-ਸ਼ਹਿਰ ਤੋਂ ਬਾਹਰ ਸਥਿਤ ਹੋਣ ਕਾਰਨ ਲੋਕਾਂ ਨੂੰ ਟ੍ਰੈਫ਼ਿਕ ਸਮੱਸਿਆ ਤੋਂ ਮਿਲੇਗੀ ਰਾਹਤ
-ਆੜ੍ਹਤੀਆਂ, ਵਪਾਰੀਆਂ, ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾਂ, ਟਰਾਂਸਪੋਰਟ ਯੂਨੀਅਨਾਂ ਨੂੰ ਹੋਵੇਗਾ ਫਾਇਦਾ
ਮਾਨਸਾ/ਬੁਢਲਾਡਾ : 10 ਜੁਲਾਈ
ਬੁਢਲਾਡਾ ਵਿਖੇ ਨਵੀਂ ਅਨਾਜ ਮੰਡੀ ਬਣਾਉਣ ਦੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 32 ਕਰੋੜ 86 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਅਤੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਦੂਰ-ਅੰਦੇਸ਼ੀ ਅਤੇ ਸੂਬੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਦੀ ਸੋਚ ਸਦਕਾ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਂਦੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਬੁਢਲਾਡਾ ਦੀ ਨਵੀਂ ਅਨਾਜ ਮੰਡੀ ਤੇਜੀ ਅਤੇ ਸਮਾਂਬੱਧ ਪ੍ਰਣਾਲੀ ਨਾਲ ਬਣਾਉਣ ਲਈ ਗ੍ਰਾਂਟ ਜਾਰੀ ਕਰ ਦਿੱਤੀ ਹੈ।
ਚੇਅਰਮੈਨ ਸਤੀਸ਼ ਸਿੰਗਲਾ ਨੇ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧਰਾਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਹਲਕਾ ਵਿਧਾਇਕ ਬੁਢਲਾਡਾ ਨੇ ਨਿੱਜੀ ਕੋਸ਼ਿਸ਼ਾਂ ਨਾਲ 51 ਏਕੜ ਜਮੀਨ ਦੀ ਰਜਿਸਟਰੀ ਲਈ 33 ਕਰੋੜ ਜਾਰੀ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਇਸ ਗਰਾਂਟ ਵਿੱਚ ਸਿਵਲ ਵਰਕ ਲਈ 23 ਕਰੋੜ 20 ਲੱਖ ਰੁਪਏ ਜਨ ਸਿਹਤ ਲਈ 7 ਕਰੋੜ 22 ਲੱਖ ਅਤੇ ਬਿਜਲੀ ਦੇ ਕੰਮਾਂ ਲਈ 02 ਕਰੋੜ 42 ਲੱਖ ਰੁਪਏ ਜਾਰੀ ਹੋਏ ਹਨ। ਇਸ ਕੰਮ ਨੂੰ ਸਮਾਂ ਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਦੁਕਾਨਾਂ ਅਤੇ ਪਲਾਟਾਂ ਦੀ ਨਿਲਾਮੀ ਸਬੰਧੀ ਪੱਤਰ ਵੀ ਜਾਰੀ ਹੋ ਗਿਆ ਹੈ।
ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਦੱਸਿਆ ਕਿ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪਜਾੰਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਉਲੀਕੇ ਮਾਡਲ ਵਿੱਚ ਇਹ ਪ੍ਰਾਪਤੀ ਇਕ ਸੁਨਹਿਰੀ ਮੀਲ ਪੱਥਰ ਸਾਬਿਤ ਹੋਵੇਗੀ । ਉਨ੍ਹਾਂ ਕਿਹਾ ਕਿ ਨਵੀਂ ਅਨਾਜ ਮੰਡੀ ਦਾ ਕੰਮ ਛੇਤੀ ਸ਼ੁਰੂ ਹੋ ਜਾਵੇਗਾ, ਜਿਸ ਨਾਲ ਆੜ੍ਹਤੀਆਂ, ਵਪਾਰੀਆਂ, ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾਂ, ਟਰਾਂਸਪੋਰਟ ਯੂਨੀਅਨਾਂ ਆਦਿ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮੰਡੀ ਸ਼ਹਿਰ ਤੋਂ ਬਾਹਰ ਸਥਿਤ ਹੋਣ ਕਰਕੇ ਸ਼ਹਿਰ ਦੇ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਫਰੀ ਹੋਲਡ ਦੇ ਅਧਾਰ ਤੇ ਈ-ਨਿਲਾਮੀ ਰਾਹੀਂ ਵਪਾਰਕ ਸਾਈਟਾਂ ਦੇ ਮਾਲਕ ਬਣਨ ਦਾ ਸੁਨਿਹਰੀ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ 25 ਫੀਸਦੀ ਭੁਗਤਾਨ ਕਰਨ ਉਤੇ ਅਲਾਟਮੈਂਟ ਕੀਤੀ ਜਾਵੇਗੀ ਅਤੇ ਅਲਾਟਮੈਂਟ ਦੀ ਮਿਤੀ ਤੋਂ 30 ਦਿਨਾਂ ਅੰਦਰ ਬਕਾਇਆ ਦੇ ਭੁਗਤਾਨ ਉਤੇ 05 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੇਸ਼ਕਸ਼ ਕੀਤੀ ਗਈ ਕਿਸੇ ਵੀ ਪ੍ਰੋਪਰਟੀ ਨਾਲ ਸਬੰਧਤ ਕਿਸੇ ਵੀ ਸ਼ੁੱਧਤਾ/ਕੋਰੀਜੰਡਮ ਜਾਂ ਈ-ਨਿਲਾਮੀ ਦੇ ਸਮੇਂ ਵਿੱਚ ਵਾਧੇ ਸਬੰਧੀ ਸੂਚਨਾ ਸਿਰਫ ਈ-ਨੀਵਿਧਾ ਪੋਰਟਲ ਤੇ ਕੀਤੀ ਜਾਵੇਗੀ। ਬੋਲੀ ਲਗਾਉਣ ਲਈ ਜੀ.ਪੀ.ਐਸ. ਸਮਰੱਥ ਡਿਵਾਇਸ ਲਾਜ਼ਮੀ ਹਨ।
ਇਸ ਤੋਂ ਇਲਾਵਾ ਬੋਲੀਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਐਨ.ਈ.ਐਫ.ਟੀ./ਆਰ.ਟੀ.ਜੀ.ਐਸ. ਟ੍ਰਾਂਜੈਕਸ਼ਨਾਂ ਨੂੰ ਖਾਤੇ ਨਾਲ ਮਿਲਾਣ ਵਿੱਚ ਕੁਝ ਸਮਾਂ ਲੱਗ ਜਾਂਦਾ ਹੈ। ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਬੋਲੀ ਲਗਾਉਣ ਲਈ ਈ-ਨਿਲਾਮੀ ਦੇ ਖ਼ਤਮ ਹੋਣ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਭੁਗਤਾਨ ਕੀਤਾ ਜਾਣਾ ਜ਼ਰੂਰੀ ਹੈ। ਈ-ਨਿਲਾਮੀ 25 ਜੁਲਾਈ 2025 ਤੱਕ ਦੁਪਹਿਰ 12 ਵਜੇ ਤੱਕ ਹੋਵੇਗੀ। ਵਧੇਰੇ ਜਾਣਕਾਰੀ ਲਈ ਬੋਲੀਕਾਰ 0172-5101721 ਨੰਬਰ ਤੇ ਸੰਪਰਕ ਕਰ ਸਕਦੇ ਹਨ