22 ਮਾਰਚ (ਗਗਨਦੀਪ ਸਿੰਘ) ਬਰਨਾਲਾ: ਸਟੇਟ ਬੈਂਕ ਆਫ਼ ਇੰਡਿਆ ਲੀਡ ਬੈਂਕ ਆਫ਼ਿਸ ਬਰਨਾਲਾ ਵੱਲੋਂ ਜ਼ਿਲੇ ਦੀ 68ਵੀਂ ਦਸੰਬਰ 2023 ਤੱਕ ਦੀ ਖ਼ਤਮ ਹੋਈ ਤਿਮਾਹੀ ਦੀ ਜ਼ਿਲ੍ਹਾ ਸਲਾਹਕਾਰ ਸੰਮਤੀ ਅਤੇ ਜ਼ਿਲ੍ਹਾ ਸਲਾਹਕਾਰ ਰੀਵਿਊ ਸੰਮਤੀ ਦੀ ਮੀਟਿੰਗ ਮਾਨਯੋਗ ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ, ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਲ 2023—24 ਦੀ ਦਸੰਬਰ 2023 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ—ਵੱਖ ਸ਼ਕੀਮਾਂ ਬਾਰੇ ਜਾਣੂ ਕਰਵਾਇਆ ਗਿਆ।
ਸ਼੍ਰੀ ਅੰਬੁਜ ਕੁਮਾਰ, ਲੀਡ ਡਿਸਟ੍ਰਿਕਟ ਮੈਨੇਜਰ, ਬਰਨਾਲਾ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2023—24 ਦੀ ਯੋਜਨਾ ਅਧੀਨ ਬਰਨਾਲਾ ਜ਼ਿਲ੍ਹੇ ਵਿੱਚ ਬੈਂਕਾਂ ਨੇ ਦਸੰਬਰ 2023 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜ਼ੀਹੀ ਖੇਤਰ ਵਿੱਚ 3464 ਕਰੋੜ ਰੁਪਏ ਦੇ ਕਰਜ਼ੇ ਵੰਡੇ।ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 2360 ਕਰੋੜ ਰੁਪਏ ਦੇ ਕਰਜ਼ੇ ਵੰਡੇ। ਰਿਜ਼ਰਵ ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜਾਂ ਜਮ੍ਹਾਂ ਅਨੁਪਾਤ 60 ਪ੍ਰਤੀਸ਼ਤ ਹੋਣੀ ਜ਼ਰੂਰੀ ਹੈ।ਬਰਨਾਲਾ ਜ਼ਿਲ੍ਹੇ ਦੀ ਇਹ ਅਨੁਪਾਤ 79.43 ਪ੍ਰਤੀਸ਼ਤ ਹੈ ਜ਼ੋ ਕਿ ਇਸ ਨਾਲੋਂ ਕਿਤੇ ਵੱਧ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਸ਼੍ਰੀ ਵਿਕਰਮ ਢਾਡਾਂ ਏ.ਜੀ.ਐਮ ਆਰ.ਬੀ.ਆਈ ਨੇ ਕੁਝ ਸਰਕਾਰੀ ਬੈਂਕਾਂ ਦੀ ਘੱਟ ਕਰਜ਼ਾ ਜਮ੍ਹਾਂ ਅਨੁਪਾਤ ਅਤੇ ਟੀਚਿਆਂ ਤੋਂ ਘੱਟ ਕਰਜ਼ੇ ਦੇਣ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਡਿਪਟੀ ਕਮਿਸ਼ਨਰ ਨੇ ਬੈਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਰਜ਼ੇ ਦੀਆਂ ਅਰਜ਼ੀਆਂ ਦਾ ਜਲਦ ਨਿਪਟਾਰਾ ਕਰਨ ਅਤੇ ਕੋਈ ਵੀ ਅਰਜ਼ੀ ਬਿਨ੍ਹਾਂ ਕਾਰਨ ਵਾਪਿਸ ਨਾ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀ.ਐਮ.ਜੇ.ਜੇ.ਬੀ.ਵਾਈ ਅਤੇ ਪੀ.ਐਮ.ਐਸ.ਬੀ.ਵਾਈ ਦੇ ਵੱਧ ਤੋਂ ਵੱਧ ਬੀਮੇ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਬੈਂਕਾਂ ਕੋਲੋਂ ਵੱਖ—ਵੱਖ ਸਰਕਾਰੀ ਮਹਿਕਮਿਆਂ ਦੀਆਂ ਪੈਡਿੰਗ ਪਈਆਂ ਕਰਜ਼ੇ ਦੀਆਂ ਦਰਖ਼ਾਸਤਾਂ ਦਾ ਸਖ਼ਤੀ ਨਾਲ ਜ਼ਲਦ ਤੋਂ ਜ਼ਲਦ ਨਿਪਟਾਰਾ ਕਰਨ ਲਈ ਕਿਹਾ।
ਸ਼੍ਰੀ ਅੰਬੁਜ ਕੁਮਾਰ, ਲੀਡ ਡਿਸਟ੍ਰਿਕਟ ਮੈਨੇਜਰ, ਬਰਨਾਲਾ ਨੇ ਦੱਸਿਆ ਕਿ ਪੀ.ਐਮ.ਐਫ.ਐਮ.ਈ ਦੀ ਸਕੀਮ ਅਧੀਨ ਬਰਨਾਲਾ ਜ਼ਿਲ੍ਹੇ ਦੀ ਕਾਰਗੁਜ਼ਾਰੀ ਬਹੁਤ ਹੀ ਵਧੀਆ ਹੈ ਜਿਸ ਵਿੱਚ ਹੁਣ ਤੱਕ ਲਗਭਗ 25.75 ਕਰੋੜ ਰੁਪਏ ਦੇ 118 ਲੋਨ ਹੋ ਚੁੱਕੇ ਹਨ।
ਇਸ ਮੀਟਿੰਗ ਵਿੱਚ ਸ਼੍ਰੀ ਗੁਰਪ੍ਰੀਤ ਸਿੰਘ ਡੀ.ਡੀ.ਐਮ ਨਾਬਾਰਡ ਵੀ ਮੌਜੂਦ ਸਨ।ਇਸ ਮੀਟਿੰਗ ਵਿੱਚ ਸ਼੍ਰੀ ਵਿਸ਼ਵਜੀਤ ਮੁਖਰਜੀ ਡਾਇਰੈਕਟਰ ਐਸ.ਬੀ.ਆਈ ਆਰਸੈਟੀ, ਬਰਨਾਲਾ ਨੇ ਵੀ ਆਪਣਾ ਏਜੰਡਾ ਪੇਸ਼ ਕੀਤਾ।ਜਿਸ ਵਿੱਚ ਉਹਨਾਂ ਨੇ ਦੱਸਿਆਂ ਕਿ ਕਿਸ ਤਰ੍ਹਾਂ ਐਸ.ਬੀ.ਆਈ ਆਰਸੈਟੀ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਟ੍ਰੇਨਿੰਗ ਦੇ ਕੇ ਰੋਜ਼ਗਾਰ ਮੁਹੱਇਆ ਕਰਵਾ ਰਹੇ ਹਨ।