ਮਾਨਸਾ 4 ਸਤੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੰਡ ਕਲਿਆਣ ਤੋਂ ਚੋਰੀ ਹੋਏ ਸਫਰੀ ਸਰੂਪ, ਬੁਰਜ ਜਵਾਹਰ ਸਿੰਘਵਾਲਾ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਚੋ ਚੋਰੀ ਹੋਏ 328ਸਰੂਪਾਂ ਦਾ ਪਤਾ ਲਾਉਣ ਲਈ 6 ਸਤੰਬਰ ਨੂੰ ਧਨੌਲਾ ਤੋਂ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਤੱਕ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਚਮਕੌਰ ਸਿੰਘ ਵੱਲੋਂ ਆਦਿ ਦੀ ਅਗਵਾਈ ਚ ਪੰਥਕ ਜੱਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮਾਰਚ ਰੱਖਿਆ ਗਿਆ ਹੈ । ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ( ਫਤਿਹ)ਦੇ ਮੈਂਬਰ ਪੀਏਸੀ ਕੌਮੀ ਜਨਰਲ ਸਕੱਤਰ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ ਕਿਉਕਿ ਪਿਛਲੇ ਸਾਲ ਦੋ ਜੁਲਾਈ ਨੂੰ ਇਹਨਾਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਮਿਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਲਿਆਣ ਮਾਮਲੇ ਚ ਇੱਕ ਸਿੱਟ ਦਾ ਗਠਨ ਆਈ ਜੀ ਛੀਨਾ ਦੀ ਅਗਵਾਈ ਚ 3 ਮਹੀਨਿਆਂ ਦਾ ਸਮਾਂ ਲੈ ਕੇ ਕੀਤਾ ਗਿਆ ਸੀ ਪਰ 13 ਮਹੀਨਿਆਂ ਦਾ ਸਮਾਂ ਬੀਤ ਜਾਣ ਤੇ ਵੀ ਮਾਮਲਾ ਉਸੇ ਤਰ੍ਹਾਂ ਖੜਾ ਹੈ। ਉਨ੍ਹਾਂ ਕਿਹਾ ਕਿ ਬਾਬੇ ਗੋਰੇ ਨੂੰ ਪਲੀਸ ਨੇ ਇੱਕ ਵਾਰ ਵੀ ਗ੍ਰਿਫਤਾਰ ਨਹੀ ਕੀਤਾ। ਸਗੋ ਜ਼ਮਾਨਤ ਲੈਣ ਚ ਮੱਦਦ ਕੀਤੀ ਹੈ। ਉਨ੍ਹਾਂ ਰੋਸ ਭਰੇ ਲਹਿਜੇ ਚ ਕਿਹਾ ਕਿ ਅਜਿਹੇ ਨਾਜ਼ੁਕ ਮਸਲਿਆਂ ਤੇ ਮਿੱਟੀ ਪਾਉਣ ਦੀ ਇਜਾਜ਼ਤ ਨਹੀ ਦਿੱਤੀ ਜਾ ਸਕਦੀ। ਇਨ੍ਹਾਂ ਮੁੱਦਿਆਂ ਦਾ ਹੱਲ ਨਾ ਕਰਕੇ ਹੀ ਬਾਦਲ, ਕੈਪਟਨ,ਚੰਨੀ ਸਰਕਾਰਾਂ ਦਾ ਬੇੜਾ ਗਰਕਿਆ ਸੀ। ਇਸ ਲਈ ਜੇ ਇਸ ਸਰਕਾਰ ਨੇ ਵੀ ਲਾਰਿਆਂ ਵਾਲੀ ਨੀਤੀ ਅਪਣਾਈ ਤਾਂ ਮੌਜੂਦਾ ਸਰਕਾਰ ਦਾ ਹਸ਼ਰ ਵੀ ਬਹੁਤ ਮਾੜਾ ਹੋਵੇਗਾ। ਭਾਈ ਅਤਲਾ ਨੇ ਕਿਹਾ ਲਾਰੇ ਲੱਪਿਆਂ ਵਾਲੀ ਇਸ ਸਰਕਾਰ ਨੂੰ ਜਗਾਉਣ ਲਈ ਹੀ ਇਹ ਰੋਸ ਮਾਰਚ ਕੱਢਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਹਾਲਤ ਵਿੱਚ ਲੋਕਾਂ ਸਾਹਮਣੇ ਸੱਚ ਲਿਆਂਦਾ ਜਾਵੇਗਾ। ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਹਿ) 6 ਸਤੰਬਰ ਦੇ ਰੋਸ ਮਾਰਚ ਚ ਵੱਧ ਚੜ ਕੇ ਹਿੱਸਾ ਲਵੇਗੀ। ਉਨ੍ਹਾਂ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਵੱਲੋਂ ਵਿੱਢੇ ਸੰਘਰਸ਼ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ 6 ਸਤੰਬਰ ਨੂੰ ਧਨੌਲੇ ਤੋ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਤੱਕ ਕੱਢੇ ਜਾ ਰਹੇ ਰੋਸ ਮਾਰਚ ਚ ਸਮੂਹ ਸੰਗਤਾਂ ਨੂੰ ਵਿਸ਼ਾਲ ਇਕੱਠ ਕਰਨ ਦੀ ਅਪੀਲ ਕੀਤੀ ਤਾਂ ਜੋ ਧਾਰਮਿਕ ਮਸਲਿਆਂ ਨੂੰ ਸਰਕਾਰ ਵੱਲੋਂ ਤੁਰੰਤ ਹੱਲ ਕੀਤਾ ਜਾਵੇ।