੱਲ ਜਾਰੀ ਕਰਨ ਲਈ ਪਾਬੰਦ ਕਰਨਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ (ਕੱਚੇ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਫਿਊਲ ਅਤੇ ਕੁਦਰਤੀ ਗੈਸ), ਸ਼ਰਾਬ ਦੇ ਵਿਕਰੀ ਬਿੱਲ ਅਤੇ ਪੰਜਾਬ ਤੋਂ ਬਾਹਰ ਖਰੀਦੀਆਂ ਜਾਣ ਵਾਲੀਆਂ ਖਰੀਦਾਂ ਨਾਲ ਸਬੰਧਤ ਬਿੱਲਾਂ ਦੇ ਨਾਲ-ਨਾਲ ਬੀ2ਬੀ (ਵਪਾਰ ਤੋਂ ਕਾਰੋਬਾਰ) ਲੈਣ-ਦੇਣ ਦੇ ਬਿੱਲ ਇਸ ਸਕੀਮ ਵਿੱਚ ਸ਼ਾਮਿਲ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿਰਫ ਬੀਤੇ ਇੱਕ ਮਹੀਨੇ ਵਿੱਚ ਕੀਤੀਆਂ ਖਰੀਦਾਂ ਦੇ ਬਿੱਲਾਂ ਨੂੰ ਹੀ ਡਰਾਅ ਵਿੱਚ ਵਿਚਾਰਿਆ ਜਾਂਦਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਲੋਂ ਖਰੀਦੀਆਂ ਜਾ ਰਹੀਆਂ ਸਾਰੀਆਂ ਵਸਤਾਂ ਅਤੇ ਸੇਵਾਵਾਂ ਦੇ ਖਰੀਦ ਬਿੱਲ ਪ੍ਰਾਪਤ ਕਰਨ ਅਤੇ ਇਸ ਸਕੀਮ ਵਿੱਚ ਹਰ ਮਹੀਨੇ ਹਿੱਸਾ ਲੈ ਕੇ 10,000 ਰੁਪਏ ਤੱਕ ਦੇ ਇਨਾਮ ਜਿੱਤਣ। ਉਨ੍ਹਾਂ ਕਿਹਾ ਕਿ ਇਹ ਸਕੀਮ ਜ਼ਮੀਨੀ ਪੱਧਰ ‘ਤੇ ਟੈਕਸ ਦੀ ਪਾਲਣਾ ਦਾ ਸੰਦੇਸ਼ ਦੇਣ ਅਤੇ ਟੈਕਸ ਚੋਰੀ ਦੀ ਪ੍ਰਥਾ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਵਿੱਚ ਮਦਦਗਾਰ ਸਾਬਿਤ ਹੋ ਰਹੀ ਹੈ।