ਮਾਨਸਾ, 16 ਅਗਸਤ: (ਨਾਨਕ ਸਿੰਘ ਖੁਰਮੀ)
ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਜੋ JSW ਸੀਮਿੰਟ ਫੈਕਟਰੀ ਖ਼ਿਲਾਫ਼ ਲੜ ਰਹੀ ਹੈ ਅੱਜ ਕਮੇਟੀ ਵੱਲੋਂ ਪਾਵਰ ਪਲਾਂਟ ਬਣਾਵਲਾ (TSPL) ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਗੇਟ ਵਿਚ ਪਹੁੰਚ ਕੇ ਥਰਮਲ ਦੇ ਟਰੱਕ ਅਤੇ ਟਿਪਲਰਾਂ ਵੱਲੋਂ ਉਡਾਈ ਜਾਂਦੀ ਧੂੜ, ਸਵਾਹ ਅਤੇ ਕੀਤੇ ਜਾ ਰਹੇ ਅਨ੍ਹੇਵਾਹ ਪ੍ਰਦੂਸ਼ਣ ਦਾ ਮੁੱਦਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ l ਇਸ ਤੋਂ ਪਹਿਲਾਂ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਵੱਲੋਂ ਥਰਮਲ ਪਲਾਂਟ ਦੇ ਲੋਕ ਸੰਪਰਕ ਅਫਸਰਾਂ ਨਾਲ ਫੋਨ ਰਾਹੀਂ ਥਰਮਲ ਵੱਲੋਂ ਕੀਤੇ ਜਾਂਦੇ ਪ੍ਰਦੂਸ਼ਣ ਦਾ ਮੁੱਦਾ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਥਰਮਲ ਪਲਾਂਟ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀਂ ਸਰਕੀ l ਪਿੰਡ ਬਣਾਵਾਲਾ ਬੱਸ ਸਟੈਂਡ ਤੇ ਖੜੀਆਂ ਸਵਾਰੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਟਰੱਕਾਂ ਵੱਲੋਂ ਉਡਾਈ ਜਾਂਦੀ ਧੂੜ ਤੋਂ ਬਹੁਤ ਪਰੇਸ਼ਾਨ ਹਨ l ਪਿਛਲੇ ਲੰਮੇ ਸਮੇਂ ਤੋਂ ਪ੍ਰਸ਼ਾਸ਼ਨ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ l ਜਿਸ ਕਰਕੇ ਸਮੂਹ ਬਣਾਂਵਾਲੀ ਬੱਸ ਸਟੈਂਡ ਤੇ ਦੁਕਾਨਦਾਰ ਭਾਇਚਾਰੇ ਵੱਲੋਂ ਸੰਘਰਸ਼ ਕਮੇਟੀ ਨਾਲ ਮਿਲ ਕੇ ਇਸ ਮੁੱਦੇ ਨੂੰ ਲਹਿਰ ਬਣਾਉਣ ਦਾ ਪਹਿਲਾ ਕਦਮ ਚੁੱਕਿਆ ਗਿਆ ਹੈ l ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਪਲਾਂਟ ਦੇ ਪ੍ਰਦੂਸ਼ਣ ਦਾ ਮਸਲਾ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਲ ਅਤੇ ਪਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਸਾਹਮਣੇ ਇਹ ਮੁੱਦਾ ਉਠਾਉਣ ਜਾ ਰਹੇ ਹਾਂ l ਜਦੋਂ ਇਹ ਪਲਾਟ ਲੱਗਿਆ ਸੀ ਓੁਦੋਂ ਕਿਹਾ ਗਿਆ ਸੀ ਕਿ ਇਹ ਪਾਵਰ ਪਲਾਂਟ ਪਰਦੂਸ਼ਣ ਰਹਿਤ ਹੈ, ਇਸਦਾ ਦਾ ਕੋਈ ਵੀ ਨਕਾਰਤਮਕ ਪ੍ਰਭਾਵ ਨਹੀਂ ਹੋਵੇਗਾ । ਪਰ ਹੁਣ ਇਸ ਇਲਾਕੇ ਵਿੱਚ ਸਾਹ,ਦਮੇ, ਐਲਰਜੀ ਅਤੇ ਹੋਰ ਭਿਆਨਕ ਰੋਗਾ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਸੋ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ, ਸੈਕਟਰੀ ਮਨਪ੍ਰੀਤ ਸਿੰਘ ਅਤੇ ਮੀਡੀਆ ਇੰਚਾਰਜ ਖੁਸ਼ਵੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਸ ਸਮੱਸਿਆ ਦਾ ਤੁਰੰਤ ਨੋਟਿਸ ਲਵੇ ਨਹੀਂ ਇਲਾਕਾ ਨਿਵਾਸੀਆਂ ਵਿੱਚ ਇਸਦਾ ਰੋਹ ਵੱਧਦਾ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਹੁੰਦਾ ਜਾਵੇਗਾ l