ਫਫੜੇ ਭਾਈਕੇ ਦੇ ਸਕੂਲ ਦੀ ਹਾਕੀ ਟੀਮ ‘ਚ ਖਿੱਲਣ ਦੇ ਖਿਡਾਰੀ
————ਸੋਹਣੇ ਮੁੱਖ ਤੇ ਫੱਬਦੀ ਦਿੱਖ ਵਾਲ਼ਾ ਗੱਭਰੂ ਚੰਨਣ ਸਿੰਘ ————
ਫਫੜਿਆਂ ਦੇ ਸਕੂਲ ਦਾ ਸੱਤਵੀ ਜਮਾਤ ਦਾ ਪਾੜ੍ਹਾ ਸੀ ਖਿੱਲਣ ਵਾਲ਼ਾ ਚੰਨਣ, ਜਦੋਂ ਜਸਪਾਲ ਪੀਟੀ ਨੇ ਹਾਕੀ ਫੜਾ ਦਿੱਤੀ । ਲਵੀ ਜੀ ਉਮਰ ਦਾ ਮੁੰਡਾ ਜਦੋਂ ਜੂੜੇ ਤੇ ਚੱਟੀ ਰੁਮਾਲ ਬੰਨ੍ਹ ਕੇ ਪਹਿਲੇ ਦਿਨ ਮੈਦਾਨ ‘ਚ ਉੱਤਰਿਆ ਤਾਂ ਹਾਕੀ ਦੇ ਪਾਰਖੂਆਂ ਨੇ ਝੱਟ ਨਬਜ਼ ਪਛਾਣ ਲਈ । ਇਹਦੇ ਜੁੱਸੇ ਵਿੱਚੋਂ ਹਾਕੀ ਦੀ ਡਰਿਬਲਿੰਗ ਵਾਲ਼ੀਆਂ ਕਲਾਵਾਂ ਦਾ ਪੈਂਦਾ ਝਲਕਾਰਾ ਸਭ ਨੂੰ ਭਾਅ ਗਿਆ । ਪਹਿਲੇ ਸਾਲ ਹੀ ਸਕੂਲ ਦੀ ਟੀਮ ਦਾ ਹਿੱਸਾ ਬਣ ਗਿਆ । ਜਦੋਂ ਆਪਣੇ ਸੀਨੀਅਰ ਖਿਡਾਰੀਆਂ ਹਰਮਿੰਦਰ ਤੇ ਆਪਣੇ ਗਰਾਂਈਂ ਕੁਲਵੰਤ ਨੂੰ ਬਾਲ ਨਾਲ਼ ਅਠਖੇਲੀਆਂ ਕਰਦਿਆਂ ਵੇਖਦਾ ਤਾਂ ਕੁਤਕਤਾਰੀਆਂ ਇਹਦੇ ਵੀ ਹੁੰਦੀਆਂ । ਵਿਹਲੇ ਸਮੇਂ ਹਾਕੀ ਤੇ ਬਾਲ ਨਾਲ਼ ਘੰਟਿਆਂ ਬੱਧੀ ਰਿਆਜ਼ ਕਰਦਾ । ਦੂਸਰੇ ਸਾਲ ਹੀ ਇਹਦੀ ਗਿਣਤੀ ਵਧੀਆ ਖਿਡਾਰੀਆਂ ਵਿੱਚ ਹੋ ਗਈ । ਜੂਨੀਅਰ ਵਰਗ ਵਿੱਚੋਂ ਇਹ ਤੇ ਇਹਦਾ ਪੇਂਡੂ ਗੁਰਦੇਵ ਗੰਢਾ ਦੋਵੇ ਪੰਜਾਬ ਦੀ ਟੀਮ ਦੇ ਤਿਆਰੀ ਕੈਂਪ ਵਿੱਚ ਚੁਣੇ ਗਏ । ਅਠਾਈ ਦਿਨ ਰੋਪੜ ਦਾ ਅਭਿਆਸ ਕੈਂਪ ਲਾ ਕੇ ਹਾਕੀ ਦੇ ਹੁੱਨਰ ਸਿੱਖੇ । ਅਜਿਹਾ ਹੀ ਇੱਕ ਕੈਂਪ ਜਲੰਧਰ ਦੇ ਸਪੋਰਟਸ ਸਕੂਲ ਵਿੱਚ ਲਾਇਆ । ਇਹਨਾਂ ਕੈਂਪਾਂ ਵਿੱਚ ਹਾਕੀ ਖੇਡ ਦੀਆਂ ਬਰੀਕੀਆਂ ਸਿੱਖੀਆਂ ।
ਸਕੂਲ ਪੜ੍ਹਦਿਆਂ ਇਹਨਾਂ ਦੀ ਟੀਮ ਦੇ ਬੋਹਾ,ਭਗਤਾ ਭਾਈਕਾ, ਭੀੱਖੀ ਤੇ ਝੁਨੀਰ ਨਾਲ਼ ਅੜ-ਫਸ ਵਾਲ਼ੇ ਮੁਕਾਬਲੇ ਹੁੰਦੇ ਰਹੇ । ਬੋਹਾ ਤੇ ਫਫੜੇ ਸਕੂਲ ਦੀਆਂ ਟੀਮਾਂ ਗੁਰੂ ਨਾਨਕ ਕਾਲਜ ਬੁਢਲਾਡਾ ਨਾਲ਼ ਵੀ ਲੋਹਾ ਲੈੰਦੀਆਂ ਰਹੀਆਂ । ਬਠਿੰਡੇ ਜਿਲੇ ਵੱਲੋਂ ਖੇਡਦਿਆਂ ਚੰਨਣ ਦੀ ਟੀਮ ਨੇ ਫਰੀਦਕੋਟ, ਜਲੰਧਰ ਤੇ ਪਟਿਆਲ਼ਾ ਜਿਲੇ ਦੀਆਂ ਟੀਮਾਂ ਨਾਲ਼ ਮੁਕਾਬਲੇ ਲੜੇ । ਜਿੱਥੇ ਵੀ ਖੇਡਣ ਗਏ, ਹਰ ਥਾਂ ਇਹਦੇ ਸਟਿੱਕ ਵਰਕ ਦੀਆਂ ਗੱਲਾਂ ਤੁਰ ਪੈਂਦੀਆਂ । ਕੋਈ ਇਹਦੀ ਵਿਰੋਧੀਆਂ ਦੇ ਡਿਫੈਂਸ ਨੂੰ ਦਿੱਤੀਆਂ ਝਕਾਨੀਆਂ ਦੀ ਗੱਲ ਕਰਦਾ ਤੇ ਕੋਈ ਬਾਲ ਤੇ ਬਾਜ਼ ਵਾਂਗ ਝਪਟਣ ਵਾਲ਼ੀ ਕਲਾ ਨਿਹਾਰਦਾ । ਆਪਣੇ ਸਕੂਲ ਵੱਲੋਂ ਇਹ ਸੈਂਟਰ ਫਾਰਵਰਡ ਖੇਡਦਾ ਰਿਹਾ ਤੇ ਜਿਲੇ ਦੀ ਟੀਮ ਵੱਲੋ ਲੈਫਟ ਇਨ ਖੇਡਿਆ ।
ਓਹ ਪੰਜਾਬੀ ਕੀ ਹੋਇਆ ਜਿਸ ਨੇ ਕਦੇ ਨਾ ਕਦੇ ਤੇ ਕਿਤੇ ਨਾ ਕਿਤੇ ਕਬੱਡੀ ਨਾਂ ਖੇਡੀ ਹੋਵੇ । ਚੰਨਣ ਵੀ ਆਪਣੇ ਪਿੰਡ ਦੀ ਕਬੱਡੀ ਟੀਮ ਦਾ ਫੁਰਤੀਲਾ ਰੇਡਰ ਹੁੰਦਾ ਸੀ । ਪਰ ਹਾਕੀ ਦੇ ਮੋਹ ਨੇ ਇਹਦੀਆਂ ਕਬੱਡੀ ਤੋਂ ਦੂਰੀਆਂ ਬਣਾ ਦਿੱਤੀਆਂ । ਹੱਥ ਤਾਂ ਇਹਨੇ ਸੁੱਟਾਂ(ਥਰੋਆਂ) ਵਿੱਚ ਵੀ ਅਜ਼ਮਾਇਆ । ਹੈਮਰ ਥਰੋ ( ਸੰਗਲ਼ੀ ਵਾਲ਼ਾ ਗੋਲ਼ਾ ) ਸੁੱਟਣ ਵਿੱਚ ਇਹ ਅਠਾਰਾਂ ਸਾਲੇ ਪੜ੍ਹਾਕੂਆਂ ਵਿੱਚੋਂ ਪੰਜਾਬ ਦਾ ਦੂਜੇ ਨੰਬਰ ਦਾ ਸੁਟਾਵਾ ਰਿਹੈ । ਜਿਲੇ ਦੀ ਝੰਡੀ ਤਾਂ ਏਸੇ ਕੋਲ਼ ਹੀ ਹੁੰਦੀ ਸੀ ।
1976 ਵਿੱਚ ਦਸਵੀਂ ਪਾਸ ਕਰਕੇ ਮਾਨਸਾ ਦੇ ਨਹਿਰੂ ਕਾਲਜ ਦਾਖਲਾ ਲੈ ਲਿਆ । ਦੋ ਸਾਲ ਕਾਲਜ ਦੀ ਟੀਮ ਦਾ ਧੁਰਾ ਬਣ ਕੇ ਖੇਡਿਆ । ਕਾਲਜ ਵੱਲੋਂ ਹਾਕੀ ਨਾਲ਼ ਬਾਲ ਦੀਆਂ ਬੱਚੀਆਂ ਪਵਾਉਂਦੇ ਨੂੰ ਪੁਲੀਸ ਵਾਲ਼ਿਆਂ ਨੇ ਵੇਖ ਲਿਆ, ਫੇਰ ਕੀ ਹੋਣਾ ਸੀ, ਅਗਲਿਆਂ ਚੱਕ ਲਿਆ ਨਿਰਨੇ ਕਾਲ਼ਜੇ । ਮਈ ਮਹੀਨੇ ਦੀ ਬਾਈ ਤਰੀਕ ਤੇ ਸਾਲ ਉੱਨੀਂ ਸੌ ਅਠੱਤਰ ਨੂੰ ਪੱਕੇ ਤੌਰ ਤੇ ਵਰਦੀ ਰੂਪੀ ਹਵਾਲਾਤ ਵਿੱਚ ਬੰਦ ਕਰਤਾ । ਲੰਬਾ ਸਮਾਂ ਬਠਿੰਡੇ ਜਿਲੇ ਦੀ ਪੁਲੀਸ ਟੀਮ ਦਾ ਹਿੱਸਾ ਬਣਕੇ ਖੇਡਦਾ ਇਹ ਫਿਰੋਜਪੁਰ ਰੇਂਜ ਦਾ ਜੇਤੂ ਬਣਦਾ ਰਿਹਾ । ਕਲਾ ਕਦੇ ਗੁੱਝੀ ਨੀ ਰਹਿੰਦੀ, ਓਹਦੀ ਵੰਨਗੀ ਭਾਵੇਂ ਕੋਈ ਵੀ ਹੋਵੇ । ਚੰਨਣ ਦੀ ਖੇਡ ਕਲਾ ਪੰਜਾਬ ਪੁਲੀਸ ਦੇ ਖੇਡ ਪਾਰਖੂਆਂ ਨੂੰ ਕੀਲ ਗਈ । ਰੇਂਜ ਵੱਲੋਂ ਖੇਡਦਿਆਂ ਵਿਰੋਧੀ ਡਿਫੈਂਸ ਨੂੰ ਖਦੇੜਕੇ ਡੀ ਵਿੱਚ ਦਾਖਲ ਹੋਣ ਦੇ ਦਾਅ ਪੇਚ ਦਰਸ਼ਕਾਂ ਸਮੇਤ ਅਧਿਕਾਰੀਆਂ ਦੇ ਮਨ ਵੀ ਮੋਹ ਗਏ ।
ਪੀ ਏ ਪੀ ਜਲੰਧਰ ਪੰਜਾਬ ਪੁਲੀਸ ਦਾ ਖੇਡ ਮੱਕਾ ਗਿਣਿਆਂ ਜਾਂਦੈ । ਹਰ ਖੇਡ ਦਾ ਚੋਟੀ ਦਾ ਖਿਡਾਰੀ ਏਸੇ ਰੇਂਜ ਵੱਲੋਂ ਤਰਾਸ਼ਿਆ ਹੁੰਦੈ । ਚੰਨਣ ਦੀ ਫਿਰੋਜਪੁਰ ਰੇਂਜ ਦਾ ਮੁਕਾਬਲਾ ਪੀ ਏ ਪੀ ਨਾਲ਼ ਸੀ । ਪੀ ਏ ਪੀ ਵੱਲੋਂ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਰਾਈਟ ਫੁੱਲ ਬੈਕ ਦੀ ਪੁਜ਼ੀਸ਼ਨ ਤੇ ਖੇਡ ਰਿਹਾ ਸੀ । ਚੰਨਣ ਫਿਰੋਜਪੁਰ ਰੇਂਜ ਵੱਲੋਂ ਲੈਫਟ ਇਨ ਖੇਡ ਰਿਹਾ ਸੀ । ਇਹਨੂੰ ਤਾਂ ਚਿੱਤ ਚੇਤਾ ਵੀ ਨਹੀਂ ਸੀ ਕਿ ਕੋਈ ਉਲੰਪੀਅਨ ਕਿਸੇ ਰੇਂਜ ਵੱਲੋਂ ਵੀ ਖੇਡ ਸਕਦੈ । ਓਸ ਮੁਕਾਬਲੇ ਦੌਰਾਨ ਲੈਫਟ ਇਨ ਵਜੋਂ ਖੇਡਦਿਆਂ ਚੰਨਣ ਨੇ ਸੁਰਜੀਤ ਦੀ ਕੰਨੀ ਨੂੰ ਸੰਨ੍ਹ ਲਾ ਕੇ ਦੋ ਵਾਰ ਪੀ ਏ ਪੀ ਦੇ ਗੋਲ਼ਾਂ ਦਾ ਫੱਟਾ ਖੜਕਾ ਦਿੱਤਾ । ਮੈਚ ਖਤਮ ਹੋਣ ਤੇ ਸੁਰਜੀਤ ਨੇ ਬੁੱਕਲ਼ ਵਿੱਚ ਲੈ ਕੇ ਥਾਪੜਾ ਦਿੱਤਾ ਤੇ ਨਾਲ਼ ਹੀ ਪੁੱਛ ਲਿਆ , ਤੂੰ ਮੈਨੂੰ ਜਾਣਦੈਂ ਜੁਆਨਾਂ ? ਇਹਨੇ ਨਾਂਹ ਵਿੱਚ ਸਿਰ ਹਿਲਾਇਆ ਤਾਂ ਓਹਨੇ ਦੱਸਿਆ ਮੈਂ ਸੁਰਜੀਤ ਹਾਂ, ਭਾਰਤੀ ਹਾਕੀ ਟੀਮ ਦਾ ਕਪਤਾਨ । ਮੇਰੇ ਕੋਲ਼ੋਂ ਬਾਲ ਲੰਘਾਉਣ ਵੇਲ਼ੇ ਤਾਂ ਪਾਕਿਸਤਾਨੀ ਖਿਡਾਰੀ ਵੀ ਕੰਬਦੇ ਨੇ ਤੇ ਤੂੰ ਦੋ ਗੋਲ਼ ਕਰ ਗਿਆ । ਇਹਨੇ ਹੱਸਦਿਆਂ ਆਖਿਆ ਸਰ ਜੇ ਮੈਨੂੰ ਇਹ ਪਤਾ ਹੁੰਦਾ ਕਿ ਤੁਸੀਂ ਸੁਰਜੀਤ ਸਿੰਘ ਹੋ ਤਾਂ ਸ਼ਾਇਦ ਮੇਰੀ ਵੀ ਹਿੰਮਤ ਨਾਂ ਪੈਂਦੀ ਤੁਹਾਡਾ ਸਾਹਮਣਾ ਕਰਨ ਦੀ । ਇਹ ਸਭ ਅਣਜਾਣੇ ਵਿੱਚ ਹੋ ਗਿਆ । ਉਸ ਤੋਂ ਬਾਅਦ ਇਹਦੀ ਚੋਣ ਪੰਜਾਬ ਪੁਲੀਸ ਦੀ ਟੀਮ ਵਿੱਚ ਹੋ ਗਈ । ਇਹ ਇਹਦੇ ਖੇਡ ਕੈਰੀਅਰ ਦੀ ਵੱਡੀ ਪ੍ਰਾਪਤੀ ਸੀ ।
ਫਿਰੋਜਪੁਰ ਰੇਂਜ ਲਈ ਇਹ 1979 ਤੋਂ 1992 ਤੱਕ ਖੇਡਿਆ । ਜਦੋਂ ਮਾਨਸਾ ਜਿਲਾ ਬਣ ਗਿਆ ਤਾਂ ਮਾਨਸਾ ਨੂੰ ਬਠਿੰਡਾ ਰੇਂਜ ਦਾ ਜੇਤੂ ਬਣਾਉਂਦਾ ਰਿਹਾ । 94- 95 ਵਿੱਚ ਬਠਿੰਡੇ ਰੇਂਜ ਦਾ ਮਾਨਸਾ ਪੁਲੀਸ ਵੱਲੋਂ ਇਹਦੀ ਕਪਤਾਨੀ ਵਿੱਚ ਜਿੱਤਿਆ ਕੱਪ ਅੱਜ ਵੀ ਇਹਦੇ ਘਰ ਦਾ ਸ਼ਿੰਗਾਰ ਹੈ । 1984 ਵਿੱਚ ਇਹ ਹੌਲਦਾਰ ਬਣ ਗਿਆ, ਏ ਐਸ ਆਈ 2000 ‘ਚ ਬਣ ਗਿਆ । 2010 ‘ਚ ਸਬ ਇਨਸਪੈਕਟਰ ਤੇ 2015 ‘ਚ ਇਨਸਪੈਕਟਰ ਬਣ ਗਿਆ । ਅਪਰੈਲ 2018 ਵਿੱਚ ਮਹਿਕਮੇ ਤੋਂ ਸੇਵਾ ਮੁਕਤ ਹੋ ਗਿਆ । ਅੱਜ ਵੀ ਮਾਨਸਾ ਤੇ ਬਠਿੰਡਾ ਦੀਆਂ ਪੁਲੀਸ ਗੇਮਾਂ ਵਿੱਚ ਇਹਦੀ ਹਾਕੀ ਦੀ ਖੇਡ ਯਾਦ ਕੀਤੀ ਜਾਂਦੀ ਐ ।
ਆਪਣੀ ਡਿਊਟੀ ਪ੍ਰਤੀ ਸੁਚੇਤ ਹੋਣ ਕਾਰਨ ਇਹਨੂੰ ਇਹਦੇ ਮਹਿਕਮੇ ਵਾਲ਼ੇ ਵੀ ਸਖਤ ਸੁਭਾਅ ਵਾਲ਼ਾ ਗਿਣਦੇ ਸੀ । ਜਦੋਂ ਕਦੀ ਨਾਕਾ ਲਾ ਕੇ ਬਹਿ ਜਾਂਦਾ ਤਾਂ ਪੁਲੀਸ ਵਾਲ਼ੇ ਵੀ ਰਾਹ ਬਦਲਕੇ ਲੰਘਣਾ ਪਸੰਦ ਕਰਦੇ ਸੀ । ਜਿਹੜੀ ਜਿਮੇਂਵਾਰੀ ਮਹਿਕਮੇ ਨੇ ਸੌਂਪ ਦਿੱਤੀ ਓਹਦੇ ਤੇ ਪਹਿਰਾ ਦੇਣ ਵੇਲ਼ੇ ਕਿਸੇ ਦੀ ਟੈਂ ਨੀ ਮੰਨੀ । ਅਸੂਲਾਂ ਤੇ ਚਲਦਿਆਂ ਕਦੀ ਅਸੂਲਾਂ ਨਾਲ਼ ਸਮਝੌਤਾ ਕਰਕੇ ਓਹਨਾ ਦੀ ਬਲੀ ਨਹੀ ਦਿੱਤੀ । ਕੁੱਲ ਮਿਲਾ ਕੇ ਖੇਡ ਮੈਦਾਨਾਂ ਦਾ ਹੀਰੋ ਆਪਣੀ ਡਿਊਟੀ ਦੌਰਾਨ ਕਦੀ ਜ਼ੀਰੋ ਨਹੀ ਬਣਿਆ, ਇਹ ਹਾਸਲ ਵੀ ਕਿਸੇ ਕਿਸੇ ਦੇ ਹਿੱਸੇ ਆਉਂਦੈ ।
ਕੁਲਵੰਤ ਸਿੰਘ ਧਲੇਵਾਂ
ਬੁਢਲਾਡੇ ਤੋਂ ।