ਮਾਨਸਾ, 15 ਨਵੰਬਰ (ਨਾਨਕ ਸਿੰਘ ਖੁਰਮੀ)
ਜ਼ਿਲ੍ਹਾ ਪ੍ਰਸ਼ਾਸਨ ਮਾਨਸਾ, ਬਾਲ ਭਲਾਈ ਕੌਂਸਲ ਮਾਨਸਾ ਅਤੇ ਰੈੱਡ ਕਰਾਸ ਸੁਸਾਇਟੀ ਮਾਨਸਾ ਵੱਲੋਂ ਬਾਲ ਦਿਵਸ ਸੰਬੰਧੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸਹਿ ਵਿੱਦਿਅਕ ਮੁਕਾਬਲੇ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿੱਚ ਮਿਤੀ 12 ਅਤੇ 13 ਨਵੰਬਰ ਨੂੰ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ ਦੀਆਂ ਵਿਦਿਆਰਥਣਾਂ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ। ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਕਹਾਣੀ ਰਚਨਾ ਮੁਕਾਬਲੇ ਵਿੱਚ ਜ਼ਿਲ੍ਹੇ ‘ਚੋ ਪਹਿਲਾ ਸਥਾਨ, ਦੀਪਿਕਾ ਨੇ ਭਾਸ਼ਣ ਮੁਕਾਬਲੇ ਵਿੱਚ ਜ਼ਿਲ੍ਹੇ ‘ਚੋਂ ਦੂਸਰਾ ਸਥਾਨ ਅਤੇ ਰਮਨਦੀਪ ਕੌਰ ਨੇ ਲੇਖ ਰਚਨਾ ਮੁਕਾਬਲੇ ਵਿੱਚ ਜ਼ਿਲ੍ਹੇ ‘ਚੋ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਵਿਦਿਆਰਥਣਾਂ ਨੂੰ 14 ਨਵੰਬਰ ਨੂੰ ਸਕੂਲ ਆਫ਼ ਐਮੀਨੈੱਸ ਮਾਨਸਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਬਾਲ ਦਿਵਸ ਮੌਕੇ ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਮਾਨਸਾ ਨਿਰਮਲ ਓਸੇਪਚਨ, ਐੱਸ. ਡੀ. ਐੱਮ. ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ, ਐੱਸ. ਡੀ. ਐੱਮ. ਮਾਨਸਾ ਕਾਲਾ ਰਾਮ ਕਾਂਸਲ, ਡੀ ਐੱਸ. ਪੀ. ਜਸਵਿੰਦਰ ਕੌਰ ਚਾਨਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਮਾਨਸਾ ਭੁਪਿੰਦਰ ਕੌਰ, ਪ੍ਰਿੰਸੀਪਲ ਡਾ. ਵਿਜੈ ਕੁਮਾਰ ਮਿੱਢਾ ਅਤੇ ਸਕੱਤਰ ਰੈੱਡ ਕਰਾਸ ਸੁਸਾਇਟੀ ਮਾਨਸਾ ਦੇਬਅਸਮਿਤਾ ਜੀ ਨੇ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਇੰਚਾਰਜ ਪ੍ਰਿੰਸੀਪਲ ਗੁਰਸਿਮਰ ਕੌਰ ਜੀ ਵੱਲੋਂ ਜੇਤੂ ਵਿਦਿਆਰਥਣਾਂ ਅਤੇ ਇਨ੍ਹਾਂ ਵਿਦਿਆਰਥਣਾਂ ਦੇ ਗਾਇਡ ਅਧਿਆਪਕ ਸਟੇਟ ਅਵਾਰਡੀ ਡਾ. ਵਿਨੋਦ ਮਿੱਤਲ ਪੰਜਾਬੀ ਅਧਿਆਪਕ ਨੂੰ ਇਨ੍ਹਾਂ ਜ਼ਿਲ੍ਹਾ ਪੱਧਰੀ ਪ੍ਰਾਪਤੀਆਂ ਲਈ ਵਧਾਈ ਅਤੇ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਇਸ ਤੋਂ ਪਹਿਲਾ ਵੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਰਾਜ ਪੱਧਰ ਤੱਕ ਪ੍ਰਾਪਤੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਬੋਲਦਿਆਂ ਗਾਇਡ ਅਧਿਆਪਕ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਣ ਵਿੱਚ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਕ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਧ-ਚੜਕੇ ਵਿਦਿਆਰਥੀਆਂ ਨੂੰ ਵੱਖ-ਵੱਖ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਭਾਗ ਦਿਵਾਇਆ ਜਾਵੇਗਾ। ਸਕੂਲ ਦੇ ਸਮੂਹ ਸਟਾਫ਼ ਵੱਲੋਂ ਵੀ ਜੇਤੂ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਵਧਾਈ ਦਿੱਤੀ।
ਬਾਲ ਦਿਵਸ ਮੌਕੇ ਕਰਵਾਏ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਗਰਲਜ਼ ਸਕੂਲ ਮਾਨਸਾ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ
Leave a comment