ਪ੍ਰੀਤਮ ਸਿੰਘ ਮੱਲ ਸਿੰਘ ਵਾਲਾ ਤੇ ਮੈਡਮ ਬਲਵਿੰਦਰ ਕੌਰ (ਦੋਵੇਂ ਪਤੀ-ਪਤਨੀ) ਦੀ ਮਿਹਨਤ ਦਾ ਕੋਈ ਤੋੜ ਨਹੀਂ |
ਨਰੰਜਣ ਬੋਹਾ
ਬੋਹਾ (25 ਅਕਤੂਬਰ)
ਸਕੂਲ ਸਿੱਖਿਆ ਵਿਭਾਗ ਪ੍ਰਾਇਮਰੀ ਦੀਆਂ ਹਦਾਇਤਾਂ ਅਨੁਸਾਰ ਬਲਾਕ ਬਰੇਟਾ ਦੀਆਂ ਤਿੰਨ ਦਿਨ ਚੱਲੀਆਂ ਪ੍ਰਾਇਮਰੀ ਸਕੂਲ ਖੇਡਾਂ 2024-25 ਜੋ ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਵਿਖੇ ਸਾਨੂੰ ਸ਼ੌਕਤ ਨਾਲ ਸੰਪੰਨ ਹੋਈਆਂ |ਜਿੱਥੇ ਬਲਾਕ ਬਰੇਟਾ ਦੇ 65 ਤੋਂ ਵਧੇਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਭਾਗ ਲਿਆ | ਇਹਨਾਂ ਤਿੰਨ ਦਿਨ ਚੱਲੀਆਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬਾਜ਼ੀਗਰ ਬਸਤੀ ਬੋਹਾ ਦੇ ਬੱਚਿਆਂ ਨੇ ਆਪਣੇ ਕੋਚ ਅਧਿਆਪਕਾਂ ਪ੍ਰੀਤਮ ਸਿੰਘ ਮਲ ਸਿੰਘ ਵਾਲਾ ਤੇ ਮੈਡਮ ਬਲਵਿੰਦਰ ਕੌਰ ਮਲ ਸਿੰਘ ਵਾਲਾ ਦੀ ਰਹਿਨੁਮਾਈ ਵਿੱਚ ਲਗਭਗ ਸਾਰੇ ਇਵੈਂਟਾਂ ਵਿੱਚ ਭਾਗ ਲੈਂਦਿਆਂ ਜਿੱਤਾਂ ਦੇ ਝੰਡੇ ਗੱਡ ਕੇ ਇਤਿਹਾਸ ਰਚਿਆ | ਕਲਸਟਰ ਮੀਡੀਆ ਇੰਚਾਰਜ ਤੇ ਬੱਚਿਆਂ ਦੇ ਖੇਡ ਕੋਚ ਪ੍ਰੀਤਮ ਸਿੰਘ ਮਲ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ 2024- 25 ਧਰਮਪੂਰਾ ਵਿੱਚ ਸਾਡੇ ਖਿਡਾਰੀਆਂ ਦਾ ਪ੍ਰਦਰਸ਼ਨ ਲਾਜਵਾਬ ਰਿਹਾ |ਉਹਨਾਂ ਦੱਸਿਆ ਕਿ ਮੈਡਮ ਬਲਵਿੰਦਰ ਕੌਰ ਦੀਆਂ ਸ਼ਿੰਗਾਰੀਆਂ ਟੀਮਾਂ ਜਿੰਮ ਨਾਸਟਿਕ ਫਲੋਰ ਲੜਕੇ ਅਤੇ ਲੜਕੀਆਂ ਨੇ ਆਪਣਾ ਪਿਛਲਾ ਰਿਕਾਰਡ
ਕਾਇਮ ਰੱਖਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ। ਯੋਗਾ -ਇਵੇੰਟ ਵਿੱਚ ਲੜਕੇ ਦੂਸਰਾ ਸਥਾਨ ਅਤੇ ਲੜਕੀਆਂ ਤੀਸਰਾ ਸਥਾਨ ਪ੍ਰਾਪਤ ਕਰਨ ਵਿੱਚ ਸਫਲ ਰਹੇ |ਪ੍ਰੀਤਮ ਸਿੰਘ ਦੀਆਂ ਸ਼ਿੰਗਾਰੀਆਂ ਟੀਮਾਂ ਖੋ-ਖੋ ਲੜਕੇ ਅਤੇ ਲੜਕੀਆਂ ਦੋਵੇਂ ਟੀਮਾਂ ਨੇ ਬਲਾਕ ਵਿੱਚੋਂ ਦੂਸਰਾ ਸਥਾਨ, ਕਬੱਡੀ ਨੈਸ਼ਨਲ ਲੜਕੀਆਂ ਨੇ ਦੂਸਰਾ ਸਥਾਨ, ਮਿਨੀ ਹੈਂਡਬਾਲ ਲੜਕੇ ਟੀਮ ਇੰਚਾਰਜ ਮੈਡਮ ਸਰਬਜੀਤ ਕੌਰ ਦੀ ਅਗਵਾਈ ਵਿੱਚ ਦੂਸਰਾ ਸਥਾਨ ,ਅਥਲੈਟਿਕ੍ਸ ਇਵੈਂਟ ਸ਼ਾਟ -ਪੁੱਟ ਲੜਕੇ ਅਤੇ ਲੜਕੀਆਂ ਵਿੱਚ ਕਰਮਵਾਰ ਗੁਰਨੂਰ ਸਿੰਘ ਅਤੇ ਵਿਦਿਆ ਨੇ ਦੂਸਰਾ ਸਥਾਨ, 600 ਮੀਟਰ ਦੌੜ ਸਿਮਰਨਜੀਤ ਕੌਰ ਦੂਸਰਾ ਸਥਾਨ, 200 ਮੀਟਰ ਦੌੜ ਦੀਪ ਕੌਰ ਨੇ ਤੀਸਰਾ ਸਥਾਨ,ਲੰਬੀ ਛਾਲ ਲੜਕੇ ਗੁਰਵਿੰਦਰ ਸਿੰਘ ਤੀਸਰਾ ਸਥਾਨ,ਰਿਲੇ ਦੌੜ ਲੜਕੇ ਗੁਰਵਿੰਦਰ ਸਿੰਘ,ਮਨਕੀਰਤ ਸਿੰਘ, ਮਨਿੰਦਰ ਰਾਮ, ਅਤੇ ਮਹਾਂਵੀਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਤੇ ਮੈਡਮ ਬਲਵਿੰਦਰ ਕੌਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਬੱਚਿਆਂ ਦੀ ਛੁੱਟੀ ਵਾਲੇ ਦਿਨ ਅਤੇ ਸਕੂਲ ਟਾਈਮ ਤੋਂ ਬਾਅਦ ਰੋਜਾਨਾ ਦੋ ਘੰਟੇ ਨਿਰਵਿਘਨ ਤਿਆਰੀ ਕਰਵਾਈ ਜਾ ਰਹੀ ਸੀ ਤਾਂ ਜੋ ਸਕੂਲ ਟਾਈਮ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ | ਬੱਚਿਆਂ ਦੀਆਂ ਖੇਡ ਤਿਆਰੀਆਂ ਵਿੱਚ ਸਰਬਜੀਤ ਕੌਰ ਪਰੀ ਪ੍ਰਾਇਮਰੀ ਟੀਚਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਸਾਰਿਆਂ ਦੀ ਮਿਹਨਤ ਦੀ ਬਦੌਲਤ ਬਾਜ਼ੀਗਰ ਬਸਤੀ ਬੋਹਾ ਸਕੂਲ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ 14 ਗੋਲਡ 60 ਸਿਲਵਰ ਤੇ ਛੇ ਕਾਂਸੀ ਮੈਡਲ ਅਤੇ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਅਸੀਂ ਕਾਮਯਾਬ ਰਹੇ ਹਾਂ | ਇੱਥੇ ਇਹ ਵੀ ਦੱਸਣਾ ਜਰੂਰੀ ਬਣਦਾ ਹੈ ਕਿ ਪ੍ਰੀਤਮ ਸਿੰਘ ਅਤੇ ਮੈਡਮ ਬਲਵਿੰਦਰ ਕੌਰ ਦੋਵੇਂ ਮੀਆਂ ਬੀਵੀ ਸਿੱਖਿਆ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ |ਜਿਨਾਂ ਦੇ ਸ਼ਿੰਗਾਰੇ ਬੱਚੇ ਜਿੱਥੇ ਹੋਰ ਸਕੂਲੀ ਗਤੀਵਿਧੀਆਂ, ਪੜਾਈ ਦੇ ਨਾਲ ਨਾਲ ਮੱਲਾ ਮਾਰ ਰਹੇ ਹਨ ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ | ਜੋ ਹੁਣ ਤੱਕ ਬਿਨਾਂ ਬਹੁਤੇ ਖੇਡ ਸਾਧਨਾ ਬਗੈਰ ਵੀ ਸੂਬਾ ਪੱਧਰ ਤੇ ਜਿੱਤਾਂ ਪ੍ਰਾਪਤ ਕਰਕੇ ਅਨੇਕਾਂ ਹੀ ਮੈਡਲ ਅਤੇ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਨ | ਇਹਨਾਂ ਦੇ ਸ਼ਿੰਗਾਰੇ ਬੱਚੇ ਅੱਜ ਕੱਲ ਮੋਹਾਲੀ ਵਰਗੇ ਸ਼ਹਿਰ ਦੀਆ ਪ੍ਰਸਿੱਧ ਅਕੈਡਮੀਆਂ ਵਿੱਚ ਆਪਣੀ ਕਲਾ ਦੇ ਜੋਹਰ ਦਿਖਾ ਰਹੇ ਹਨ | ਜਿੱਥੇ ਇਹ ਸਭ ਨੂੰ ਪਤਾ ਹੈ ਕਿ ਪ੍ਰਾਇਮਰੀ ਖੇਡਾਂ ਲਈ ਸਰਕਾਰਾਂ ਵੱਲੋਂ ਕੋਈ ਬਹੁਤਾ ਵਿੱਤੀ ਯੋਗਦਾਨ ਨਹੀਂ ਮਿਲਦਾ| ਫਿਰ ਵੀ ਇਹ ਅਧਿਆਪਕ ਪਿਛਲੇ 18 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਹਜ਼ਾਰਾਂ ਰੁਪਏ ਹਰ ਸਾਲ ਆਪਣੇ ਪੱਲਿਓਂ ਖਰਚ ਕਰਕੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹਨ | ਜਦੋਂ ਇਨਾ ਅਧਿਆਪਕਾਂ ਦੀਆਂ ਸੇਵਾਵਾਂ ਅਤੇ ਬੱਚਿਆਂ ਪ੍ਰਤੀ ਸਮਰਪਣ ਭਾਵਨਾ ਬਾਰੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਿੰਦੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹਨਾਂ ਦੋਵੇਂ ਮੀਆਂ ਬੀਵੀ ਅਧਿਆਪਕਾਂ ਦਾ ਸਾਡੀ ਸਮੁੱਚੀ ਕਮੇਟੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਨਮਾਨ ਕਰਦੀ ਹੈ ਜੋ ਬਹੁਤ ਹੀ ਮਿਹਨਤੀ,ਇਮਾਨਦਾਰ ਤੇ ਨੇਕ, ਬੱਚਿਆਂ ਨੂੰ ਪੂਰੀ ਤਰ੍ਹਾਂ ਸਮਰਪਿਤ ਅਧਿਆਪਕ ਹਨ | ਅਸੀਂ ਪਿਛਲੇ ਤਿੰਨ ਸਾਲਾਂ ਤੋਂ ਬੱਚਿਆਂ ਪ੍ਰਤੀ ਇਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਆ ਰਹੇ ਹਾਂ ਜੋ ਨਿਰਵਿਘਨ ਆਪਣੇ ਪੱਲਿਓਂ ਖਰਚਾ ਕਰਕੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕਰਦੇ ਆ ਰਹੇ ਹਨ | ਇਹਨਾਂ ਮਿਹਨਤੀ ਅਧਿਆਪਕਾਂ ਦੀਆਂ ਸੇਵਾਵਾਂ ਬਾਰੇ ਸਕੂਲ ਹੈਡ ਟੀਚਰ ਚਰਨਜੀਤ ਕੌਰ ਨੇ ਦੱਸਿਆ ਇਹ ਦੋਵੇਂ ਮੀਆਂ ਬੀਵੀ ਅਧਿਆਪਕ ਬੱਚਿਆਂ ਸਰਬ ਪੱਖੀ ਵਿਕਾਸ ਲਈ ਹਰ ਸਮੇਂ ਤਤਪਰ ਰਹਿੰਦੇ ਹਨ| ਮੈਨੂੰ ਆਪਣੇ ਇਹਨਾਂ ਅਧਿਆਪਕਾਂ ਤੇ ਬਹੁਤ ਹੀ ਮਾਣ ਹੈ| ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਇਹ ਇਸ ਤੋਂ ਵੱਧ ਕੇ ਹੋਰ ਬੱਚਿਆਂ ਦੀ ਅਗਵਾਈ ਕਰਨ | ਸਕੂਲ ਪਹੁੰਚਣ ਤੇ ਬੱਚਿਆਂ ਦਾ ਸਕੂਲ ਸਟਾਫ,ਬੱਚਿਆਂ ਦੇ ਮਾਪਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ |