ਮੁੱਦਕੀ ਦੇ ਮੈਦਾਨ ਤੋਂ ਬਾਬਾ ਹਨੂਮਾਨ ਸਿੰਘ ਜੀ ਅਕਾਲੀ ਅੱਧੀ ਰਾਤ 3200 ਨਿਹੰਗ ਸਿੰਘਾਂ ਨਾਲ ਸਤਲੁਜ ਪਾਰ ਕਰਕੇ ਸਿੱਖ ਰਿਆਸਤੀ ਰਾਜਿਆਂ ਨੂੰ ਮਿਲਣ ਲਈ ਤੁਰੇ , ਕੇ ਉਹ ਖਾਲਸਾ ਫੌਜਾਂ ਦਾ ਸਾਥ ਦੇਣ ਨਾ ਕੇ ਗੋਰਿਆਂ ਦਾ।
ਬਾਬਾ ਜੀ ਦੇ ਨਾਲ 3200 ਮਰਜੀਵੜੇ ਨਿਹੰਗ ਸਿੰਘ ਯੋਧੇ ਸਨ। ਸਿੱਧਾ ਡੇਰਾ ਆਕੇ ਪਟਿਆਲੇ ਲਾਇਆ ਕਿਓਂਕਿ ਵਕ਼ਤ ਬੀਤ ਰਿਹਾ ਸੀ ਅਤੇ ਗਦਾਰਾਂ ਦੀਆਂ ਗ਼ਦਾਰੀਆਂ ਕਰਕੇ ਸਿੱਖ ਲੜਾਈਆਂ ਹਾਰ ਰਹੇ ਸਨ। ਬਾਬਾ ਜੀ ਪੰਥ ਦਾ ਭਲਾ ਸੋਚਕੇ, ਭਰਾਵਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਨ ਆਏ ਸਨ ਪ੍ਰੰਤੂ ਜ਼ਮੀਰ ਵੇਚ ਚੁੱਕੇ ਕਰਮ ਸਿੰਘ ਨੇ ਅੰਗਰੇਜ਼ ਨੂੰ ਇਤਲਾਹ ਦਿੱਤੀ ਕੇ ਹੁਣ 45 ਸਾਲ ਬਾਅਦ ਸਤਲੁਜ ਕਿਨਾਰੇ ਹੋਏ ਕਟਾਵੱਢ ਦਾ ਬਦਲਾ ਲੈਣ ਦਾ ਮੌਕਾ ਆ ਗਿਆ ਹੈ।
ਅੰਗਰੇਜਾਂ ਨੇ ਜਲਦੀ ਨਾਲ ਫੌਜਾਂ ਇਕੱਠੀਆਂ ਕੀਤੀਆਂ ਅਤੇ ਇਥੇ ਪਟਿਆਲੇ ਦੇ ਰਾਜੇ ਕਰਮ ਸਿੰਘ ਨੇ ਅੰਗਰੇਜ਼ੀ ਫੌਜ ਨਾਲ ਰਲਕੇ ਖਾਲਸਾ ਫੌਜ ਤੇ ਹਮਲਾ ਕੀਤਾ।
ਜਿੱਥੇ ਅੱਜ ਗੁਰੂਦਵਾਰਾ ਦੂਖ ਨਿਵਾਰਣ ਸਾਹਿਬ ਹੈ , ਇਹ ਅਸਲ ਚ ਸ਼ਹੀਦ ਸਿੰਘਾਂ ਦਾ ਸਥਾਨ ਹੈ ਜਿਥੇ ਬੇਅੰਤ ਨਿਹੰਗ ਸਿੰਘ ਅੰਗਰੇਜ਼ੀ ਅਤੇ ਪਟਿਆਲਵੀ ਫੌਜਾਂ ਨਾਲ ਜੂਝਦੇ ਸ਼ਹੀਦ ਹੋਏ।
ਘੇਰਾ ਮਜਬੂਤ ਹੁੰਦਾ ਦੇਖ ਬਾਬਾ ਜੀ ਨੇ ਪਿੱਛੇ ਹਟਣਾ ਸ਼ੁਰੂ ਕੀਤਾ। ਸਿੰਘ ਜੰਗ ਕਰਦੇ ਕਰਦੇ ਪਿੱਛੇ ਹਟਦੇ ਗਏ। ਅੰਗਰੇਜ਼ੀ ਫੌਜ ਅਤੇ ਕਰਮ ਸਿੰਘ ਦੀਆਂ ਤੋਪਾਂ ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰਦੀਆਂ ਰਹੀਆਂ। ਅਗਲਾ ਪੜਾਅ ਰਾਜਪੁਰੇ ਹੋਇਆ। ਮੁੜ ਸਤਲੁਜ ਪਾਰ ਨਹੀਂ ਸੀ ਕੀਤਾ ਜਾ ਸਕਦਾ ਅਤੇ ਲਾਡਵੇ, ਜਗਾਧਰੀ ਦੇ ਸਿੱਖ ਸਰਦਾਰਾਂ ਦਾ ਮਦਦ ਤੇ ਪਹੁੰਚਣਾ ਮੁਸ਼ਕਿਲ ਲੱਗ ਰਿਹਾ ਸੀ।
ਖੈਰ , ਸਿੰਘਾਂ ਨੇ ਮਰਨਾ ਮੰਡ ਕੇ , ਸੋਹਾਣੇ ਨਗਰ ਦੇ ਬਾਹਰਵਾਰ ਆਹਮੋ ਸਾਹਮਣੀ ਜੰਗ ਸ਼ੁਰੂ ਕਰਨ ਦਾ ਨਿਸਚਾ ਕੀਤਾ। 23 ਦਸੰਬਰ 1845 ਨੂੰ ਬਾਬਾ ਹਨੂੰਮਾਨ ਸਿੰਘ ਜੀ ਆਪਣੇ 500 ਸਾਥੀਆਂ ਸਮੇਤ ਸੋਹਾਣੇ ਲਾਗੇ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ।
ਬਾਬਾ ਹਨੂੰਮਾਨ ਸਿੰਘ ਜੀ ਨੂੰ ਜਦੋਂ ਪਟਿਆਲੇ ਸਿੰਘਾਂ ਨੇ ਦੱਸਿਆ ਕੇ ਜਥੇਦਾਰ ਜੀ ਕਰਮ ਸਿੰਘ ਤਾਂ ਫੌਜ ਲੈਕੇ ਲੜਨ ਆ ਰਿਹਾ ਅੰਗਰੇਜਾਂ ਨੂੰ ਨਾਲ ਲੈਕੇ , ਤਾਂ ਬਾਬਾਜੀ ਨੇ ਮੁਸਕਰਾ ਕੇ ਕਿਹਾ ਸੀ ਖਾਲਸਾ ਜੀ ਇਹ ਰਾਜ ਭਾਗ ਸਦੀਵੀ ਨਹੀਂ ਰਹਿਣਾ , ਅਸੀਂ ਤਾਂ ਏਥੇ ਵੀ ਸੁਰਖ਼ਰੂ ਅਤੇ ਓਥੇ ਵੀ ਸੁਰਖ਼ਰੂ। ਏਥੇ ਰਹਿਣਾ ਅਸੀਂ ਵੀ ਨਹੀਂ ਅਤੇ ਰਹਿਣਾ ਇਹਨੇ ਵੀ ਨਹੀਂ।
ਸੋ ਬਾਬਾ ਜੀ ਨੇ ਜਿਵੇਂ ਬਚਨ ਕੀਤੇ ਸਨ , 23 ਦਸੰਬਰ ਨੂੰ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਹਨ ਅਤੇ 25 ਦਸੰਬਰ 1845 ਨੂੰ 3200 ਗੁਰੂ ਕੇ ਲਾਲਾਂ ਦਾ ਕਾਤਿਲ ਕਰਮ ਸਿੰਘ ਪਟਿਆਲੇ ਦਾ ਰਾਜਾ ਨਰਕਾਂ ਨੂੰ ਚਾਲੇ ਪਾ ਗਿਆ।
ਇਹ ਸ਼ਹੀਦੀ , ਇਹ ਜੰਗ , ਇਹਦੀ ਯਾਦ, ਇਹਦੀਆਂ ਨਿਸ਼ਾਨੀਆਂ ਸਭ ਮਿਟਾ ਦਿੱਤੀਆਂ ਗਈਆਂ। ਅੰਗਰੇਜਾਂ ਨੇ ਪੰਜਾਬ ਤੇ ਕਬਜ਼ਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਰਹਿੰਦੇ ਨਿਹੰਗ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ , ਜਿਹੜੇ ਰਹਿ ਗਏ ਉਹਨਾਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ ਕੀਤਾ।
ਬਾਬਾ ਪ੍ਰਹਿਲਾਦ ਸਿੰਘ ਜੀ ਸਮਾਂ ਵਿਚਾਰ ਕੇ ਰਹਿੰਦੀ ਫੌਜ ਨੂੰ ਨਾਲ ਲੈਕੇ , ਨਿਸ਼ਾਨ ਨਗਾਰੇ ਲੈ ਸ੍ਰੀ ਹਜ਼ੂਰ ਸਾਹਿਬ ਨੂੰ ਤੁਰ ਪਏ।
ਅੱਜ ਪੰਥ ਬਾਬਾ ਹਨੂੰਮਾਨ ਸਿੰਘ ਜੀ ਨੂੰ ਯਾਦ ਕਰਦਾ ਹੈ , ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ ।