ਸੀ ਪੀ ਆਈ ਦੀ 25 ਵੀਂ ਕਾਂਗਰਸ ਲਈ ਸਬ ਡਵੀਜ਼ਨ ਸਰਦੂਲਗੜ੍ਹ ਵਿੱਚੋਂ ਇੱਕ ਲੱਖ ਗਿਆਰਾਂ ਹਜ਼ਾਰ ਇਕੱਠੇ ਹੋਏ।
ਸਰਦੂਲਗੜ੍ਹ, 17 ਜੁਲਾਈ
ਦੇਸ਼ ਆਜ਼ਾਦੀ ਤੋਂ ਬਾਅਦ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਦੇਸ਼ ਦੀ ਸਤ੍ਹਾ ਤੇ ਕਾਬਜ਼ ਫਿਰਕੂ ਫਾਸ਼ੀਵਾਦੀ ਤਾਕਤਾਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਦਰਕਿਨਾਰ ਕਰਕੇ ਆਪਣੇ ਫਿਰਕੂ ਏਜੰਡੇ ਮੁਤਾਬਿਕ ਸਾਜ਼ਿਸ਼ੀ ਢੰਗ ਨਾਲ ਘੱਟ ਗਿਣਤੀਆਂ, ਦਲਿਤਾਂ, ਆਦੀਵਾਸੀਆਂ ਤੇ ਔਰਤਾਂ ਤੇ ਲਗਾਤਾਰ ਹਮਲੇ ਕਰ ਰਹੀਆਂ ਹਨ, ਸੱਤਾ ਦੇ ਨਸ਼ੇ ਵਿਚ ਭਾਜਪਾ ਦੇ ਲੀਡਰ ਖੁੱਲ੍ਹੇ ਆਮ ਸੰਵਿਧਾਨ ਵਿੱਚੋਂ ਸਮਾਜ ਵਾਦ ਤੇ ਸੈਕੂਲਰ ਸ਼ਬਦ ਹਟਾਉਂਣ ਦਾ ਐਲਾਨ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਤੀਵਿਧੀਆਂ ਤੋਂ ਸਾਫ ਝਲਕਦਾ ਹੈ ਕਿ ਉਹ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵਧ ਰਹੀ ਹੈ ਤੇ ਸੰਵਿਧਾਨਕ ਸੰਸਥਾਵਾਂ,ਜਾਂਚ ਏਜੰਸੀਆਂ ਤੇ ਇਲੈਕਸ਼ਨ ਕਮਿਸ਼ਨ ਪੂਰੀ ਤਰ੍ਹਾਂ ਮੋਦੀ ਸਰਕਾਰ ਦੀ ਜਕੜ ਵਿੱਚ ਆ ਚੁੱਕੀਆਂ ਹਨ।
ਕਮਿਊਨਿਸਟ ਆਗੂ ਕਾਮਰੇਡ ਅਰਸ਼ੀ ਨੇ ਕਿਹਾ ਕਿ ਦੇਸ਼ ਨੂੰ ਬਚਾਉਣ, ਭਾਈਚਾਰਕ ਸਦਭਾਵਨਾ ਨੂੰ ਕਾਇਮ ਰੱਖਣ ਲਈ ਮੋਦੀ ਸਰਕਾਰ ਨੂੰ ਦੇਸ਼ ਦੀ ਸਤ੍ਹਾ ਤੋਂ ਲਾਂਭੇ ਕਰਨ ਲਈ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨਾ ਅਤੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਕਾਮਰੇਡ ਅਰਸ਼ੀ ਸਬ ਡਵੀਜ਼ਨ ਸਰਦੂਲਗੜ੍ਹ ਵਿਖੇ ਪਾਰਟੀ ਦੀ 25 ਵੀਂ ਪਾਰਟੀ ਕਾਂਗਰਸ ,ਜ਼ੋ 21ਤੋ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਦੀ ਤਿਆਰੀ ਸਬੰਧੀ ਆਏ ਸਨ। ਇਸ ਮੌਕੇ ਸਬ ਡਵੀਜ਼ਨ ਵਿੱਚੋਂ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਪਾਰਟੀ ਕਾਂਗਰਸ ਲਈ ਇਕੱਤਰ ਹੋਏ।
ਉਘੇ ਕਮਿਊਨਿਸਟ ਆਗੂ ਕਾਮਰੇਡ ਦਲੀਪ ਸਿੰਘ ਬਾਜੇ ਵਾਲਾ ਦੇ ਪੋਤੇ ਨੋਜਵਾਨ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਬਾਜੇ ਵਾਲਾ ਨੇ 21000/- ਰੁਪਏ ਪਾਰਟੀ ਕਾਂਗਰਸ ਲਈ ਦਿੱਤੇ।
ਇਸ ਮੌਕੇ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਪਾਰਟੀ ਕਾਂਗਰਸ ਮੌਕੇ 21 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਰੈਲੀ ਵਿਚ ਮਾਨਸਾ ਇੱਕ ਹਜ਼ਾਰ ਪਾਰਟੀ ਵਰਕਰ ਸ਼ਮੂਲੀਅਤ ਕਰਨਗੇ, ਜਿਸ ਦੀ ਤਿਆਰੀ ਜੰਗੀ ਪੱਧਰ ਤੇ ਜਾਰੀ ਹੈ।
ਜਾਰੀ ਕਰਤਾ
ਐਡਵੋਕੇਟ ਕੁਲਵਿੰਦਰ ਉੱਡਤ