ਮਾਨਸਾ, 28 ਜੁਲਾਈ (ਨਾਨਕ ਸਿੰਘ ਖੁਰਮੀ)
ਪਿੰਡ ਠੂਠਿਆਂਵਾਲੀ ਦੇ ਕਿਸਾਨਾਂ ਦੀ 212 ਏਕੜ ਜ਼ਮੀਨ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਤਹਿਤ ਰੋਕਣ ਦੇ ਕੀਤੇ ਨਾਦਰਸ਼ਾਹੀ ਫਰਮਾਨਾਂ ਖਿਲਾਫ਼ ਇੱਕ ਜੁੱਟ ਹੁੰਦਿਆਂ ਕਿਸੇ ਵੀ ਕਿਸਾਨ ਵੱਲੋਂ ਜ਼ਮੀਨ ਨਾ ਦੇਣ ਦਾ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਅਤੇ ਪਿੰਡ ਦੀਆਂ ਗਲੀਆਂ ਵਿੱਚ ਲਿਖਤੀ ਫਲੈਕਸ ਬੋਰਡ ਲਾ ਦਿੱਤੇ ਹਨ ਜਿਸ ਤੇ ਲਿਖਿਆ ਹੈ ਕਿ ਜ਼ਮੀਨ ਰੋਕਣ ਸਬੰਧੀ ਝੂਠੇ ਫਾਇਦੇ ਦੱਸਣ ਵਾਸਤੇ ਰਾਜ ਕਰਤਾ ਪਾਰਟੀ ਦਾ ਕੋਈ ਮੰਤਰੀ, ਐਮ.ਐਲ.ਏ. ਜਾਂ ਕੋਈ ਹੋਰ ਆਗੂ ਸਾਡੇ ਪਿੰਡ ਠੂਠਿਆਂਵਾਲੀ ਵਿੱਚ ਵੜਨ ਦੀ ਕੋਸ਼ਿਸ ਨਾ ਕਰੇ। ਜੇਕਰ ਰੋਕਣ ਦੇ ਬਾਵਜੂਦ ਪਿੰਡ ਵਾਸੀਆਂ ਦੇ ਫੈਸਲੇ ਦਾ ਕੋਈ ਉਲੰਘਣ ਕਰੇਗਾ ਤਾਂ ਉਸਨੂੰ ਪਿੰਡ ਵਿੱਚ ਹੀ ਘੇਰ ਕੇ ਬਿਠਾਇਆ ਜਾਵੇਗਾ। ਪਿੰਡ ਦੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਪਿੰਡ ਵਾਸੀ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ ਪਰ ਕਲੌਨੀਆਂ ਕੱਟਣ ਵਾਸਤੇ ਇੱਕ ਮਰਲਾ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਅਤੇ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਨਾਲ ਹਿੱਕ ਡਾਹ ਕੇ ਖੜ੍ਹਾ ਹੈ। ਸਰਕਾਰ ਦੇ ਜ਼ਮੀਨਾਂ ਖੋਹਣ ਦੇ ਫੈਸਲੇ ਖਿਲਾਫ਼ ਤਿੱਖੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। 30 ਜੁਲਾਈ ਨੂੰ ਪਿੰਡਾਂ ਵਿੱਚ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕੀਤੇ ਜਾਣਗੇ। 24 ਅਗਸਤ ਨੂੰ ਲੁਧਿਆਣਾ ਜਿਲ੍ਹੇ ਦੇ ਮੁੱਲਾਂਪੁਰ ਵਿਖੇ ਸੂਬਾ ਪੱਧਰੀ ਵੱਡੀ ਰੈਲੀ ਕੀਤੀ ਜਾਵੇਗੀ। ਕਿਸਾਨ ਆਗੂ ਨੇ ਕਿਹਾ ਕਿ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਕਿ ਉਹ ਲੋਕਾਂ ਦੇ ਮਸਲੇ ਹੱਲ ਕਰੇ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦਾ ਪਹਿਲਾ ਮੁੱਖ ਮੰਤਰੀ ਹੈ ਜੋ ਸੂਬੇ ਦੇ ਕਿਸਾਨਾਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਰਿਹਾ ਹੈ। ਭਗਵੰਤ ਮਾਨ ਮੁੱਖ ਮੰਤਰੀ ਨਾ ਹੋ ਕੇ ਕੰਪਨੀਆਂ ਦੇ ਲਈ ਪ੍ਰੋਪਰਟੀ ਡੀਲਰ ਦਾ ਕੰਮ ਜੋਰਸ਼ੋਰ ਨਾਲ ਕਰ ਰਿਹਾ ਹੈ। ਖੁਦ ਕਿਸਾਨਾਂ ਦੀਆਂ ਜ਼ਮੀਨਾਂ ਕਿਸਾਨਾਂ ਕੋਲੋਂ ਖੋਹ ਕੇ ਪਲਾਟ ਦੇਣ ਦੇ ਸੋਸੇ ਛੱਡ ਕੇ ਕਿਸਾਨਾਂ ਨੂੰ ਅਮੀਰ ਕਰਨ ਦੇ ਫੋਕੇ ਸਾਜਬਾਜ ਦਿਖਾ ਰਿਹਾ ਹੈ ਜਿਸਨੂੰ ਕਿਸਾਨ ਬਰਦਾਸਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੋਂ ਲੈ ਕੇ ਪੰਜਾਬ ਸਰਕਾਰ ਦਾ ਪੂਰਾ ਅਮਲਾ ਫੈਲਾ ਕਾਰਪੋਰੇਟ ਘਰਾਣਿਆਂ ਦਾ ਪਾਣੀ ਭਰ ਰਿਹਾ ਹੈ। ਪੰਜਾਬੀਆਂ ਕੋਲੋਂ ਜ਼ਮੀਨ ਤੋਂ ਲੈ ਕੇ ਜੋ ਕੁੱਝ ਵੀ ਹੈ ਉਸਨੂੰ ਖੋਹ ਕੇ ਸਾਮਰਾਜੀਆਂ ਦੇ ਹਵਾਲੇ ਕਰਨ ਲਈ ਪੂਰਾ ਜ਼ੋਰ ਲਾ ਰਿਹਾ ਹੈ। ਕਿਸਾਨ ਆਗੂ ਨੇ ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਮੀਨਾਂ ਬਚਾਉਣ ਲਈ ਸ਼ੁਰੂ ਕੀਤੇ ਅੰਦੋਲਨ ਵਿੱਚ ਸ਼ਾਮਲ ਹੋਣ। ਇਸ ਮੌਕੇ ਜ਼ਮੀਨ ਬਚਾਓ ਕਮੇਟੀ ਦੇ 11 ਮੈਂਬਰਾਂ ਤੋਂ ਇਲਾਵਾ ਅਵਤਾਰ ਸਿੰਘ, ਮੇਜਰ ਸਿੰਘ, ਜਨਕ ਸਿੰਘ ਠੂਠਿਆਂਵਾਲੀ, ਭੋਲਾ ਸਿੰਘ ਮਾਖਾ, ਬਲਾਕ ਮਾਨਸਾ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ, ਮਹਿੰਦਰ ਸਿੰਘ, ਲਾਭ ਸਿੰਘ, ਪੱਪੀ ਸਿੰਘ ਅਤੇ ਬੀ.ਕੇ.ਯੂ. ਡਕੌਂਦਾ ਧਨੇਰ ਦੇ ਮੱਖਣ ਸਿੰਘ ਭੈਣੀ ਬਾਘਾ ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ
ਰਾਮ ਸਿੰਘ ਭੈਣੀ ਬਾਘਾ
94172-37162